ਜੰਗਲ ਦੇ ਵਿਰਾਨ ਇਲਾਕੇ ਵਿਚ ਹਾਲੋਂ-ਬੇਹਾਲ ਤੇ ਨਿਰਾਸ਼ ਬੈਠੇ ਰਾਜੇ 'ਤੇ ਜਦੋਂ ਉਸ ਵਿਚਾਰਕ ਯਾਤਰੀ ਦੀ ਨਜ਼ਰ ਪਈ ਤਾਂ ਉਸ ਕੋਲ ਆ ਕੇ ਰਾਜੇ ਨੂੰ ਪੁੱਛਿਆ, 'ਤੇਰੇ ਚਿਹਰੇ ਦਾ ਨੂਰ ਕਿੱਧਰ ਗਵਾਚ ਗਿਆ ਹੈ? ਜੀਵਨ ਵਿਚ ਏਨੀ ਨਿਰਾਸ਼ਾ ਕਿਉਂ ਹੈ? ਰਾਜੇ ਨੇ ਜਵਾਬ ਦਿੱਤਾ ਕਿ ਮੈਂ ਇਕ ਛੋਟੇ ਜਿਹੇ ਰਾਜ ਦਾ ਰਾਜਾ ਹਾਂ ਪਰ ਗਵਾਂਢੀ ਰਾਜੇ ਤੋਂ ਹਾਰ ਕੇ, ਜਾਨ ਬਚਾ ਕੇ ਇੱਥੇ ਦਿਨ ਕੱਟ ਰਿਹਾ ਹਾਂ | ਮੇਰਾ ਸਭ ਕੁਝ ਬਰਬਾਦ ਹੋ ਗਿਆ ਹੈ | ਜੀਵਨ ਵਿਚ ਹਨੇਰੇ ਤੋਂ ਸਿਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ | ਕਈ ਦਿਨਾਂ ਦਾ ਭੁੱਖਾ ਪਿਆਸਾ ਹਾਂ | ਹਾਲੋਂ-ਬੇਹਾਲ ਹੋ ਗਿਆ ਹਾਂ, ਸੋਚਦਾ ਹਾਂ ਕਿ 'ਇਸ ਤੋਂ ਚੰਗਾ ਸੀ ਮੈਂ ਜੰਗ ਵਿਚ ਲੜਦਾ ਲੜਦਾ ਮਾਰਿਆ ਜਾਂਦਾ ਪਰ ਸਮੇਂ ਦਾ ਚੱਕਰ ਮੈਂਨੂੰ ਇਧਰ ਇਸ ਜੰਗਲ ਵਿਚ ਲੈ ਆਇਆ, ਇਸ ਹਾਲ ਵਿਚ |'
'ਨਿਰਾਸ਼ ਨਾ ਹੋ, ਤੇਰੇ ਕੋਲ ਜੋ ਜੀਵਨ ਹੈ, ਇਹ ਬੜੀ ਕੀਮਤੀ ਸ਼ੈਅ ਆ | ਇਸ ਜੀਵਨ ਨਾਲ ਵਕਤ ਦੇ ਪੰਨਿਆਂ 'ਤੇ ਨਵੀਂ ਇਬਾਰਤ ਲਿਖੀ ਜਾ ਸਕਦੀ ਹੈ | ਉਠ ਤੇ ਮੇਰੇ ਨਾਲ ਆ |' ਵਿਚਾਰਕ ਬੋਲਿਆ |
ਰਾਜਾ ਉੱਠ ਕੇ ਉਸ ਵਿਚਾਰਕ ਦੇ ਨਾਲ ਤੁਰ ਪਿਆ | ਕੁਝ ਫਾਸਲੇ 'ਤੇ ਜਾ ਕੇ ਉਹ ਰੁਕ ਗਏ | ਇੱਥੇ ਪਿਛਲੀਆਂ ਗਰਮੀਆਂ ਦੌਰਾਨ ਇਕ ਵੱਡਾ ਬਿਰਖ ਹਨੇਰੀ ਨਾਲ ਡਿੱਗ ਕੇ ਸੁੱਕ ਗਿਆ ਸੀ | ਪਰ ਇਹ ਮੁੱਢ ਵਾਲੇ ਪਾਸਿਓ ਦੁਬਾਰਾ ਫੁੱਟ ਆਇਆ ਸੀ | ਵਿਚਾਰਕ ਨੇ ਰਾਜੇ ਨੂੰ ਕਿਹਾ, 'ਇਸ ਬਿਰਖ ਨੂੰ ਗਹੁ ਨਾਲ ਦੇਖ, ਸਮੇਂ ਦੇ ਝੱਖੜ ਨੇ ਇਸ ਨੂੰ ਮੁੱਢੋਂ ਉਖਾੜ ਦਿੱਤਾ ਸੀ, ਪਰ ਇਸ ਵਿਚ ਦੁਬਾਰਾ ਫੁੱਟਣ ਦੀ ਹਿੰਮਤ ਨੇ ਇਸ ਨੂੰ ਦੁਬਾਰਾ ਜੀਵਨ ਦਿੱਤਾ ਹੈ | ਜਿੰਨ੍ਹਾਂ ਅੰਦਰ ਡਿੱਗ ਕੇ ਉੱਠਣ ਤੇ ਸੁੱਕ ਕੇ ਫੁੱਟਣ ਦਾ ਜ਼ਜ਼ਬਾ ਹੋਵੇ, ਉਹ ਸਮੇਂ ਦੇ ਝੱਖੜਾਂ ਦੀ ਪ੍ਰਵਾਹ ਨਹੀਂ ਕਰਦੇ |'
ਵਿਚਾਰਕ ਦੇ ਸ਼ਬਦਾਂ ਨਾਲ ਰਾਜੇ ਅੰਦਰ ਆਸ਼ਾ ਦੀ ਕਿਰਨ ਜਗੀ, ਹਿੰਮਤ ਨੇ ਕਰਵਟ ਲਈ | ਉਹ ਭੇਸ ਬਦਲ ਕੇ ਆਪਣੇ ਲੋਕਾਂ ਵਿਚ ਗਿਆ, ਲੋਕਾਂ ਨੂੰ ਇਕੱਠਾ ਕੀਤਾ ਦੋ ਸਾਲ ਦੀ ਜੱਦੋ-ਜਹਿਦ ਤੋਂ ਮਗਰੋਂ ਉਸ ਨੇ ਦੁਬਾਰਾ ਆਪਣਾ ਗਵਾਚਾ ਰਾਜ ਭਾਗ ਸਥਾਪਤ ਕਰ ਲਿਆ | ਰਾਜੇ ਨੂੰ ਜਦੋਂ ਕਦੇ ਉਸ ਦੇ ਮੰਤਰੀ ਪੁੱਛਦੇ ਕਿ ਇਹ ਕ੍ਰਿਸ਼ਮਾ ਤੁਸੀਂ ਕਿਵੇਂ ਕੀਤਾ? ਤਾਂ ਉਹ ਜਵਾਬ ਦਿੰਦਾ ਇਕ ਵਿਚਾਰਕ ਤੇ ਇਕ ਜੜੋਂ ਉੱਖੜੇ ਪਰ ਦੁਬਾਰਾ ਫੁੱਟ ਰਹੇ ਬਿਰਖ ਤੋਂ ਮੈਨੂੰ ਇਹ ਸਭ ਕੁਝ ਕਰਨ ਦਾ ਹੁਨਰ ਮਿਲਿਆ |
ਜੀਵਨ ਦਾ ਹੁਨਰ ਇਕ ਆਹਲਣਾ ਬਣਾ ਰਹੀ ਚਿੜੀ ਤੋਂ ਵੀ ਸਿੱਖਿਆ ਜਾ ਸਕਦਾ ਹੈ |
ਹਰ ਤਰ੍ਹਾਂ ਦੀ ਹਾਰ ਥੋੜ੍ਹੇ ਸਮੇਂ ਲਈ ਇਕ ਪੜਾਅ ਹੁੰਦੀ ਹੈ, ਹਰ ਮਨੁੱਖ ਨੂੰ ਇਸ ਤੋਂ ਅਗਾਂਹ ਤੁਰਨ ਦੀ ਲੋੜ ਹੁੰਦੀ ਹੈ |
ਜਿਹਨਾਂ ਦੇ ਜ਼ਿਹਨ ਵਿਚ ਐਡੀਸਨ ਵਾਂਗ ਦੁਨੀਆਂ ਦੀਆਂ ਰਾਤਾਂ ਨੂੰ ਰੌਸ਼ਨ ਕਰਨ ਦਾ ਅਹਿਦ ਹੋਵੇ, ਉਹ ਹਜ਼ਾਰ ਵਾਰ ਵੀ ਫੇਲ ਕਿਉਂ ਨਾ ਹੋ ਜਾਣ, ਇਕ ਦਿਨ ਸਫ਼ਲਤਾ ਉਨ੍ਹਾਂ ਦੇ ਕਦਮਾਂ ਵਿਚ ਹੁੰਦੀ ਹੈ |
ਜੀਵਨ ਦੇ ਕਿਸੇ ਪੜਾਅ 'ਤੇ ਆ ਕੇ ਨਿਰਾਸ਼ ਹੋ ਜਾਣਾ, ਮਾਨਵ ਸੁਭਾਅ ਦੀ ਆਮ ਫਿਤਰਤ ਹੈ ਪਰ ਸਾਨੂੰ ਕਿਸੇ ਵੀ ਸੂਰਤ ਵਿਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ |
ਬਿਹਾਰ ਦੇ ਗਹਿਲੌਰ ਪਿੰਡ ਦੇ ਇਕ ਗ਼ਰੀਬ ਮਜ਼ਦੂਰ ਦਸ਼ਰਥ ਮਾਂਝੀ ਦੀ ਪਤਨੀ ਫਗੁਨੀਆ ਦੇਵੀ ਦੀ ਮੌਤ ਇਸ ਕਰਕੇ ਹੋ ਗਈ ਕਿ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਪਹਾੜ ਦੇ ਉੱਤੋਂ ਦੀ ਹੋ ਕੇ ਕਈ ਕਿਲੋਮੀਟਰਾਂ ਦਾ ਰਸਤਾ ਤੈਅ ਕਰਕੇ ਸ਼ਹਿਰ ਜਾਣਾ ਪੈਂਦਾ ਸੀ | ਉਸ ਦਿਨ ਦਸ਼ਰਥ ਮਾਂਝੀ ਨੇ ਇਹ ਫੈਸਲਾ ਕੀਤਾ ਕਿ ਉਹ ਪਹਾੜ ਨਾਲ ਮੱਥਾ ਲਾਵੇਗਾ ਤੇ ਪਿੰਡ ਤੋਂ ਇਕ ਸਿੱਧਾ ਰਸਤਾ ਕੱਢਣ ਲਈ ਜਦੋ-ਜਹਿਦ ਕਰੇਗਾ | ਉਸ ਨੇ ਆਪਣੇ ਛੈਣੀ ਹਥੌੜੇ ਨਾਲ 22 ਸਾਲ ਲਾ ਕੇ, ਪਹਾੜ ਨੂੰ ਆਪਣੇ ਪੈਰਾਂ ਵਿਚ ਝੁਕਾ ਲਿਆ | ਉਸ ਨੇ ਤਕਰੀਬਨ 100 ਫੁੱਟ ਉਚੀ ਵਿਸ਼ਾਲ ਚੱਟਾਨ ਨੂੰ ਕੱਟ ਕੇ, ਇਸ ਦੇ ਵਿਚ ਦੀ 9 ਮੀਟਰ ਚੌੜਾ ਰਾਹ ਕੱਢ ਕੇ, ਦੁਨੀਆਂ ਨੂੰ ਇਹ ਦੱਸ ਦਿੱਤਾ ਕਿ ਜੇਕਰ ਅੰਦਰ ਕੁਝ ਕਰਨ ਦਾ ਜ਼ਜਬਾ ਹੋਵੇ ਤਾਂ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ | ਇਹ ਬੰਦਾ ਪੂਰੀ ਦੁਨੀਆਂ ਵਿਚ 'ਦਾ ਮਾਊਾਟੇਨ ਮੈਨ' ਭਾਵ ਪਰਬਤ ਪੁਰਸ਼ ਦੇ ਨਾਮ ਨਾਲ ਮਸ਼ਹੂਰ ਹੋਇਆ |
ਹਰ ਬੰਦੇ ਦੇ ਅੰਦਰ ਇਹ ਸੰਭਾਵਨਾ ਮੌਜੂਦ ਹੈ ਕਿ ਉਹ ਹਰ ਅਸੰਭਵ ਹਾਲਾਤ ਨੂੰ ਸੰਭਵ ਬਣਾ ਸਕਦਾ ਹੈ |
ਜੀਵਨ ਦੀਆਂ ਸਭ ਤਰ੍ਹਾਂ ਦੀਆ ਸਮੱਸਿਆਵਾਂ ਅਤੇ ਮੁਸ਼ਕਿਲਾਂ ਨੂੰ ਹਰਾਇਆ ਜਾ ਸਕਦਾ ਹੈ ਪਰ ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਅੰਦਰ ਚੜ੍ਹਦੀ ਕਲਾ ਦਾ ਸੰਕਲਪ ਅਤੇ ਹਿੰਮਤ ਦਾ ਜਜ਼ਬਾ ਹੋਵੇ |
ਪਹਾੜਾਂ ਦੀਆਂ ਕੁੰਦਰਾਂ ਵਿਚ ਵਸਦੇ ਇਕ ਕਬੀਲੇ 'ਤੇ ਇਕ ਵਾਰ ਆਫ਼ਤਾਂ ਦੇ ਪਹਾੜ ਟੁੱਟ ਪਏ | ਸਖਤ ਗਰਮੀ ਦੌਰਾਨ ਪਹਿਲਾਂ ਸੋਕਾ ਪਿਆ, ਫਿਰ ਖੁਸ਼ਕ ਹਨੇਰੀ ਤੇ ਝੱਖੜਾਂ ਨਾਲ ਆਸ ਪਾਸ ਰੁੱਖਾਂ 'ਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ | ਕੁਦਰਤ ਜਿਵੇਂ ਇਸ ਕਬੀਲੇ ਦੇ ਹੌਂਸਲੇ ਨੂੰ ਪਰਖ ਰਹੀ ਸੀ | ਫਿਰ ਇਕ ਦਿਨ ਅਚਾਨਕ ਭੁਚਾਲ ਆਇਆ, ਜਿਸ ਵਿਚ ਦੱਬ ਕੇ ਬਹੁਤ ਸਾਰੇ ਜੀਅ ਮਰ ਗਏ | ਬਾਕੀ ਰਹਿ ਗਏ ਲੋਕ ਭੁੱਖੇ ਪਿਆਸੇ ਗਮ, ਉਦਾਸੀ ਤੇ ਨਿਰਾਸ਼ਾ ਦੀਆਂ ਖਾਈਆਂ ਵਿਚ ਲਹਿ ਗਏ | ਜੀਵਨ ਬੇਰਸ ਹੋ ਗਿਆ, ਹਰ ਪਾਸੇ ਵਿਰਾਨੀ ਛਾ ਗਈ | ਜਿਵੇਂ ਸਾਰੇ ਹੀ ਜ਼ਿੰਦਗੀ ਦੀ ਜੰਗ ਹਾਰ ਗਏ ਹੋਣ | ਫਿਰ ਇਕ ਦਿਨ ਕਬੀਲੇ ਦੇ ਇਕ ਬਜ਼ੁਰਗ ਨੇ ਇਹਨਾਂ ਸਾਰਿਆਂ ਬੱਚੇ, ਬੁੱਢੇ, ਜਵਾਨਾਂ ਅਤੇ ਔਰਤਾਂ ਨੂੰ ਇਕੱਠੇ ਕੀਤਾ | ਉਹਦੇ ਝੁਰੜੀਆ ਵਾਲੇ ਚਿਹਰੇ 'ਤੇ ਵੀ ਇਕ ਇਲਾਹੀ ਨੂਰ ਸੀ | ਆਪਣੇ ਕੰਬਦੇ ਬੁੱਢੇ ਹੱਥਾਂ ਨੂੰ ਉਸ ਅਸਮਾਨ ਵੱਲ ਕਰਕੇ ਕਿਹਾ, 'ਮੈਂ ਆਪਣੇ ਜੀਵਨ ਵਿਚ ਬਹੁਤ ਤੂਫ਼ਾਨ ਵੇਖੇ ਹਨ | ਦੁੱਖਾਂ ਭਰੀਆਂ ਹਨੇਰੀਆਂ ਰਾਤਾਂ ਵੀ ਮੈਂ ਦੇਖੀਆਂ ਪਰ ਮੈਂ ਦੇਖਿਆ ਇਹਨਾਂ ਮਗਰੋਂ ਮੁੜ ਸੂਰਜ ਚੜਿ੍ਹਆ ਹੈ | ਸਮਾਂ ਸਾਨੂੰ ਪਰਖ ਰਿਹਾ ਹੈ ਪਰ ਇਹ ਹਾਲਾਤ ਸਾਨੂੰ ਤੋੜ ਨਹੀਂ ਸਕਦੇ |'
ਬਜ਼ੁਰਗ ਨੇ ਆਪਣੇ ਲੋਕਾਂ ਨੂੰ ਮੁੜ ਕਿਹਾ, 'ਆਪਣਾ ਸਭ ਤੋਂ ਵੱਡਾ ਹਥਿਆਰ ਜਿਸ ਨਾਲ ਜੀਵਨ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ, ਉਸ ਨੂੰ ਬੁਲੰਦ ਕਰੋ |'
'ਕਿਹੜਾ ਸਭ ਤੋਂ ਵੱਡਾ ਹਥਿਆਰ?' ਕਬੀਲੇ ਦੇ ਲੋਕ ਇਕੋ ਸੁਰ ਵਿਚ ਬੋਲੇ |
'ਬੰਦੇ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ 'ਹੌਸਲਾ', ਜੇ ਸਾਡੇ ਅੰਦਰ ਹੌਸਲਾ ਬਰਕਰਾਰ ਹੋਇਆ, ਅਸੀਂ ਇਕੱਠੇ ਰਹੇ ਤਾਂ ਹਰ ਮੁਸ਼ਕਿਲ ਨੂੰ ਇਕ ਇਕ ਕਰਕੇ ਹਰਾ ਦੇਵਾਂਗੇ |'
ਕਬੀਲੇ ਦੇ ਲੋਕਾਂ ਨੇ ਬਾਹਵਾਂ ਉਤਾਂਹ ਕਰਕੇ ਹੱਥ ਹਵਾ ਵਿਚ ਲਹਿਰਾਏ ਤੇ ਉਸ ਦਿਨ ਜੀਵਨ ਵਿਚ ਇਕ ਨਵੀਂ ਲਹਿਰ ਪੈਦਾ ਹੋਈ |
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਨੂੰ ਚੜ੍ਹਦੀ ਕਲਾ ਦਾ ਸੰਕਲਪ ਦਿੱਤਾ | ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਅਤੇ ਕਰੂਰ ਤੋਂ ਕਰੂਰ ਹਾਲਤਾਂ ਵਿਚ ਵੀ ਹੌਸਲੇ ਬੁਲੰਦ ਰੱਖਣ ਦਾ ਇਤਿਹਾਸ ਹੈ | ਵਜ਼ੀਰ ਖਾਨ, ਮੀਰ ਮੰਨੂ, ਨਾਦਰ ਸ਼ਾਹ, ਜ਼ਕਰੀਆ ਖਾਨ ਅਤੇ ਅਬਦਾਲੀ ਵਰਗਿਆਂ ਨੇ ਖਾਲਸਾ ਪੰਥ ਦਾ ਸਬਰ ਪਰਖ ਕੇ ਵੇਖਿਆ ਪਰ ਹਰ ਹਾਲਤ ਵਿਚ ਸਿੰਘਾਂ ਦੇ ਹੌਂਸਲੇ ਬੁਲੰਦ ਰਹੇ | ਕਵੀ ਹਰਭਜਨ ਸਿੰਘ ਹੁੰਦਲ ਲਿਖਦੇ ਹਨ:
ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ,
ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂੰ |
ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ,
ਸਾਡੇ ਹੌਂਸਲੇ ਹੋਏ ਅੰਗਿਆਰ ਵਾਂਗੂੰ |
ਦੇਰ ਸਵੇਰ ਸਮਾਂ ਪਾਸਾ ਪਰਤਦਾ ਹੈ, ਤਪਦੀਆਂ ਲੋਆਂ ਮਗਰੋਂ ਬੱਦਲਾਂ ਅਤੇ ਠੰਡੀਆਂ ਹਵਾਵਾਂ ਦੀ ਆਮਦ ਹੁੰਦੀ ਹੈ | ਸੜ ਸੁੱਕ ਗਏ ਦਰਖਤਾਂ ਨੂੰ ਹਰੇ ਕਰਨ ਲਈ ਕੁਦਰਤ ਵਰਖਾ ਦਾ ਵਰਦਾਨ ਬਖਸ਼ਦੀ ਹੈ | ਕਿਸੇ ਵੀ ਤਰ੍ਹਾਂ ਦੇ ਹਾਲਾਤ ਸਦਾ ਇਕੋ ਜਿਹੇ ਨਹੀਂ ਬਣੇ ਰਹਿਣੇ ਹੁੰਦੇ | ਰੁੱਤ ਬਦਲਦੀ ਹੈ, ਰੁੱਖ ਮੌਲਣ ਲੱਗਦੇ ਹਨ ਅਤੇ ਪੰਛੀ ਪਰਵਾਜ਼ ਲਈ ਬੇਤਾਬ ਹੁੰਦੇ ਹਨ | ਕੁਦਰਤ ਤੋਂ ਜੀਵਨ ਦਾ ਹੁਨਰ ਸਿੱਖਿਆ ਜਾ ਸਕਦਾ ਹੈ | ਕੁਦਰਤ ਸਾਨੂੰ ਦੱਸਦੀ ਹੈ ਕਿ ਉਦਾਸ ਰੁੱਤ ਦੇ ਦਿਨ ਜਲਦੀ ਲੰਘ ਜਾਣਗੇ ਅਤੇ ਇਸ ਮਗਰੋਂ ਹਰਿਆਲੀ ਦਾ ਆਗਮਨ ਹੋਵੇਗਾ |
ਧਰਤੀ 'ਤੇ ਜੀਵਨ ਦੀਆਂ ਵੱਖ ਵੱਖ ਵੰਨਗੀਆਂ ਹਨ | ਕੁਝ ਜੀਵ ਹਨ, ਜਿਨ੍ਹਾਂ ਦਾ ਜੀਵਨ ਕੁਝ ਘੰਟਿਆਂ ਤੱਕ ਹੁੰਦਾ ਹੈ | ਕੁਝ ਦਾ ਹਫਤਿਆਂ ਅਤੇ ਕੁਝ ਦਾ ਮਹੀਨਿਆਂ ਤੱਕ ਜੀਵਨ ਸਿਮਟਿਆ ਹੋਇਆ ਹੁੰਦਾ ਹੈ | ਇਸ ਸਮੇਂ ਦੁਨੀਆ ਵਿਚ ਮਨੁੱਖ ਦੀ ਔਸਤ ਉਮਰ 73.8 ਸਾਲਾਂ ਤੱਕ ਹੈ | ਹੋ ਸਕਦਾ ਹੈ ਕਿ ਵਿਗਿਆਨ ਕੱਲ ਨੂੰ ਕੋਈ ਕਿ੍ਸ਼ਮਾ ਕਰੇ ਤੇ ਮਨੁੱਖ ਦਾ ਜੀਵਨ 150 ਜਾਂ 200 ਸਾਲ ਤੱਕ ਹੋ ਜਾਵੇ ਪਰ ਇਕ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਮੌਤ ਫਿਰ ਵੀ ਅਟੱਲ ਰਹੇਗੀ, ਕਿਉਂਕਿ ਕੁਦਰਤ ਦੇ ਇਸ ਪਸਾਰੇ ਵਿਚ ਜੋ ਬਣਿਆ ਹੈ, ਉਸ ਨੇ ਇਕ ਨਾ ਇਕ ਦਿਨ ਬਿਨਸ ਜਾਣਾ ਹੈ, ਇਹ ਜੀਵਨ ਦਾ ਸੱਚ ਹੈ | ਹੁਣ ਮਨੁੱਖ ਨੇ ਵੇਖਣਾ ਇਹ ਹੁੰਦਾ ਹੈ ਕਿ ਉਸ ਨੇ ਆਪਣੇ ਜੀਵਨ ਨੂੰ ਕਿਵੇਂ ਵਿਉਂਤਣਾ ਹੈ, ਕਿਵੇਂ ਜਿਊਣਾ ਹੈ? ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਜਿਵੇਂ ਜਿਵੇਂ ਦੁਨੀਆਂ ਵਿਚ ਤਕਨੀਕੀ ਤਬਦੀਲੀਆਂ ਤੇਜ਼ੀ ਨਾਲ ਵਾਪਰ ਰਹੀਆਂ ਹਨ, ਜਿਵੇਂ-ਜਿਵੇਂ ਅਸੀਂ ਵਿਕਾਸ ਕਰ ਰਹੇ ਹਾਂ, ਇਸ ਪ੍ਰਤੀ ਮਨੁੱਖ ਦੇ ਵਿਹਾਰ ਵਿਚ ਕਿਹੋ ਜਿਹੀ ਤਬਦੀਲੀ ਆਵੇ ਤਾਂ ਕਿ ਉਹ ਬਦਲ ਰਹੀਆਂ ਪ੍ਰਸਥਿਤੀਆਂ ਪ੍ਰਤੀ ਆਪਣੇ-ਆਪ ਦੇ ਵਿਵੇਕ ਨੂੰ ਹੋਰ ਬੁਲੰਦ ਕਰ ਸਕੇ, ਇਸ ਵਿਸ਼ੇ 'ਤੇ ਮਾਨਵਜਾਤ ਨੂੰ ਗੰਭੀਰ ਚਿੰਤਨ ਮਨਨ ਕਰਨ ਦੀ ਲੋੜ ਹੈ |
ਗ੍ਰੰਥਾਂ ਸ਼ਾਸਤਰਾਂ ਵਿਚ ਮਨੁੱਖ ਦੀਆਂ ਚੁਰਾਸੀ ਲੱਖ ਜੂਨਾਂ ਅਤੇ ਮਰਨ ਤੋਂ ਮਗਰੋਂ ਆਤਮਾਂ ਦੇ ਅਮਰ ਤੋਂ ਜਾਣ ਦਾ ਸੰਕਲਪ ਹੈ | ਅਸੀਂ ਜੀਵਾਂ-ਜੰਤੂਆਂ, ਰੁੱਖਾਂ, ਬਨਸਪਤੀਆਂ ਦੇ ਪੈਦਾ ਹੋਣ ਅਤੇ ਬਿਨਸ ਜਾਣ ਦੇ ਫ਼ਲਸਫ਼ੇ ਨੂੰ ਇਸੇ ਕਰਕੇ ਬਹੁਤ ਘੱਟ ਤਰਜੀਹ ਦਿੱਤੀ ਕਿ ਬੰਦਾ ਕੇਵਲ ਸਰੀਰ ਛੱਡ ਕੇ ਜਾਂਦਾ ਹੈ, ਆਤਮਾ ਕਰਕੇ ਨਹੀਂ | ਇਸ ਵਿਚਾਰ ਨੇ ਬੰਦੇ ਅੰਦਰ ਸਦੀਵਤਾ ਦਾ ਬੀਜ ਬੀਜਿਆ ਜਿਸ ਨਾਲ ਧਰਤੀ 'ਤੇ ਰਹਿੰਦਿਆਂ ਉਸ ਦਾ ਵਿਹਾਰ ਅਕਸਰ ਅਜਿਹਾ ਹੋ ਜਾਂਦਾ ਹੈ ਕਿ ਜਿਵੇਂ ਉਹ ਹਮੇਸ਼ਾ ਲਈ ਹੈ | ਇਸ ਵਿਚਾਰ ਨੇ ਮਨੁੱਖ ਦੀ ਲਾਲਚੀ ਮਨੋਬਿਰਤੀ ਨੂੰ ਕਈ ਗੁਣਾਂ ਵਧਾ ਦਿੱਤਾ ਅਤੇ ਇਸ ਮਨੁੱਖ ਦੇ ਵਿਹਾਰ ਅਤੇ ਸਮਾਜ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ | ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਿਹੜੇ ਸਮਾਜਾਂ ਵਿਚ ਅੰਧਵਿਸ਼ਵਾਸ਼ ਦਾ ਗਲਬਾ ਨਾਂ-ਮਾਤਰ ਹੈ ਜਾਂ ਜਿਹੜੇ ਸਮਾਜਾਂ ਨੇ ਪੁਰਾਤਨ ਰੂੜੀਵਾਦੀ ਧਾਰਨਾਵਾਂ ਤੋਂ ਨਿਜਾਤ ਪਾ ਲਈ, ਉਨ੍ਹਾਂ ਕੁਝ ਕੁ ਸਮਾਜਾਂ ਵਿਚ ਇਮਾਨਦਾਰੀ, ਨਿਆਂ-ਇਨਸਾਫ਼ ਵਧ ਗਏ | ਭਿ੍ਸ਼ਟਾਚਾਰ, ਕਤਲੋਗਾਰਤ ਅਤੇ ਲੁੱਟ-ਮਾਰ ਘੱਟ ਹੋ ਗਈ | ਜਿਵੇਂ ਕਿਹਾ ਜਾਂਦਾ ਹੈ ਕਿ ਬੰਦਾ ਧਰਤੀ 'ਤੇ ਵਿਚਰਦਾ ਇੰਝ ਹੈ, ਜਿਵੇਂ ਇਸ ਨੇ ਕਦੇ ਜਾਣਾ ਹੀ ਨਹੀਂ, ਪਰ ਚਲਾ ਇੰਝ ਜਾਂਦਾ ਹੈ ਜਿਵੇਂ ਇਹ ਕਦੇ ਇੱਥੇ ਆਇਆ ਹੀ ਨਾ ਹੋਵੇ | ਮੌਤ ਦਾ ਵਿਚਾਰ ਸਾਨੂੰ ਬੇਲਗਾਮ ਖਾਹਿਸ਼ਾਂ, ਲਾਲਸਾਵਾਂ ਅਤੇ ਇਛਾਵਾਂ ਤੋਂ ਆਜ਼ਾਦ ਕਰਦਾ ਹੈ ਅਤੇ ਅਸੀਂ ਨਿੱਕੀ-ਨਿੱਕੀ ਗੱਲ ਦੇ ਪਛਤਾਵੇ ਛੱਡ ਕੇ ਚੜ੍ਹਦੀ ਕਲਾ ਵਿਚ ਰਹਿਣ ਲੱਗਦੇ ਹਾਂ |
ਹਰ ਤਰ੍ਹਾਂ ਦੀ ਨਿਰਾਸ਼ਾ ਤੋਂ ਬਾਹਰ ਨਿਕਲਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਸਮਝ ਲਈਏ ਕਿ ਇਸ ਧਰਤੀ 'ਤੇ ਸਦੀਵੀ ਕੁਝ ਵੀ ਨਹੀਂ | ਬਦਲਾਅ ਸਦੀਵੀ ਹੈ ਅਤੇ ਸਾਡਾ ਪੂਰਾ ਜੀਵਨ ਬਦਲਾਅ ਦੇ ਦੌਰ ਵਿਚ ਗੁਜ਼ਰ ਰਿਹਾ ਹੈ |
ਇਸ ਜੀਵਨ ਦੌਰਾਨ ਸਾਨੂੰ ਵੱਖ-ਵੱਖ ਤਰ੍ਹਾਂ ਦੇ ਮੌਸਮਾਂ, ਹਨੇਰੀਆਂ, ਝੱਖੜਾਂ, ਹੜ੍ਹਾਂ, ਸੋਕਿਆਂ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ ਪਰ ਇਹ ਬੜਾ ਜ਼ਰੂਰੀ ਹੈ ਕਿ ਝੱਖੜਾਂ ਨਾਲ ਟੁੱਟ ਕੇ ਡਿੱਗ ਪਏ ਜੰਗਲ ਦੇ ਬਿਰਖ ਵਾਂਗ ਸਾਡੇ ਅੰਦਰ ਮੁੜ ਫੁੱਟ ਪੈਣ ਦਾ ਜ਼ਜ਼ਬਾ ਬਰਕਰਾਰ ਹੋਵੇ |
-ਜ਼ੀਰਾ,
ਮੋਬਾਈਲ : 9855051099