(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇੱਥੇ ਦੋਵਾਂ ਨੇ ਸਾਂਝੇ ਤੌਰ 'ਤੇ 'ਦ ਰੈੱਡ ਵਾਈਨਯਾਰਡ (The Red Vineyard)'” ਨਾਂਅ ਦੀ ਪੇਂਟਿੰਗ ਤਿਆਰ ਕੀਤੀ | ਇਸ ਪੇਂਟਿੰਗ ਵਿਚ ਅੰਗੂਰਾਂ ਦੇ ਬਾਗ ਵਿਚ ਕੰਮ ਕਰਦੇ ਮਿਹਨਤਕਸ਼ ਲੋਕਾਂ ਨੂੰ ਵਿਖਾਇਆ ਗਿਆ ਸੀ | ਪਰ ਛੇਤੀਂ ਹੀ ਵੈਨ ਗੌਗ ਦਾ ਪੀਲੇ ਘਰ ਰਾਹੀਂ ਕਲਾਕਾਰਾਂ ਦੀ ਬਸਤੀ ਵਸਾਉਣ ਦਾ ਸੁਪਨਾ ਉਦੋਂ ਚਕਨਾ-ਚੂਰ ਹੋ ਗਿਆ ਜਦੋਂ ਦੋਵਾਂ ਦੋਸਤਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ | ਵੈਨ ਗੌਗ ਜੋ ਕਿ ਪਹਿਲਾਂ ਹੀ ਗੰਭੀਰ ਮਾਨਸਿਕ ਰੋਗ ਮਿਰਗੀ ਅਤੇ 2i-Polar 4isorder ਤੋਂ ਪੀੜਤ ਸੀ | ਉਸ ਨੇ ਇਸ ਬਹਿਸ ਦੌਰਾਨ ਗੁੱਸੇ 'ਚ ਆ ਕੇ ਆਪਣੇ ਕੰਨ ਦਾ ਹੇਠਲਾ ਹਿੱਸਾ ਬਲੇਡ ਨਾਲ ਆਪ ਹੀ ਕੱਟ ਸੁੱਟਿਆ | ਅਜਿਹਾ ਕਰਨ ਨਾਲ ਉਸ ਦੀ ਮਾਨਸਿਕ ਸਥਿਤੀ ਹੋਰ ਵੀ ਜ਼ਿਆਦਾ ਵਿਗੜ ਗਈ | ਉਸ ਨੇ ਆਪਣੇ ਕੰਨ ਦਾ ਕੱਟਿਆ ਹੋਇਆ ਹਿੱਸਾ ਇਕ ਰੁਮਾਲ 'ਚ ਲਪੇਟ ਕੇ ਆਪਣੇ ਕਮਰੇ ਤੋਂ ਬਾਹਰ ਕਿਸੇ ਔਰਤ ਨੂੰ ਸੌਂਪਿਆ ਅਤੇ ਖੁਦ ਹੀ ਜਾ ਕੇ ਫਰਾਂਸ ਦੇ 'ਸੇਂਟ ਰੇਮੀ' ਦੇ ਪਾਗਲਖਾਨੇ ਵਿਚ ਦਾਖਲ ਹੋ ਗਿਆ | ਵੈਨ ਗੌਗ ਦੇ ਅੰਦਰਲੀ ਪੇਂਟਿੰਗ ਦੀ ਪ੍ਰਤਿਭਾ ਨੂੰ ਸਮਝਦੇ ਹੋਏ ਇਸ ਹਸਪਤਾਲ ਵਲੋਂ ਉਸ ਨੂੰ ਚਿੱਤਰਕਾਰੀ ਕਰਨ ਲਈ ਵੱਖਰਾ ਕਮਰਾ ਅਲਾਟ ਕਰ ਦਿੱਤਾ ਗਿਆ | ਮਾਨਸਿਕ ਰੋਗਾਂ ਦੇ ਇਸ ਹਸਪਤਾਲ ਵਿਚ ਹੀ ਵੈਨ ਗੌਗ ਹੱਥੋਂ ਦੁਨੀਆ ਦੀ ਸਭ ਤੋਂ ਮਹਾਨ ਪੇਂਟਿੰਗ 'ਤਾਰਿਆਂ ਭਰੀ ਰਾਤ' (The Starry Night) ਦਾ ਜਨਮ ਹੋਇਆ | ਹਸਪਤਾਲ ਵਿਚ ਬੈੱਡ 'ਤੇ ਪਿਆ ਵੈਨ ਗੌਗ ਖਿੜਕੀ ਰਾਹੀਂ ਰਾਤ ਦੇ ਹਨੇਰੇ ਵਿਚ ਤਾਰਿਆਂ ਨਾਲ ਭਰੇ ਅਸਮਾਨ ਵੱਲ ਵੇਖਦਾ ਰਿਹਾ | ਇਸ ਮਾਨਸਿਕ ਰੋਗੀ ਨੇ ਤਾਰਿਆਂ ਦੇ ਦਿ੍ਸ਼ ਨੂੰ ਆਪਣੇ ਮਨ 'ਚ ਸਮੋ ਲਿਆ ਅਤੇ ਸਵੇਰੇ ਸੂਰਜ ਦੀ ਰੌਸ਼ਨੀ 'ਚ ਬੈਠ ਉਹ ਦਿ੍ਸ਼ ਆਪਣੀ ਕੈਨਵਸ ਉੱਤੇ ਉਤਾਰ ਦਿੱਤਾ | ਡਾਕਟਰਾਂ ਵਲੋਂ ਜਦੋਂ ਉਸ ਨੂੰ ਹਸਪਤਾਲ ਦੇ ਬਾਗ 'ਚ ਟਹਿਲਣ ਦੀ ਆਗਿਆ ਮਿਲੀ ਤਾਂ ਵੈਨ ਗੌਗ ਨੇ “ਇਰਿਸਿਜ਼ (9rises)” ਨਾਂਅ ਦੇ ਫੁੱਲਾਂ ਦੀ ਪੇਂਟਿੰਗ ਤਿਆਰ ਕੀਤੀ | ਇਹ ਪੇਂਟਿੰਗ ਉਸ ਦੀ ਰੂਹ ਦੀ ਅਵਸਥਾ ਹੈ | ਇਸ ਵਿਚ ਦਰਦ ਅਤੇ ਖੂਬਸੂਰਤੀ ਇਕ ਦੂਜੇ ਦੇ ਗਲ ਮਿਲਦੇ ਵਿਖਾਈ ਦਿੰਦੇ ਹਨ | ਉਸ ਨੇ ਆਪਣੇ ਭਰਾ ਨੂੰ ਲਿਖਿਆ ਕਿ ਧਿਆਨ ਰਹੇ, “ਲੋਕ ਇਸ ਨੂੰ 'ਪਾਗਲਖਾਨੇ ਦੀ ਪੇਟਿੰਗ' ਨਾ ਸਮਝਣ, ਇਹ ਪੇਂਟਿੰਗ, 'ਜੀਵਨ ਦੀ ਪੇਂਟਿੰਗ' ਹੈ | ਮੈਂ ਅੱਜ ਭਾਵੇਂ ਇਸ ਪਾਗਲਖਾਨੇ ਦੀਆ ਕੰਧਾਂ ਪਿੱਛੇ ਕੈਦ ਹਾਂ ਪਰ ਮੇਰੀ ਰੂਹ ਅੱਜ ਵੀ ਇਨ੍ਹਾਂ ਇਰਿਸਿਜ਼ ਦੇ ਫੁੱਲਾਂ ਦੀ ਤਰ੍ਹਾਂ ਆਜ਼ਾਦ ਹੈ |“
![]()
ਵਿਨਸੈਂਟ ਵਿਨੈ ਗੌਗ ਦੀ ਮਾਨਸਿਕ ਬਿਮਾਰੀ ਐਨੀ ਜ਼ਿਆਦਾ ਭਿਆਨਕ ਸੀ ਕਿ ਉਹ ਜਦ ਨਾਰਮਲ ਹੁੰਦਾ ਤਾਂ ਰੰਗ ਭਿੱਜੇ ਬੁਰਸ਼ ਉਸ ਦੀਆਂ ਦੀਆਂ ਉਗਲਾਂ 'ਤੇ ਇਸ ਕਦਰ ਨੱਚ ਰਹੇ ਹੁੰਦੇ ਕਿ ਉਹ ਚੜ੍ਹਦੇ ਦਿਨ ਨਵੀਂ ਪੇਂਟਿੰਗ ਦੀ ਸਿਰਜ਼ਣਾ ਕਰ ਦਿੰਦਾ | ਜਿਵੇਂ ਹੀ ਵੈਨ ਗੌਗ ਨੂੰ ਦਿਮਾਗੀ ਦੌਰਾ ਪੈਂਦਾ ਤਾਂ ਉਸ ਨੂੰ ਸਭ ਕੁੱਝ ਜ਼ਹਿਰ ਵਿਖਾਈ ਦੇਣ ਲੱਗ ਜਾਂਦਾ | ਇੱਥੋਂ ਤੱਕ ਉਹ ਆਪਣੇ ਰੰਗਾਂ ਨੂੰ ਹੀ ਜ਼ਹਿਰ ਜਾਣ ਨਿਗਲ ਜਾਣਾ ਲੋਚਦਾ | ਜਿਸ ਕਿਸੇ ਨੇ ਵੀ ਉਸ ਨੂੰ ਬਿਮਾਰ ਹੋਏ ਨੂੰ ਵੇਖਿਆ ਹੁੰਦਾ, ਉਹ ਕੋਈ ਵੀ ਉਸ ਦੁਆਰਾ ਕੀਤੀਆਂ ਪੇਂਟਿੰਗਾਂ ਦਾ ਵਿਸ਼ਵਾਸ ਨਾ ਕਰ ਪਾਉਂਦਾ |
ਮਈ 1890 ਵਿਚ ਵੈਨ ਗੌਗ ਨੂੰ ਪਾਗਲਖਾਨੇ ਤੋਂ ਛੁੱਟੀ ਮਿਲਣ ਉਪਰੰਤ ਉਹ ਪੈਰਿਸ ਦੇ ਇਕ ਪਿੰਡ ਓਵਰਸ-ਸੁਰ-ਓਇਸ ਆ ਗਿਆ | ਇੱਥੇ ਉਸ ਦੀ ਸਿਹਤ ਦਾ ਖ਼ਿਆਲ ਡਾਕਟਰ ਪਾਲ ਗਾਸ਼ੇ ਰੱਖ ਰਹੇ ਸਨ | ਡਾ. ਗਾਸ਼ੇ ਖੁਦ ਇਕ ਕਲਾ ਪ੍ਰੇਮੀ ਹੋਣ ਕਾਰਨ ਵੈਨ ਗੌਗ ਦੇ ਜਨੂੰਨ ਨੂੰ ਬਾਖੂਬੀ ਸਮਝਦੇ ਸਨ | ਵੈਨ ਗੌਗ ਨੇ ਆਪਣੇ ਭਰਾ ਨੂੰ ਲਿਖਿਆ, “ਮੈਨੂੰ ਲਗਦਾ ਹੈ ਕਿ ਡਾਕਟਰ ਗਾਸ਼ੇ ਵੀ ਮੇਰੇ ਵਰਗੇ ਪਾਗਲ ਹਨ, ਜੋ ਮੇਰੀਆਂ ਭਾਵਨਾਵਾਂ ਸਮਝ ਸਕਣ ਦਾ ਦਾਅਵਾ ਕਰਦੇ ਹਨ, ਮੇਰੇ ਤੋਂ ਜ਼ਿਆਦਾ ਤੇਜ਼ ਦਵਾਈ ਦੀ ਜ਼ਰੂਰਤ ਮੇਰੇ ਡਾਕਟਰ ਸਾਹਿਬ ਨੂੰ ਹੈ |“ ਵੈਨ ਗੌਗ ਨੇ ਉਸ ਦੀ ਨਿਗਰਾਨੀ 'ਚ ਰਹਿੰਦੇ ਹੋਏ ਉਦਾਸ ਮੁਦਰਾ ਵਿਚ ਬੈਠਿਆਂ ਡਾਕਟਰ ਗਾਸ਼ੇ ਦੀ ਇਕ ਪੇਂਟਿੰਗ “ਦ ਪੋਟਰੇਟ ਆਫ਼ ਡਾ.ਗਾਸ਼ੇ” ਤਿਆਰ ਕੀਤੀ | ਚਿੱਤਰ ਵਿਚ ਡਾਕਟਰ ਗਾਸ਼ੇ ਦੇ ਚਿਹਰੇ 'ਤੇ ਵਿਖਾਈ ਦੇ ਰਹੀ ਗੰਭੀਰਤਾ ਅਤੇ ਪੀੜ ਅਸਲ ਵੈਨ ਗੌਗ ਦੀ ਆਪਣੀ ਮਨੋਦਸ਼ਾ ਹੈ | ਇਹ ਪੇਂਟਿੰਗ ਇਕ ਸ਼ਾਂਤ ਪੋਟਰੇਟ ਨਾ ਹੋ ਕੇ ਵੈਨ ਗੌਗ ਦੀਆਂ ਭਾਵਨਾਵਾਂ ਦਾ ਇਕ ਹੜ੍ਹ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮਾਨਸਿਕ ਸਿਹਤ ਕੌਂਸਲਰ, ਮਾਈਾਡ ਕਲੈਰਿਟੀ ਸੈਂਟਰ, ਬੰਗਾ, ਜ਼ਿਲ੍ਹਾ: ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98154-61875