ਕੁਆਰ ਦਾ ਵਿਗਿਆਨਕ ਨਾਂਅ ਐਲੋਵੀਰਾ (1loe vera) ਹੈ | ਇਸ ਨੂੰ ਕੁਮਾਰੀ, ਕਪਿਲਾ, ਗੁਆਰਪਾਟਾ ਜਾਂ ਘਿ੍ਤਕੁਮਾਰੀ ਵੀ ਕਹਿੰਦੇ ਹਨ | ਇਸ ਦਾ ਤਣਾ ਨਾਮਾਤਰ ਲੰਬਾਈ ਦਾ ਹੁੰਦਾ ਹੈ ਅਤੇ ਪੱਤੇ ਮੋਟੇ, ਨਰਮ ਗੁੱਦੇਦਾਰ ਅਤੇ 3 ਫੁੱਟ ਤੱਕ ਲੰਬੇ ਹੋ ਸਕਦੇ ਹਨ | ਇਸ ਦੀ ਤਾਸੀਰ ਠੰਢੀ ਹੁੰਦੀ ਹੈ | ਇਹ ਵਾਤ, ਪਿੱਤ ਅਤੇ ਕਫ, ਤਿੰਨਾਂ ਨੂੰ ਦਰੁੱਸਤ ਕਰਦੀ ਹੈ | ਇਸ ਦਾ ਪ੍ਰਯੋਗ ਅਨੇਕ ਕਰੀਮਾਂ ਅਤੇ ਚਮੜੀ 'ਤੇ ਲਗਾਉਣ ਵਾਲੀਆਂ ਦਵਾਈਆਂ ਵਿਚ ਹੁੰਦਾ ਹੈ | ਇਸ ਦਾ ਗੁੱਦਾ ਬਹੁਤ ਗੁਣਕਾਰੀ ਹੈ | ਇਸ ਵਿਚ ਪ੍ਰੋਟੀਨ, ਵਿਟਾਮਿਨ ਏ, ਬੀ, ਸੀ ਅਤੇ ਈ ਪਾਏ ਜਾਂਦੇ ਹਨ | ਪਰ ਇਸ ਦੇ ਗੁੱਦੇ ਨੂੰ ਵਰਤਣ ਤੋਂ ਪਹਿਲਾਂ ਇਸ ਦੀ ਹਰੀ ਪਰਤ ਚੰਗੀ ਤਰ੍ਹਾਂ ਉਤਾਰ ਲੈਣੀ ਚਾਹੀਦੀ ਹੈ | ਇਸ ਨੂੰ ਕੱਟ ਕੇ ਥੋੜ੍ਹਾ ਚਿਰ ਰੱਖਣ ਨਾਲ ਇਸ ਵਿਚੋਂ ਗਾੜ੍ਹਾ ਰੰਗਦਾਰ ਪਦਾਰਥ (Latex) ਨਿਕਲਦਾ ਹੈ, ਜਿਸ ਨੂੰ ਵਰਤਣ ਤੋਂ ਪਹਿਲਾਂ ਹਟਾ ਕੇ ਇਸ ਨੂੰ ਪੂਰਾ ਰੰਗ ਰਹਿਤ ਕਰ ਲੈਣਾ ਚਾਹੀਦਾ ਹੈ |
![]()
ਕੁਆਰ ਦਾ ਗੁੱਦਾ ਚਿਹਰੇ 'ਤੇ ਮਲਣ ਨਾਲ ਚਿਹਰੇ ਤੇ ਕੁਦਰਤੀ ਰੱਖਿਅਕ ਪਰਤ ਬਣਦੀ ਹੈ ਜਿਸ ਨਾਲ ਚਮੜੀ ਨੂੰ ਲੂ ਨਹੀਂ ਲਗਦੀ ਅਤੇ ਲੂ ਨਾਲ ਪਹਿਲਾਂ ਤੋਂ ਝੁਲਸੇ ਚਿਹਰੇ ਲਈ ਵੀ ਇਹ ਲਾਭਕਾਰੀ ਹੈ | ਅੱਗ ਨਾਲ ਜਲੀ ਹੋਈ ਚਮੜੀ 'ਤੇ ਇਸ ਦਾ ਗੁੱਦਾ ਮਲਣ ਨਾਲ ਜਲਣ ਤੋਂ ਰਾਹਤ ਮਿਲਦੀ ਹੈ ਅਤੇ ਦਾਗ ਨਹੀਂ ਪੈਂਦਾ | ਪਹਿਲਾਂ ਤੋਂ ਜਲੀ ਹੋਈ ਚਮੜੀ ਤੇ ਇਸ ਦੇ ਗੁੱਦੇ ਨੂੰ ਸ਼ਹਿਦ ਵਿਚ ਮਿਲਾ ਕੇ ਮਲਣ ਨਾਲ ਚਮੜੀ ਨਰਮ ਅਤੇ ਨਰੋਈ ਹੁੰਦੀ ਹੈ | ਇਸ ਦੇ ਗੁੱਦੇ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਅੱਧਾ ਘੰਟਾ ਲਾਉਣ ਨਾਲ ਇਹ ਚਮੜੀ ਦੇ ਮੁਸਾਮਾਂ ਨੂੰ ਖੋਲ੍ਹ ਕੇ ਸਾਫ ਕਰਦਾ ਹੈ ਅਤੇ ਚਿਹਰੇ 'ਤੇ ਚਮਕ ਆਉਂਦੀ ਹੈ | ਬਰਫ ਨਾਲ ਸੜੀ ਚਮੜੀ ਲਈ ਵੀ ਇਹ ਲਾਭਕਾਰੀ ਹੈ | ਇਸ ਦੇ ਗੁੱਦੇ ਵਿਚ ਇਕ ਚੁਟਕੀ ਹਲਦੀ ਮਿਲਾ ਕੇ ਅੱਖਾਂ ਹੇਠ ਲਾਉਣ ਨਾਲ ਅੱਖਾਂ ਦੇ ਕਾਲੇ ਘੇਰੇ ਖਤਮ ਹੁੰਦੇ ਹਨ ਅਤੇ ਅੱਖਾਂ ਦੇ ਹੇਠਾਂ ਜੰਮੀ ਚਰਬੀ ਘਟਦੀ ਹੈ | ਇਹ ਜ਼ਖ਼ਮਾਂ ਲਈ ਵੀ ਲਾਭਕਾਰੀ ਹੈ | ਕੁਆਰ ਦੇ ਗੁੱਦੇ ਨੂੰ ਬਦਾਮ ਰੋਗਨ ਵਿਚ ਮਿਲਾ ਕੇ ਚਿਹਰੇ 'ਤੇ ਸਾਰੀ ਰਾਤ ਮਲਣ ਨਾਲ ਚਿਹਰੇ ਦੀਆਂ ਝੁਰੜੀਆਂ ਘਟਦੀਆਂ ਹਨ ਅਤੇ ਚਮੜੀ ਕੱਸ ਹੁੰਦੀ ਹੈ | ਇਹ ਚਮੜੀ ਨੂੰ ਤਰ ਰੱਖਦਾ ਹੈ | ਇਸ ਦੇ ਗੁੱਦੇ ਨੂੰ ਗਰਮ ਕਰ ਕੇ ਜੋੜਾਂ ਤੇ ਬੰਨ੍ਹਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ | ਕੁਆਰ ਦੇ ਗੁੱਦੇ ਦੀ ਸਬਜ਼ੀ ਗਠੀਏ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਹੈ | ਇਸ ਦੇ ਗੁੱਦੇ ਨੂੰ ਮਸਲ ਕੇ ਮੱਥੇ 'ਤੇ ਲੇਪ ਕਰਨ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ | ਇਸ ਦਾ ਲੇਪ ਵਾਲਾਂ 'ਤੇ ਕਰਨ ਨਾਲ ਅਤੇ ਵਾਲਾਂ ਦੀਆਂ ਜੜ੍ਹਾਂ ਵਿਚ ਮਲਣ ਨਾਲ ਵਾਲ ਨਰਮ, ਮਜ਼ਬੂਤ ਅਤੇ ਸੁੰਦਰ ਹੁੰਦੇ ਹਨ | ਕੁਆਰ ਦੇ ਰਸ ਨੂੰ ਕੋਸਾ ਕਰ ਕੇ ਕੰਨ ਵਿਚ ਪਾਉਣ ਨਾਲ ਕੰਨ ਦੇ ਦਰਦ ਤੋਂ ਆਰਾਮ ਮਿਲਦਾ ਹੈ | ਕੁਆਰ ਵਿਚ ਬੈਕਟੀਰੀਆਂ ਅਤੇ ਕੀਟਾਣੂ ਰੋਧਕ ਗੁਣ ਹੁੰਦੇ ਹਨ | ਇਸ ਦੇ ਗੁੱਦੇ ਦਾ ਸੇਵਨ ਸਰੀਰ ਵਿਚੋਂ ਵਿਸ਼ੈਲੇ ਪਦਾਰਥਾਂ ਅਤੇ ਜੰਮੇ ਹੋਏ ਮਲ ਨੂੰ ਬਾਹਰ ਕੱਢਦਾ ਹੈ | ਇਹ ਜਠਰ ਅਗਨੀ ਨੂੰ ਮਜ਼ਬੂਤ ਕਰਦਾ ਹੈ | ਕੁਆਰ ਦਾ ਗੁੱਦਾ ਭੋਜਨ ਨਾਲੀ ਦੇ ਖੂੰਜਿਆਂ ਅਤੇ ਅਤਿ ਛੋਟੀਆਂ ਕੋਸ਼ਿਕਾਵਾਂ ਵਿਚ ਜਮ੍ਹਾਂ ਅਣਲੋੜੀਂਦੇ ਪਦਾਰਥ ਬਾਹਰ ਕੱਢ ਦਿੰਦਾ ਹੈ | ਇਸ ਦੇ ਗੁੱਦੇ ਤੇ ਕਾਲੀ ਜੁਆਇਣ ਪਾ ਕੇ ਖਾਣ ਨਾਲ ਪੇਟ ਦੀ ਇਨਫੈਕਸ਼ਨ ਦੂਰ ਹੁੰਦੀ ਹੈ | ਇਸ ਦਾ ਸੇਵਨ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਵਿਚ ਵੀ ਸਹਾਇਕ ਹੁੰਦਾ ਹੈ | ਇਸ ਦਾ ਰਸ ਪੀਣ ਨਾਲ ਅਤੇ ਫੋੜੇ-ਫਿਨਸੀਆਂ ਤੇ ਲਗਾਉਣ ਨਾਲ ਫੋੜੇ ਫਿਨਸੀਆਂ ਤੋਂ ਰਾਹਤ ਮਿਲਦੀ ਹੈ |
ਬਵਾਸੀਰ ਦੇ ਮਰੀਜ਼ਾਂ, ਦੁੱਧ ਚੁੰਘਾਉਣ ਵਾਲੀਆਂ ਅਤੇ ਗਰਭਵਤੀ ਔਰਤਾਂ ਲਈ ਇਸ ਦੀ ਵਰਤੋਂ ਦੀ ਮਨਾਹੀ ਹੈ | ਖਾਣ-ਪੀਣ ਲਈ ਇਸ ਦੇ ਰਸ ਦਾ ਸੇਵਨ 20 ਮਿਲੀਲਿਟਰ ਤੋਂ ਵੱਧ ਅਤੇ ਗੁੱਦੇ ਦਾ ਸੇਵਨ 300 ਮਿਲੀਗ੍ਰਾਮ ਤੋ ਵੱਧ ਨਹੀਂ ਕਰਨਾ ਚਾਹੀਦਾ |
-ਮੋਬਾਈਲ : 85588-31900