ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅੰਦਰ ਦੀ ਗੱਲ-ਮੁਫ਼ਤਖੋਰੀ ਦਾ ਜ਼ਮਾਨਾ ਹੈ ਯਾਰ

Ad Position 21
No active advertisement
ਅਜੀਤ ਡੈਸਕ 10-05-2026

ਤੁਸੀਂ ਸੋਚਦੇ ਹੋਵੋਗੇ ਕਿ ਕਿਹੋ ਜਿਹਾ ਬੰਦੈ ਜਿਹੜਾ ਮੁਫ਼ਤ ਚੀਜ਼ਾਂ ਲੈਣ ਤੋਂ ਰੋਕਦੈ | ਤੁਹਾਡੀ ਗੱਲ ਬਿਲਕੁਲ ਠੀਕ ਐ, ਅੱਜਕਲ੍ਹ ਹਰ ਬੰਦਾ ਮੁਫ਼ਤਖ਼ੋਰੀ ਦਾ ਦੀਵਾਨਾ ਬਣ ਗਿਐ | ਮੁਫ਼ਤ ਚੀਜ਼ਾਂ ਦੇਖ ਕੇ ਤਾਂ ਹਰ ਕੋਈ ਲਾਰਾਂ ਸੁੱਟਣ ਲੱਗ ਪੈਂਦੈ | ਘਰ 'ਚ ਭਾਵੇਂ ਕਿੰਨੀਆਂ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਦੇ ਭੰਡਾਰ ਹੋਣ, ਧਨ-ਪੈਸੇ ਦੀ ਕੋਈ ਕਮੀ ਨਾ ਹੋਵੇ ਪਰ ਮੁਫ਼ਤ ਦੇਖ ਕੇ ਹਰ ਕੋਈ ਲੱਟੂ ਹੋ ਹੀ ਜਾਂਦੈ | ਮੁਫ਼ਤਖ਼ੋਰੀ 'ਚ ਦੀਵਾਨਾ ਹੋਇਆ ਬੰਦਾ ਬੜਾ ਲਾਲਚੀ ਬਣ ਜਾਂਦੈ | ਦੇਖੋ ਬੰਦਾ ਮੁਫ਼ਤਖ਼ੋਰੀ ਦੇ ਲਾਲਚ ਵਿਚ ਕੀ-ਕੀ ਨੀ ਕਰਦਾ | ਕਈ ਵਾਰ ਤਾਂ ਹੱਦ ਬੰਨ੍ਹੇ ਹੀ ਟੱਪ ਜਾਂਦੈ |
ਇਕ ਖਬਰ ਆਈ ਸੀ ਕਿ ਸੇਬਾਂ ਦੀਆਂ ਪੇਟੀਆਂ ਦਾ ਭਰਿਆ ਇਕ ਟਰੱਕ ਪਲਟ ਗਿਆ | ਰਾਹਗੀਰ ਮੁਫ਼ਤਖ਼ੋਰਾਂ ਨੇ ਲੁੱਟ ਦਾ ਖੂਬ ਤਮਾਸ਼ਾ ਕੀਤਾ | ਪੈਦਲ ਰਾਹਗੀਰਾਂ, ਸਾਈਕਲ- ਸਕੂਟਰ ਸਵਾਰਾਂ ਸਮੇਤ ਵੱਡੀਆਂ-ਵੱਡੀਆਂ ਗੱਡੀਆਂ 'ਚ ਬੈਠੇ ਵੱਡੇ ਕਹਾਉਣ ਵਾਲੇ ਲੋਕ ਵੀ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਗੱਡੀਆਂ 'ਚ ਧਰ ਕੇ ਲੈ ਗਏ, ਜਿਵੇਂ ਉਨ੍ਹਾਂ ਨੇ ਪਹਿਲੀ ਵਾਰ ਹੀ ਸੇਬ ਦੇਖੇ ਹੋਣ | ਉੱਧਰ ਮੁਸੀਬਤ ਦਾ ਮਾਰਿਆ ਗ਼ਰੀਬ ਡਰਾਈਵਰ ਵਿਚਾਰਾ ਗੋਡਿਆਂ 'ਚ ਸਿਰ ਦੇ ਕੇ ਰੋਵੇ ਕਿ ਉਹ ਮਾਲਕ ਨੂੰ ਇਸ ਲੁੱਟ ਦਾ ਕੀ ਜਵਾਬ - ਹਿਸਾਬ ਦੇਵੇਗਾ | ਇਕ ਸਮਾਜ ਸੇਵੀ ਸੰਸਥਾ ਅੱਗੇ ਆਈ ਅਤੇ ਉਸ ਨੇ ਸੇਬਾਂ ਦਾ ਸਾਰਾ ਹਰਜ਼ਾਨਾ ਭਰ ਕੇ ਡਰਾਈਵਰ ਨੂੰ ਰਾਹਤ ਤਾਂ ਦੇ ਦਿੱਤੀ ਪਰ ਮੁਫ਼ਤਖੋਰੀ ਦੇ ਇਸ ਨਾਟਕ ਨੇ ਵੱਡੀਆਂ ਗੱਡੀਆਂ ਵਾਲੇ ਅਖੌਤੀ ਮਾਡਰਨ ਅਮੀਰਾਂ, ਸਾਈਕਲ- ਸਕੂਟਰ ਸਵਾਰਾਂ ਅਤੇ ਪੈਦਲ ਰਾਹਗੀਰਾਂ ਦੇ ਸਟੇਟਸ ਨੂੰ ਬਰਾਬਰ ਜ਼ਰੂਰ ਕਰ ਦਿੱਤਾ | ਇਸੇ ਤਰ੍ਹਾਂ ਕਿਤੇ ਪੈਟਰੋਲ/ ਡੀਜ਼ਲ ਦਾ ਭਰਿਆ ਇਕ ਟੈਂਕਰ ਪਲਟ ਗਿਆ ਸੀ | ਭਾਂਡਿਆਂ, ਬਾਲਟੀਆਂ, ਬੋਤਲਾਂ, ਕੈਨਾਂ, ਲਿਫ਼ਾਫਿਆਂ ਆਦਿ ਜੋ ਮਿਲਿਆ ਉਸ ਵਿਚ ਮੁਫ਼ਤ ਦਾ ਤੇਲ ਭਰਨ ਵਾਲੇ ਮੁਫ਼ਤਖੋਰਾਂ ਦੀ ਭੀੜ ਲੱਗ ਗਈ | ਏਨੇ ਨੂੰ ਇਕ ਮੋਟਰਸਾਈਕਲ ਸਵਾਰ ਨੇ ਜਦੋਂ ਤੇਲ ਭਰਨਾ ਚਾਹਿਆ ਤਾਂ ਮੋਟਰਸਾਈਕਲ ਪਲਟਣ ਨਾਲ ਸਿਲੰਸਰ ਗਰਮ ਹੋਣ ਕਰਕੇ ਤੇਲ ਨੂੰ ਅੱਗ ਲੱਗਣ 'ਤੇ ਜ਼ਬਰਦਸਤ ਧਮਾਕਾ ਹੋਇਆ ਜਿਸ ਵਿਚ ਅਨੇਕਾਂ ਲੋਕਾਂ ਦੇ ਝੁਲਸ ਜਾਣ ਅਤੇ ਮਰਨ ਦੀ ਦੁਖਦਾਈ ਖ਼ਬਰ ਆਈ | ਅਜਿਹੀਆਂ ਅਨੇਕਾਂ ਘਟਨਾਵਾਂ/ਦੁਰਘਟਨਾਵਾਂ ਵਾਪਰਦੀਆਂ ਨੇ ਮੁਫ਼ਤਖੋਰੀ ਦੀਆਂ |
ਮੁਫ਼ਤਖੋਰੀ ਮਨੁੱਖੀ ਫ਼ਿਤਰਤ ਦਾ ਹਿੱਸਾ ਐ | ਤਾਂ ਹੀ ਸਭ ਤੋਂ ਵੱਧ ਭੀੜ ਇਕ ਨਾਲ ਇਕ ਫਰੀ ਵਾਲੀਆਂ ਦੁਕਾਨਾਂ 'ਤੇ ਮਿਲਦੀ ਐ | ਸਾਡੇ ਲੋਕ ਤਾਂ ਇਸ ਨੂੰ ਵਿਦੇਸ਼ਾਂ 'ਚ ਵੀ ਨਾਲ ਹੀ ਲੈ ਗਏ | ਕੈਨੇਡਾ 'ਚ ਰਹਿੰਦੇ ਇਕ ਦੋਸਤ ਨੇ ਦੱਸਿਆ ਕਿ ਇੱਥੇ ਇਕ ਸੂਬੇ 'ਚ ਕਿਸੇ ਪੰਜਾਬੀ ਨੇ ਸਕੂਲ ਖੋਲਿ੍ਹਆ ਤਾਂ ਦਾਖਲੇ ਨੂੰ ਹੁਲਾਰਾ ਦੇਣ ਲਈ ਐਲਾਨ ਕਰ ਦਿੱਤਾ ਕਿ ਪਹਿਲੀਆਂ ਸੌ ਐਂਟਰੀਆਂ ਨੂੰ ਇਕ ਕੁੱਕਰ ਤੇ ਦਾਖਲਾ ਫਰੀ ਦਿੱਤਾ ਜਾਵੇਗਾ | ਫਿਰ ਕੀ ਸੀ ਘਰ ਵਾਲਿਆਂ ਨੇ ਘਰ ਦੇ ਬਜ਼ੁਰਗਾਂ ਨੂੰ ਬਰਗਰ, ਪੀਜ਼ਾ ਤੇ ਪਾਣੀ ਦੀ ਬੋਤਲ ਫੜਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਕੂਲ ਦੇ ਗੇਟ ਮੂਹਰੇ ਥਾਂ ਮੜੱਕ ਕੇ ਖੜ੍ਹਨ ਲਈ ਭੇਜ ਦਿੱਤਾ | ਸਕੂਲ ਖੁੱਲ੍ਹਣ ਤੱਕ ਲੰਮੀ ਲਾਈਨ ਲੱਗ ਗਈ | ਐਂਟਰੀਆਂ ਖੁੱਲ੍ਹਣ ਸਮੇਂ ਸਾਡੀ ਆਦਤ ਅਨੁਸਾਰ ਜਦੋਂ ਕੋਈ ਅੱਗੇ ਆ ਕੇ ਲਾਈਨ 'ਚ ਫਸਣ ਲੱਗਿਆ ਤਾਂ ਗੱਲ ਕਹਿ-ਕਹਾਈ ਧੱਕਾ-ਮੁੱਕੀ ਤੱਕ ਪਹੁੰਚ ਗਈ ਤਾਂ ਧੱਕਾ ਵੱਜਣ ਨਾਲ਼ ਵਡੇਰੀ ਉਮਰ ਦੇ ਕਈ ਲੋਕ ਡਿਗ ਗਏ ਤੇ ਉਨ੍ਹਾਂ ਦੇ ਗੋਡੇ-ਚੂਲ਼ੇ ਹਿੱਲ ਗਏ | ਅਸਲ 'ਚ ਮੁਫ਼ਤਖੋਰ ਲੋਕ ਭਿਖਾਰੀਆਂ ਦੀ ਹੀ ਇਕ ਸੁਧਰੀ ਹੋਈ ਕਿਸਮ ਹੁੰਦੀ ਐ |
ਲੋਕਾਂ ਨੂੰ ਮੁਫ਼ਤਖੋਰੀ ਦੀ ਆਦਤ ਮੁਫ਼ਤਖੋਰ ਸਰਕਾਰਾਂ ਨੇ ਵੀ ਪਾਈ ਐ | ਰਾਜਸੀ ਪਾਰਟੀਆਂ ਦੁਆਰਾ ਮੁਫ਼ਤ ਸਹੂਲਤਾਂ, ਵਸਤਾਂ, ਰਾਸ਼ੀ ਦੇਣਾ/ ਵੰਡਣਾ ਅਤੇ ਮੁਫ਼ਤਖੋਰੀ ਦੇ ਵਾਅਦੇ ਕਰ ਕੇ ਵੋਟਾਂ ਬਟੋਰਨੀਆਂ ਆਮ ਗੱਲ ਐ | ਐਵੇਂ ਲਗਦੈ ਜਿਵੇਂ ਪੇਸੇ ਤੇ ਮੁਫ਼ਤ ਦੇਣ ਦੇ ਵਾਅਦੇ ਤੋਂ ਬਿਨਾਂ ਜਿੱਤਣ ਦਾ ਉਨ੍ਹਾਂ 'ਚ ਦਮ- ਖਮ ਹੀ ਨਹੀਂ ਰਿਹਾ | ਲੋਕ ਵੀ ਸਰਕਾਰਾਂ ਤੋਂ ਰੋਜ਼ੀ-ਰੋਟੀ ਲਈ ਕਿੱਤਾ ਰੁਜ਼ਗਾਰ, ਵਧੀਆ ਸਮਾਜਿਕ ਸੁਰੱਖਿਆ ਅਤੇ ਸਿਹਤ-ਸਿੱਖਿਆ ਸਹੂਲਤਾਂ ਮੰਗਣ ਦੀ ਥਾਂ ਮੁਫ਼ਤਖੋਰੀ ਦੇ ਨਸ਼ੇੜੀ ਬਣ ਗਏ ਲਗਦੇ ਐ | ਚੰਗੇ ਭਲੇ ਖਾਂਦੇ-ਪੀਂਦੇ ਲੋਕ ਵੀ ਮੁਫ਼ਤ ਸਹੂਲਤਾਂ, ਬੁਢਾਪਾ ਪੈਨਸ਼ਨ ਹੜੱਪ ਰਹੇ ਐ | ਹੁਣ ਤਾਂ ਮੁਫਤ ਸਹੂਲਤਾਂ ਰਾਸ਼ੀ ਮਿਲਣ 'ਤੇ ਭੰਗੜੇ-ਗਿੱਧੇ ਪਾਉਣ ਤੇ ਜਾਗੋ ਕੱਢਣ ਲੱਗ ਪਏ ਐ ਲੋਕ | ਇਸ ਦੇ ਪਿੱਛੇ ਸਿਆਸੀ ਪਾਰਟੀਆਂ/ ਸਰਕਾਰਾਂ ਦੀ ਨਾਕਾਮੀ ਹੀ ਲੱਗਦੀ ਐ, ਜਿਹੜੀਆਂ ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਲੋਕਾਂ ਨੂੰ ਸਨਮਾਨਯੋਗ ਜ਼ਿੰਦਗੀ ਜਿਊਣ ਦੀਆਂ ਮੁਢਲੀਆਂ ਸਹੂਲਤਾਂ ਦੇਣ ਵਿਚ ਨਾਕਾਮ ਰਹੀਆਂ ਨੇ | ਆਪਣੀ ਨਾਕਾਮੀ ਨੂੰ ਲੁਕਾਉਣ ਲਈ ਹੀ ਉਨ੍ਹਾਂ ਨੂੰ ਮੁਫ਼ਤਖੋਰੀ ਇਕ ਬਦਲ ਲੱਭ ਗਿਐ | ਮੁਫ਼ਤਖ਼ੋਰੀ ਦੀ ਆਦਤ ਲੋਕਾਂ ਨੂੰ ਨਿਕੰਮੇ ਬਣਾ ਰਹੀ ਐ | ਅਸਲ 'ਚ ਸਰਕਾਰਾਂ ਖੁਦ ਵੀ ਮੁਫ਼ਤਖੋਰ ਤੇ ਖਜ਼ਾਨੇ ਦੀ ਸਿਊਾਕ ਹੀ ਨੇ ਜੋ ਲੋਕ -ਖਜ਼ਾਨੇ ਚੋਂ ਮੁਫ਼ਤ ਗੱਡੀਆਂ, ਪੈਟਰੋਲ, ਮੁਫ਼ਤ ਰਿਹਾਇਸ਼, ਮੁਫ਼ਤ ਮੋਬਾਈਲ ਸਹੂਲਤ, ਮੁਫ਼ਤ ਸੁਰੱਖਿਆ ਆਦਿ ਸਹੂਲਤਾਂ ਰਾਜੇ-ਮਹਾਰਾਜਿਆਂ ਵਾਂਗ ਮਾਣ ਰਹੇ ਐ | ਦੂਜੇ ਪਾਸੇ ਚੰਗੀਆਂ ਤਨਖਾਹਾਂ ਅਤੇ ਪੈਨਸ਼ਨਾਂ ਵੀ ਲੈ ਰਹੇ ਐ | ਇਸਦਾ ਭਾਰ ਖਜ਼ਾਨੇ ਅਤੇ ਬਾਕੀ ਲੋਕਾਂ 'ਤੇ ਹੀ ਪੈਂਦੈ | ਸਰਕਾਰਾਂ ਤਾਂ ਹੁਣ ਕਰਜ਼ਾ ਲੈ ਕੇ ਵੀ ਮੁਫ਼ਤ ਸਹੂਲਤਾਂ ਵੰਡਣ ਲੱਗੀਆਂ ਹੋਈਆਂ ਨੇ | ਜਿਹੜਾ ਵੀ ਮਹਿਕਮਾ ਇਹ ਮੁਫ਼ਤ ਸਹੂਲਤਾਂ ਦੇ ਰਿਹੈ, ਇਸ ਦਾ ਸਾਰਾ ਖਰਚਾ ਸਰਕਾਰ ਵਲੋਂ ਖਜ਼ਾਨੇ 'ਚੋਂ ਉਸ ਮਹਿਕਮੇ ਨੂੰ ਦੇਣਾ ਹੁੰਦੈ | ਪਰ ਆਪਣੀ ਮੁਫ਼ਤਖੋਰੀ ਤੇ ਫਜ਼ੂਲਖਰਚੀ ਕਰ ਕੇ ਸਰਕਾਰਾਂ ਮੁਫ਼ਤ ਸਹੂਲਤਾਂ ਦਾ ਪੈਸਾ ਮਹਿਕਮੇ ਨੂੰ ਦੇਣ ਦੇ ਸਮਰੱਥ ਨਹੀਂ ਰਹਿੰਦੀਆਂ ਜਿਸ ਕਰਕੇ ਇਹ ਮਹਿਕਮੇ ਵੀ ਕਰਜ਼ਾ ਲੈ ਕੇ ਕੰਮ ਚਲਾਉਂਦੇ ਕਰਜ਼ਾਈ ਹੋ ਗਏ ਐ | ਇਨ੍ਹਾਂ ਸਰਕਾਰਾਂ ਨੇ ਲੋਕਾਂ ਨੂੰ ਭਿਖਾਰੀ ਬਣਾ ਦਿੱਤੈ |
ਬਿਜਲੀ ਬਿੱਲ ਫਰੀ ਦੇ ਮਾਮਲੇ ਵਿਚ ਤਾਂ ਸਰਕਾਰ ਨੇ ਮੈਨੂੰ ਵੀ ਮੁਫਤਖੋਰਾਂ ਦੀ ਲਿਸਟ ਵਿਚ ਸ਼ਾਮਿਲ ਕਰ ਦਿੱਤੈ | ਇਹ ਅਹਿਸਾਸ ਮੈਨੂੰ ਉਸ ਦਿਨ ਹੋਇਆ ਜਿਸ ਦਿਨ ਮੇਰੇ ਬੂਹੇ 'ਤੇ ਬਿਜਲੀ ਦੇ ਜ਼ੀਰੋ ਬਿਲ ਦੀ ਪਰਚੀ ਡਿੱਗੀ | ਮੈਂ ਕਦੇ ਬਿੱਲ ਵੱਲ ਦੇਖਾਂ ਤੇ ਕਦੇ ਆਪਣੀ ਚੰਗੀ ਤਨਖਾਹ ਵਾਲੀ ਨੌਕਰੀ ਵੱਲ | ਜਦੋਂ ਵੀ ਮੈਂ ਟੀਵੀ ਅਤੇ ਅਖ਼ਬਾਰ ਵਿਚ '90 ਫ਼ੀਸਦੀ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ' ਦੀ ਐਡ ਦੇਖਦਾ ਹਾਂ ਤੇ ਉਨ੍ਹਾਂ 'ਚ ਮੈਂ ਆਪਣਾ ਵੀ ਨਾਂਅ ਦੇਖਦਾ ਹਾਂ ਤਾਂ ਮੈਂ ਮਹਿਸੂਸ ਕਰਦਾ ਹਾਂ ਤਾਂ ਮੇਰੇ ਮੂੰਹੋਂ ਸੁਭਾਵਿਕ ਨਿਕਲਦੈ ਕਿ ਮੈਂ ਮੁਫ਼ਤਖੋਰ ਨਹੀਂ ਬਣਨਾ | ਮੈਨੂੰ ਮੁਫ਼ਤ ਸਹੂਲਤਾਂ ਨਹੀਂ, ਰੋਜ਼ਗਾਰ ਤੇ ਕੰਮ ਚਾਹੀਦੈ, ਕਿਉਂਕਿ ਮੈਂ ਇੰਡੀਜੀਨੀਅਸ ਨਹੀਂ ਹਾਂ | ਇੰਡੀਜੀਨੀਅਸ ਕੀ ਬਲਾ ਹੈ, ਇਸ ਬਾਰੇ ਫੇਰ 'ਚ ਗੱਲ ਕਰਾਂਗਾ |   

-ਪਿੰਡ ਬਲਾੜ੍ਹੀ ਕਲਾਂ (ਫਤਹਿਗੜ੍ਹ ਸਾਹਿਬ) ਮੋਬਾਈਲ : 98142-45959

Ad Position 22
No active advertisement
ਪਿਛਲੀ ਖ਼ਬਰ ਸਬਰ ਸੰਤੋਖ ਨਾਲ ਭਰਿਆ ਮਨੁੱਖ ਅਗਲੀ ਖ਼ਬਰ ... ਸੱਚੀ ਗੱਲ ਪਿਆਰਿਆ
Ad Position 24
No active advertisement