ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਵਲੋਂ ਸਥਾਪਿਤ ਰਿਆਸਤ ਕਪੂਰਥਲਾ ਦੇ 7ਵੇਂ ਵਾਰਿਸ, ਮਹਾਰਾਜਾ ਜਗਤਜੀਤ ਸਿੰਘ, ਅਤਿ ਵਿਲੱਖਣ ਸ਼ਖ਼ਸ਼ੀਅਤ ਦੇ ਮਾਲਕ, ਫਰੈਂਕੋ-ਫਿਲੀ ਅਖ਼ਵਾਉਣ ਵਾਲੇ, ਵੱਡੇ ਸ਼ਹਿਨਸ਼ਾਹ, ਕੇਸਾਧਾਰੀ-ਪਗੜੀਧਾਰੀ, 1897 ਵਿਚ ਯੂਰਪ ਦੇ ਇਕ ਟੂਰ 'ਤੇ ਸਨ ਤਾਂ ਪਤਾ ਨਹੀਂ ਮਨ ਵਿਚ ਕੀ ਆਇਆ ਕਿ ਕਦੀਮੀ ਤੇ ਪਿਤਾ-ਪੁਰਖੀ ਧਾਰਮਿਕ ਪਹਿਚਾਣ ਦਾੜ੍ਹੀ-ਕੇਸ-ਪਗੜੀ ਨੂੰ ਅਲਵਿਦਾ ਕਹਿ ਕਲੀਨ-ਸ਼ੇਵਨ ਬਣ ਬੈਠੇ | ਜਦੋਂ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਨੇ ਵਾਲ ਕਟਾਏ ਸਨ ਤਾਂ ਉਸ ਸਮੇਂ ਖੁਸ਼ਵੰਤ ਸਿੰਘ ਨੇ ਲਿਖਿਆ ਸੀ ਕਿ ਇਸ ਕਿਸਮ ਦਾ ਵਿਅਕਤੀਗਤ ਫ਼ੈਸਲਾ ਲੈਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਇਨਸਾਨ ਆਪਣੀ ਬਰਾਦਰੀ ਅਤੇ ਧਾਰਮਿਕ ਭਾਈਚਾਰੇ ਤੋਂ ਟੁੱਟ ਜਾਂਦਾ ਹੈ | ਮਹਾਰਾਜਾ ਜਗਤਜੀਤ ਸਿੰਘ ਨਾਲ ਵੀ ਇਹੀ ਕੁਝ ਹੋਇਆ | ਉਸ ਦੀ ਸਿੱਖ ਰਈਅਤ ਨੇ ਉਸ ਦੇ ਇਸ ਨਵੇਂ ਅਪਣਾਏ ਅੰਦਾਜ਼ ਨੂੰ ਬਹੁਤਾ ਚੰਗਾ ਨਾ ਸਮਝਿਆ ਅਤੇ ਸਿੱਖਾਂ ਨਾਲ ਸੰਬੰਧਿਤ ਫ਼ੈਸਲਿਆਂ ਤੋਂ ਉਸ ਨੂੰ ਅਲੱਗ ਰੱਖਿਆ ਜਾਣ ਲੱਗਾ |
![]()
ਓਧਰੋਂ ਰੱਬ ਦੀ ਰਜ਼ਾ ਕਹਿ ਲਵੋ ਕਿ ਕਪੂਰਥਲਾ ਰਿਆਸਤ ਨੂੰ ਵਾਰਿਸ ਨਹੀਂ ਸੀ ਨਸੀਬ ਹੋ ਰਿਹਾ | ਇਕ ਤੋਂ ਬਾਅਦ ਇਕ ਤਿੰਨ ਬੇਟੀਆਂ ਜਨਮ ਲੈ ਚੁੱਕੀਆਂ ਸਨ | ਬਿ੍ਟਿਸ਼ ਰਾਜ ਸਮੇਂ ਲਾਗੂ ਰਿਆਸਤੀ-ਹਿੰਦੂ-ਕਾਨੂੰਨ ਮੁਤਾਬਕ ਕੋਈ ਵੀ ਰਾਜਕੁਮਾਰੀ ਰਿਆਸਤ-ਮੁਖੀ ਨਹੀਂ ਸੀ ਬਣ ਸਕਦੀ | ਮਹਾਰਾਜਾ ਜਗਤਜੀਤ ਸਿੰਘ ਦੇ ਸ਼ਹਿਜ਼ਾਦੇ ਯੁਵਰਾਜ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਬੇਟਾ ਹੋਣਾ ਲਾਜ਼ਮੀ ਸੀ | ਦੀਵਾਨ ਜਰਮਨੀ ਦਾਸ ਅਨੁਸਾਰ ਮਹਾਰਾਜਾ ਪਰਮਜੀਤ ਸਿੰਘ ਦੀਆਂ ਤਿੰਨ ਬੇਟੀਆਂ ਹੋਣ ਉਪਰੰਤ ਰਾਜ-ਜੋਤਸ਼ੀ, ਪੰਡਤ ਸ਼੍ਰੀ ਰਾਮ ਨੇ ਭਵਿੱਖ-ਬਾਣੀ ਕਰ ਦਿੱਤੀ ਸੀ ਕਿ ਹੁਣ ਚੌਥੀ ਵਾਰ ਰਾਜ-ਮਹੱਲ ਦੇ ਭਾਗ ਖੁੱਲ੍ਹਣ ਵਾਲੇ ਸਨ | ਜਿਉਂ-ਜਿਉਂ ਦਿਨ ਨੇੜੇ ਆ ਰਹੇ ਸਨ ਸ਼ਾਹੀ-ਜਲੌਅ ਦੀਆਂ ਤਿਆਰੀਆਂ ਜ਼ੋਰ ਫੜ ਰਹੀਆਂ ਸਨ | ਰਾਜ-ਜੋਤਸ਼ੀ ਦੀ ਭਵਿੱਖਬਾਣੀ 'ਤੇ ਪੂਰਨ ਵਿਸ਼ਵਾਸ ਕਰਦਿਆਂ ਵੱਡੇ ਪੈਮਾਨੇ 'ਤੇ ਸ਼ਾਹੀ-ਜਸ਼ਨਾਂ ਦੀ ਤਿਆਰੀ ਸੀ | ਰਿਆਸਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼, ਬਕਸ਼ੀ ਪੂਰਨ ਸਿੰਘ ਬਹਾਦਰ ਨੂੰ ਵੀ ਹੁਕਮ ਦੇ ਦਿੱਤੇ ਗਏ ਸਨ ਕਿ ਪੋਤਰੇ ਦੀ ਆਮਦ ਵਾਲੀ ਪਹਿਲੀ ਸਵੇਰ ਸ਼ਾਹੀ ਸਲਾਮੀ ਦੀ ਤਿਆਰੀ ਰੱਖੀ ਜਾਵੇ | ਜਸ਼ਨਾਂ ਲਈ ਸ਼ਾਹੀ ਖ਼ਜ਼ਾਨੇ ਵਿਚੋਂ ਵੀਹ ਲੱਖ ਰੁਪਏ ਦੀ ਰਕਮ ਵੀ ਮਨਜ਼ੂਰ ਕਰ ਦਿਤੀ ਗਈ ਸੀ | ਪਰ ਘੋਰ ਬਦਕਿਸਮਤੀ ਕਿ ਸਾਰਾ ਕੁਝ ਧਰਿਆ-ਧਰਾਇਆ ਰਹਿ ਗਿਆ! ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ: ਰਾਜ-ਮਹੱਲ ਵਿਚ ਰਾਜ-ਜੋਤਸ਼ੀ ਦੀ ਭਵਿੱਖਬਾਣੀ ਦੇ ਉਲਟ ਪ੍ਰਮਾਤਮਾ ਨੇ ਇਸ ਵਾਰ ਵੀ ਬੇਟੀ ਹੀ ਭੇਜ ਦਿੱਤੀ ਸੀ | ਮਹਾਰਾਜੇ ਨੂੰ ਇਹ ਖ਼ਬਰ ਸੁਣ ਕੇ ਕਹਿਰ ਚੜ੍ਹ ਗਿਆ ਤੇ ਉਸ ਨੇ ਰਾਜ-ਜੋਤਸ਼ੀ ਨੂੰ ਹੱਥਕੜੀਆਂ ਲਗਾ ਕੇ ਬਿਨ-ਮੁਕੱਦਮੇ ਨੌਂ ਸਾਲ ਲਈ ਜੇਲ੍ਹ ਵਿਚ ਸੁੱਟ ਦਿੱਤਾ | ਮਹਾਰਾਣੀ ਇਹ ਸੁਣ ਕੇ ਬਹੁਤ ਦੁਖੀ ਹੋਈ : 'ਪਹਿਲਾਂ ਹੀ ਮਹਾਰਾਜ ਅਤੇ ਯੁਵਰਾਜ ਦੇ ਪਤਿਤ ਹੋਣ ਦੇ ਪਾਪ ਕਾਰਨ ਸਾੜ੍ਹ-ਸਤੀ ਆਈ ਹੋਈ ਸੀ, ਹੁਣ ਉੱਚ-ਜਾਤੀ ਦੇ ਬ੍ਰਾਹਮਣ 'ਤੇ ਕਹਿਰ ਢਾਹੁਣ ਨਾਲ ਪਤਾ ਨਹੀਂ ਕੀ ਭਾਣਾ ਵਰਤੇਗਾ...?' ਮਹਾਰਾਣੀ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਬੇਨਤੀ 'ਤੇ ਰਾਜ-ਜੋਤਸ਼ੀ ਨੂੰ ਰਿਹਾਅ ਤਾਂ ਕਰ ਦਿੱਤਾ ਗਿਆ ਪਰ ਨਾਲ ਹੀ ਦੇਸ਼-ਨਿਕਾਲਾ ਦੇ ਦਿੱਤਾ ਗਿਆ ਅਤੇ ਉਸ ਦੇ ਪਰਿਵਾਰਕ ਜੀਆਂ ਨੂੰ ਰਿਆਸਤੀ ਨੌਕਰੀਆਂ ਤੋਂ ਕੱਢ ਦਿੱਤਾ ਗਿਆ |
ਜਦੋਂ ਬੰਦਾ ਨਿਰਾਸ਼ਾ ਦੇ ਆਲਮ ਵਿਚ ਹੁੰਦਾ ਹੈ ਤਾਂ ਉਸ ਦਾ ਧਿਆਨ ਆਪਣੀਆਂ ਕੁਤਾਹੀਆਂ ਵੱਲ ਜਾਣ ਲੱਗਦਾ ਹੈ | ਪੁੱਤਾਂ-ਪੋਤਰਿਆਂ ਲਈ ਤਾਂ ਬੰਦਾ ਕਈ ਗੁਰੂ-ਪੀਰ ਧਿਆਉਂਦਾ ਹੈ, ਜੋਗੀਆਂ ਦੇ ਅਲਖ ਜਗਾਉਂਦਾ ਹੈ | ਮਹਾਰਾਜੇ ਨੇ ਵੀ ਕਈ ਮਹਾਂ-ਪੁਰਖਾਂ ਤੋਂ ਵਰਦਾਨ ਪ੍ਰਾਪਤ ਕਰਨ ਲਈ ਵਾਸਤੇ ਘੱਤੇ | ਉਨ੍ਹਾਂ ਵਿਚੋਂ ਕਈਆਂ ਨੇ ਨੇਕ-ਮਸ਼ਵਰਾ ਦਿੱਤਾ ਕਿ ਉਹ ਆਪਣੇ ਪਰਿਵਾਰ ਸਮੇਤ ਸਿੱਖੀ ਵੱਲ ਮੁੜਨ | ਇਸ ਹਾਲਾਤ ਵਿਚ ਹੀ ਇਕ ਅਜੀਬੋ-ਗਰੀਬ ਵਾਕਿਆ ਵਾਪਰਿਆ | ਮਹਾਰਾਜੇ ਦੇ ਇਕ ਖ਼ਾਸ ਅਹਿਲਕਾਰ, ਸਰਦਾਰ ਪ੍ਰਤਾਪ ਸਿੰਘ ਨੂੰ ਸੁਫਨਾ ਆਇਆ ਕਿ ਜੇ ਮਹਾਰਾਜਾ ਜਗਤਜੀਤ ਸਿੰਘ ਆਪਣੇ ਪੋਤਰੇ ਨੂੰ ਸਿੰਘ ਸਜਾਉਣਗੇ ਤਾਂ ਉਨ੍ਹਾਂ ਨੂੰ ਪ੍ਰਮਾਤਮਾ ਪੋਤਰੇ ਦੀ ਦਾਤ ਬਖ਼ਸ਼ੇਗਾ | ਪਰਤਾਪ ਸਿੰਘ ਸਵੇਰੇ ਉੱਠਦਿਆਂ ਹੀ ਨੰਗੇ ਪੈਰੀਂ ਰਾਜ-ਮਹੱਲ ਨੂੰ ਵਾਹੋ-ਦਾਹੀ ਦੌੜ ਪਿਆ | ਉਸ ਨੇ ਰਾਜ-ਮਹੱਲ ਵਿਚ ਪਹੁੰਚ ਕੇ ਬੜੇ ਸਤਿਕਾਰ ਸਹਿਤ ਮਹਾਰਾਜੇ ਨੂੰ ਦੱਸਿਆ ਕਿ ਮੇਰਾ ਖਿਆਲ ਹੈ ਜੇ ਜਗਤਜੀਤ ਸਿੰਘ ਆਪਣੇ ਪੋਤਰੇ ਨੂੰ ਸਿੰਘ ਸਜਾਉਣ ਦੀ ਸੌਗੰਧ ਖਾਵੇ ਤਾਂ ਉਨ੍ਹਾਂ ਨੂੰ ਪੋਤਰੇ ਦੀ ਦਾਤ ਅਵੱਸ਼ ਪ੍ਰਾਪਤ ਹੋਵੇਗੀ | ਮਹਾਰਾਜਾ ਜਗਤਜੀਤ ਸਿੰਘ ਨੇ ਸੁਪਨਾ ਸੁਣਦਿਆਂ ਹੀ ਤਥਾ-ਅਸਤੂ ਕਹਿ ਦਿਤਾ | ਪ੍ਰਾਈਮ ਮਨਿਸਟਰ ਨੂੰ ਹੁਕਮ ਦਿਤਾ ਗਿਆ ਕਿ ਕੈਬਨਿਟ ਦੀ ਮੀਟਿੰਗ ਬੁਲਾਈ ਜਾਵੇ | ਮੀਟਿੰਗ ਵਿਚ ਮਹਾਰਾਜੇ ਨੇ ਸਹੁੰ ਖਾਧੀ ਕਿ ਜੇ ਵਾਹਿਗੁਰੂ ਉਨ੍ਹਾਂ ਨੂੰ ਪੋਤਰੇ ਦੀ ਦਾਤ ਬਖਸ਼ੇਗਾ ਤਾਂ ਉਹ ਉਸ ਨੂੰ ਸਿੰਘ ਸਜਾਉਣਗੇ | ਮਹਾਰਾਜੇ ਵਲੋਂ ਇਹ ਆਦੇਸ਼ ਵੀ ਦੇ ਦਿੱਤਾ ਗਿਆ ਕਿ ਅਗਲੇ ਦਿਨ ਉਹ ਸਟੇਟ ਗੁਰਦੁਆਰਾ ਵਿਖੇ ਅਰਦਾਸ ਲਈ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹਾਜ਼ਰ ਹੋਣਗੇ | ਅਗਲੀ ਸਵੇਰ ਮਹਾਰਾਜਾ ਜਗਤਜੀਤ ਸਿੰਘ, ਯੁਵਰਾਜ ਪਰਮਜੀਤ ਸਿੰਘ ਅਤੇ ਹੋਰ ਅਹਿਮ ਅਮਲੇ ਅਤੇ ਮੰਤਰੀਆਂ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ | ਸ਼ਹਿਰ ਦੀ ਸੰਗਤ ਵੀ ਹਾਜ਼ਰ ਸੀ, ਜਿਸ ਵਿਚ ਹਿੰਦੂ, ਸਿੱਖ, ਈਸਾਈ, ਮੁਸਲਿਮ ਸਭ ਹਾਜ਼ਰ ਸਨ | ਮਹਾਰਾਜੇ ਨੇ ਗਿਆਰਾਂ ਹਜ਼ਾਰ ਰੁਪਏ ਅਤੇ ਇਕ ਸੌ ਇਕ ਥਾਲੀਆਂ ਪ੍ਰਸ਼ਾਦ ਭੇਟ ਕਰਕੇ ਨਤਮਸਤਕ ਹੁੰਦਿਆਂ ਹੈੱਡ ਗ੍ਰੰਥੀ ਭਾਈ ਹਰਨਾਮ ਸਿੰਘ ਨੂੰ ਆਪਣੇ ਵਲੋਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਅਰਦਾਸ ਕਰਨ ਲਈ ਬੇਨਤੀ ਕੀਤੀ | ਗ੍ਰੰਥੀ ਸਿੰਘ ਨੇ ਉੱਚੀ ਆਵਾਜ਼ ਵਿਚ ਅਰਦਾਸ ਕੀਤੀ: 'ਹੇ ਸੱਚੇ ਪਾਤਸ਼ਾਹ ਜੀਓ! ਜਗਤਜੀਤ ਸਿੰਘ ਅਤੇ ਉਸ ਦੇ ਪੁੱਤਰ ਪਰਮਜੀਤ ਸਿੰਘ ਵਲੋਂ ਨਿਮਰਤਾ ਸਹਿਤ ਅਰਦਾਸ ਹੈ ਕਿ ਉਨ੍ਹਾਂ ਦੇ ਪਿਛਲੇ ਪਾਪ ਬਖ਼ਸ਼ੇ ਜਾਣ | ਮਹਾਰਾਜਾ ਜਗਤਜੀਤ ਸਿੰਘ ਸੌਗੰਧ ਖਾ ਕੇ ਅਰਜੋਈ ਕਰਦੇ ਹਨ ਕਿ ਉਨ੍ਹਾਂ ਨੂੰ ਪੋਤਰੇ ਦੀ ਦਾਤ ਬਖ਼ਸ਼ੀ ਜਾਵੇ, ਤਾਂ ਉਹ ਆਪਣੇ ਪੋਤਰੇ ਨੂੰ ਗੁਰੂ ਦਾ ਸਿੰਘ ਸਜਾਉਣਗੇ' | ਉਪਰੰਤ ਸਭ ਸੰਗਤ ਨੇ ਜੈਕਾਰੇ ਛੱਡੇ | ਅਰਦਾਸਾਂ ਅਤੇ ਕੋਸ਼ਿਸ਼ਾਂ ਨਾਲੋ-ਨਾਲ ਚੱਲਦੀਆਂ ਰਹੀਆਂ | ਆਖਰਕਾਰ 15 ਅਕਤੂਬਰ, 1934 ਨੂੰ ਯੁਵਰਾਣੀ ਲੀਲਾਵੰਤੀ ਦੇਵੀ ਨੇ ਕਪੂਰਥਲਾ ਰਿਆਸਤ ਲਈ ਅਤਿ ਲੋੜੀਂਦੇ ਵਾਰਸ ਨੂੰ ਜਨਮ ਦੇ ਹੀ ਦਿੱਤਾ, ਜਿਸ ਬਾਰੇ ਵਾਇਸਰਾਏ ਨੂੰ ਵੀ ਸੂਚਨਾ ਭੇਜ ਦਿੱਤੀ ਗਈ | ਸ਼ਹਿਜ਼ਾਦੇ ਦੀ ਆਮਦ ਦੇ ਸ਼ੁੱਭ-ਸ਼ਗਨ ਵਜੋਂ ਉਸ ਨੂੰ ਇਕ ਸੌ ਤੋਪਾਂ ਦੀ ਸਲਾਮੀ ਦਿੱਤੀ ਗਈ | ਰਿਆਸਤ ਵਿਚ ਪੂਰੇ ਜਸ਼ਨਾਂ ਦਾ ਮਹੌਲ ਚੱਲਣ ਲੱਗਾ | ਕੁਝ ਦਿਨਾਂ ਬਾਅਦ ਦਸ ਹਜ਼ਾਰ ਮਹਿਮਾਨ ਗੁਰਦੁਆਰਾ ਸਾਹਿਬ ਵਿਖੇ ਬੁਲਾਏ ਗਏ ਅਤੇ ਮਹਾਰਾਜਾ ਜਗਤਜੀਤ ਸਿੰਘ ਇਕ ਵਾਰੀ ਫੇਰ ਯੁਵਰਾਜ ਪਰਮਜੀਤ ਸਿੰਘ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ | ਪੋਤਰੇ ਨੂੰ ਗੋਦ ਵਿਚ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਬੈਠ ਕੇ ਮਹਾਰਾਜੇ ਨੇ ਨਿਮਰਤਾ ਸਹਿਤ ਫਿਰ ਦੁਹਰਾਇਆ: 'ਹੇ ਸੱਚੇ ਪਾਤਸ਼ਾਹ, ਤੂੰ ਇਸ ਸ਼ਹਿਜ਼ਾਦੇ ਦੀ ਆਯੂ ਲੰਬੀ ਕਰੀਂ, ਮੈਂ ਇਸ ਨੂੰ ਗੁਰੂ ਗੋਬਿੰਦ ਸਿੰਘ ਦਾ ਕੇਸਾਧਾਰੀ, ਦਸਤਾਰਧਾਰੀ, ਅੰਮਿ੍ਤਧਾਰੀ ਸਿੰਘ ਸਜਾਉਣ ਦੀ ਸੌਗੰਧ ਦੁਹਰਾਉਂਦਾ ਹਾਂ' | ਬਿ੍ਗੇਡੀਅਰ ਮਹਾਰਾਜਾ ਸੁਖਜੀਤ ਸਿੰਘ ਬਹੁਤ ਦੇਰ ਬਾਅਦ ਇਕ ਥਾਂ ਲਿਖਦੇ ਹਨ ਕਿ ਭਾਵੇਂ ਕਿ ਮਾੈ ਦਾਦਾ ਜੀ ਦੇ ਇਸ ਫ਼ੈਸਲੇ ਨੂੰ ਕਦੀ ਚੈਲਿੰਜ ਨਹੀਂ ਸੀ ਕੀਤਾ ਪਰ ਇਕ ਵਾਰ ਮੈਂ ਉਨ੍ਹਾਂ ਕੋਲ ਗਿਲਾ ਜ਼ਰੂਰ ਕੀਤਾ ਸੀ ਕਿ ਇਹ ਫਰਜ਼ ਨਿਭਾਉਣ ਦਾ ਕਾਰਜ ਆਖਰਕਾਰ ਮੇਰੇ 'ਤੇ ਹੀ ਕਿਉਂ ਥੋਪਿਆ ਗਿਆ ਸੀ? ਮਹਾਰਾਜੇ ਨੇ ਸੁਖਜੀਤ ਦੇ ਮੋਢੇ 'ਤੇ ਪਿਆਰ ਨਾਲ ਹੱਥ ਰੱਖ ਕੇ ਕਿਹਾ ਸੀ, 'ਪੁੱਤਰ! ਕਈ ਵਾਰ ਇੰਝ ਹੋ ਜਾਂਦਾ ਹੈ ਕਿ ਦਾਦੇ ਦੀ ਕੀਤੀ ਗ਼ਲਤੀ ਦੀ ਦਰੁਸਤੀ ਕਰਨ ਦੀ ਡਿਊਟੀ ਪੋਤਰੇ ਦੇ ਹਿੱਸੇ ਆ ਜਾਂਦੀ ਹੈ...' | ਜੂਨ 1949 ਵਿਚ ਮਹਾਰਾਜਾ ਜਗਤਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਜੂਨ 1954 ਵਿਚ ਨੌਜਵਾਨ ਸੁਖਜੀਤ ਸਿੰਘ ਨੇ ਭਾਰਤੀ ਫ਼ੌਜ ਵਿਚ ਕਮਿਸ਼ਨ ਲੈ ਲਿਆ ਤਾਂ ਉਸ ਦੇ ਪਿਤਾ ਮਹਾਰਾਜਾ ਪਰਮਜੀਤ ਸਿੰਘ ਨੇ ਉਸ ਨੂੰ ਕੋਲ ਬਿਠਾ ਕੇ ਕਿਹਾ, 'ਦੇਖ ਬਈ ਪੁੱਤਰ ਸੁਖਜੀਤ! ਜਿਨ੍ਹਾਂ ਤੈਨੂੰ ਕੇਸਾਧਾਰੀ ਬਣਾਉਣ ਦਾ ਪ੍ਰਣ ਲਿਆ ਸੀ, ਸੌਗੰਧ ਖਾਧੀ ਸੀ, ਉਨ੍ਹਾਂ ਆਪਣੇ ਜਿਊਾਦੇ ਜੀਅ ਨਿਭਾਅ ਦਿਤੀ | ਹੁਣ ਉਹ ਨਹੀਂ ਰਹੇ | ਜੇ ਤੂੰ ਚਾਹੇਂ ਤਾਂ...' |
ਦੋ ਦਿਨ ਗਹਿਰਾ ਚਿੰਤਨ ਕਰਨ ਉਪਰੰਤ 20-ਸਾਲਾ ਨੌਜਵਾਨ ਸੁਖਜੀਤ ਸਿੰਘ ਨੇ ਸੋਚ-ਸਮਝ ਕੇ ਪਿਤਾ ਜੀ ਨੂੰ ਜੋ ਫ਼ੈਸਲਾ ਸੁਣਾਇਆ, ਉਹ ਸੁਣ ਕੇ ਪਿਤਾ ਮਹਾਰਾਜਾ ਪਰਮਜੀਤ ਸਿੰਘ ਨੂੰ ਸਦੀਵੀ ਮਾਨਸਿਕ ਸ਼ਾਂਤੀ ਮਿਲੀ | ਭਾਰਤੀ ਫ਼ੌਜ ਵਿਚ ਅਫ਼ਸਰ ਬਣ ਚੁੱਕੇ ਸੁਖਜੀਤ ਸਿੰਘ ਨੇ ਦਿ੍ੜ੍ਹਤਾ ਨਾਲ ਸਿੱਖੀ ਨਿਭਾਉਣ ਦੀ ਗੱਲ ਦੁਹਰਾਈ ਅਤੇ ਕਿਹਾ, 'ਪਿਤਾ ਜੀ, ਹੁਣ ਪਿਛਾਂਹ ਮੁੜਨ ਦਾ ਕੋਈ ਮਤਲਬ ਹੀ ਨਹੀਂ | ਦਾਦਾ ਜੀ ਦੀ ਸੌਗੰਧ ਆਖਰੀ ਸੁਆਸਾਂ ਤੱਕ ਨਿਭੇਗੀ | ਪਹਿਲਾਂ ਫ਼ੈਸਲਾ ਦਾਦਾ ਜੀ ਦਾ ਸੀ ਪਰ ਹੁਣ ਇਹ ਫ਼ੈਸਲਾ ਮੇਰਾ ਹੈ | ਮੈਂ ਸਗੋਂ ਫ਼ੌਜ ਵਿਚ ਸਿੱਖ ਰੈਜਮੈਂਟਾਂ ਦੇ ਜਵਾਨਾਂ ਲਈ ਰੋਲ-ਮਾਡਲ ਬਣਾਂਗਾ' |
ਪਰਮਵੀਰ ਚੱਕਰ-ਵਿਜੇਤਾ ਬਿ੍ਗੇਡੀਅਰ (ਰਿਟਾ:) ਮਹਾਰਾਜਾ ਸੁਖਜੀਤ ਸਿੰਘ ਅੱਜ ਵੀ ਸਟੇਟ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਆਪਣੇ ਦਾਦੇ ਮਹਾਰਾਜਾ ਜਗਤਜੀਤ ਸਿੰਘ ਵਲੋਂ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕੀਤੀ ਹੋਈ ਸੌਗੰਧ ਨੂੰ ਬਾ-ਖੂਬੀ ਨਿਭਾ ਰਹੇ ਹਨ |
-ਨਡਾਲਾ (ਜ਼ਿਲ੍ਹਾ ਕਪੂਰਥਲਾ)
ਮੋਬਾਈਲ : 97798-53245
asgnadalaghuman@gmail.com