ਸੁਹਾਂਜਣਾ ਨੂੰ ਸਹਿਜਣ, ਡਰੱਮਸਟਿਕ ਟ੍ਰੀ ਅਤੇ ਮੋਰਿੰਗਾ ਵੀ ਕਿਹਾ ਜਾਂਦਾ ਹੈ | ਇਸ ਦਾ ਵਿਗਿਆਨਕ ਨਾਂਅ ਮੋਰਿੰਗਾ ਓਲੀਫੈਰਾ (Moringa oleifera) ਹੈ | ਇਸ ਨੂੰ ਲੰਬੀਆਂ ਫਲੀਆਂ ਲਗਦੀਆਂ ਹਨ ਅਤੇ ਇਸ ਦੇ ਪੱਤੇ ਕੁਦਰਤ ਨੇ ਏਦਾਂ ਚਿਣੇ ਹੁੰਦੇ ਨੇ ਜਿਵੇਂ ਕਿਸੇ ਤਜਰਬੇਕਾਰ ਜੌਹਰੀ ਨੇ ਵਧੀਆ ਡਿਜਾਈਨ ਵਿਚ ਮੋਤੀ ਚਿਣੇ ਹੋਣ | ਇਸ ਨੂੰ ਉੱਤਮ ਪੌਸ਼ਟਿਕ ਭੋਜਨ ਮੰਨਿਆ ਗਿਆ ਹੈ, ਜਿਸ ਵਿਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ | ਇਸ ਵਿਚ ਦੁੱਧ ਤੋਂ 7 ਗੁਣਾ ਕੈਲਸ਼ੀਅਮ, ਕੇਲੇ ਤੋਂ 4 ਗੁਣਾ ਪੋਟਾਸ਼ੀਅਮ ਅਤੇ 46 ਤਰ੍ਹਾਂ ਦੇ ਅਮਾਈਨੋ ਐਸਿਡ (1mino acids) ਪਾਏ ਜਾਂਦੇ ਹਨ, ਜੋ ਕਿ ਸਰੀਰ ਵਿਚ ਪ੍ਰੋਟੀਨ ਬਣਾਉਂਦੇ ਹਨ | ਕਾਫੀ ਦੇਸ਼ਾਂ ਵਿਚ ਇਸ ਦੀਆਂ ਫਲੀਆਂ ਕਾਫੀ ਮਹਿੰਗੀਆਂ ਮਿਲਦੀਆਂ ਹਨ ਅਤੇ ਲੋਕ ਇਨ੍ਹਾਂ ਨੂੰ ਬੜੇ ਸ਼ੌਂਕ ਅਤੇ ਮਾਣ ਨਾਲ ਖਾਂਦੇ ਹਨ | ਇਸ ਨੂੰ ਚਮਤਕਾਰੀ ਰੁੱਖ (The Miracle Tree) ਮੰਨਿਆ ਜਾਂਦਾ ਹੈ | ਇਹ ਗਰਮ ਤਾਸੀਰ ਦਾ ਪੌਦਾ ਹੈ ਅਤੇ ਸਰੀਰ ਵਿਚ ਵਾਤ ਅਤੇ ਕਫ ਨੂੰ ਦੂਰ ਕਰਦਾ ਹੈ | ਹੋਮਿਓਪੈਥੀ ਵਿਚ ਇਸ ਦਰੱਖਤ ਤੋਂ ਬਣੀ ਦਵਾਈ ਮੋਰਿੰਗਾ ਓਲੀਫੈਰਾ (Moringa oleifera) ਸਰੀਰਕ ਤਾਕਤ, ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਅਤੇ ਜਿਗਰ ਦੀ ਰੱਖਿਆ ਲਈ ਵਰਤੀ ਜਾਂਦੀ ਹੈ | ਇਸ ਦੇ ਮੁੱਖ ਤੌਰ 'ਤੇ ਪੱਤੇ ਅਤੇ ਫਲੀਆਂ ਭੋਜਨ ਅਤੇ ਦਵਾਈਆਂ ਵਿਚ ਵਰਤੇ ਜਾਂਦੇ ਹਨ | ਇਹ ਮੁੱਖ ਤੌਰ 'ਤੇ ਬਿਮਾਰੀਆਂ ਤੋਂ ਬਚਾ ਕੇ ਰੱਖਣ ਵਿਚ ਸਹਾਇਕ ਹੈ |
ਸੁਹਾਂਜਣਾ ਰੋਚਨ ਕਰਨ ਵਾਲਾ ਪੌਦਾ ਹੈ ਭਾਵ ਜਿਨ੍ਹਾਂ ਲੋਕਾਂ ਦਾ ਭੋਜਨ ਖਾਣ ਦਾ ਮਨ ਨਹੀਂ ਕਰਦਾ ਜਾਂ ਭੋਜਨ ਸੁਆਦ ਨਹੀਂ ਲਗਦਾ, ਉਨ੍ਹਾਂ ਵਿਚ ਭੋਜਨ ਦਾ ਸੁਆਦ, ਭੁੱਖ ਅਤੇ ਰੁਚੀ ਪੈਦਾ ਕਰਦਾ ਹੈ | ਸੁਹਾਂਜਣਾ ਦੇ ਪੱਤਿਆਂ ਦਾ ਦੋ ਚਮਚੇ ਰਸ ਮਿਸ਼ਰੀ ਪਾ ਕੇ ਲੈਣ ਨਾਲ ਇਹ ਜਠਰ ਅਗਨੀ ਨੂੰ ਮਜਬੂਤ ਕਰਦਾ ਹੈ, ਪੇਟ ਦੇ ਭਾਰੇਪਣ ਅਤੇ ਦਰਦ ਨੂੰ ਦੂਰ ਕਰਦਾ ਹੈ ਅਤੇ ਪਾਚਨਤੰਤਰ ਨੂੰ ਦਰੁੱਸਤ ਕਰਦਾ ਹੈ | ਇਹ ਜੀਭ ਦੀ ਸਫੈਦ ਪਰਤ ਨੂੰ ਘਟਾਉਂਦਾ ਹੈ | ਇਹ ਪਾਚਣ ਨੂੰ ਸਹੀ ਕਰਕੇ ਚਰਬੀ ਘਟਾਉਣ ਵਿਚ ਸਹਾਈ ਹੁੰਦਾ ਹੈ | ਇਹ ਮਾੜੇ ਕੋਲੈਸਟਰੋਲ ਨੂੰ ਘਟਾਉਂਦਾ ਹੈ, ਦਿਲ ਨੂੰ ਮਜ਼ਬੂਤ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਦਰੁੱਸਤ ਕਰਦਾ ਹੈ | ਇਸ ਦੇ ਸੇਵਨ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ | ਇਹ ਸਰੀਰ ਵਿਚ ਰਹਿਣ ਵਾਲੀ ਥਕਾਵਟ ਨੂੰ ਦੂਰ ਕਰਦਾ ਹੈ | ਇਹ ਮਾਂਹਵਾਰੀ ਨੂੰ ਨਿਯੰਤਰਿਤ ਕਰਦਾ ਹੈ ਅਤੇ ਮਾਂਹਵਾਰੀ ਦੇ ਦਰਦ ਨੂੰ ਘਟਾਉਂਦਾ ਹੈ | ਜਿਨ੍ਹਾਂ ਦੇ ਸਰੀਰ ਵਿਚ ਵਾਤ ਕਾਰਨ ਖੁਜਲੀ ਹੋਵੇ, ਉਸ ਨੂੰ ਇਹ ਠੀਕ ਕਰਦਾ ਹੈ | ਇਸ ਵਿਚ ਆਕਸੀਕਰਨ ਰੋਧਕ, ਸੋਜ-ਰੋਧਕ, ਬੈਕਟੀਰੀਆ ਰੋਧਕ ਅਤੇ ਰੋਗਾਣੂ ਰੋਧਕ ਤੱਤ ਹੁੰਦੇ ਹਨ | ਇਸ ਲਈ ਇਸ ਦੇ ਪੱਤਿਆਂ ਦਾ ਲੇਪ ਜ਼ਖ਼ਮਾਂ 'ਤੇ ਲਾਉਣਾ ਲਾਭਦਾਇਕ ਹੈ ਅਤੇ ਚਮੜੀ ਅਤੇ ਅੰਦਰੂਨੀ ਅੰਗਾਂ ਵਾਸਤੇ ਇਹ ਅਤਿ ਗੁਣਕਾਰੀ ਹੈ | ਇਸ ਦੇ ਸੱਕ ਜਾਂ ਪੱਤਿਆਂ ਦਾ ਕਾੜ੍ਹਾ ਸਰੀਰ ਵਿਚ ਗਰਮੀ ਪੈਦਾ ਕਰਕੇ ਪਸੀਨਾ ਲਿਆਉਣ ਵਿਚ ਸਹਾਈ ਹੁੰਦਾ ਹੈ ਅਤੇ ਇਸ ਕਰਕੇ ਬੁਖਾਰ ਉਤਾਰਨ ਲਈ ਲਾਭਦਾਇਕ ਹੈ | ਇਸ ਵਿਚ ਕੈਂਸਰ, ਦਮਾ ਅਤੇ ਸ਼ੂਗਰ ਵਿਰੋਧੀ ਤੱਤ ਵੀ ਪਾਏੇ ਜਾਂਦੇ ਹਨ | ਇਸ ਦੀਆਂ ਫਲੀਆਂ ਦਾ ਸੂਪ ਬਹੁਤ ਪੌਸ਼ਟਿਕ ਹੁੰਦਾ ਹੈ, ਜੋ ਸਰੀਰ ਵਿਚ ਬਿਮਾਰੀਆਂ ਨੂੰ ਲੜਨ ਦੀ ਸਮਰੱਥਾ ਅਤੇ ਤਾਕਤ ਪੈਦਾ ਕਰਦਾ ਹੈ | ਇਨ੍ਹਾਂ ਫਲੀਆਂ ਨੂੰ ਸਬਜ਼ੀ ਜਾਂ ਆਚਾਰ ਵਿਚ ਵੀ ਪਾਇਆ ਜਾ ਸਕਦਾ ਹੈ | ਇਸ ਦੇ ਬੀਜਾਂ ਦਾ ਤੇਲ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ |
ਸੁਹਾਂਜਣਾ ਦੇ ਪੱਤਿਆਂ ਦਾ ਇਕ ਚਮਚਾ ਚੂਰਨ ਕੋਸੇ ਪਾਣੀ ਜਾਂ ਲੱਸੀ ਵਿਚ ਘੋਲ ਕੇ ਖਾਲੀ ਪੇਟ ਸੇਵਨ ਅਤੇ ਇਸ ਦੇ ਪੱਤਿਆਂ ਦਾ ਲੇਪ ਸਰੀਰ ਵਿਚ ਵਾਤ ਵਧਣ ਕਾਰਨ ਹੋਣ ਵਾਲੀਆਂ ਦਰਦਾਂ, ਖਾਸਕਰ ਜੋੜਾਂ ਦੀਆਂ ਦਰਦਾਂ ਅਤੇ ਸੋਜ ਨੂੰ ਦੂਰ ਕਰਦਾ ਹੈ | ਇਹ ਸਰੀਰ ਵਿਚ ਕਾਫੀ ਗਰਮੀ ਪੈਦਾ ਕਰਦਾ ਹੈ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਗਰਮੀ ਜ਼ਿਆਦਾ ਹੈ, ਜਿਨ੍ਹਾਂ ਦੇ ਨਕਸੀਰ ਫੁੱਟਦੀ ਹੈ ਅਤੇ ਪਸੀਨਾ ਜ਼ਿਆਦਾ ਆਉਂਦਾ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ |
-ਮੋਬਾਈਲ : 85588-31900