1960 ਦਾ ਸਮਾਂ ਸਮੁੱਚੇ ਭਾਰਤ ਵਿਚ ਸੰਗੀਤ ਕਲਾ ਦਾ ਸੁਨਹਿਰੀ ਯੁੱਗ ਮੰਨਿਆ ਗਿਆ ਹੈ ਜਿਸ ਵਿਚ ਪੰਜਾਬ ਦਾ ਵਿਲੱਖਣ ਯੋਗਦਾਨ ਰਿਹਾ ਹੈ | ਉਨ੍ਹਾਂ ਦਿਨਾਂ ਵਿਚ ਪੰਜਾਬ ਦੀ ਆਬਾਦੀ ਦਾ ਦੋ ਤਿਹਾਈ ਹਿੱਸਾ ਪਿੰਡਾਂ ਵਿਚ ਵੱਸਦਾ ਸੀ | ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਰੁਝਾਨ ਮੁਤਾਬਿਕ ਆਪਣੇ ਮੰਨੋਰੰਜਨ ਆਪ ਹੀ ਬਣਾਏ ਹੋਏ ਸਨ | ਖੁੱਲ੍ਹਾ ਤੇ ਵੱਖਰਾ ਸੁਭਾਅ ਹੋਣ ਕਰਕੇ ਪੰਜਾਬੀਆਂ ਦੇ ਮੰਨੋਰੰਜਨ ਵਿਚ ਹਾਸੇ, ਮਸ਼ਕੂਲੇ ਤੇ ਮਸਤੀ ਕੁੱਟ-ਕੁੱਟ ਕੇ ਭਰੀ ਹੁੰਦੀ ਸੀ ਜੋ ਸੁਨਹਿਰੀ ਯੁੱਗ ਦੇ ਪ੍ਰਵਾਨਿਤ ਸੰਗੀਤ ਤੋਂ ਭਾਵੇਂ ਕਾਫੀ ਵੱਖਰਾ ਮਾਹੌਲ ਸੀ ਪਰ ਉਹ ਵੀ ਉਸੇ ਮਾਤਾ ਸਰਸਵਤੀ ਦਾ ਪੰਜਾਬੀਆਂ 'ਤੇ ਖਾਸ ਆਸ਼ੀਰਵਾਦ ਸੀ | ਇਸ ਤਰ੍ਹਾਂ ਦੇ ਸੰਗੀਤ ਵਿਚ ਕਵਿਤਾ ਜਾਂ ਗੀਤ ਵਾਲੀ ਗੁੰਦਾਬੰਦੀ, ਅਲਫਾਜ਼, ਸਾਜ਼, ਸੁਰ, ਮੀਟਰ ਵੱਲ ਧਿਆਨ ਭਾਵੇਂ ਘੱਟ ਹੁੰਦਾ ਸੀ ਪਰ ਮਸਤੀ ਦਾ ਪਿੜ ਜੋ ਉਸ ਤਰ੍ਹਾਂ ਦੇ ਸੰਗੀਤ ਵਿਚ ਪੈਦਾ ਹੁੰਦਾ ਸੀ, ਜਾਣੀਂ ਕਿ ਬੋਲੀਆਂ ਟੱਪੇ ਕਵਿੱਤ ਆਦਿ, ਉਸ ਨੂੰ ਵੀ ਅਸੀਂ ਪੰਜਾਬੀ ਉਸੇ ਸੁਨਹਿਰੀ ਯੁੱਗ ਦਾ ਹਿੱਸਾ ਮੰਨਦੇ ਹਾਂ | ਸਾਡੇ ਲਈ ਸੰਗੀਤ ਦਾ ਮਤਲਬ ਮੰਨੋਰੰਜਨ ਹੈ ਤੇ ਇਸ ਸਮੇਂ ਵਿਚ ਜਿਹੜੀਆਂ ਜਿਹੜੀਆਂ ਕਲਾਕਿ੍ਤੀਆਂ ਨੇ ਸਾਡੇ ਮੰਨੋਰੰਜਨ ਨੂੰ ਉਛਾਲਿਆ ਹੈ ਜਾਂ ਲਿਸ਼ਕਾਇਆ ਹੈ ਉਨ੍ਹਾਂ ਵਿਚੋਂ ਇਕ ਜੋ ਅੱਜ ਮੈਂ ਪਾਠਕਾਂ ਵਾਸਤੇ ਕੱਢ ਕੇ ਲਿਆਇਆ ਹਾਂ, ਜਿਸ ਦੀ ਮਿੱਠੀ ਪਿਆਰੀ ਯਾਦ ਮੈਂ ਅੱਧੀ ਸਦੀ ਤੱਕ ਆਪਣੀ ਹਿੱਕ ਵਿਚ ਛੁਪਾ ਕੇ ਫਿਰਦਾ ਰਿਹਾ ਹਾਂ | 60 ਸਾਲ ਦਾ ਅਰਸਾ ਥੋੜ੍ਹਾ ਨਹੀਂ ਹੁੰਦਾ | ਮੈਂ ਉਦੋ ਪੰਜਵੀਂ-ਸੱਤਵੀਂ ਜਮਾਤ ਵਿਚ ਪੜ੍ਹਦਾ ਸੀ | ਰੇਡੀਉ ਦੇ ਯੁੱਗ ਦੀ ਉਦੋਂ ਸ਼ੁਰੂਆਤ ਹੋਈ ਸੀ ਤੇ ਰੇਡੀਉ ਵਿਚ ਕੇਵਲ ਸਵੇਰੇ ਸ਼ਾਮ ਨੂੰ ਹੀ ਕੁਝ ਪ੍ਰੋਗਰਾਮ ਆਉਂਦੇ ਸਨ | ਕਈ ਪਿੰਡਾਂ ਵਿਚ ਪੰਚਾਇਤ ਦਾ ਸਾਂਝਾ ਰੇਡੀਉ ਹੁੰਦਾ ਸੀ ਤੇ ਕਈ ਪਿੰਡਾਂ ਵਿਚ ਪਿੰਡ ਦੇ ਕਿਸੇ ਬਣਦੇ ਸਰਦੇ ਘਰ ਦਾ ਨਿੱਜੀ ਰੇਡੀਓ, ਸਾਰੇ ਪਿੰਡ ਦੇ ਲੋਕ ਇਕੱਠੇ ਬੈਠ ਕੇ ਸੁਣਦੇ ਸਨ | ਸ਼ਾਮ ਨੂੰ ਹਰ ਰੋਜ਼ ਦਿਹਾਤੀ ਪ੍ਰੋਗਰਾਮ ਚਲਦਾ ਸੀ ਜੋ ਪੇਂਡੂਆਂ ਵਾਸਤੇ ਖੇਤਾਬਾੜੀ ਨਾਲ ਸੰਬੰਧਿਤ ਜਾਂ ਆਮ ਜ਼ਿੰਦਗੀ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ-ਨਾਲ ਫ਼ਿਲਮੀ ਸੰਗੀਤ ਤੇ ਲੋਕ ਸੰਗੀਤ ਵੀ ਲੈ ਕੇ ਆਉਂਦਾ ਸੀ | ਪੇਂਡੂ ਉਸ ਨੂੰ ਬਹੁਤ ਪਸੰਦ ਕਰਦੇ ਸਨ ਤੇ ਉਡੀਕਦੇ ਰਹਿੰਦੇ ਸਨ | ਮੁਣਸ਼ੀ ਜੀ, ਠੰਡੂ ਰਾਮ, ਭਾਈਆ ਜੀ ਤਾਂ ਜਿਵੇਂ ਰੇਡੀਓ ਵਿਚੋਂ ਨਿਕਲ ਕੇ ਪੇਂਡੂਆਂ ਦੀਆਂ ਢਾਹਣੀਆਂ ਵਿਚ ਆ ਬਹਿੰਦੇ ਸਨ | ਦਿਹਾਤੀ ਪ੍ਰੋਗਰਾਮ ਪੰਜਾਬੀਆਂ ਵਾਸਤੇ ਦੋ-ਤਿੰਨ ਦਹਾਕੇ ਚਾਨਣ-ਮੁਨਾਰਾ ਬਣ ਕੇ ਰਿਹਾ | ਇਸ ਤੋਂ ਬਾਅਦ ਮੈਂ ਇੰਨਾ ਵੱਡਾ ਉਛਾਲਾ ਰੇਡੀਉ ਦੇ ਇਤਿਹਾਸ ਵਿਚ ਨਹੀਂ ਦੇਖਿਆ | ਸਰਬਪਸੰਦ ਇਸ ਪ੍ਰੋਗਰਾਮ ਵਿਚ ਜੋ ਸਭ ਤੋਂ ਉਤੇ ਸੀ, ਉਹ ਸਨ ਠੰਡੂ ਰਾਮ ਦੀਆਂ ਬੋਲੀਆਂ ਜੋ 'ਸੱਚੀ ਗੱਲ ਪਿਆਰਿਆ ਬਈ ਸੱਚੀ ਗੱਲ ਪਿਆਰਿਆ' ਨਾਲ ਸ਼ੁਰੂ ਅਤੇ ਇਨ੍ਹਾਂ ਹੀ ਬੋਲਾਂ ਨਾਲ ਬੰਦ ਹੁੰਦੀਆਂ ਸਨ ਤੇ ਪੰਜਾਬੀਆਂ ਨੂੰ ਜਿਵੇਂ ਉਨ੍ਹਾਂ ਵਿਚੋਂ ਰੱਬ ਦਿਖਾਈ ਦਿੰਦਾ ਸੀ | ਮੈਨੂੰ ਯਾਦ ਹੈ ਮੈਂ ਆਪਣੇ ਨਾਨਕੇ ਸਕੂਲ ਦੀਆਂ ਛੁੱਟੀਆਂ ਕੱਟਣ ਗਿਆ ਹੋਇਆ ਸੀ | ਵੱਡਾ ਪਿੰਡ, ਵੱਡਾ ਇਕੱਠ | ਬੋਲੀਆਂ ਸੁਣਨ ਵੇਲੇ ਪੰਚਾਇਤ ਘਰ ਵਿਚ ਜੋ ਲੋਕ ਸਿਰਫ ਤੇ ਸਿਰਫ ਬੋਲੀਆਂ ਸੁਣਨ ਲਈ ਆਉਂਦੇ ਸਨ, ਉਹ ਆਪਣੇ ਨਾਲ ਬੌਲਦਾਂ ਦੀਆਂ ਘੁੰਗਰਾਲਾਂ ਲੈ ਕੇ ਆਉਂਦੇ ਸਨ ਤੇ ਬੋਲੀਆਂ ਵੇਲੇ ਘੁੰਗਰਾਲਾਂ ਆਪਣੇ ਲੱਕ ਨਾਲ ਬੰਨ੍ਹ ਕੇ ਨੱਚਿਆ ਕਰਦੇ ਸਨ | ਇੰਨੀ ਵੱਡੀ ਮਸਤੀ ਮੇਰੀਆਂ ਅੱਖਾਂ ਸਾਹਮਣੇ ਅੱਜ ਵੀ ਤਰੋਤਾਜਾ ਹੈ | ਮੈਂ ਵੀ ਇਨ੍ਹਾਂ ਬੋਲੀਆਂ ਨੂੰ ਸੁਣਨ ਦਾ ਬੜਾ ਸ਼ੌਕੀਨ ਸੀ ਤੇ ਵਿਚੋਂ ਕੋਈ ਕੋਈ ਬੋਲੀ ਆਪਣੀ ਯਾਦਗਾਰੀ ਵਾਸਤੇ ਲਿੱਖ ਲੈਂਦਾ ਸੀ ਜਿਸ 'ਤੇ ਮੈਨੂੰ ਇਕ ਵਾਰ ਮੇਰੇ ਮਾਸਟਰ ਨੇ ਸਖ਼ਤ ਤਾੜਨਾ ਕੀਤੀ ਸੀ ਤੇ ਸਾਈਕਲ ਦੇ ਪੰਪ ਨਾਲ ਕੁੱਟਿਆ ਸੀ | ਕਸੂਰ ਸੀ ਕਿ ਸਕੂਲ ਵਾਲੀ ਕਾਪੀ 'ਤੇ ਬੋਲੀਆਂ ਨਾ ਲਿਖਿਆ ਕਰ | ਫਿਰ ਵੀ ਗਾਹੇ ਬਗਾਹੇ ਇਕ ਅੱਧੀ ਬੋਲੀ ਜੋ ਵੀ ਯਾਦ ਰਹਿੰਦੀ, ਉਹ ਮੈਂ ਕਿਸੇ ਨਾ ਕਿਸੇ ਖੱਲ ਖੁੰਜੇ ਲਿਖ ਲੈਂਦਾ ਸੀ | ਇਸ ਤਰ੍ਹਾਂ ਉਨ੍ਹਾਂ ਬੋਲੀਆਂ ਦੀ ਟੁੱਟ-ਭੱਜ ਕੁਝ ਪੁਰਾਣੀਆਂ ਕਾਪੀਆਂ ਵਿਚੋਂ, ਕੁਝ ਨਿੱਜੀ ਯਾਦਾਂ ਵਿਚੋਂ ਤੇ ਕੁਝ ਸੁਣੀ ਸੁਣਾਈ ਵਿਚੋਂ ਜਾਣੀਂ ਕਿ ਜੋ ਕੁਝ ਵੀ ਮੇਰੇ ਨਾਲ ਤੁਰ ਕੇ ਆਇਆ ਜਾਂ ਲੱਭਿਆ ਜਾ ਸਕਿਆ, ਉਸ ਨੂੰ ਮਾੜਾ ਮੋਟਾ ਰਫੂ ਕਰਕੇ ਤੇ ਕੁਝ ਸੁਰਮਾਂ-ਸਲਾਈ ਲਾ ਕੇ ਹੁਣ ਮੈਂ ਇਕ ਨਵੀਂ ਕਾਪੀ 'ਤੇ ਉਤਾਰ ਰਿਹਾ ਹਾਂ ਜੋ ਮੇਰੇ ਨਾਲ ਓਨੀ ਦੇਰ ਜ਼ਰੂਰ ਚੱਲਦਾ ਰਹੇਗਾ ਜਿੰਨੀ ਦੇਰ ਮੈਂ ਚੱਲਣ ਯੋਗ ਰਹਾਂਗਾ | ਉਨ੍ਹਾਂ ਬੋਲੀਆਂ ਵਿਚੋਂ ਇਕ ਦੋ ਬੋਲੀਆਂ ਮੈਂ ਇਸ ਲੇਖ ਵਿਚ ਸ਼ਾਮਿਲ ਕਰ ਦਿੱਤੀਆਂ ਹਨ ਤੇ ਬਾਕੀ ਰਹਿੰਦੀਆਂ ਬੋਲੀਆਂ ਮੈਂ ਪੰਜਾਬ ਦੀ ਵੱਡਮੁਲੀ ਵਰਾਸਤ ਦਾ ਅੰਗ ਜਾਣ ਕੇ ਸੰਭਾਲ ਲਈਆਂ ਹਨ ਜੋ ਆਪਣੀਆਂ ਅਗਲੇਰੀਆਂ ਲਿਖਤਾਂ ਵਿਚ ਇਕ-ਇਕ ਕਰ ਕੇ ਛੱਡਦਾ ਰਹਾਂਗੇ |
ਨੰਗੇ ਸਿਰ ਧੁੱਪ ਵਿਚ ਖੜ੍ਹਨਾ ਨੀਂ ਚਾਹੀਦਾ
ਸੁੰਨ੍ਹੇ ਸੌੜੇ ਖੂਹ ਵਿਚ ਵੜਨਾ ਨੀਂ ਚਾਹੀਦਾ
ਓਪਰੇ ਤੋਂ ਲੈ ਕੇ ਕੁਝ ਖਾਣਾ ਨਹੀਂ ਚਾਹੀਦਾ
ਬਿਨ੍ਹਾਂ ਸੱਦੇ ਲੋਕਾਚਾਰੀ, ਜਾਣਾ ਨਹੀਂ ਚਾਹੀਦਾ
ਸੱਚੀ ਗੱਲ ਪਿਆਰਿਆ, ਬਈ ਸੱਚੀ ਗੱਲ ਪਿਆਰਿਆ |
ਨੱਠ ਕੇ ਨਾ ਟੱਪੀਏ ਕੰਡਿਆਲੀ ਤਾਰ ਨੂੰ
ਲੋੜ ਵੇਲੇ ਕੰਡ ਨਾ ਦਿਖਾਈਏ ਯਾਰ ਨੂੰ
ਵੱਡਿਆਂ ਵਡਾਰੂਆਂ ਦਾ ਮਾਣ ਹੋਣਾ ਚਾਹੀਦਾ
ਰੋਟੀ ਜੋਗਾ ਕੰਮ ਦਾ ਗਿਆਨ ਹੋਣਾ ਚਾਹੀਦਾ
ਸੱਚੀ ਗੱਲ ਪਿਆਰਿਆ, ਬਈ ਸੱਚੀ ਗੱਲ ਪਿਆਰਿਆ
ਨਹੁੰ ਨਾਲ ਕਦੇ ਨਾ ਖਰਿੰਡ ਪੱਟੀਏ
ਤੋਲ ਬਿਨਾਂ ਬੋਲ ਨੂੰ ਨਾ ਮੂੰਹੋਂ ਕੱਢੀਏ
ਘੋੜੇ ਦੀ ਪਛਾੜੀ ਕਦੀ ਖੜ੍ਹਨਾ ਨੀਂ ਚਾਹੀਦਾ
ਪਰਿ੍ਹਆ 'ਚ ਬੈਠ ਕਦੀ ਲੜਨਾ ਨੀਂ ਚਾਹੀਦਾ
ਸੱਚੀ ਗੱਲ ਪਿਆਰਿਆ, ਬਈ ਸੱਚੀ ਗੱਲ ਪਿਆਰਿਆ
ਯਾਦ ਰੱਖੀਂ ਪਿਆਰਿਆ, ਬਈ ਯਾਦ ਰੱਖੀਂ ਪਿਆਰਿਆ |
-ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ
ਮੋਬਾਈਲ : 98722-56005