![]()
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵਿਨਸੈਂਟ ਵੈਨ ਗੌਗ ਉਸ ਵੇਲੇ 27 ਸਾਲ ਦਾ ਸੀ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਹ ਪਾਦਰੀ ਬਣਕੇ ਧਾਰਮਿਕ ਉਪਦੇਸ਼ ਦਿੰਦੇ ਰਹਿਣ ਦੀ ਬਜਾਏ ਰੰਗਾਂ ਰਾਹੀਂ ਕੁਦਰਤ ਦੇ ਜ਼ਿਆਦਾ ਨੇੜੇ ਜਾਂਦੇ ਹੋਏ ਆਪਣੇ ਲੋਕਾਂ ਦੇ ਕੰਮ ਆ ਸਕਦਾ ਹੈ | ਉਸ ਨੇ ਇਸ ਭਟਕਣ ਵਿਚ ਫ਼ੈਸਲਾ ਲਿਆ ਕਿ ਉਹ ਚਿੱਤਰਕਾਰੀ ਰਾਹੀਂ ਦੁਨੀਆ ਨੂੰ ਦੱਸਣਗੇ ਕਿ ਸੱਚਾ ਰੱਬ ਵਸਦਾ ਕਿੱਥੇ ਹੈ | ਇਸ ਉਦੇਸ਼ ਤਹਿਤ ਉਸ ਨੇ ਵਾਹ-ਵਾਹ ਖੱਟਣ ਲਈ ਰਾਜਸੀ ਮਹਿਲਾਂ ਜਾਂ ਰਾਜਿਆਂ ਦੇ ਚਿੱਤਰ ਨਹੀਂ ਬਣਾਏ ਸਗੋਂ ਉਸ ਨੇ ਗ਼ਰੀਬ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਕੈਨਵਸ 'ਤੇ ਉਤਾਰਿਆ | ਵੈਨ ਗੌਗ ਨੇ ਆਪਣੇ ਭਰਾ ਨੂੰ ਲਿਖਿਆ, “ਇਹ ਸੱਚ ਹੈ ਕਿ ਮੈਂ ਇਕ ਚਿੱਤਰਕਾਰ ਬਣਨਾ ਚਾਹੁੰਦਾ ਹਾਂ ਪਰ ਚਿੱਤਰਕਾਰੀ ਕਰਦੇ ਹੋਏ ਵੀ ਮੈਂ ਮਾਇਆਧਾਰੀ ਸੱਪ ਨਹੀਂ ਹੋ ਜਾਣਾ ਚਾਹੁੰਦਾ | ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਅੰਦਰ ਅਜਿਹਾ ਬਹੁਤ ਕੁੱਝ ਹੈ ਜੋ ਮੇਰੇ ਲੋਕਾਂ ਦੇ ਕੰਮ ਆ ਸਕਦਾ ਹੈ ਅਤੇ ਮੈਂ ਇਸ ਸਭ ਕੁਝ ਨੂੰ ਰੰਗਾਂ ਰਾਹੀਂ ਪ੍ਰਗਟਾਉਣ ਲਈ ਕਾਹਲਾ ਹਾਂ“ |
ਵੈਨ ਗੌਗ ਨੇ ਉਨ੍ਹਾਂ ਲੋਕਾਂ ਲਈ ਕੰਮ ਕਰਨਾ ਸ਼ੁਰੂ ਕੀਤਾ, ਜਿਨ੍ਹਾਂ ਲੋਕਾਂ ਨਾਲ ਬੈਠ ਉਹ ਕਦੇ ਇਕ ਕੌਲੀ ਵਿਚ ਖਾਇਆ ਕਰਦਾ ਸੀ ਜਾਂ ਜਿਨ੍ਹਾਂ ਨਾਲ ਉਹ ਜ਼ਮੀਨ 'ਤੇ ਚਾਦਰ ਵਿਛਾਕੇ ਸੌਂ ਜਾਂਦਾ ਹੁੰਦਾ ਸੀ | ਸ਼ੁਰੂਆਤ ਵਿਚ ਹੀ ਉਸ ਨੇ ਦੋ ਟੁੱਕ ਰੋਟੀ ਖਾਤਰ ਟੁੱਟ-ਟੁੱਟ ਮਰਦੇ ਮਜ਼ਦੂਰਾਂ ਦੇ ਸਕੈੱਚ ਬਣਾਏ | ਉਸ ਨੇ ਮਜ਼ਦੂਰਾਂ ਦੀਆਂ ਕੰਮ ਨਾਲ ਝੁਕੀਆਂ ਪਿੱਠਾਂ, ਮਿੱਟੀ ਨਾਲ ਮਿੱਟੀ ਹੁੰਦਿਆਂ ਬਿਆਈਆਂ ਨਾਲ ਫਟੇ ਹੱਥ-ਪੈਰ ਅਤੇ ਉਦਾਸ ਅੱਖਾਂ ਨੂੰ ਕੈਨਵੈੱਸ 'ਤੇ ਚਿਤਰਿਆ |
ਗ਼ਰੀਬੀ ਦਾ ਅਸਲੀ ਚਿਹਰਾ ਕੈਨਵੈੱਸ 'ਤੇ ਉਤਾਰਨ ਲਈ ਉਸ ਨੇ ਅਣ-ਗਿਣਤ ਦਿਨ-ਰਾਤ ਗ਼ਰੀਬ ਮਿਹਨਕਸ਼ਾਂ ਦੀ ਝੁੱਗੀਆਂ ਵਿਚ ਗੁਜ਼ਾਰੇ | ਇਨ੍ਹਾਂ ਕਿਰਤੀਆਂ ਨੂੰ ਨਿੱਤ ਦਿਨ ਉੱਬਲੇ ਹੋਏ ਆਲੂ ਖਾ ਕੇ ਢਿੱਡ ਭਰਦਿਆਂ ਵੇਖ ਵੈਨ ਗੌਗ ਨੇ ਆਪਣੀ ਮਹਾਨ ਕਲਾ ਕਿ੍ਤ “ਆਲੂ ਖਾਣੇ” (The Potato 5aters) ਦੀ ਸਿਰਜ਼ਣਾ ਕੀਤੀ | ਇਹ ਉਹ ਮਹਾਨ ਰਚਨਾ ਹੈ ਜਿਸ ਵਿਚ ਮਿਹਨਤਕਸ਼ ਲੋਕਾਂ ਦੇ ਖੁਰਦਰੇ ਅਤੇ ਰੱਟਣਾਂ ਭਰੇ ਹੱਥਾਂ ਵਿਚ ਫੜੇ ਖਾਣੇ ਨੂੰ ਕਿਸੇ ਧਾਰਮਿਕ ਸਥਾਨ ਤੋਂ ਮਿਲੇ ਪ੍ਰਸਾਦ ਬਰਾਬਰ ਵਿਖਾਇਆ ਗਿਆ ਹੈ | ਇਸ ਪੇਂਟਿੰਗ ਬਾਰੇ ਖ਼ਤ ਵਿਚ ਵੈਨ ਗੌਗ ਲਿਖਦਾ ਕਿ “ਮੈਂ 'ਆਲੂ ਖਾਣੇ' ਚਿੱਤਰ ਵਿਚ ਆਪਣਾ ਆਪ ਪੂਰੀ ਤਰ੍ਹਾਂ ਝੋਕ ਦਿੱਤਾ ਹੈ | ਮੈਂ ਨਹੀਂ ਚਾਹੁੰਦਾ ਕਿ ਕੋਈ ਇਸ ਨੂੰ ਸਿਰਫ਼ ਸੁੰਦਰ ਕਹੇ ਤੇ ਅੱਗੇ ਵਧ ਜਾਵੇ | ਮੇਰੀ ਇੱਛਾ ਹੈ ਕਿ ਲੋਕ ਇਸ ਪੇਂਟਿੰਗ ਰਾਹੀਂ ਮਿਹਨਤਕਸ਼ ਲੋਕਾਂ ਦੀ ਇਮਾਨਦਾਰੀ ਅਤੇ ਪਾਕੀਜ਼ਗੀ ਨੂੰ ਮਹਿਸੂਸ ਕਰਨ | ਮੈਨੂੰ ਪਤਾ ਹੈ ਕਿ ਰੱਜਦੇ-ਪੁੱਜਦੇ ਲੋਕ ਇਸ ਚਿੱਤਰ ਵੱਲ ਵੇਖ ਨੱਕ-ਮੂੰਹ ਵੱਟਣਗੇ ਪਰ ਮੇਰੇ ਲਈ ਇਹ ਪੇਂਟਿੰਗ ਇਕ ਇਬਾਦਤ ਦੀ ਤਰ੍ਹਾਂ ਹੈ |
ਨਵੰਬਰ 1888 ਦੌਰਾਨ ਵੈਨ ਗੌਗ ਨੇ ਫਰਾਂਸ ਦੇ ਆਰਲਜ਼ ਸ਼ਹਿਰ ਵਿਚ ਚਾਰ ਕਮਰਿਆਂ ਵਾਲਾ ਇਕ ਘਰ ਕਿਰਾਏ 'ਤੇ ਲਿਆ | ਉਸ ਦਾ ਸੁਪਨਾ ਸੀ ਕਿ ਦੁਨੀਆ ਭਰ ਤੋਂ ਚਿੱਤਰਕਾਰ ਇਸ ਘਰ ਵਿਚ ਆ ਕੇ ਠਹਿਰਨਗੇ ਅਤੇ ਇਕ-ਦੂਜੇ ਨਾਲ ਸਲਾਹ-ਮਸ਼ਵਰੇ ਕਰਦੇ ਹੋਏ ਬਹੁਤ ਕੁੱਝ ਨਵਾਂ ਸਿਰਜਿਆ ਕਰਨਗੇ | ਉਸ ਨੇ ਇਹ ਘਰ ਆਪਣੇ ਹੱਥੀਂ ਬਹੁਤ ਹੀ ਚਾਅ ਨਾਲ ਸਜਾਇਆ ਸੀ | ਵੈਨ ਗੌਗ ਨੇ The 2edroom ਨਾਂਅ ਦੀ ਮਸ਼ਹੂਰ ਪੇਂਟਿੰਗ ਵਿਚ ਸਾਦਗੀ ਅਤੇ ਸਕੂਨ ਨੂੰ ਚਿਤਰਦਿਆਂ ਇਸ ਘਰ ਦਾ ਹੀ ਦਿ੍ਸ਼ ਸਿਰਜਿਆ ਸੀ | ਆਪਣੇ ਪੁਰਾਣੇ ਮਿੱਤਰ ਅਤੇ ਨਾਮੀ ਚਿੱਤਰਕਾਰ ਪਾਲ ਗੌਗੁਇਨ ਦੁਆਰਾ ਉਸ ਨੂੰ ਇਸ ਸੁਪਨਿਆ ਦੇ 'ਪੀਲੇ ਘਰ' ਵਿਖੇ ਆਉਣ ਦਾ ਸੁਨੇਹਾ ਮਿਲਿਆ | ਪੀਲੇ ਘਰ ਵਿਚ ਚਿੱਤਰਕਾਰਾਂ ਦੀ ਆਮਦ ਸ਼ੁਰੂ ਹੋਣ 'ਤੇ ਉਸ ਦੇ ਚਾਵਾਂ ਦੀ ਕੋਈ ਹੱਦ ਨਾ ਰਹੀ | ਪਾਲ ਗੌਗੁਇਨ ਦੇ ਆਉਣ 'ਤੇ ਦੋਸਤੀ, ਉਮੀਦ ਅਤੇ ਸੂਰਜ ਦੀ ਰੌਸਨੀ ਦੇ ਪ੍ਰਤੀਕ ਪੀਲੇ ਰੰਗ ਤੋਂ ਉਸ ਨੇ ਸੂਰਜਮੁਖੀ ਦੇ ਫੁੱਲਾਂ ਨਾਲ ਇਹ ਘਰ ਸਜਾਇਆ | ਪਾਲ ਗੌਗੁਇਨ ਇਸ ਘਰ ਵਿਚ ਆਇਆ, ਵੈਨ ਗੌਗ ਨੇ ਆਪਣਾ ਦਿਲ ਵਿਛਾਕੇ ਉਸ ਦਾ ਸਵਾਗਤ ਕੀਤਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98154-61875