ਅਰਜਨਟੀਨਾ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਲਿਓਨਲ ਮੈਸੀ ਨੇ ਖੇਡ ਨੂੰ ਬਹੁਤ ਕੁਝ ਦਿੱਤਾ ਪਰ ਖੇਡ ਨੇ ਉਸ ਨੂੰ ਸਭ ਕੁਝ ਦਿੱਤਾ ਹੈ | ਮਹਾਨ ਖਿਡਾਰੀ ਪੇਲੇ ਨਾਲ 'ਫੀਫਾ ਦਾ ਸਦੀ ਦਾ ਫੁੱਟਬਾਲ ਖਿਡਾਰੀ' ਨਾਂਅ ਦਾ ਸਨਮਾਨ ਸਾਂਝਾ ਕਰਨ ਵਾਲੇ ਡੀਆਗੋ ਮਾਰਾਡੋਨਾ ਨੂੰ ਆਪਣਾ ਪ੍ਰੇਰਨਾ-ਸ੍ਰੋਤ ਮੰਨਣ ਵਾਲੇ ਲਿਓਨਲ ਮੈਸੀ ਨੇ ਆਖਿਰ ਪਿਛਲੇ ਦਿਨੀਂ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਆਖ ਦਿੱਤੀ | ਕੁਝ ਦਿਨ ਪਹਿਲਾਂ ਹੀ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਮੈਸੀ ਨੇ ਆਖ ਦਿੱਤਾ ਸੀ, 'ਮੈਨੂੰ ਯਕੀਨ ਨਹੀਂ ਕਿ ਮੈਂ ਹੋਰ ਲੰਮਾ ਸਮਾਂ ਖੇਡ ਸਕਾਂਗਾ' | ਭਾਵ ਕਿ ਉਸ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ 'ਬਾਏ–ਬਾਏ' ਆਖਣ ਦਾ ਫ਼ੈਸਲਾ ਲੈ ਲਿਆ ਸੀ | ਮੈਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਸੀ 'ਇਹ ਉਹ ਫ਼ੈਸਲਾ ਹੈ, ਜਿਸ ਦਾ ਉਸ ਨੂੰ ਕਸ਼ਟ ਹੋ ਰਿਹਾ ਹੈ...ਅਤੇ ਧੁਰ ਅੰਦਰ ਤੱਕ ਕਸ਼ਟ ਹੋ ਰਿਹਾ ਹੈ...ਪਰ ਮੈਂ ਸਮਝਦਾ ਹਾਂ ਕਿ ਸਮਾਂ ਆ ਗਿਆ ਹੈ' | ਉਸ ਨੇ ਅੱਗੇ ਲਿਖਿਆ ਸੀ, 'ਸਮਾਂ ਜਲਦੀ ਨਾਲ ਦੌੜ ਰਿਹਾ ਹੈ...ਇਹ ਅਧਿਆਏ ਖ਼ਤਮ ਹੋਇਆ...ਜੋ ਮੈਨੂੰ ਅਤਿਅੰਤ ਦੁਖੀ ਕਰ ਰਿਹਾ ਹੈ...ਮੈਂ ਆਪਣੀ ਕੌਮੀ ਟੀਮ ਨੂੰ ਪਿਆਰ ਕਰਦਾ ਰਿਹਾ ਹਾਂ, ਕਰਦਾ ਹਾਂ ਅਤੇ ਸਦਾ ਕਰਦਾ ਰਹਾਂਗਾ... ਮੈਂ ਟੀਮ ਨੂੰ ਉਹ ਸਭ ਕੁਝ ਦਿੱਤਾ ਹੈ, ਜੋ ਮੇਰੇ ਕੋਲ ਸੀ ਪਰ ਹੁਣ ਕਈ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਨੂੰ ਟੀਮ ਵਿਚ ਹੋਣਾ ਚਾਹੀਦਾ ਹੈ' | ਫੁੱਟਬਾਲ ਦੇ ਪ੍ਰਸੰਸਕ ਮੈਸੀ ਦੀ ਤੁਲਨਾ ਪੁਰਤਗਾਲ ਦੇ ਮਹਾਨ ਖਿਡਾਰੀ ਕਿ੍ਸਟਿਆਨੋ ਰਿਨਾਲਡੋ ਨਾਲ ਕਰਦੇ ਰਹੇ ਹਨ | 41 ਸਾਲ ਦੇ ਰੋਨਾਲਡੋ ਨੇ ਮੈਸੀ ਤੋਂ ਪਹਿਲਾਂ ਆਪਣੇ ਦੇਸ਼ ਲਈ ਕੌਮਾਂਤਰੀ ਟੂਰਨਾਮੈਂਟ ਜਿੱਤਿਆ ਸੀ ਅਤੇ ਉਸ ਨੇ ਮੈਸੀ ਦੇ 125 ਕੌਮਾਂਤਰੀ ਗੋਲਾਂ ਦੀ ਤੁਲਨਾ ਵਿਚ 146 ਗੋਲ ਕੀਤੇ ਹਨ | ਪਰ ਮੈਸੀ ਨੇ ਇਕ ਵਿਸ਼ਵ ਕੱਪ ਅਤੇ ਦੋ ਕੋਪਾ ਅਮਰੀਕਾ ਟਾਈਟਲ ਜਿੱਤਾਂ ਨਾਲ ਰੋਨਾਲਡੋ ਨੂੰ ਪਿਛਾੜ ਦਿੱਤਾ ਸੀ | ਵਿਸ਼ਵ ਕੱਪ ਵਿਚ ਇਕੱਲਾ ਕਿਲੀਅਨ ਐਮਬਾਪੇ (22 ਗੋਲ) ਹੀ ਅਜਿਹਾ ਖਿਡਾਰੀ ਹੈ, ਜਿਸ ਨੇ ਮੈਸੀ (21 ਗੋਲ) ਤੋਂ ਵੱਧ ਗੋਲ ਕੀਤੇ ਹਨ |
![]()
ਮੈਸੀ ਦੀ ਜ਼ਿੰਦਗੀ ਦੇ ਕੁਝ ਅਹਿਮ ਪਲ ਹਨ ਜਿਵੇਂ 2008 ਦੇ ਬੀਜਿੰਗ ਉਲੰਪਿਕ ਵਿਚ ਅਰਜਨਟੀਨਾ ਦੀ ਟੀਮ ਨੇ ਨਾਈਜੀਰੀਆ ਨੂੰ ਫਾਈਨਲ ਮੁਕਾਬਲੇ ਵਿਚ 1-0 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ | ਮੈਸੀ ਨੇ ਆਪਣੇ ਗੋਲਾਂ ਅਤੇ ਆਪਣੇ ਖੇਡ ਹੁਨਰ ਨਾਲ ਅਰਜਨਟੀਨਾ ਦੀ ਟੀਮ ਨੂੰ ਤਿੰਨ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਇਆ ਸੀ | ਬ੍ਰਾਜ਼ੀਲ ਵਿਚ ਖੇਡੇ ਗਏ 2014 ਦੇ ਫੀਫਾ ਵਿਸ਼ਵ ਕੱਪ ਵਿਚ ਮੈਸੀ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਸੀ | ਇਸ ਟੂਰਨਾਮੈਂਟ ਵਿਚ ਮੈਸੀ ਵਲੋਂ ਬੇਸ਼ਕੀਮਤੀ ਚਾਰ ਗੋਲਾਂ ਦਾ ਯੋਗਦਾਨ ਪਾਇਆ ਗਿਆ ਸੀ ਅਤੇ ਅਰਜਨਟੀਨਾ ਦੀ ਟੀਮ ਜਰਮਨੀ ਕੋਲੋਂ ਫਾਈਨਲ ਵਿਚ ਹਾਰ ਕੇ ਉਪ ਜੇਤੂ ਰਹੀ ਸੀ | ਦਸੰਬਰ 2022 ਵਿਚ ਕਤਰ ਵਿਚ ਅਰਜਨਟੀਨਾ ਫੁੱਟਬਾਲ ਲਈ ਜਿਵੇਂ ਸਰਦੀ ਦੇ ਦਿਨਾਂ 'ਚ ਸਿਖਰ ਦੁਪਹਿਰ ਦੀ ਗਰਮੀ ਜਿਹਾ ਸੀ, ਜਦੋਂ 36 ਸਾਲ ਬਾਅਦ ਉਸ ਨੇ ਫੀਫਾ ਕੱਪ ਜਿੱਤਿਆ ਸੀ ਅਤੇ ਮੈਸੀ ਵਲੋਂ ਸੱਤ ਅਹਿਮ ਗੋਲ ਕਰਨ ਕਰਕੇ ਉਸ ਨੂੰ ਗੋਲਡਨ ਬਾਲ ਨਾਲ ਸਨਮਾਨਿਆ ਗਿਆ ਸੀ | ਇਸ ਸਾਲ 2026 ਵਿਚ ਉਹ ਛੇਵੀਂ ਵਾਰ ਵਿਸ਼ਵ ਕੱਪ ਖੇਡਣ ਲਈ ਉੱਤਰਿਆ ਸੀ ਅਤੇ ਅਰਜਨਟੀਨਾ ਦੀ ਟੀਮ ਫਾਈਨਲ ਤੱਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਵੀ ਕਰ ਰਹੀ ਸੀ ਪਰ ਫਾਈਨਲ ਮੈਚ ਵਿਚ ਸਪੇਨ ਦੀ ਟੀਮ ਨੇ ਅਰਜਨਟੀਨਾ ਦੀ ਖੇਡ ਨੂੰ ਫਿੱਕਾ ਕਰ ਦਿੱਤਾ ਸੀ | ਇਸ ਵਿਚ ਸਪੇਨ ਦੀ ਟੀਮ ਪੂਰੀ ਤਰ੍ਹਾਂ ਹਾਵੀ ਰਹੀ ਸੀ ਅਤੇ ਵਿਸ਼ਵ ਕੱਪ ਜਿੱਤ ਗਈ ਸੀ | ਪਿਛਲੇ ਦੋ ਵਿਸ਼ਵ ਕੱਪਾਂ ਵਿਚ ਜਿਹੜੇ ਪੰਦਰਾਂ ਮੈਚ ਮੈਸੀ ਨੇ ਅਰਜਨਟੀਨਾ ਵਲੋਂ ਖੇਡੇ ਹਨ, ਉਨ੍ਹਾਂ ਵਿਚੋਂ ਦਸ ਵਾਰ ਉਸ ਨੂੰ 'ਪਲੇਅਰ ਆਫ ਦ ਮੈਚ' ਦਿੱਤਾ ਗਿਆ ਸੀ | ਵਿਸ਼ਵ ਕੱਪ ਵਿਚ ਦੋ ਵਾਰ ਗੋਲਡਨ ਬਾਲ ਭਾਵ ਸੁਨਹਿਰੀ ਗੇਂਦ ਜਿੱਤਣ ਵਾਲਾ ਉਹ ਇੱਕੋ-ਇਕ ਖਿਡਾਰੀ ਹੈ |
ਖੇਡ ਪ੍ਰਸੰਸਕਾਂ ਵਲੋਂ 'ਲਿਓ' ਦੇ ਨਾਂਅ ਨਾਲ ਮਸ਼ਹੂਰ ਮੈਸੀ ਨੇ ਆਪਣੇ ਦੇਸ਼ ਅਰਜਨਟੀਨਾ ਦੀ ਰਾਸ਼ਟਰੀ ਟੀਮ ਵਲੋਂ ਖੇਡਦਿਆਂ 207 ਮੈਚਾਂ ਵਿਚ 125 ਗੋਲਾਂ ਦਾ ਅਹਿਮ ਯੋਗਦਾਨ ਪਾਇਆ ਸੀ |
ਮੈਸੀ ਨੇ ਕੌਮਾਂਤਰੀ ਪੱਧਰ ਉ ੱਤੇ 927 ਗੋਲ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ | ਉਸ ਨੂੰ ਅੱਠ ਵਾਰ ਬੈਲਨ ਡਰ, ਛੇ ਵਾਰ ਯੂਰਪੀ ਗੋਲਡਨ ਸ਼ੂ, ਦੋ ਵਾਰ ਫੀਫਾ ਵਿਸ਼ਵ ਕੱਪ ਦਾ ਗੋਲਡਨ ਬਾਲ (2014, 2022), ਫੀਫਾ ਕਲੱਬ ਵਿਸ਼ਵ ਕੱਪ ਦਾ ਗੋਲਡਨ ਬਾਲ (2009, 2011), ਫੀਫਾ ਵਲੋਂ ਅੱਠ ਵਾਰ ਵਿਸ਼ਵ ਦਾ ਬੈਸਟ ਪਲੇਅਰ ਅਤੇ ਐੱਮ.ਐੱਲ.ਐੱਸ. ਦੇ ਗੋਲਡਨ ਬੂਟ (2025) ਤੋਂ ਇਲਾਵਾ ਅਨੇਕਾਂ ਸਨਮਾਨਾਂ ਨਾਲ ਸਤਕਾਰਿਆ ਜਾ ਚੁੱਕਾ ਹੈ |
ਮੈਸੀ ਨੇ ਆਪਣੇ ਕਲੱਬ ਕਰੀਅਰ ਵਿਚ ਅਨੇਕਾਂ ਟਰਾਫੀਆਂ ਜਿੱਤੀਆਂ ਜਾਂ ਰਨਰ ਅੱਪ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ, ਜਿਨ੍ਹਾਂ ਵਿਚੋਂ ਵੱਕਾਰੀ ਚੈਂਪੀਅਨ ਲੀਗ, ਲਾ ਲਿਗਾ, ਸੁਪਰ ਕੱਪ, ਲੀਗ 1, ਲੀਗ ਕੱਪ, ਕੋਪਾ ਅਮਰੀਕਾ, ਸਪੋਰਟਰਸ ਸ਼ੀਲਡ, ਫਿਨਾਲਿਸੀਮਾ, ਫੀਫਾ ਕਲੱਬ ਵਿਸ਼ਵ ਕੱਪ ਆਦਿ ਸ਼ਾਮਿਲ ਹਨ | ਮੈਸੀ ਨੇ ਜੁਲਾਈ 2023 ਵਿਚ ਇੰਟਰ ਮਿਆਮੀ ਕਲੱਬ ਨਾਲ ਉਦੋਂ ਸਬੰਧ ਜੋੜਿਆ ਸੀ ਜਦੋਂ ਇਹ ਕਲੱਬ ਹੇਠਲੇ ਪਾਏਦਾਨ 'ਤੇ ਚੱਲ ਰਹੀ ਸੀ | ਮਹਿਜ਼ ਤਿੰਨ ਸਾਲਾਂ ਵਿਚ ਹੀ ਮਿਆਮੀ ਕਲੱਬ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਕੇ ਜਾਣ ਲਈ ਮੈਸੀ ਦੀ ਚਾਰੇ ਪਾਸੇ ਪ੍ਰਸੰਸਾ ਕੀਤੀ ਜਾ ਰਹੀ ਹੈ | ਕਲੱਬ ਵਲੋਂ ਖੇਡਦਿਆਂ ਉਸ ਨੇ 72 ਮੈਚਾਂ ਵਿਚ 68 ਗੋਲਾਂ ਦਾ ਅਹਿਮ ਯੋਗਦਾਨ ਪਾਇਆ ਹੈ |
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 62842-20595