ਉੱਚੀਆਂ ਤੇ ਸਿੱਧੀਆਂ ਖੜ੍ਹੀਆਂ ਚੱਟਾਨਾਂ ਜਾਂ ਤਿੱਖੀ ਢਾਲ ਵਾਲੀਆਂ ਪਹਾੜੀਆਂ ਉੱਤੇ ਜੰਮੇ ਬਰਫ਼ ਦੇ ਟੁਕੜਿਆਂ ਨੂੰ 'ਲਟਕਦੇ ਤੋਦੇ' (8anging glacier) ਆਖਦੇ ਹਨ | ਇਹ ਕਿਸੇ ਘਾਟੀ ਨੇੜੇ ਸਿੱਧੀ ਅਤੇ ਖੜ੍ਹਵੀਂ ਪਹਾੜੀ ਉੱਤੇ ਜੰਮੀ ਅਜਿਹੀ ਬਰਫ਼ ਹੁੰਦੀ ਹੈ, ਜਿਸ ਦੇ ਗਰਮੀ ਪੈਣ ਨਾਲ ਜਾਂ ਗੁਰਤਾ ਖਿੱਚ ਕਰਕੇ ਜਾਂ ਮੌਸਮੀ ਬਰਫ਼ ਪੈਣ ਨਾਲ ਇਨ੍ਹਾਂ ਦਾ ਭਾਰ ਵੱਧ ਜਾਣ ਕਰਕੇ ਜਾਂ ਭੁਚਾਲ ਆਉਣ ਕਰਕੇ ਧੜੰਮ ਕਰਕੇ ਡਿੱਗ ਪੈਂਣ ਦੀ ਸੰਭਾਵਾਨਾ ਹਰ ਵੇਲੇ ਬਣੀ ਰਹਿੰਦੀ ਹੈ | ਗਲੇਸ਼ੀਅਰ ਵਿਗਿਆਨੀ (7laciologist) ਚਿਤਾਵਨੀ ਦਿੰਦੇ ਹਨ ਕਿ ਕਿਉਂਕਿ ਅਜਿਹੇ ਤੋਦਿਆਂ ਵਿਚ ਵੱਡੀ ਮਾਤਰਾ ਵਿਚ ਪਾਣੀ ਅਤੇ ਬਰਫ਼ ਹੁੰਦੀ ਹੈ ਇਸ ਲਈ ਇਨ੍ਹਾਂ ਦੇ ਹੇਠਾਂ ਡਿੱਗਣ ਨਾਲ ਵੱਡੀ ਤਬਾਹੀ ਹੋਣ ਦੀ ਸੰਭਾਵਨਾ ਹੁੰਦੀ ਹੈ | ਖ਼ਾਸ ਕਰਕੇ ਗਰਮੀਆਂ ਜਾਂ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਦੀ ਬਰਫ਼ ਪਿਘਲਣ ਕਰ ਕੇ ਇਲਾਕੇ ਦੇ ਲੋਕਾਂ ਜਾਂ ਸੈਲਾਨੀਆਂ ਦੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ | ਮਾਹਿਰ ਅਜਿਹੀਆਂ ਘਟਨਾਵਾਂ ਵਾਪਰਨ ਪਿੱਛੇ ਪਹਾੜਾਂ ਉੱਤੇ ਅਜੋਕੇ ਮਨੁੱਖ ਦੀਆਂ ਵਧੀਆਂ ਭੌਤਿਕ ਅਤੇ ਮਸ਼ੀਨੀ ਗਤੀਵਿਧੀਆਂ ਕਰਕੇ ਪੈਦਾ ਹੋਈ ਤਪਸ਼ ਨੂੰ ਜ਼ਿੰਮੇਵਾਰ ਮੰਨਦੇ ਹਨ | ਵੇਖਿਆ ਗਿਆ ਹੈ ਕਿ ਜਿਵੇਂ–ਜਿਵੇਂ ਹਿਮਾਲਿਆ ਦਾ ਤਾਪਮਾਨ ਵਧ ਰਿਹਾ ਹੈ, ਉਸ ਦੇ ਨਾਲ ਹੀ ਲਟਕਦੇ ਬਰਫ਼ਾਨੀ ਤੋਦੇ ਅਸਥਿਰ ਬਣਦੇ ਜਾ ਰਹੇ ਹਨ ਭਾਵ ਡਿਗਣਸ਼ੀਲ ਬਣੀ ਜਾ ਰਹੇ ਹਨ | ਜਦੋਂ ਇਹ ਧੜੰਮ ਕਰਕੇ ਡਿੱਗਦੇ ਹਨ ਤਾਂ ਇਨ੍ਹਾਂ ਨਾਲ ਆਈ ਬਰਫ਼ ਅਤੇ ਮਿੱਟੀ–ਮਲਬਾ ਆਦਿ ਦਰਿਆ, ਨਹਿਰ ਜਾਂ ਨਾਲੇ ਦੇ ਰਸਤੇ ਨੂੰ ਰੋਕ ਦਿੰਦੇ ਹਨ ਅਤੇ ਪਿਛੋਂ ਆ ਰਿਹਾ ਲਗਾਤਾਰ ਪਾਣੀ ਦਾ ਵਹਾਅ ਅਚਨਚੇਤੀ ਹੜ੍ਹਾਂ ਦੇ ਹਾਲਾਤ ਪੈਦਾ ਕਰ ਦਿੰਦਾ ਹੈ | ਅਜਿਹੀ ਹੀ ਘਟਨਾ ਪਿਛਲੇ ਦਿਨੀਂ ਨਿਪਾਲ ਦੇ ਰਾਸੂਵਾ ਜ਼ਿਲ੍ਹੇ ਵਿਚ ਬਣੀ ਸੀ ਜਦੋਂ ਵੱਡ–ਆਕਾਰੀ ਬਰਫ਼ ਦੇ ਲਟਕਦੇ ਤੋਦੇ ਦੇ ਭੋਟੇਕੋਸ਼ੀ ਦਰਿਆ ਦੀ ਸਹਾਇਕ ਨਦੀ ਲੇਂਡੇ ਖ਼ੋਲਾ ਵਿਚ ਡਿੱਗਣ ਨਾਲ ਅਚਾਨਕ ਹੜ੍ਹ ਆ ਗਏ ਸਨ, ਜਿਸ ਵਿਚ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ | ਬਰਫ਼ ਡਿੱਗਣ ਦਾ ਝਟਕਾ ਐਨਾ ਵੱਡਾ ਸੀ ਕਿ ਇਸ ਨਾਲ ਨੇੜੇ–ਤੇੜੇ ਦੇ ਇਲਾਕੇ ਵਿਚ 5.2 ਰਿਕਟਰ ਸਕੇਲ ਦਾ ਭੁਚਾਲ ਆ ਗਿਆ ਸੀ | ਕੁਝ ਮਾਹਿਰਾਂ ਦਾ ਅਨੁਮਾਨ ਹੈ ਕਿ ਧਰਤੀ ਉੱਤੇ ਭੁਚਾਲ ਪਹਿਲਾਂ ਆਇਆ ਸੀ ਅਤੇ ਬਰਫ਼ ਦੀਆਂ ਢਿੱਗਾਂ ਬਾਅਦ ਵਿਚ ਰੁੜ੍ਹ ਕੇ ਥੱਲੇ ਆਈਆਂ ਸਨ |
ਭਾਰਤੀ ਹਿਮਾਲਿਆ ਖੇਤਰ ਵਿਚ ਅਨੁਮਾਨਤ ਛੋਟੇ–ਵੱਡੇ ਦਸ ਹਜ਼ਾਰ ਲਟਕਦੀ ਬਰਫ਼ ਦੇ ਤੋਦੇ ਹਨ, ਜਿਨ੍ਹਾਂ ਵਿਚੋਂ 1500 ਦੇ ਕਰੀਬ ਇਕਲੇ ਉੱਤਰਖੰਡ ਵਿਚ ਹੀ ਹਨ | ਅਪ੍ਰੈਲ, 2026 ਵਿਚ ਭੁਵਨੇਸ਼ਵਰ ਦੇ ਆਈ.ਆਈ.ਟੀ ਅਤੇ ਬੈਂਗਲੁਰੂ ਦੇ ਆਈ.ਆਈ.ਐੱਸ.ਸੀ. ਦੇ ਖੋਜੀਆਂ ਦੀਆਂ ਖੋਜਾਂ ਦੀ ਰਿਪੋਰਟ 'ਨੇਚਰ' ਨਾਂਅ ਦੇ ਵਿਗਿਆਨਕ ਰਸਾਲੇ ਵਿਚ ਛਪੀ ਸੀ, ਜਿਸ ਵਿਚ ਉੱਤਰਖੰਡ ਦੇ ਗੜ੍ਹਵਾਲ ਇਲਾਕੇ ਵਿਚ ਹੀ 219 ਬੇਹੱਦ ਸੰਵੇਦਨਸ਼ੀਲ ਲਟਕਦੇ ਬਰਫ਼ਾਨੀ ਤੋਦਿਆਂ ਦੀ ਪਛਾਣ ਕੀਤੀ ਗਈ ਹੈ | ਸੰਵੇਦਨਸ਼ੀਲ ਤੋਂ ਭਾਵ ਕਿ ਇਹ ਉਹ ਤੋਦੇ ਹਨ, ਜਿਨ੍ਹਾਂ ਦੇ ਡਿੱਗ ਕੇ ਆਲੇ–ਦੁਆਲੇ ਦੇ ਇਲਾਕੇ ਵਿਚ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾਉਣ ਦੀ ਪੂਰੀ–ਪੂਰੀ ਸੰਭਾਵਨਾ ਹੈ | ਇਨ੍ਹਾਂ ਵਿਚੋਂ ਇਕ ਤਿਹਾਈ ਭਾਵ 70–80 ਤੋਦੇ ਤਾਂ ਅਜਿਹੇ ਹਨ, ਜੋ ਬੇਹੱਦ ਡਾਂਵਾਂ–ਡੋਲ ਭਾਵ ਕਿ ਅਚਾਨਕ ਜਾਂ ਕਿਸੇ ਵੇਲੇ ਵੀ ਡਿੱਗਣ ਦੀ ਸਥਿਤੀ 'ਚ ਹਨ | ਇਨ੍ਹਾਂ ਦੇ ਅਚਾਨਕ ਡਿੱਗਣ ਦੀ ਸੰਭਾਵਨਾ ਨਾਲ ਅਲਕਨੰਦਾ ਨਦੀ ਦੇ ਨੇੜਲੇ ਖੇਤਰ 'ਚ ਰਹਿੰਦੇ ਲੋਕਾਂ ਦਾ ਜੀਵਨ ਹਮੇਸ਼ਾ ਖ਼ਤਰੇ ਵਿਚ ਹੀ ਰਹਿੰਦਾ ਹੈ, ਕਿਉਂਕਿ ਇਨ੍ਹਾਂ ਤੋਂ ਨਿਕਲਿਆ ਪਾਣੀ ਹੜ੍ਹਾਂ ਦਾ ਕਾਰਨ ਬਣਦਾ ਹੈ | ਅਸਲ ਵਿਚ ਇਸ ਦਾ ਕਾਰਨ ਵੀ ਮਨੁੱਖ ਦੁਆਰਾ ਕੀਤੀਆਂ ਗਈਆਂ ਗ਼ਲਤੀਆਂ ਹੀ ਹਨ | ਲੋਕਾਂ ਵਲੋਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਜਿਹੇ ਪਥਰਾਟ ਬਾਲਣ ਬਾਲ ਕੇ ਪੈਦਾ ਕੀਤੀਆਂ ਗਈਆਂ 'ਗਰੀਨ ਹਾਊਸ ਗੈਸਾਂ' ਆਲਮੀ ਤਪਸ਼ ਪੈਦਾ ਕਰਦੀਆਂ ਹਨ, ਜੋ ਲਟਕਦੇ ਤੋਦਿਆਂ ਦੇ ਤੇਜ਼ੀ ਨਾਲ ਪਿਘਲਣ ਦਾ ਮੁੱਖ ਕਾਰਨ ਹਨ | ਇਸੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਵੱਖ–ਵੱਖ ਇਲਾਕਿਆਂ ਵਿਚ ਵਾਰ-ਵਾਰ ਹੜ੍ਹ ਆ ਰਹੇ ਹਨ | ਜ਼ਿਕਰਯੋਗ ਹੈ ਕਿ ਸਾਲ 2021 ਵਿਚ ਚਮੋਲੀ ਦੁਰਘਟਨਾ ਦੌਰਾਨ ਬਰਫ਼ ਸਮੇਤ ਇਕ ਚਟਾਨ ਰਿਸ਼ੀਗੰਗਾ ਵਿਚ ਡਿੱਗ ਪਈ ਸੀ, ਜਿਸ ਵਿਚ ਦੋ ਸੌ ਲੋਕ ਮਾਰੇ ਗਏ ਸਨ ਅਤੇ ਛੋਟੇ–ਵੱਡੇ ਕਈ ਪੁਲ ਰੁੜ੍ਹ ਗਏ ਸਨ |
ਮਾਹਿਰਾਂ ਅਨੁਸਾਰ ਲਟਕਦੇ ਬਰਫ਼ਾਨੀ ਤੋਦਿਆਂ ਦੇ ਡਿੱਗ ਪੈਣ ਦੀ ਸੰਭਾਵਨਾ ਉਨ੍ਹਾਂ ਵਿਚਲੀ ਬਰਫ਼ ਦੇ ਭਾਰ ਅਤੇ ਭੁਚਾਲ ਦੀ ਤੀਬਰਤਾ ਉੱਤੇ ਨਿਰਭਰ ਕਰਦੀ ਹੈ |
ਅਨੇਕਾਂ ਫਾਇਦੇ ਵੀ ਹਨ ਲਟਕਦੇ ਤੋਦਿਆਂ ਦੇ : ਮਨੁੱਖਤਾ ਨੂੰ ਲਟਕਦੇ ਤੋਦਿਆਂ ਦੇ ਖ਼ਤਰਿਆਂ ਦੇ ਬਾਵਜੂਦ ਅਨੇਕਾਂ ਫਾਇਦੇ ਵੀ ਹਨ | ਧਰਤੀ ਦੇ ਸਮੂਹ ਲਟਕਦੇ ਤੋਦਿਆਂ ਅਤੇ ਗਲੇਸ਼ੀਅਰਾਂ (ਬਰਫ਼ੀਲੇ ਪਹਾੜ) ਦੀ ਪਿ੍ਥਵੀ ਉ ੱਤੇ ਮੌਜੂਦ ਮਨੁੱਖਾਂ ਅਤੇ ਬਾਕੀ ਹੋਰ ਜੀਵਾਂ ਦੇ ਜੀਵਨ ਦੀਆਂ ਪ੍ਰਕਿਰਿਆਵਾਂ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਹੁੰਦੀ ਹੈ | ਜਿਵੇਂ ਕਿ ਇਹ ਤਾਜ਼ੇ ਪਾਣੀ ਦੇ ਵੱਡੇ ਸ੍ਰੋਤ ਹਨ | ਇਨ੍ਹਾਂ ਦਾ ਖੁਰਦਾ ਪਾਣੀ ਸਿ੍ਸ਼ਟੀ ਦੇ ਸਮੂਹ ਜੀਵਾਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ | ਧਰਤੀ ਦੇ ਸਮੁੱਚੇ ਤਾਜ਼ੇ ਪਾਣੀ ਦੇ 70 ਫ਼ੀਸਦ ਸ੍ਰੋਤ ਲਟਕਦੇ ਤੋਦਿਆਂ ਅਤੇ ਬਰਫ਼ ਦੇ ਪਹਾੜਾਂ ਵਿਚ ਹੀ ਹਨ | ਭਰ ਗਰਮੀਆਂ 'ਚ ਜਦੋਂ ਵੱਡੇ ਪਹਾੜਾਂ ਦੀ ਬਰਫ਼ ਦਾ ਪਾਣੀ ਪਿਘਲ ਕੇ ਮੁੱਕ ਜਾਂਦਾ ਹੈ ਅਤੇ ਪਹਾੜਾਂ ਤੋਂ ਬਰਫ਼ ਮੁੱਕ ਜਾਂਦੀ ਹੈ ਤਾਂ ਲਟਕਦੇ ਤੋਦਿਆਂ ਦਾ ਪਾਣੀ ਹੀ ਆਦਮੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ | ਲਟਕਦੇ ਤੋਦਿਆਂ ਤੋਂ ਆਉਂਦਾ ਪਾਣੀ ਆਪਣੇ ਰਸਤਿਆਂ ਵਿਚ ਆਉਂਦੇ ਇਲਾਕਿਆਂ ਦੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉ ੱਚਾ ਚੁੱਕਣ ਵਿਚ ਵਿਸ਼ੇਸ਼ ਯੋਗਦਾਨ ਪਾਉਂਦਾ ਹੈ, ਜਿਸ ਕਰਕੇ ਇਸ ਨੂੰ ਕਰੋੜਾਂ ਲੋਕਾਂ ਲਈ ਪ੍ਰਾਣ-ਆਧਾਰ ਕਹਿਣ ਵਿਚ ਕੋਈ ਅਤਿ-ਕਥਨੀ ਨਹੀਂ ਹੋਵੇਗੀ | ਇਨ੍ਹਾਂ ਦਾ ਠੰਢਾ ਪਾਣੀ ਪਾਣੀ ਦੇ ਜੀਵਾਂ ਨੂੰ ਕੁਦਰਤੀ ਨਿਵਾਸ ਸਥਾਨ ਮੁਹੱਈਆ ਕਰਾ ਕੇ ਇਨ੍ਹਾਂ ਨੂੰ ਜਿਊਾਦੇ ਰਹਿਣ ਦੇ ਮੌਕੇ ਦਿੰਦਾ ਹੈ, ਜਿਸ ਨਾਲ ਗ੍ਰਹਿ ਉੱਤੇ ਜੈਵਿਕ–ਵਿਭਿੰਨਤਾ ਕਾਇਮ ਰਹਿੰਦੀ ਹੈ | ਇਸੇ ਤਰ੍ਹਾਂ ਇਨ੍ਹਾਂ ਦੇ ਖਣਿਜ ਤੱਤ ਸੂਖਮ ਜੀਵਾਂ ਅਤੇ ਸਮੁੰਦਰੀ ਜੀਵਾਂ ਨੂੰ ਆਪਣੀਆਂ ਜੀਵਨ ਕਿ੍ਆਵਾਂ ਨੂੰ ਨੇਪਰੇ ਚਾੜ੍ਹਨ ਵਿਚ ਮਦਦਗਾਰ ਹੁੰਦੇ ਹਨ | ਲਟਕਦੇ ਤੋਦਿਆਂ ਦਾ ਪਾਣੀ ਚੱਟਾਨਾਂ ਤੋਂ ਸ਼ੁਰੂ ਹੋ ਕੇ ਸਮੁੰਦਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਰਸਤੇ ਵਿਚ ਆਉਂਦੇ ਵੱਡੇ ਖੇਤਰ ਵਿਚ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਕੰਮ ਕਰਦਾ ਹੈ | ਖੇਤੀਬਾੜੀ ਦੀਆਂ ਵੱਖ-ਵੱਖ ਫ਼ਸਲਾਂ ਦੀ ਸਿੰਜਾਈ ਕਰਨ ਤੋਂ ਇਲਾਵਾ ਮੱਛੀ ਪਾਲਣ, ਪਸ਼ੂ ਪਾਲਣ, ਸੈਰ ਸਪਾਟਾ ਅਤੇ ਉਦਯੋਗਾਂ ਆਦਿ ਜਿਹੇ ਵੱਖ-ਵੱਖ ਧੰਦਿਆਂ ਵਿਚ ਇਸ ਦੀ ਅਹਿਮ ਭੂਮਿਕਾ ਹੈ | ਲਟਕਦੇ ਤੋਦਿਆਂ ਦਾ ਪਾਣੀ ਸਮੁੱਚੇ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿਚ ਜਲ-ਬਿਜਲੀ ਪੈਦਾ ਕਰਨ ਦਾ ਵੱਡਾ ਸੋਮਾ ਹੈ | ਇਸ ਦੀਆਂ ਉਦਾਹਰਣਾਂ ਨਾਰਵੇ, ਨਿਊਜ਼ੀਲੈਂਡ, ਦੱਖਣੀ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਵਿਚ ਚੱਲ ਰਹੀਆਂ ਜਲ-ਬਿਜਲੀ ਪ੍ਰਯੋਜਨਾਵਾਂ ਹਨ | ਸੂਰਜ ਤੋਂ ਆਉਂਦੀ ਗਰਮੀ ਨੂੰ ਵਾਤਾਵਰਨ 'ਚ ਵਾਪਸ ਭੇਜ ਕੇ ਸਥਾਨਿਕ ਲੋਕਾਂ ਨੂੰ ਠੰਢਕ ਪਹੁੰਚਾਉਂਦੇ ਹਨ | ਲਟਕਦੇ ਤੋਦੇ ਸੂਰਜ ਤੋਂ ਆ ਰਹੀ ਗਰਮੀ ਨੂੰ ਸੋਖ ਕੇ ਧਰਤੀ ਲਈ ਏਅਰ ਕੰਡੀਸ਼ਨਰ ਦਾ ਕੰਮ ਵੀ ਕਰਦੇ ਹਨ ਅਤੇ ਧਰਤੀ ਦੇ ਤਾਪਮਾਨ ਨੂੰ ਸਥਿਰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਵਿਗਿਆਨਕ ਪੱਖੋਂ ਵੇਖੀਏ ਤਾਂ ਧਰਤੀ ਦੇ ਇਕ ਹਿੱਸੇ ਉ ੱਤੇ ਮਾਰੂਥਲਾਂ ਦੀ ਗਰਮੀ ਅਤੇ ਦੂਜੇ ਪਾਸੇ ਲਟਕਦੇ ਤੋਦਿਆਂ ਦੀ ਠੰਢਕ ਵਾਤਾਵਰਨ ਦੀ ਹਵਾ ਦੇ ਦੋ ਹਿੱਸਿਆਂ ਦੇ ਦਬਾਅ ਵਿਚ ਫ਼ਰਕ ਪੈਦਾ ਕਰਕੇ ਕੁਦਰਤੀ ਹਵਾਵਾਂ ਚੱਲਣ ਲਈ ਸਬੱਬ ਬਣਾਉਂਦੀ ਹੈ | ਚੱਲਦੀਆਂ ਹਵਾਵਾਂ ਵਾਤਾਵਰਨ ਨੂੰ ਠੰਢਾ ਕਰਨ ਦੇ ਨਾਲ-ਨਾਲ ਮੀਂਹ ਵਰਸਾ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੀਆਂ ਹਨ, ਕਿਉਂਕਿ ਲਟਕਦੇ ਤੋਦੇ ਪਹਾੜੀਆਂ ਨਾਲ ਰਗੜ ਖਾਂਦੇ ਹਨ, ਇਸ ਤਰ੍ਹਾਂ ਇਹ ਪਹਾੜਾਂ ਵਿਚਲੇ ਬਹੁਮੁੱਲੇ ਖਣਿਜੀ ਤੱਤਾਂ ਨੂੰ ਪਾਣੀ 'ਚ ਘੋਲ ਕੇ ਪਾਣੀ ਅਤੇ ਜ਼ਮੀਨ ਨੂੰ ਲੋੜੀਂਦੇ ਤੱਤਾਂ ਦੀ ਪੂਰਤੀ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ |
-ਮੋਬਾਈਲ : 62842-20595