ਓਜ਼ੋਨ ਹਲਕੇ ਨੀਲੇ ਰੰਗ ਦੀ ਗੰਧਹੀਣ ਗੈਸ ਹੁੰਦੀ ਹੈ | ਇਹ ਆਕਸੀਜਨ ਦੇ ਤਿੰਨ ਪਰਮਾਣੂਆਂ ਦੇ ਆਪਸ ਵਿਚ ਜੁੜਨ ਨਾਲ ਬਣਦੀ ਹੈ | ਸਾਡੀ ਧਰਤੀ ਉੱਪਰ 15 ਕਿ.ਮੀ. ਤੋਂ 35 ਕਿ.ਮੀ. ਵਿਚਕਾਰ, ਵਾਯੂ-ਮੰਡਲ ਵਿਚਕਾਰਲੀ ਪਰਤ ਸਮਤਾਪ ਮੰਡਲ (Stratosphere) ਅਖਵਾਉਂਦੀ ਹੈ, ਇਸ ਦੇ ਹੇਠਲੇ ਪਾਸੇ ਓਜ਼ੋਨ ਦੀ ਪਰਤ ਮੌਜੂਦ ਹੈ, ਜੋ ਸੂਰਜ ਤੋਂ ਆ ਰਹੀਆਂ ਉੱਚ ਆਵਿ੍ਤੀ ਦੀਆਂ ਪ੍ਰਾਬੈਂਗਣੀ ਵਿਕੀਰਨਾਂ (ultra violet radiations) ਨੂੰ ਆਪਣੇ ਵਿਚ ਸੋਖ ਲੈਂਦੀ ਹੈ | ਇਸ ਵਿਚ ਓਜ਼ੋਨ ਦੀ ਮਾਤਰਾ' ਤਕਰੀਬਨ 10 ppm (parts per million) ਹੁੰਦੀ ਹੈ, ਜਾਣੀ ਕਿ ਵਾਯੂ-ਮੰਡਲ ਦੀ ਲਗਭਗ 91% ਤੋਂ ਵੱਧ | ਭੂਗੋਲਿਕ ਕਾਰਨਾਂ ਕਰਕੇ ਜਾਂ ਮੌਸਮ ਦੇ ਬਦਲਣ ਨਾਲ ਇਸ ਪਰਤ ਦੀ ਮੋਟਾਈ ਵਧਦੀ ਘਟਦੀ ਰਹਿੰਦੀ ਹੈ |
ਪਹਿਲੀ ਵਾਰ ਫਰਾਂਸ ਦੇ ਭੌਤਿਕ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬੁਸੋਨ ਨੇ ਓਜ਼ੋਨ ਦੀ ਪਰਤ ਨੂੰ, ਸੰਨ 1913 ਵਿਚ ਖੋਜਿਆ ਸੀ | ਉਦੋਂ ਤੀਕਰ ਸੂਰਜ ਦੇ ਪ੍ਰਕਾਸ਼ ਦੇ ਵਰਣ ਪੱਟ (Spectrum) ਦੀ ਖੋਜਬੀਨ ਹੋ ਚੁੱਕੀ ਸੀ | ਸੂਰਜ ਦੇ ਵਰਣਪੱਟ ਵਿਚ ਕਾਲੇ ਧੱਬੇ (Sun Spots) ਦੇਖੇ ਗਏ ਸਨ | ਇਸ ਤੋਂ ਸਿੱਟਾ ਕੱਢਿਆ ਗਿਆ ਕਿ 310 ਨੈਨੋਮੀਟਰ ਤੋਂ ਘੱਟ ਤਰੰਗ ਲੰਬਾਈ ਵਾਲੀ ਕੋਈ ਵੀ ਵਿਕੀਰਨ ਸੂਰਜ ਤੋਂ ਧਰਤੀ ਤੀਕਰ ਨਹੀਂ ਪਹੁੰਚ ਰਹੀ | ਖੋਜੀਆਂ ਨੂੰ ਯਕੀਨ ਹੋ ਗਿਆ ਕਿ ਵਾਯੂਮੰਡਲ ਵਿਚ ਮੌਜੂਦ, ਕੋਈ ਨਾ ਕੋਈ ਤੱਤ, ਜ਼ਰੂਰ ਪਰਾਬੈਂਗਣੀ ਕਿਰਨਾਂ ਨੂੰ ਸੋਖ਼ ਰਿਹਾ ਹੈ, ਜਿਸ ਕਰਕੇ ਸੂਰਜੀ ਵਰਣਪੱਟ (solar spectrum) ਵਿਚ ਕਾਲੇ ਧੱਬੇ ਹਨ | ਤੁਹਾਨੂੰ ਪਤਾ ਹੋਵੇਗਾ ਕਿ ਪ੍ਰਾਬੈਂਗਣੀ ਵਿਕੀਰਨਾਂ 200 ਨੈਨੋਮੀਟਰ ਤੋਂ 315 ਨੈਨੋਮੀਟਰ ਵਿਚਕਾਰ ਤਰੰਗ ਲੰਬਾਈ ਵਾਲੀਆਂ ਵਿਕੀਰਨਾਂ ਹੁੰਦੀਆਂ ਹਨ |
ਆਖਰ ਖੋਜੀਆਂ ਨੇ ਪਤਾ ਲਗਾ ਹੀ ਲਿਆ ਕਿ ਧਰਤੀ ਦੇ ਵਾਯੂ-ਮੰਡਲ ਵਿਚ ਓਜ਼ੋਨ ਹੀ ਉਹ ਤੱਤ ਹੈ ਜੋ ਪਰਾਬੈਂਗਣੀ ਕਿਰਨਾਂ ਨੂੰ ਸੋਖ਼ ਰਿਹਾ ਹੈ | ਓਜ਼ੋਨ ਦੇ ਗੁਣਾਂ ਦਾ ਅਧਿਐਨ ਮੌਸਮ ਵਿਗਿਆਨੀ ਜੀ.ਐਮ.ਬੀ. ਡੋਬਸਨ ਨੇ ਇਕ ਸਾਦਾ ਸਪੈਟ੍ਰੋਫੋਟੋਮੀਟਰ ਤਿਆਰ ਕਰਕੇ ਕੀਤਾ | ਚਾਰ ਦਹਾਕੇ ਲੰਘਣ ਤੱਕ ਡੋਬਸਨ ਨੇ ਓਜ਼ੋਨ ਨਿਗਰਾਨੀ ਕੇਂਦਰਾਂ ਦਾ ਵਿਸ਼ਵ ਵਿਆਪੀ ਤਾਣਾ-ਬਾਣਾ ਕਾਇਮ ਕਰ ਲਿਆ ਸੀ, ਜੋ ਅੱਜ ਵੀ ਕੰਮ ਕਰ ਰਿਹਾ ਹੈ | ਓਜ਼ੋਨ ਦੀ ਮਾਤਰਾ ਨੂੰ 4U ( ਡੋਬਸਨ ਇਕਾਈ ) ਵਿਚ ਸੌਖਿਆਂ ਹੀ ਮਾਪਿਆ ਜਾਂਦਾ ਹੈ | ਡੋਬਸਨ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਥਾਂ ਉਪਰਲੀ ਹਵਾ ਵਿਚ ਓਜ਼ੋਨ ਦੀ ਕਿੰਨੀ ਮਾਤਰਾ ਹੈ |
ਸੰਨ 1976 ਵਿਚ ਵਾਯੂਮੰਡਲੀ ਖੋਜੀਆਂ ਨੇ ਐਲਾਨ ਕੀਤਾ ਕਿ ਇਸ ਪਰਤ ਦਾ ਕੁਝ ਉਦਯੋਗਿਕ ਰਸਾਇਣਾਂ ਭਾਵ ਕਲੋਰੋਫਲੋਰੋ ਕਾਰਬਨਾਂ (363s), ਏਅਰੋਸਿਲ, ਏਅਰ ਕੰਡੀਸ਼ਨਰਾਂ, ਹੈਲੋਜਨਾਂ (ਕਲੋਰੀਨ, ਬਰੋਮੀਨ, ਫਲੋਰੀਨ ਵਾਲੇ ਯੋਗਿਕ) ਜਹਾਜ਼ਾਂ ਚੋਂ ਨਿਕਲਦੇ ਨਾਈਟ੍ਰੋਜਨ ਆਕਸਾਈਡ, ਰੈਫਰੀਜਰੇਟਰਾਂ ਵਿਚ ਵਰਤੀ ਜਾਂਦੀ ਫਰੀਓਨ, ਆਦਿ ਕਰਕੇ ਪਤਨ ਹੋ ਰਿਹਾ ਹੈ | ਪਰਤ ਦੇ ਪਤਲੇ ਪੈ ਜਾਣ ਨਾਲ ਧਰਤੀ ਤੇ ਪ੍ਰਾਬੈਂਗਣੀ ਵਿਕੀਰਨਾਂ ਵੱਧ ਮਾਤਰਾ ਵਿਚ ਪੁੱਜਣ ਲੱਗ ਪਈਆਂ | ਇਹ ਵਿਕੀਰਨਾਂ ਮਨੁੱਖੀ ਜੀਵਨ ਲਈ ਇਕ ਚੁਣੌਤੀ ਬਣ ਰਹੀਆਂ ਹਨ | ਇਨ੍ਹਾਂ ਵਿਕੀਰਨਾਂ ਕਾਰਨ ਚਮੜੀ ਦਾ ਕੈਂਸਰ ਵੱਧ ਲੋਕਾਂ ਨੂੰ ਹੋਣ ਲੱਗ ਪਿਆ | ਅੱਖਾਂ ਚ ਮੋਤੀਆ ਉਤਰਨ ਲੱਗ ਪਿਆ | ਮਨੁੱਖੀ ਰੋਗਰੋਧੀ ਸਮਰੱਥਾ ਘਟਣ ਲੱਗੀ , ਪੌਦਿਆਂ ਦਾ ਡੀ.ਐਨ.ਏ ਪ੍ਰਭਾਵਿਤ ਹੋਣ ਲੱਗਾ ਅਤੇ ਹੋਰ ਵਾਤਾਵਰਣਿਕ ਸਮੱਸਿਆਵਾਂ ਵਧਣ ਲੱਗ ਪਈਆਂ ਹਨ | ਪੂਰਾ ਵਿਸ਼ਵ ਇਨ੍ਹਾਂ ਰਸਾਇਣਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਉਪਰੰਤ, ਇਨ੍ਹਾਂ ਦਾ ਕੋਈ ਬਦਲ (subsitute) ਲੱਭਣ ਵਿਚ ਰੁੱਝਾ ਹੋਇਆ ਹੈ |
ਸੁਰਾਖ਼ ਦਾ ਕਦੋਂ ਪਤਾ ਲੱਗਾ
16 ਮਈ 1985 ਨੂੰ ਵਿਗਿਆਨ ਰਿਸਾਲਾ 'ਨੇਚਰ' ਵਿਚ ਬਿ੍ਟਿਸ਼ ਐਂਟਾਰਿਕਟਿਕ ਸਰਵੇ ਕਰਨ ਵਾਲੇ ਵਿਗਿਆਨੀਆਂ ਨੇ ਦੱਖਣੀ ਧਰੁਵ 'ਤੇ ਓਜ਼ੋਨ ਦੇ ਅਸਧਾਰਨ ਨੀਵੇਂ ਪੱਧਰ ਹੋਣ ਦਾ ਐਲਾਨ ਕੀਤਾ ਸੀ | ਵਾਤਾਵਰਣਿਕ ਖੇਤਰ ਵਿਚ ਇਹ ਇਕ ਮਹੱਤਵ ਪੂਰਨ ਐਲਾਨ ਸੀ |
ਵਿਸ਼ਵ ਵਿਆਪੀ ਸਰਗਰਮੀਆਂ
ਸੰਨ 1985 ਵਿਚ ਓਜ਼ੋਨ ਪਰਤ ਦੇ ਬਚਾਓ ਲਈ ਇਕ ਵਿਆਨਾ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ | ਇਸੇ ਲੜੀ ਨੂੰ ਅੱਗੇ ਤੋਰਦਿਆਂ 46 ਦੇਸ਼ਾਂ ਨੇ ਮਿਲ ਕੇ ਇਕ ਮਹੱਤਵਪੂਰਨ ਮਾਨਟ੍ਰੀਅਲ ਸਮਝੌਤੇ 'ਤੇ ਦਸਤਖ਼ਤ ਕੀਤੇ | ਇਹ ਸਮਝੌਤਾ ਸੰਨ 1989 ਵਿਚ ਲਾਗੂ ਹੋਇਆ | ਸਭ ਨੇ ਵਾਅਦਾ ਕੀਤਾ ਕਿ ਓਜ਼ੋਨ ਪਰਤ ਦਾ ਪਲੀਤੀਕਰਨ ਕਰਨ ਵਾਲੇ ਪਦਾਰਥਾਂ ਨੂੰ ਖਤਮ ਕੀਤਾ ਜਾਵੇਗਾ | ਸਮਝੌਤੇ ਨੂੰ ਕਈ ਨਵੇਂ ਖਤਰਿਆਂ ਨਾਲ ਨਿਪਟਣ ਲਈ ਅਪਡੇਟ ਵੀ ਕੀਤਾ ਗਿਆ ਹੈ | ਸੰਨ 2016 ਵਿਚ ਹਾਇਡਰੋਫਲੋਰੋ ਕਾਰਬਨਾਂ, ਸੰਭਾਵੀ ਗਰੀਨ ਹਾਊਸ ਭਾਵ ਹਰਾ ਘਰ ਗੈਸਾਂ, ਫ਼ਰਿੱਜਾਂ ਤੇ ਏਅਰ ਕੰਡੀਸ਼ਨਰਾਂ ਵਿਚ ਵਰਤੀਆਂ ਜਾਂਦੀਆਂ ਗੈਸਾਂ ਨੂੰ ਨਕਾਰਨ ਲਈ, 'ਕੀਗਾਲੀ ਅਮੈਂਡਮੈਟ' ਨੂੰ ਅਪਣਾ ਲਿਆ ਗਿਆ | ਹੁਣ ਤੱਕ ਕੀਗਾਲੀ ਅਮੈਂਡਮੈਂਟ , ਜੋ 2019 ਵਿਚ ਲਾਗੂ ਹੋਈ, ਨੂੰ 123 ਦੇਸ਼ਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ | ਇਸ ਨਾਲ ਘੱਟ ਊਰਜਾ ਖਪਤ ਕਰਨ ਵਾਲੇ ਹੋਰ ਵੀ ਪ੍ਰਭਾਵਸ਼ਾਲੀ ਕੂਲਿੰਗ ਯੰਤਰਾਂ ਦੇ ਨਿਰਮਾਣ ਕਰਨ ਨੂੰ ਹੱਲਾਸ਼ੇਰੀ ਮਿਲੇਗੀ | ਸੰਯੁਕਤ ਰਾਸ਼ਟਰ ਦੇ ਸਾਰੇ 197 ਮੈਂਬਰ ਵੀ ਗਾਹੇ ਬਗਾਹੇ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਪੁਸ਼ਟੀ ਕਰ ਦੇਣਗੇ | ਸਿੱਟੇ ਵਜੋਂ ਵਿਗਿਆਨੀਆਂ ਨੇ ਉਮੀਦ ਜਤਾਈ ਹੈ ਕਿ ਓਜ਼ੋਨ ਪਰਤ ਇਕੀਵੀਂ ਸਦੀ ਦੇ ਮੁੱਕਣ ਤੋਂ ਪਹਿਲਾਂ ਆਪਣਾ 1980 ਵਾਲਾ ਪੱਧਰ ਅਖ਼ਤਿਆਰ ਕਰ ਲਵੇਗੀ |
-ਮੋਬਾਈਲ : 9780667686