05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

8 ਸਤੰਬਰ ਜਨਮ ਦਿਨ 'ਤੇ ਵਿਸ਼ੇਸ਼-ਪਿੱਠਵਰਤੀ ਗਾਇਕਾ ਅਤੇ ਸੁਰਾਂ ਦੀ ਮਲਿਕਾ : ਆਸ਼ਾ ਭੋਸਲੇ

8 ਸਤੰਬਰ ਜਨਮ ਦਿਨ 'ਤੇ ਵਿਸ਼ੇਸ਼-ਪਿੱਠਵਰਤੀ ਗਾਇਕਾ ਅਤੇ ਸੁਰਾਂ ਦੀ ਮਲਿਕਾ : ਆਸ਼ਾ ਭੋਸਲੇ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਭਾਰਤੀ ਸੰਗੀਤ ਜਗਤ ਵਿਚ ਆਸ਼ਾ ਭੋਸਲੇ ਅਤੇ ਲਤਾ ਮੰਗੇਸ਼ਕਰ ਭੈਣਾਂ ਨੇ ਪਿੱਠਵਰਤੀ ਗਾਇਕੀ ਦੇ ਖੇਤਰ ਵਿਚ ਐਸਾ ਇਤਿਹਾਸ ਸਿਰਜਿਆ ਜਿਸ ਦੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ | ਫ਼ਿਲਮ ਇੰਡਸਟਰੀ ਵਿਚ ਲਤਾ ਮੰਗੇਸ਼ਕਰ ਨੂੰ  'ਲਤਾ ਦੀਦੀ' ਕਹਿ ਕੇ ਸਨਮਾਨਿਆ ਜਾਂਦਾ ਸੀ ਤਾਂ ਆਸ਼ਾ ਭੋਸਲੇ ਨੂੰ  'ਆਸ਼ਾ ਤਾਈ' | ਇਕ ਇੰਟਰਵਿਊ ਵਿਚ ਲਤਾ ਨੇ ਕਿਹਾ ਸੀ ਕਿ 'ਸੰਗੀਤ ਦੀ ਦੁਨੀਆ ਵਿਚ ਕੋਈ ਦੂਸਰੀ ਲਤਾ ਤਾਂ ਬਣ ਸਕਦੀ ਹੈ ਲੇਕਿਨ ਆਸ਼ਾ ਬਣਨਾ ਮੁਸ਼ਕਿਲ ਹੈ' | ਉਸ ਨੂੰ  ਅੱਜ ਵੀ 'ਉਮਰਾਓ ਜਾਨ' ਦੀਆਂ ਗਜ਼ਲਾਂ 'ਇਨ ਆਖਾੋ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ ਹੈਂ, ਦਿਲ ਚੀਜ਼ ਕਿਆ ਹੈ ਆਪ ਮੇਰੀ ਜਾਨ ਲੀਜੀਏ, ਬਸ ਏਕ ਬਾਰ ਮੇਰਾ ਕਹਾ ਮਾਨ ਲੀਜੀਏ' ਲਈ ਯਾਦ ਕੀਤਾ ਜਾਂਦਾ ਹੈ | ਅੱਠ ਦਹਾਕਿਆਂ ਦੇ ਸੰਗੀਤਕ ਸਫ਼ਰ ਦੌਰਾਨ 20 ਤੋਂ ਵੱਧ ਭਾਸ਼ਾਵਾਂ ਵਿਚ 12000 ਤੋਂ ਵੱਧ ਗੀਤ ਗਾ ਕੇ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ' ਵਿਚ ਆਪਣਾ ਨਾਮ ਦਰਜ਼ ਕਰਾਉਣ ਵਾਲੀ ਆਸ਼ਾ ਭੋਸਲੇ ਦੇ ਗੀਤਾਂ ਨੇ ਸੰਗੀਤਕਾਰ ਓ. ਪੀ. ਨਈਅਰ, ਆਰ.ਡੀ. ਬਰਮਨ, ਖਿਆਮ ਅਤੇ ਕਲਿਆਣ ਜੀ ਅਨੰਦ ਜੀ ਦੇ ਸੰਗੀਤ ਵਿਚ ਉਚੀਆਂ ਉਡਾਰੀਆਂ ਭਰੀਆਂ | ਹਿੰਦੀ ਫ਼ਿਲਮਾਂ ਤੋਂ ਇਲਾਵਾ 100 ਦੇ ਕਰੀਬ ਪੰਜਾਬੀ ਫ਼ਿਲਮਾਂ ਵਿਚ ਸੈਂਕੜੇ ਗੀਤ ਗਾਉਣ ਵਾਲੀ ਆਸ਼ਾ ਦੇ ਗਾਏ ਗੀਤ 'ਜਦੋਂ-ਜਦੋਂ ਵੀ ਬਨੇਰੇ ਬੋਲੇ ਕਾਂ (1973, ਫ਼ਿਲਮ: ਮਨ ਜੀਤੈ ਜਗੁ ਜੀਤੁ), 'ਆ ਗਈ ਰੁੱਤ ਸਾਉਣ ਦੀ ਬਾਗੀਂ ਪੀਘਾਂ ਪਾਉਣ ਦੀ (ਸੰਨ 1978, ਫ਼ਿਲਮ: ਉਡੀਕਾਂ), 'ਦੁੱਧ ਰਿੜਕਾਂ ਹਾਏ ਦੁੱਧ ਰਿੜਕਾਂ' (1979, ਫ਼ਿਲਮ: ਸਹਿਤੀ ਮੁਰਾਦ), ਦੱਸ ਮੇਰਿਆ ਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ (1983, ਸੱਸੀ ਪੁੰਨੂੰ) ਛਮ-ਛਮ ਨੱਚਦੀ ਫਿਰਾਂ, ਹੌਲੀ ਹੌਲੀ ਬੰਗਾਂ ਨੂੰ  ਚੜ੍ਹਾਈ ਵਣਜਾਰਿਆ' ਅੱਜ ਵੀ ਆਕਾਸ਼ਵਾਣੀ ਦੇ ਫਰਮਾਇਸ਼ੀ ਪ੍ਰੋਗਰਾਮਾਂ ਰਾਹੀਂ ਕੰਨਾਂ ਵਿਚ ਰਸ ਘੋਲਦੇ ਹਨ | ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਸ਼ਮਸ਼ਾਦ ਬੇਗਮ, ਤਲਤ ਮਹਿਮੂਦ, ਐਸ.ਡੀ. ਬਾਤਿਸ਼, ਮਹਿੰਦਰ ਕਪੂਰ, ਜੀ.ਐਮ. ਦੁਰਾਨੀ, ਸੁਰਿੰਦਰ ਕੌਰ, ਪ੍ਰੇਮ ਲਤਾ, ਹਮੀਦਾ ਬਾਨੋ, ਜਗਜੀਤ ਕੌਰ, ਸ਼ਮਿੰਦਰ ਚਾਹਲ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨਾਲ ਆਸ਼ਾ ਭੋਸਲੇ ਦੇ ਗਾਏ ਗੀਤ ਯਾਦਗਾਰੀ ਹੋ ਨਿਬੜੇ |     
ਮਹਾਰਾਸ਼ਟਰ ਦੇ ਸਾਂਗਲੀ ਦੇ ਪਿੰਡ ਗੁਆਰ ਵਿਚ 8 ਸਤੰਬਰ, 1933 ਨੂੰ  ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਅਤੇ ਮਾਤਾ ਸ਼ਿਵਾਂਤੀ (ਸੁਧਾਮਤੀ) ਦੇ ਘਰ ਆਸ਼ਾ ਦਾ ਜਨਮ ਹੋਇਆ | ਸੰਗੀਤ ਦੀ ਮੁਢਲੀ ਤਾਲੀਮ ਆਸ਼ਾ ਨੇ ਆਪਣੇ ਪਿਤਾ ਕੋਲੋਂ ਲਈ ਜੋ ਸ਼ਾਸਤਰੀ ਗਾਇਕ ਤੇ ਰੰਗਮੰਚ ਦੇ ਕਲਾਕਾਰ ਸਨ ਤੇ 'ਬਲਵੰਤ ਨਾਟਕ ਮੰਡਲੀ' ਚਲਾਉਂਦੇ ਸਨ | ਸੰਨ 1942 ਵਿਚ ਪਿਤਾ ਦੀ ਮੌਤ ਉਪਰੰਤ ਪਰਿਵਾਰ ਪੂਨੇ ਤੋਂ ਕੋਹਲਾਪੁਰ ਤੇ ਫਿਰ ਮੁੰਬਈ ਆ ਵਸਿਆ | ਸੰਨ 1943 ਵਿਚ ਉਸ ਨੇ ਪਹਿਲਾ ਗੀਤ 'ਚਲਾ ਚਲ ਨਵਬਾਲਾ' ਮਰਾਠੀ ਫ਼ਿਲਮ 'ਮਾਝਾ ਬਾਲ' ਲਈ ਗਾਇਆ ਤੇ ਫਿਰ ਪਿੱਛੇ ਮੁੜ ਨਾ ਵੇਖਿਆ |
ਆਸ਼ਾ ਭੋਸਲੇ ਦੀ ਨਿੱਜੀ ਜ਼ਿੰਦਗੀ ਵੀ ਸ਼ੰਘਰਸ਼ਸ਼ੀਲ ਰਹੀ | 16 ਸਾਲ ਦੀ ਉਮਰ ਵਿਚ ਉਸ ਨੇ 31 ਸਾਲਾ ਗਣਪਤ ਰਾਓ ਭੋਸਲੇ ਨਾਲ ਵਿਆਹ ਕਰਵਾਇਆ ਜਿਸ ਤੋਂ ਤਿੰਨ ਬੱਚਿਆਂ ਹੇਮੰਤ ਭੋਸਲੇ, ਵਰਸ਼ਾ ਭੋਸਲੇ ਤੇ ਆਨੰਦ ਭੋਸਲੇ ਦਾ ਜਨਮ ਹੋਇਆ | ਸੰਨ 1960 ਵਿਚ ਦੋਹਾਂ ਦਾ ਤਲਾਕ ਹੋ ਗਿਆ ਜਿਸ ਉਪਰੰਤ ਸੰਨ 1980 ਵਿਚ ਸੰਗੀਤਕਾਰ ਆਰ. ਡੀ. ਬਰਮਨ ਨਾਲ ਉਸ ਨੇ ਦੂਜੀ ਸ਼ਾਦੀ ਕੀਤੀ | ਉਹ ਵੀ ਸੰਨ 1994 ਵਿਚ ਸਵਰਗ ਸਿਧਾਰ ਗਏ | 
ਕਲਾਸੀਕਲ ਗਾਇਕੀ ਤੋਂ ਲੈ ਕੇ ਕੈਬਰੇ ਅਤੇ ਗ਼ਜ਼ਲਾਂ ਤੋਂ ਪੌਪ ਤੱਕ ਹਰ ਰੰਗ ਗਾਉਣ ਵਾਲੀ ਆਸ਼ਾ ਭੋਸਲੇ ਦੇ ਕਈ ਫ਼ਿਲਮੀ ਗੀਤ ਜਗਤ ਪ੍ਰਸਿੱਧ ਹੋਏ ਜਿਵੇਂ 'ਪੀਆ ਤੂ ਅਬ ਤੋ ਆਜਾ (ਫ਼ਿਲਮ ਕਾਰਵਾਂ), ਦਮ ਮਾਰੋ ਦਮ (ਹਰੇ ਰਾਮਾ ਹਰੇ ਕਿ੍ਸ਼ਣਾ), ਚੁਰਾ ਲੀਆ ਹੈ ਤੁਮਨੇ ਜੋ ਦਿਲ ਕੋ (ਯਾਦੋਂ ਕੀ ਬਾਰਾਤ), ਮੇਰਾ ਕੁਛ ਸਾਮਾਨ (ਇਜ਼ਾਜ਼ਤ), ਆਈਏ ਮੇਹਰਵਾਂ (ਹਾਵੜਾ ਬਿ੍ਜ), ਮੁੜ ਮੁੜ ਕੇ ਨਾ ਦੇਖ (ਸ੍ਰੀ 420), ਸ਼ੋਖ ਨਜ਼ਰ ਕੀ ਬਿਜਲੀਆਂ (ਵੋ ਕੌਨ ਥੀ), ਤੋਰਾ ਮਨ ਦਰਪਣ ਕਹਲਾਏ (ਕਾਜਲ), ਭੰਵਰਾ ਬੜਾ ਨਾਦਾਨ ਹਾਏ (ਸਾਹਿਬ, ਬੀਬੀ ਔਰ ਗੁਲਾਮ), ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ (ਮੇਰਾ ਸਾਯਾ), ਪਾਨ ਖਾਏਾ ਸੈਯਾਂ ਹਮਾਰੋ (ਤੀਸਰੀ ਕਸਮ), ਉੜੇ ਜਬ-ਜਬ ਜ਼ੁਲਫ਼ੇਂ ਤੇਰੀ (ਨਯਾ ਦੌਰ), ਯੇ ਮੇਰਾ ਦਿਲ (ਡਾਨ), ਨਿਗਾਹੇ ਮਿਲਾਨੇ ਕੋ ਜੀਅ (ਦਿਲ ਹੀ ਤੋ ਹੈ),  ਛੋਡ ਦੋ ਆਂਚਲ (ਪੇਇੰਗ ਗੈਸਟ), ਦੀਵਾਨਾ ਮਸਤਾਨਾ ਹੂਆ ਦਿਲ (ਬੰਬਈ ਕਾ ਬਾਬੂ), ਗੁਨਗਨਾ ਰਹੇ ਹੈਂ ਭੰਵਰੇ (ਅਰਾਧਨਾ), ਆਪ ਯਹਾਂ ਆਏ ਕਿਸ ਲੀਏ (ਕੱਲ, ਅੱਜ ਔਰ ਕੱਲ੍ਹ), ਨੀਂਦ ਚੁਰਾ ਕੇ ਰਾਤੋਂ ਮੇਂ (ਸ਼ਰੀਫ਼ ਬਦਮਾਸ਼), ਓ ਸਾਥੀ ਚੱਲ (ਸੀਤਾ ਔਰ ਗੀਤਾ),  ਰੇਸ਼ਮੀ ਸਲਵਾਰ ਕੁੜਤਾ ਜਾਲੀ ਕਾ, ਓ ਮੇਰਾ ਸੋਨਾ ਰੇ ਸੋਨਾ, ਕਿਤਨੇ ਭੀ ਤੂ ਕਰਲੇ ਸਿਤਮ ਆਦਿ | 
ਉਨ੍ਹਾਂ ਦੇ ਰਾਗ ਆਧਾਰਿਤ ਗੀਤਾਂ ਨੂੰ  ਵੀ ਸੰਗੀਤ ਪ੍ਰੇਮੀਆਂ ਨੇ ਸਾਹ ਸੂਤ ਕੇ ਸੁਣਿਆ ਜਿਵੇਂ 'ਸੂਨੀ ਸਾਂਸੋਂ ਕੇ ਸਿਤਾਰ ਪਰ' (ਫ਼ਿਲਮ: ਲਾਲ ਪੱਥਰ, ਰਾਗ ਜੈਜੈਵੰਤੀ), 'ਕੈਸੇ ਸਮਝਾਊਾ ਬੜੇ ਨਾ ਸਮਝ ਹੋ' (ਫ਼ਿਲਮ: ਸੂਰਜ, ਰਾਗ ਭੈਰਵੀ), 'ਨਿਗਾਹੇਂ ਮਿਲਾਨੇ ਕੋ ਜੀ ਚਾਹਤਾ ਹੈ' (ਫ਼ਿਲਮ: ਦਿਲ ਹੀ ਤੋ ਹੈ, ਯਮਨ ਕਲਿਆਣ), 'ਤੋਰਾ ਮਨ ਦਰਪਣ ਕਹਿਲਾਏ' (ਫ਼ਿਲਮ: ਕਾਜਲ, ਦਰਬਾਰੀ ਕਾਨੜਾ), 'ਆਪ ਯੂੰ ਹੀ ਅਗਰ ਹਮਸੇ ਮਿਲਤੇ ਰਹੇਂ' (ਫ਼ਿਲਮ: ਏਕ ਮੁਸਾਫਿਰ ਏਕ ਹੁਸੀਨਾ, ਕੇਦਾਰ), 'ਕਾਹੇ ਤਰਸਾਏ ਜਿਅਰਾ ਕਾਹੇ ਤਰਸਾਏ' (ਫ਼ਿਲਮ: ਚਿਤਰਲੇਖਾ, ਕਲਾਵਤੀ), 'ਠੰਡੀ ਠੰਡੀ ਸਾਵਨ ਕੀ ਫੁਹਾਰ' (ਫ਼ਿਲਮ: ਜਾਗਤੇ ਰਹੋ, ਦੇਸ), 'ਪੀਆ ਬਾਵਰੀ' (ਫ਼ਿਲਮ: ਖੂਬਸੂਰਤ, ਬਿਹਾਗ), ਓ ਚਾਂਦ ਜਹਾਂ ਵੋ ਜਾਏਾ (ਫ਼ਿਲਮ: ਸ਼ਾਰਦਾ, ਹੰਸਧਵਨੀ), 'ਆਧਾ ਹੈ ਚੰਦਰਮਾ ਰਾਤ ਆਧੀ' (ਫ਼ਿਲਮ: ਨਵਰੰਗ, ਮਾਲਕੌਂਸ), 'ਸਮਯ ਓ ਧੀਰੇ ਚਲੋ' (ਫ਼ਿਲਮ: ਰੂਦਾਲੀ, ਭੀਮਪਲਾਸੀ), 'ਗੀਤ ਗਾਯਾ ਪੱਥਰੋਂ ਨੇ' (ਫ਼ਿਲਮ: ਗੀਤ ਗਾਯਾ ਪੱਥਰੋਂ ਨੇ, ਦੁਰਗਾ), 'ਸਾਕੀਆ ਆਜ ਮੁਝੇ ਨੀਂਦ ਨਹੀਂ ਆਏਗੀ' (ਫ਼ਿਲਮ: ਸਾਹਿਬ ਬੀਬੀ ਔਰ ਗੁਲਾਮ, ਸਿੰਧੂ ਭੈਰਵੀ), ਅਬ ਕੇ ਬਰਸ ਭੇਜ-ਭੇਜ (ਫ਼ਿਲਮ: ਬੰਦਨੀ, ਰਾਗ ਪੀਲੂ) ਆਦਿ |
ਪੰਜਾਬ ਅਤੇ ਪੰਜਾਬੀ ਨਾਲ ਅਥਾਹ ਮੋਹ ਕਰਨ ਵਾਲੀ ਆਸ਼ਾ ਨੇ ਸੰਨ 2001 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਦੇ ਪਹਿਲੇ ਪੜਾਅ ਦੇ ਉਦਘਾਟਨ ਮੌਕੇ ਇਕ ਸ਼ਬਦ ਦਾ ਗਾਇਨ ਕੀਤਾ | ਦੇਸ਼ ਵੰਡ ਉਪਰੰਤ ਕੁਲਦੀਪ ਪਿਕਚਰਸ ਲਿਮ. ਮੁੰਬਈ ਦੀ ਪਹਿਲੀ ਪੰਜਾਬੀ ਫ਼ਿਲਮ 'ਲੱਛੀ' (ਸੰਨ 1949, ਸੰਗੀਤ: ਹੰਸ ਰਾਜ ਬਹਿਲ, ਗੀਤਕਾਰ: ਵਰਮਾ ਮਲਿਕ)  ਵਿਚ ਉਸ ਨੇ 'ਕਦੀ ਭੁੱਲ ਚੁੱਕ ਕੇ ਬੀਬਾ ਸਾਡੀ ਗਲੀ ਲੰਘ ਤੂੰ' ਨਗਮਾ ਗਾ ਕੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ ਵਧਾਇਆ | ਇਸ ਉਪਰੰਤ ਫ਼ਿਲਮ ਮੁਟਿਆਰ (1950), ਫੁੰਮਣ, (1951), ਲਾਰਾ ਲੱਪਾ (1953), ਸ਼ਾਹ ਜੀ (1954), ਮੁਕਲਾਵਾ (1957), ਹੀਰ ਸਿਆਲ (1960), ਜੀਜਾ ਜੀ (1961), ਚੌਧਰੀ ਕਰਨੈਲ ਸਿੰਘ (1962), ਪਿੰਡ ਦੀ ਕੁੜੀ (1963), ਮੈਂ ਜੱਟੀ ਪੰਜਾਬ ਦੀ (1964), ਸੱਸੀ ਪੁੰਨੂੰ, ਸ਼ੌਂਕਣ ਮੇਲੇ ਦੀ (1965), ਲਾਈਏ ਤੋੜ ਨਿਭਾਈਏ (1966), ਨੀਮ ਹਕੀਮ (1967), ਕਣਕਾਂ ਦੇ ਓਹਲੇ (1971), ਤੇਰੇ ਰੰਗ ਨਿਆਰੇ (1973), ਮਿੱਤਰ ਪਿਆਰੇ ਨੂੰ  (1975), ਸਵਾ ਲਾਖ ਸੇ ਏਕ ਲੜਾਊਾ (1976), ਜੈ ਮਾਤਾ ਦੀ, ਨੱਚਦੀ ਜਵਾਨੀ, ਸਤਿ ਸ੍ਰੀ ਅਕਾਲ (1977), ਉਡੀਕਾਂ, (1978) ਸਹਿਤੀ ਮੁਰਾਦ, (1979), ਦੁਪੱਟਾ (1970), ਨਾਨਕ ਦੁਖੀਆ ਸਭ ਸੰਸਾਰ (1971), ਦੁੱਖ ਭੰਜਨ ਤੇਰਾ ਨਾਮ (1972), ਮਨ ਜੀਤੈ ਜਗੁ ਜੀਤੁ (1973), ਚੰਨ ਪ੍ਰਦੇਸੀ (1980), ਰਾਂਝਣ ਮੇਰਾ ਯਾਰ (1984), ਬਾਬੁਲ ਦਾ ਵਿਹੜਾ (1985), ਜਾਗ ਪੰਜਾਬੀ ਸ਼ੇਰਾ (1987), ਮੌਲਾ ਜੱਟ (1988), ਮਹਿੰਦੀ ਸ਼ਗਨਾਂ ਦੀ (1991), ਜਿਗਰਾ ਜੱਟ ਦਾ (1992), ਨਸੀਬੋ (1993), ਜ਼ਖ਼ਮੀ ਜਗੀਰਦਾਰ (1994), ਰੱਬ ਕੋਲੋਂ ਡਰ ਸੱਜਣਾਂ (1995), ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਮੇਲਾ (1997), ਸ਼ਹੀਦ-ਏ-ਮੁਹੱਬਤ ਬੂਟਾ ਸਿੰਘ (1998), ਦੁਨੀਆ ਮਤਲਵ ਦੀ (1999), 'ਚੰਨ ਵੇ' (ਫ਼ਿਲਮ: 'ਚੰਨ ਪ੍ਰਦੇਸੀ'), 'ਦੋ ਪੱਤਰ ਅਨਾਰਾਂ ਦੇ' (ਫ਼ਿਲਮ: 'ਦੋ ਪੱਤਰਾਂ ਦੇ'), ਗੀਤ ਅੱਜ ਵੀ ਕੰਨਾਂ ਵਿਚ ਮਿਠਾਸ ਘੋਲ ਦਿੰਦੇ ਹਨ |
ਸੰਗੀਤ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਆਸ਼ਾ ਭੋਸਲੇ ਨੂੰ  ਅਨੇਕ ਪੁਰਸਕਾਰਾਂ ਨਾਲ ਨਿਵਾਜਿਆ ਗਿਆ | ਸਰਵਸ਼੍ਰੇਸਠ ਮਹਿਲਾ ਪਲੇਅਬੈਕ ਗਾਇਕਾ ਵਜੋਂ ਫ਼ਿਲਮ ਫੇਅਰ ਐਵਾਰਡ (ਸੰਨ 1981, 1986), 'ਨਾਈਟੇਂਗਲ ਆਫ਼ ਏਸ਼ੀਆ ਐਵਾਰਡ' (1987), ਮੱਧ ਪ੍ਰਦੇਸ਼ ਸਰਕਾਰ ਵਲੋਂ ਲਤਾ ਮੰਗੇਸ਼ਕਰ ਪੁਰਸਕਾਰ (1989), ਫ਼ਿਲਮ 'ਰੰਗੀਲਾ' ਲਈ ਫ਼ਿਲਮ ਫੇਅਰ ਸਪੈਸ਼ਲ ਐਵਾਰਡ (1996), ਗ੍ਰੈਮੀ ਐਵਾਰਡ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਗਾਇਕਾ (1997), ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਦੁਬਈ ਵਿਚ ਸਿੰਗਰ ਆਫ਼ ਦੀ ਮਿਲੇਨੀਅਮ ਐਵਾਰਡ (ਸੰਨ 2000), ਫ਼ਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ (2001), ਸਰਵਸ਼੍ਰੇਸ਼ਠ ਮਹਿਲਾ ਪਲੇਅਬੈਕ ਗਾਇਕਾ ਵਜੋਂ ਆਈਫ਼ਾ ਐਵਾਰਡ ਅਤੇ ਬਿ੍ਟੇਨ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਵਲੋਂ ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ (ਸੰਨ 2002), ਪਦਮ ਵਿਭੂਸ਼ਣ (2008), ਦੁਬਈ ਅੰਤਰਰਾਸ਼ਟਰੀ ਫ਼ਿਲਮ ਮਹਾਂਉਤਸਵ ਵਿਚ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ (2014),  ਸੈਲਫੋਰਡ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਡਿਗਰੀ ਆਦਿ | ਸੰਨ 2011 ਵਿਚ ਸੰਗੀਤ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਗੀਤ ਰਿਕਾਰਡ ਕਰਨ ਵਾਲੀ ਗਾਇਕਾ ਵਜੋਂ ਉਨ੍ਹਾਂ ਦਾ ਨਾਂਅ 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ' ਵਿਚ ਦਰਜ ਹੋਇਆ | 
ਸੰਨ 2023 ਵਿਚ ਆਪਣੇ 90ਵੇਂ ਜਨਮ ਦਿਨ ਮੌਕੇ ਦੁਬਈ 'ਚ 'ਆਸ਼ਾ 90: ਲਾਈਵ ਇਨ ਕੰਸਰਟ' ਵਿਚ ਉਸ ਨੇ ਸਫਲ ਪੇਸ਼ਕਾਰੀ ਦੇ ਕੇ ਸਭਨਾਂ ਨੂੰ  ਹੈਰਾਨ ਕਰ ਦਿੱਤਾ ਸੀ | ਭਾਰਤ ਦੀ ਇਸ ਮਹਾਨ ਗਾਇਕਾ ਨੇ 12 ਅਪ੍ਰੈਲ, 2026 ਨੂੰ  92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖਰੀ ਸਾਹ ਲਿਆ |
-ਪਿ੍ੰਸੀਪਲ, ਭਾਈ ਸੰਗਤ ਸਿੰਘ ਖ਼ਾਲਸਾ ਕਾਲਜ,
ਬੰਗਾ (ਸ਼ਹੀਦ ਭਗਤ ਸਿੰਘ ਨਗਰ)
Ad Position 22
No active advertisement
ਪਿਛਲੀ ਖ਼ਬਰ ਚਮੜੀ ਦੀ ਦੋਸਤ-ਕੁਆਰ ਅਗਲੀ ਖ਼ਬਰ ਮੈਸੀ ਨੇ ਕੌਮਾਂਤਰੀ ਫੁੱਟਬਾਲ ਨੂੰ ਕਿਹਾ 'ਅਲਵਿਦਾ'
Ad Position 24