ਸਿੱਖ ਇਤਿਹਾਸ ਵਿਚ 1748 ਤੋਂ 1799 ਦੇ ਸਮੇਂ ਨੂੰ ਮਿਸਲਾਂ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਪੰਜਾਬ ਵਿਚ ਵੱਖ-ਵੱਖ ਜਥਿਆਂ ਨੇ ਆਪਣੇ-ਆਪ ਨੂੰ 12 ਮਿਸਲਾਂ ਦੇ ਰੂਪ ਵਿਚ ਜਥੇਬੰਦ ਕਰ ਲਿਆ ਸੀ। ਇਹ ਪੰਜਾਬ ਵਿਚ ਕਮਜ਼ੋਰ ਹੋ ਚੁੱਕੇ ਮੁਗ਼ਲ ਹਾਕਮਾਂ ਨਾਲ ਵੀ ਟੱਕਰ ਲੈਂਦੀਆਂ ਸਨ ਅਤੇ ਬਾਹਰੋਂ ਆਉਣ ਵਾਲੇ ਹਮਲਾਵਰਾਂ ਨਾਲ ਵੀ ਸਿੱਝਣ ਲਈ ਯਤਨਸ਼ੀਲ ਰਹਿੰਦੀਆਂ ਸਨ। ਇਸ ਦੌਰ ਵਿਚ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਕਪੂਰ ਸਿੰਘ ਆਦਿ ਸਿੱਖ ਜਰਨੈਲਾਂ ਨੇ ਅਹਿਮ ਰੋਲ ਅਦਾ ਕੀਤਾ ਸੀ। ਇਨ੍ਹਾਂ ਵਿਚੋਂ ਨਵਾਬ ਕਪੂਰ ਸਿੰਘ ਜੋ ਸਿੰਘਪੁਰੀਆ ਮਿਸਲ ਦੇ, ਸੰਸਥਾਪਕ ਸਨ ਦੇ ਜੀਵਨ ਤੇ ਸ਼ਖ਼ਸੀਅਤ ਸੰਬੰਧੀ ਰੌਸ਼ਨੀ ਪਾਉਂਦੀ ਇਕ ਪੁਸਤਕ ਇਤਿਹਾਸਕਾਰ ਜਗਰੂਪ ਸਿੰਘ ਛੀਨਾ ਨੇ ਲਿਖੀ ਹੈ। ਇਸ ਵਡਮੁੱਲੀ ਪੁਸਤਕ ਸੰਬੰਧੀ ਅਹਿਮ ਜਾਣਕਾਰੀ ਦੇ ਰਹੇ ਹਨ ਡਾ. ਬਿਕਰਮ ਸਿੰਘ ਵਿਰਕ। ਉਨ੍ਹਾਂ ਦੇ ਇਸ ਲੇਖ ਦੀ ਅਗਲੀ ਕਿਸ਼ਤ ਅਗਲੇ ਐਤਵਾਰ ਨੂੰ ਇਨ੍ਹਾਂ ਕਾਲਮਾਂ ਵਿਚ ਪ੍ਰਕਾਸ਼ਿਤ ਕੀਤੀ ਜਾਵੇਗੀ। -ਸੰਪਾਦਕ
ਸਿੱਖ ਇਤਿਹਾਸ ਦੇ ਅਨੇਕ ਮਹਾਨ ਯੋੋਧਿਆਂ ਵਿਚੋਂ ਕਈ ਬਹੁਤ ਹੀ ਅਣਗੌਲੇ ਰਹਿ ਗਏ ਹਨ ਅਤੇ ਇਤਿਹਾਸ ਦੇ ਪੰਨਿਆਂ, ਵਿਚ ਉਨ੍ਹਾਂ ਨੂੰ ਉਹ ਸਥਾਨ ਨਹੀਂ ਮਿਲਿਆ ਜਿਸ ਦੇ ਕਿ ਉਹ ਹੱਕਦਾਰ ਸਨ। ਸਮਕਾਲੀ ਅਤੇ ਬਾਅਦ ਦੇ ਇਤਿਹਾਸਕਾਰਾਂ ਨੇ ਉਨ੍ਹਾਂ ਬਾਬਤ ਅੱਵਲ ਤਾਂ ਲਿਖਿਆ ਹੀ ਨਹੀਂ ਅਤੇ ਜੇ ਕਿਧਰੇ ਕੋਈ ਲਿਖਤਾਂ ਮਿਲਦੀਆਂ ਹਨ ਤਾਂ ਉਨ੍ਹਾਂ ਵਿਚ ਵੀ ਉਨ੍ਹਾਂ ਮਹਾਨ ਯੋਧਿਆਂ ਬਾਬਤ ਜ਼ਿਕਰ ਬਹੁਤ ਹੀ ਥੋੜ੍ਹਾ ਹੈ। ਉਨ੍ਹਾਂ ਦੁਆਰਾ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਅਤੇ ਹੋਰ ਇਤਿਹਾਸਕ ਕਾਰਨਾਮਿਆਂ ਦਾ ਲੇਖਾ-ਜੋਖਾ ਵੀ ਵਿਸਾਰ ਹੀ ਦਿੱਤਾ ਗਿਆ।
ਅਜਿਹੇ ਹੀ ਇਕ ਜੰਗਜੂ ਅਤੇ ਅਥਾਹ ਬਹਾਦਰੀ ਭਰੇ ਕਾਰਨਾਮੇ ਕਰਨ ਵਾਲੇ ਅਤੇ ਫੈਜ਼ੁੱਲਾਪੁਰ (ਬਾਅਦ ਵਿਚ ਸਿੰਘਪੁਰੀਆ) ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਵਿਰਕ ਵੀ ਹਨ। ਬੇਸ਼ੱਕ ਉਨ੍ਹਾਂ ਬਾਬਤ ਸਭ ਤੋਂ ਪਹਿਲਾਂ ਬਾਬਾ ਪ੍ਰੇਮ ਸਿੰਘ ਹੋਤੀਮਰਦਾਨ ਦੁਆਰਾ ਰਚਿਤ, 'ਨਵਾਬ ਕਪੂਰ ਸਿੰਘ' ਅਤੇ ਭਗਵੰਤ ਸਿੰਘ ਆਜ਼ਾਦ ਦੁਆਰਾ ਰਚਿਤ, ਸਾਂਦਲਬਾਰ ਦਾ ਇਤਿਹਾਸ-ਵਿਰਕ ਅਤੇ ਹੋਰ' ਕਾਫੀ ਜਾਣਕਾਰੀ ਮੁਹੱਈਆ ਕਰਵਾਉਂਦੇ ਸਰੋਤ ਹਨ, ਪ੍ਰੰਤੂ ਹਾਲ ਹੀ ਵਿਚ ਇਤਿਹਾਸਕਾਰ ਜਗਰੂਪ ਸਿੰਘ ਛੀਨਾ ਵਲੋਂ ਲਿਖੀ ਗਈ ਕਿਤਾਬ, 'ਨਵਾਬ ਕਪੂਰ ਸਿੰਘ ਅਤੇ ਮਿਸਲ ਸਿੰਘਪੁਰੀਆ' ਖਾਸ ਧਿਆਨ ਮੰਗਦੀ ਹੈ। ਮੈਂ ਕੋਈ ਇਤਿਹਾਸ ਦਾ ਵਿਦਿਆਰਥੀ ਨਹੀਂ, ਪਰ ਕੁਝ ਗੱਲਾਂ ਨੇ ਮੈਨੂੰ ਇਸ ਪੁਸਤਕ ਬਾਬਤ ਲਿਖਣ ਲਈ ਪ੍ਰੇਰਿਆ, ਜਿਨ੍ਹਾਂ ਵਿਚੋਂ ਇਕ ਇਹ ਵੀ ਹੈ ਕਿ ਦਾਸ ਦਾ ਪਰਿਵਾਰ ਸਿੱਧੇ ਤੌਰ ਤੇ ਇਸ ਅਜ਼ੀਮ ਸ਼ਖ਼ਸੀਅਤ ਦੇ ਪਰਿਵਾਰ ਵਿਚੋਂ ਹੈ ਅਤੇ ਅੱਜ ਵੀ ਸਾਡੇ ਪਰਿਵਾਰ ਕੋਲ ਉਸ ਵੇਲੇ ਸਥਾਪਤ ਕੀਤੀ ਗਈ ਸਿੰਘਪੁਰੀਆ ਮਿਸਲ ਦੇ ਮੂਲ ਪਿੰਡ ਸਿੰਘਪੁਰਾ ਵਿਚ ਉਸੇ ਜਗੀਰ ਦੀ ਜ਼ਮੀਨ ਹੈ, ਜਿਸ ਉਪਰ ਮਿਸਲ ਸਿੰਘਪੁਰੀਆ ਦੀ ਸਥਾਪਨਾ ਹੋਈ ਸੀ। ਲੇਖਕ ਨੇ ਬਹੁਤ ਹੀ ਘਾਲਣਾ ਨਾਲ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲਣ ਤੋਂ ਲੈ ਕੇ ਉਨ੍ਹਾਂ ਦੁਆਰਾ ਮਿਸਲ ਦੀ ਸਥਾਪਨਾ, ਉਪਰੰਤ ਸਿੱਖਾਂ 'ਤੇ ਉਸ ਵੇਲੇ ਦੀ ਹਕੂਮਤ ਦੁਆਰਾ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਸਖਤੀਆਂ ਦੇ ਸਨਮੁਖ ਨਵਾਬ ਕਪੂਰ ਸਿੰਘ ਦੁਆਰਾ ਕੀਤੇ ਕਾਰਨਾਮਿਆਂ ਨੂੰ ਬਾਖੂਬੀ ਦਰਸਾਉਣ ਤੋਂ ਇਲਾਵਾ ਉਨ੍ਹਾਂ ਦੇ ਮੌਜੂਦਾ ਵੰਸ਼ਜ਼ਾਂ ਤੀਕਰ ਬਹੁਤ ਹੀ ਬਾਰੀਕੀ ਨਾਲ ਖੋਜ ਕਰਕੇ ਇਸ ਇਤਿਹਾਸਕ ਪੁਸਤਕ ਦੀ ਸਿਰਜਣਾ ਕੀਤੀ ਹੈ। ਸਿੱਖ ਇਤਿਹਾਸ ਅਤੇ ਇਸ ਵਿਸ਼ੇ ਉੱਪਰ ਹੁਣ ਤੀਕਰ ਲਿਖੀਆਂ ਗਈਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਕੋਈ 6 ਦਰਜਨ ਇਤਿਹਾਸਕ ਪੁਸਤਕਾਂ ਦੇ ਹਵਾਲਿਆਂ ਨਾਲ ਤਿਆਰ ਕੀਤੀ ਗਈ ਇਹ ਪੁਸਤਕ ਇਤਿਹਾਸ ਵਿਚਲੇ ਅਨੇਕਾਂ ਖੱਪਿਆਂ ਬਾਬਤ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ਜਿਸ ਦਾ ਸਿੱਖ ਇਤਿਹਾਸ ਉੱਪਰ ਖੋਜ ਕਰਨ ਵਾਲੇ ਖੋਜਾਰਥੀ ਲਾਭ ਲੈ ਸਕਦੇ ਹਨ ਅਤੇ ਅਗਲੀ ਖੋਜ ਲਈ ਇਸ ਪੁਸਤਕ ਨੂੰ ਆਧਾਰ ਬਣਾ ਸਕਦੇ ਹਨ।
ਨਵਾਬ ਕਪੂਰ ਸਿੰਘ ਅਤੇ ਨਵਾਬੀ ਦਾ ਹਾਸਿਲ ਹੋਣਾ: ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਵਿਚ ਚੌਧਰੀ ਦਲੀਪ ਸਿੰਘ ਵਿਰਕ ਵਾਸੀ ਕਾਲੋਕੇ (ਸ਼ੇਖੂਪੁਰਾ) ਦੇ ਘਰ ਹੋਇਆ। ਕਿਤਾਬ ਵਿਚੋਂ ਜਾਣਕਾਰੀ ਮਿਲਦੀ ਹੈ ਕਿ ਸਰਦਾਰ ਕਪੂਰ ਸਿੰਘ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਥੀ ਸਨ ਅਤੇ ਜਦੋਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਉਨ੍ਹਾਂ ਦੁਆਰਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਮੁਗਲਾਂ ਨੂੰ ਸਬਕ ਸਿਖਾਏ ਜਾਣ ਲਈ ਭੇਜਿਆ ਤਾਂ ਉਸ ਵੇਲੇ ਵੀ ਉਨ੍ਹਾਂ ਦੇ ਪਿਤਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ। ਇਸ ਉਪਰੰਤ ਬਾਲਕ ਕਪੂਰ ਸਿੰਘ ਵੀ ਇਕ ਨੌਜਵਾਨ ਗੱਭਰੂ ਦੇ ਤੌਰ 'ਤੇ ਆਪਣੇ ਪਿਤਾ ਨਾਲ ਮੁਹਿੰਮਾਂ ਵਿਚ ਹਿੱਸਾ ਲੈਣ ਲੱਗ ਪਿਆ ਅਤੇ ਫਿਰ ਉਹ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖ ਕੌਮ ਦੀ ਅਗਵਾਈ ਲਈ ਚੁਣਿਆ ਗਿਆ। ਕਪੂਰ ਸਿੰਘ ਅਤੇ ਉਸ ਦੀ ਕਮਾਨ ਅਧੀਨ ਸਿੰਘਾਂ ਦੁਆਰਾ ਉਸ ਵਕਤ ਲਾਹੌਰ ਦੇ ਤਖ਼ਤ 'ਤੇ ਬਿਰਾਜਮਾਨ ਜ਼ਾਲਿਮ ਹੁਕਮਰਾਨ ਜ਼ਕਰੀਆ ਖਾਨ ਦੇ ਨੱਕ ਵਿਚ ਦਮ ਕੀਤੇ ਜਾਣ ਸਦਕਾ, ਉਸ ਦੁਆਰਾ ਸਿੱਖਾਂ ਨਾਲ ਇਕ ਤਰ੍ਹਾਂ ਨਾਲ ਸਮਝੌਤਾ ਕਰਨ ਖਾਤਿਰ ਉਨ੍ਹਾਂ ਨੂੰ ਨਵਾਬੀ ਅਤੇ ਜਗੀਰ ਦੀ ਪੇਸ਼ਕਸ਼ ਕੀਤੀ, ਕਿਉਂਕਿ ਉਹ ਸਿੱਖਾਂ ਦੀ ਵਧਦੀ ਚੜ੍ਹਤ ਦੇ ਸਨਮੁਖ ਉਨ੍ਹਾਂ ਨਾਲ ਸਿਧੀ ਟੱਕਰ ਲੈਣ ਦੀ ਬਜਾਏ ਉਨ੍ਹਾਂ ਨਾਲ ਸੁਲਾਹ ਕੀਤੇ ਜਾਣ ਦੇ ਹੱਕ ਵਿਚ ਸੀ। ਉਸ ਵੇਲੇ ਪਹਿਲਾਂ ਤਾਂ ਸਿੱਖ ਜਥੇਦਾਰਾਂ ਨੇ ਇਸ ਰਾਏ ਨਾਲ ਇਸ ਨੂੰ ਠੁਕਰਾ ਦਿੱਤਾ ਕਿ ਸਿੰਘ ਕਿਸੇ ਦੀ ਬਖਸ਼ੀਸ਼ ਇੰਜ ਪ੍ਰਵਾਨ ਨਹੀਂ ਕਰਦੇ, ਬਲਕਿ ਇਸ ਨੂੰ ਆਪਣੇ ਬਲਬੂਤੇ ਉਪਰ ਹਾਸਿਲ ਕਰਨਾ ਜਾਣਦੇ ਹਨ। ਪ੍ਰੰਤੂ ਫਿਰ ਕੁਝ ਸੂਝਵਾਨ ਆਗੂਆਂ ਦੁਆਰਾ ਇਸ ਨੂੰ ਪ੍ਰਵਾਨ ਕਰਨ ਅਤੇ ਫਿਰ ਕਿਸੇ ਐਸੇ ਜਰਨੈਲ ਨੂੰ ਸੌਂਪੇ ਜਾਣ ਦੀ ਸਲਾਹ ਕੀਤੀ ਜੋ ਕਿ ਕੌਮ ਪ੍ਰਤੀ ਸੇਵਾ ਅਤੇ ਸਮਰਪਣ ਦੀ ਭਾਵਨਾ ਵਾਲਾ ਹੋਵੇ। ਕਿਤਾਬ ਅਨੁਸਾਰ ਉੇਸ ਵੇਲੇ ਤੀਕਰ ਸਰਦਾਰ ਕਪੂਰ ਸਿੰਘ ਦਾ ਕੱਦ-ਬੁੱਤ ਸਿੱਖ ਜਗਤ ਵਿਚ ਕਾਫੀ ਉੱਚਾ ਹੋ ਗਿਆ ਸੀ ਅਤੇ ਇਸ ਹੋਣ ਵਾਲੀ ਸਲਾਹ ਵੇਲੇ ਉਹ ਪੱਖਾ ਝੱਲਣ ਦੀ ਸੇਵਾ (ਜਾਂ ਕੁਝ ਮੁਤਾਬਕ ਘੋੜਿਆਂ ਦੀ ਸੇਵਾ) ਕਰ ਰਿਹਾ ਸੀ। ਸਿੱਖ ਜਥੇਦਾਰ ਕਾਫੀ ਘੋਖ-ਪੜਤਾਲ ਉਪਰੰਤ ਇਸ ਨਤੀਜੇ 'ਤੇ ਪਹੁੰਚੇ ਕਿ ਕਿਸੇ ਵੀ ਦੁਨਿਆਵੀ ਹਕੂਮਤ ਕੋਲ ਨਿਸਚਤ ਜਗੀਰ, ਮਾਲੀਆ ਅਤੇ ਫੌਜ ਦਾ ਹੋਣਾ ਜ਼ਰੂਰੀ ਹੁੰਦਾ ਹੈ, ਜੋ ਕਿ ਇਸ ਜਗੀਰ ਦੇ ਹਾਸਿਲ ਹੋਣ ਉਪਰੰਤ ਹੀ ਹਾਸਲ ਹੋ ਸਕਦੀਆਂ ਹਨ। ਇਸ ਲਈ ਇਹ ਜਗੀਰ ਮਨਜ਼ੂਰ ਕਰ ਲਏ ਜਾਣ ਅਤੇ ਕਪੂਰ ਸਿੰਘ ਨੂੰ ਸੌਂਪੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਪੁਸਤਕ ਵਿਚ ਜ਼ਿਕਰ ਹੈ ਕਿ ਇਸ ਜਗੀਰ ਨੂੰ ਪੰਜ ਸਿੰਘਾਂ ਦੇ ਪੈਰਾਂ ਨਾਲ ਛੁਹਾ ਕੇ ਕਪੂਰ ਸਿੰਘ ਦੀ ਝੋਲੀ ਪਾਇਆ ਗਿਆ। ਇਥੇ ਇਹ ਵੀ ਦਰਜ ਹੈ ਕਿ ਕਪੂਰ ਸਿੰਘ ਨੇ ਨਵਾਬੀ ਇਸ ਸ਼ਰਤ 'ਤੇ ਕਬੂਲੀ ਕਿ ਉਸ ਨੂੰ ਸਿੱਖ ਪੰਥ ਦੀ ਮੌਜੂਦਾ ਸੇਵਾ ਤੋਂ ਵਾਂਝਿਆਂ ਨਾ ਰੱਖਿਆ ਜਾਵੇ। ਇਹ ਸ਼ਰਤ ਉਨ੍ਹਾਂ ਦੇ ਤਿਆਗ, ਨਿਮਰਤਾ, ਪੰਥ-ਪ੍ਰਸਤੀ ਅਤੇ ਖ਼ਾਲਸਾ ਪੰਥ ਦੀ ਸੇਵਾ ਲਈ ਉਨ੍ਹਾਂ ਦੇ ਮਨ ਵਿਚਲੀ ਸ਼ਰਧਾ ਨੂੰ ਉਜਾਗਰ ਕਰਦੀ ਹੈ।
ਮਿਸਲਾਂ ਦੀ ਸਥਾਪਨਾ ਅਤੇ ਫੈਜ਼ੁੱਲਾਪੁਰ ਨੂੰ ਸਿੰਘਪੁਰਾ ਬਣਾਉਣਾ : ਜਿਸ ਜਗ੍ਹਾ ਫੈਜ਼ੁੱਲਾਪੁਰ ਨਾਮੀ ਮਿਸਲ ਦੀ ਸਥਾਪਨਾ ਹੋਈ, ਜਿਸ ਦਾ ਕਿ ਬਾਅਦ ਵਿਚ 'ਸਿੰਘਪੁਰੀਆ ਮਿਸਲ' ਵਜੋਂ ਨਾਮਕਰਨ ਕੀਤਾ ਗਿਆ, ਇਸ ਵੇਲੇ ਸਿੰਘਪੁਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਜ਼ਿਲ੍ਹਾ ਤਰਨ ਤਾਰਨ ਦੇ ਮਸ਼ਹੂਰ ਕਸਬਿਆਂ ਭਿੱਖੀਵਿੰਡ ਅਤੇ ਸੁਰਸਿੰਘ ਦੇ ਵਿਚਕਾਰ, ਅੰਮ੍ਰਿਤਸਰ ਤੋਂ ਖੇਮਕਰਨ ਵਾਲੀ ਸੜਕ 'ਤੇ ਸਥਿਤ ਹੈ। ਅੰਮ੍ਰਿਤਸਰ ਤੋਂ ਇਸ ਦੀ ਦੂਰੀ ਕੋਈ 33 ਕਿਲੋਮੀਟਰ ਅਤੇ ਭਿਖੀਵਿੰਡ ਤੋਂ ਮਹਿਜ਼ 3 ਕਿਲੋਮੀਟਰ ਹੈ। ਕਿਤਾਬ ਅਨੁਸਾਰ ਇਹ ਪਿੰਡ ਜ਼ਕਰੀਆ ਖਾਨ ਦੇ ਭਣਵਈਏ ਅਤੇ ਅਬਦੁਸਮਦ ਖਾਂ ਦੇ ਜਵਾਈ ਫੈਜ਼ੁੱਲਾ ਖਾਨ ਦੇ ਵਡੇਰਿਆਂ ਨੇ ਵਸਾਇਆ ਸੀ ਅਤੇ ਅਬਦੁਸਮਦ ਖਾਂ ਨੇ ਇਹ ਪਿੰਡ ਆਪਣੀ ਲੜਕੀ ਹਮਸ਼ੀਰਾ ਖਾਨ ਨੂੰ ਸੌਗਾਤ ਵਜੋਂ ਦਿੱਤਾ ਸੀ। ਇਹ ਪਿੰਡ ਅਤੇ ਇਸ ਦੇ ਨਾਲ ਦੇ ਪਿੰਡਾਂ ਵਿਚਲੀ ਜਗੀਰ ਨੂੰ ਕਪੂਰ ਸਿੰਘ ਨੇ ਇਸ ਪਿੰਡ ਨੂੰ ਮੌਕੇ ਦੇ ਮੁਸਲਮਾਨ ਜਗੀਰਦਾਰਾਂ ਕੋਲੋਂ ਖੋਹ ਲਿਆ ਅਤੇ ਇਸ ਨੂੰ ਤਿੰਨ ਪਾਸਿਆਂ ਤੋਂ ਘੇਰ ਕੇ ਸਭ ਨੂੰ ਮਿਥੇ ਸਮੇਂ ਵਿਚ ਖਾਲੀ ਹੱਥ ਪਿੰਡ ਛੱਡ ਕੇ ਜਾਣ ਲਈ ਹੁਕਮ ਸੁਣਾ ਦਿੱਤਾ। ਕਿਤਾਬ ਅਨੁਸਾਰ ਜ਼ਕਰੀਆ ਖਾਨ ਦੀ ਭੈਣ ਬਹੁਤ ਹੀ ਚੰਡਾਲ ਬਿਰਤੀ ਦੀ ਔਰਤ ਸੀ, ਜਦਕਿ ਉਸ ਦਾ ਪਤੀ ਫੈਜ਼ੁੱਲਾ ਖਾਨ ਬਹੁਤ ਨੇਕ ਤਬੀਅਤ ਸੀ। ਕਪੂਰ ਸਿੰਘ ਨੇ ਇਹ ਸੁਨੇਹਾ ਵੀ ਦਿੱਤਾ ਕਿ ਇਹ ਪਿੰਡ ਛੱਡਣ ਦਾ ਕਸ਼ਟ ਹਮਸ਼ੀਰਾ ਦੇ ਜੁਲਮਾਂ ਖਾਤਿਰ ਦਿੱਤਾ ਜਾ ਰਿਹਾ ਹੈ ਅਤੇ ਬਿਨਾ ਕੋਈ ਨੁਕਸਾਨ ਕੀਤੇ ਜਾਣ ਦੀ ਰਿਆਇਤ ਫੈਜ਼ੁੱਲਾ ਖਾਨ ਦੀ ਨੇਕ-ਨੀਅਤੀ ਕਾਰਣ ਦਿੱਤੀ ਜਾ ਰਹੀ ਹੈ। ਵਰਨਾ ਸਭ ਨੂੰ ਸੋਧ ਦਿੱਤਾ ਜਾਂਦਾ। ਇਸ ਕਿਤਾਬ ਵਿਚ ਵੱਖ-ਵੱਖ ਇਤਿਹਾਸਕਾਰਾਂ ਦੁਆਰਾ ਪਿੰਡ ਨੂੰ ਖੋਹੇ ਜਾਂ ਵਸਾਏ ਜਾਣ ਬਾਬਤ ਵੀ ਚਰਚਾਵਾਂ ਹਨ, ਜਿਸ ਬਾਬਤ ਇਸ ਪੁਸਤਕ ਵਿਚੋਂ ਕਾਫੀ ਜਾਣਕਾਰੀ ਹਾਸਿਲ ਹੁੰਦੀ ਹੈ। ਫੈਜ਼ੁੱਲਾਪੁਰ ਨਾਮੀ ਇਸ ਪਿੰਡ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਸ ਦਾ ਨਾਂਅ ਸਿੰਘਪੁਰਾ ਰੱਖਿਆ ਗਿਆ ਅਤੇ ਇਸ ਜਗ੍ਹਾ ਤੇ ਹੀ ਨਵਾਬ ਸਾਹਿਬ ਦੁਆਰਾ ਇਕ ਕਿਲ੍ਹੇ ਦੀ ਵੀ ਉਸਾਰੀ ਕਾਰਵਾਈ ਗਈ ਸੀ। ਸਰਦਾਰ ਕਪੂਰ ਸਿੰਘ ਤਾਂ ਸਿੱਖ ਜਥਿਆਂ ਦੀ ਅਗਵਾਈ ਕਰਦੇ ਸਾਰੇ ਇਲਾਕਿਆਂ ਵਿਚ ਹੀ ਵਿਚਰਦੇ ਰਹੇ ਸਨ ਅਤੇ ਉਨ੍ਹਾਂ ਨੇ ਗ੍ਰਹਿਸਤੀ ਜੀਵਨ ਨਹੀਂ ਅਪਣਾਇਆ, ਪ੍ਰੰਤੂ ਪਿੰਡ ਸਿੰਘਪੁਰਾ ਵਿਚ ਉਨ੍ਹਾਂ ਦੇ ਭਰਾਤਾ ਸ. ਦਾਨ ਸਿੰਘ ਅਤੇ ਪਰਿਵਾਰ ਦਾ ਵਾਸਾ ਸੀ ਜਿਸ ਦੀ ਕਿ ਵੰਸ਼ ਅੱਗੇ ਚਲਦੀ ਹੈ ਅਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਦੇ ਵੰਸ਼ਜ਼ ਕਿੱਥੇ-ਕਿੱਥੇ ਹਨ, ਇਸ ਬਾਬਤ ਵੀ ਇਸ ਕਿਤਾਬ ਵਿਚੋਂ ਮੁਕੰਮਲ ਜਾਣਕਾਰੀ ਮਿਲਦੀ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਪ੍ਰਿੰਸੀਪਲ (ਰਿਟ.), ਐਮ. ਆਰ. ਸਰਕਾਰੀ ਕਾਲਜ, ਫਾਜ਼ਿਲਕਾ ਅਤੇ ਟਾਂਡਾ ਉੜਮੁੜ।