12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ

ਝੀਲਾਂ ਅਤੇ ਕੁਦਰਤੀ ਰੌਸ਼ਨੀਆਂ ਦਾ ਦੇਸ਼ : ਫਿਨਲੈਂਡ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

 

ਪਿਛਲੇ 9 ਸਾਲ ਤੋਂ ਦੁਨੀਆ ਦੇ ਖੁਸ਼ਹਾਲ ਦੇਸ਼ ਵਜੋਂ ਪ੍ਰਸਿੱਧ ਫਿਨਲੈਂਡ, ਉੱਤਰੀ ਯੂਰਪ ਵਿਚ ਸਥਿਤ ਇਕ ਨੌਰਡਿਕ ਦੇਸ਼ ਹੈ | ਅੱਗੇ ਗੱਲ ਕਰਨ ਤੋਂ ਪਹਿਲਾਂ ਆਪਾਂ ਨੋਰਡਿਕ ਦੇਸ਼ਾਂ ਬਾਰੇ ਗੱਲ ਕਰ ਲਈਏ | ਨੌਰਡਿਕ ਦੇਸ਼ ਉੱਤਰੀ ਯੂਰਪ ਦੇ ਉਹ ਦੇਸ਼ ਹਨ, ਜਿਨ੍ਹਾਂ ਦਾ ਇਤਿਹਾਸ, ਸੰਸਕਿ੍ਤੀ ਅਤੇ ਸਮਾਜਿਕ ਰਹਿਣ-ਸਹਿਣ ਕਾਫੀ ਮਿਲਦਾ-ਜੁਲਦਾ ਹੈ |
ਉੱਚ ਮਿਆਰੀ ਜੀਵਨ
ਮੁਫ਼ਤ ਸਿੱਖਿਆ
ਮਜ਼ਬੂਤ ਸਿਹਤ ਸੇਵਾਵਾਂ
ਭਿ੍ਸ਼ਟਾਚਾਰ ਰਹਿਤ ਸ਼ਾਸਨ
ਕੁਦਰਤ ਨਾਲ ਨੇੜਤਾ
ਲਿੰਗ ਪ੍ਰਣਾਲੀ ਵਿਚ ਸਮਾਨਤਾ : ਇਨ੍ਹਾਂ ਦੇਸ਼ਾਂ ਦੀਆਂ ਖਾਸ ਵਿਸ਼ੇਸ਼ਤਾਵਾਂ ਹਨ | ਫਿਨਲੈਂਡ, ਸਵੀਡਨ, ਨਾਰਵੇ, ਡੈਨਮਾਰਕ ਅਤੇ ਆਈਸਲੈਂਡ ਨੌਰਡਿਕ ਦੇਸ਼ ਗਿਣੇ ਜਾਂਦੇ ਹਨ | 
ਫਿਨਲੈਂਡ ਇਨ੍ਹਾਂ ਨੌਰਡਿਕ ਦੇਸ਼ਾਂ ਵਿਚੋਂ ਪ੍ਰਮੁੱਖ ਹੈ | ਇਸ ਦੇ ਪੂਰਬ ਵੱਲ ਰੂਸ, ਪੱਛਮ ਵੱਲ ਸਵੀਡਨ, ਉੱਤਰ ਵੱਲ ਨਾਰਵੇ ਅਤੇ ਦੱਖਣ ਵੱਲ ਇਸਟੋਨੀਆ ਨਾਂਅ ਦੇ ਦੇਸ਼ ਹਨ | ਇਸ ਦੀ ਆਬਾਦੀ 56 ਲੱਖ ਦੇ ਕਰੀਬ ਹੈ ਅਤੇ ਖੇਤਰਫਲ 3, 38, 000 ਵਰਗ ਕਿਲੋਮੀਟਰ ਹੈ | ਇਸ ਦੀ ਰਾਜਧਾਨੀ ਹੈਲਸਿੰਕੀ ਹੈ | ਪਹਿਲਾਂ ਇਸਦੀ ਰਾਜਧਾਨੀ ਤੁਰਕੂ ਨਾਮ ਦੇ ਸ਼ਹਿਰ ਸੀ. 1927 ਵਿਚ ਅਗਜ਼ਨੀ ਨਾਲ ਇਹ ਸ਼ਹਿਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ, ਜਿਸ ਕਾਰਨ ਰਾਜਧਾਨੀ ਬਦਲਣੀ ਪਈ | ਹੈਲਸਿੰਕੀ ਤੋਂ ਬਿਨਾਂ ਟੈਂਪਰੇ, ਐਸਪੂ, ਵਾਂਟਾ, ਤੁਰਕੂ ਤੇ ਊਲੂ ਇਸ ਦੇ ਵੱਡੇ ਸ਼ਹਿਰ ਹਨ | ਇਹ ਦੁਨੀਆ ਦੇ ਸਭ ਤੋਂ ਉੱਤਰੀ ਦੇਸ਼ਾਂ ਵਿਚੋਂ ਇਕ ਹੈ | 
ਇਸਨੂੰ ਝੀਲਾਂ ਦਾ ਦੇਸ਼ ਅਤੇ ਰੌਸ਼ਨੀਆਂ ਦਾ ਦੇਸ਼ ਵੀ ਆਖਿਆ ਜਾਂਦਾ ਹੈ | ਇਸ ਵਿਚ ਲੱਗਭਗ ਇਕ ਲੱਖ ਅਠਾਸੀ ਹਜ਼ਾਰ ਝੀਲਾਂ ਹਨ | ਸ਼ਾਮ ਵੇਲੇ ਇੱਥੇ ਪ੍ਰਗਟ ਹੁੰਦੀਆਂ ਕੁਦਰਤੀ ਰੌਸ਼ਨੀਆਂ ਨੂੰ  'ਔਰੋਰਾ ਬੋਰੇਲਿਸ' (ਕੁਦਰਤੀ ਰੌਸ਼ਨੀਆਂ) ਆਖਿਆ ਜਾਂਦਾ ਹੈ | ਇਹ ਕੁਦਰਤੀ ਰੌਸ਼ਨੀਆਂ ਰਾਤ ਸਮੇਂ ਇਸ ਦੇਸ਼ ਦੀ ਸੁੰਦਰਤਾ ਨੂੰ  ਚਾਰ ਚੰਨ ਲਾਉਂਦੀਆਂ ਹਨ | ਸੂਰਜ ਤੋਂ ਨਿਕਲਣ ਵੇਲੇ ਬਿਜਲੀ-ਕਣ ਜਦੋਂ ਧਰਤੀ ਦੇ ਚੁੰਬਕੀ ਖੇਤਰ ਨਾਲ ਟਕਰਾਉਂਦੇ ਹਨ ਤਾਂ ਵਾਤਾਵਰਨ ਵਿਚ ਮੌਜੂਦ ਗੈਸਾਂ ਨਾਲ ਪ੍ਰਤੀਕਿਰਿਆ ਕਰ ਕੇ ਰੰਗ-ਬਿਰੰਗੀ ਰੌਸ਼ਨੀ ਪੈਦਾ ਕਰਦੇ ਹਨ | ਇਹ ਰੰਗ-ਬਿਰੰਗੀਆਂ ਰੌਸ਼ਨੀਆਂ ਜ਼ਿਆਦਾਤਰ ਫਿਨਲੈਂਡ ਦੇ ਉੱਤਰੀ ਖੇਤਰ ਵਿਚ ਸਰਦੀਆਂ ਦੇ ਮਹੀਨਿਆਂ ਵਿਚ ਆਕਾਸ਼ ਵਿਚ ਨੱਚਦੀਆਂ ਦਿਖਾਈ ਦਿੰਦੀਆਂ ਹਨ | ਫਿਨਲੈਂਡ ਵਿਚ ਹਰ ਸਾਲ ਹਜ਼ਾਰਾਂ ਸੈਲਾਨੀ ਇਹ ਅਦਭੁੱਤ ਦਿ੍ਸ਼ ਦੇਖਣ ਲਈ ਆਉਂਦੇ ਹਨ | 
ਪਿੱਛੇ ਜਿਹੇ ਮੈਨੂੰ ਫਿਨਲੈਂਡ ਜਾਣ ਦਾ ਮੌਕਾ ਮਿਲਿਆ | ਮੈਂ ਫਿਨਲੈਂਡ ਦੇ ਦੋ ਪ੍ਰਮੁੱਖ ਸ਼ਹਿਰ ਹੈਲਸਿੰਕੀ ਤੇ ਤੁਰਕੂ ਘੁੰਮਿਆ | ਹੈਲਸਿੰਕੀ, ਫਿਨਲੈਂਡ ਦੀ ਦਾਰ-ਉਲ-ਹਕੂਮਤ ਹੈ ਅਤੇ ਤੁਰਕੂ ਇਕ ਵੱਡਾ ਸ਼ਹਿਰ ਹੈ | ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਮੈਂ ਜੋ ਕੁਝ ਵੇਖਿਆ-ਵਾਚਿਆ, ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ | ਉਥੋਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਇਕ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੇਰਾ ਮਕਸਦ ਉਥੋਂ ਦੇ ਸ਼ਾਸਨ ਪ੍ਰਬੰਧ ਨੂੰ  ਸਲਾਹੁਣਾ ਅਤੇ ਆਪਣੇ ਦੇਸ਼ ਦੇ ਪ੍ਰਬੰਧ ਨੂੰ  ਨਿੰਦਣਾ ਕਤੱਈ ਵੀ ਨਹੀਂ ਹੈ | ਗੁਰਦਾਸ ਮਾਨ ਦੇ ਬੋਲ ਹਨ:
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ, 
ਜਿਹੜੇ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ | 
ਉਥੋਂ ਦੇ ਪ੍ਰਬੰਧ ਦਾ ਦਿ੍ਸ਼-ਚਿਤਰਣ ਕਰਨ ਦਾ ਮਕਸਦ ਕੇਵਲ ਏਥੋਂ ਦੇ ਲੋਕਾਂ ਨੂੰ  ਉਸ ਦੇਸ਼ ਦੇ ਪ੍ਰਬੰਧ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਹੈ | ਉਥੋਂ ਦਾ ਸਮੁੱਚਾ ਪ੍ਰਬੰਧ ਸਰਕਾਰ ਅਤੇ ਨਾਗਰਿਕਾਂ ਦੇ ਆਪਸੀ ਤਾਲਮੇਲ ਅਤੇ ਸਹਿਯੋਗ ਉੱਪਰ ਟਿਕਿਆ ਹੋਇਆ ਹੈ | ਸਰਕਾਰ ਆਪਣੇ ਨਾਗਰਿਕਾਂ ਦੀਆਂ ਸਾਰੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਦੀ ਹੈ ਅਤੇ ਨਾਗਰਿਕ ਵੀ ਸਰਕਾਰ ਨੂੰ  ਬਣਦਾ ਟੈਕਸ ਤੇ ਸਹਿਯੋਗ ਦਿੰਦੇ ਹਨ | ਨਾਗਰਿਕ ਸਰਕਾਰੀ ਸਹੂਲਤਾਂ ਤਾਂ ਮਾਣਦੇ ਹੀ ਹਨ, ਪਰ ਸਰਕਾਰੀ ਸਹੂਲਤਾਂ ਦਾ ਨਾਜਾਇਜ਼ ਫਾਇਦਾ ਬਿਲਕੁਲ ਨਹੀਂ ਉਠਾਉਂਦੇ | ਆਓ, ਹੁਣ ਫਿਨਲੈਂਡ ਦੇ ਪ੍ਰਸ਼ਾਸਨਿਕ ਪ੍ਰਬੰਧ ਦੀ ਗੱਲ ਕਰੀਏ:
ਸਿੱਖਿਆ : ਸਭ ਤੋਂ ਪਹਿਲਾਂ ਜੇ ਸਿੱਖਿਆ ਦੀ ਗੱਲ ਕਰ ਲਈ ਜਾਵੇ ਤਾਂ ਫਿਨਲੈਂਡ ਵਿਚ ਬੱਚੇ ਦੀ ਸਿੱਖਿਆ ਉਸ ਦੇ ਜਨਮ ਲੈਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਂਦੀ ਹੈ | ਸਰਕਾਰ ਅਧਿਆਪਕ ਨੂੰ  ਬੱਚੇ ਦੇ ਘਰ ਭੇਜਦੀ ਹੈ | ਜੇਕਰ ਬੱਚੇ ਦੇ ਮਾਂ-ਬਾਪ ਨੌਕਰੀ-ਪੇਸ਼ਾ/ਕੰਮ-ਕਾਜ ਕਰਦੇ ਹਨ ਤਾਂ ਸਰਕਾਰੀ ਅਧਿਆਪਕ ਬੱਚੇ ਨੂੰ  ਘਰ ਜਾ ਕੇ ਲੋੜੀਂਦੀ ਫੀਡ ਦਿੰਦਾ ਹੈ ਤੇ ਨਾਲ ਦੀ ਨਾਲ ਸਮਾਜਿਕ ਸਿੱਖਿਆ ਦੇਈ ਜਾਂਦਾ ਹੈ | ਤਿੰਨ ਸਾਲ ਦਾ ਹੋਣ ਉਪਰੰਤ ਉਸ ਦੀ ਨਰਸਰੀ ਪੱਧਰ ਦੀ ਰਸਮੀ ਸਕੂਲ ਸਿੱਖਿਆ ਆਰੰਭ ਹੁੰਦੀ ਹੈ ਅਤੇ ਸੱਤ ਸਾਲ ਦੀ ਉਮਰ 'ਚ ਜਾ ਕੇ ਉਸ ਨੂੰ  ਪਹਿਲੀ ਜਮਾਤ ਵਿਚ ਦਾਖਲ ਕੀਤਾ ਜਾਂਦਾ ਹੈ | ਬੱਚੇ ਦੇ ਜਨਮ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਫਿਨਲੈਂਡ ਆਪਣੇ ਨਾਗਰਿਕਾਂ ਨੂੰ  ਮੁਫ਼ਤ ਦਿੰਦਾ ਹੈ | 
ਮੁਫ਼ਤ ਸਿੱਖਿਆ, ਸਾਰੇ ਬੱਚਿਆਂ ਲਈ ਸਿੱਖਿਆ ਦੇ ਮੌਕੇ, ਬੱਚੇ ਲਈ ਮਾਨਸਿਕ ਆਜ਼ਾਦੀ, ਦਬਾਅ ਰਹਿਤ ਪੜ੍ਹਾਈ, ਘਰ ਦੇ ਕੰਮ ਦੀ ਥਾਂ ਹੁਨਰਮੰਦ ਕੰਮ'ਤੇ ਜ਼ੋਰ, ਘੱਟ ਪ੍ਰੀਖਿਆਵਾਂ ਆਦਿ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਹਨ | ਪੜ੍ਹਾਈ ਦੇ ਮਾਧਿਅਮ ਦੇ ਮਾਮਲੇ 'ਚ ਇਹ ਕਿਹਾ ਜਾ ਸਕਦਾ ਹੈ ਕਿ ਫਿਨਲੈਂਡ ਵਿਚ ਦੋ ਪ੍ਰਮੁੱਖ ਭਾਸ਼ਾਵਾਂ ਪ੍ਰਚੱਲਿਤ ਹਨ, ਇਕ ਉਨ੍ਹਾਂ ਦੀ ਮਾਤ-ਭਾਸ਼ਾ ਫਿਨਿਸ਼ ਤੇ ਦੂਸਰੀ ਸਵੀਡਿਸ਼ ਭਾਸ਼ਾ ਹੈ | ਉਹ ਆਪਣੀ ਮਾਤ-ਭਾਸ਼ਾ ਨੂੰ  ਬਹੁਤ ਪਿਆਰ ਕਰਦੇ ਹਨ | ਉਨ੍ਹਾਂ ਦੇ ਸਕੂਲਾਂ ਵਿਚ ਦੋ-ਭਾਸ਼ਾਈ ਫਾਰਮੂਲਾ ਪ੍ਰਚੱਲਿਤ ਹੈ | ਫਿਨਿਸ਼ ਭਾਸ਼ਾ ਬੱਚੇ ਲਈ ਪੜ੍ਹਨੀ ਲਾਜ਼ਮੀ ਹੈ | ਦੂਜੀ ਭਾਸ਼ਾ ਬੱਚੇ ਦੀ ਚੋਣ 'ਤੇ ਨਿਰਭਰ ਕਰਦੀ ਹੈ | ਅੰਗਰੇਜ਼ੀ ਤੋਂ ਛੁੱਟ ਬਾਕੀ ਸਾਰੇ ਵਿਸ਼ੇ ਉਨ੍ਹਾਂ ਦੀ ਮਾਤ ਭਾਸ਼ਾ ਵਿਚ ਪੜ੍ਹਾਏ ਜਾਂਦੇ ਹਨ | ਉਹ ਆਪਣੀ ਮਾਤ-ਭਾਸ਼ਾ ਨੂੰ  ਇਸ ਕਦਰ ਪਿਆਰ ਕਰਦੇ ਹਨ ਕਿ ਛੋਟੀਆਂ-ਛੋਟੀਆਂ ਪਰਚੀਆਂ ਤੋਂ ਲੈ ਕੇ ਵੱਡੇ-ਵੱਡੇ ਸ਼ਾਪਿੰਗ ਮਾਲਾਂ ਦੇ ਨਾਂਅ ਵੀ ਉਨ੍ਹਾਂ ਨੇ ਆਪਣੀ ਮਾਤ-ਭਾਸ਼ਾ ਵਿਚ ਲਿਖੇ ਹਨ | ਅੰਗੇਰਜ਼ੀ ਦੀ ਥਾਂ ਉਹ ਫਿਨਿਸ਼ ਬੋਲਣ ਜਾਂ ਲਿਖਣ ਨੂੰ  ਤਰਜੀਹ ਦਿੰਦੇ ਹਨ | 
ਸਿਹਤ-ਪ੍ਰਣਾਲੀ : ਸਿੱਖਿਆ ਪ੍ਰਣਾਲੀ ਵਾਂਗ ਫਿਨਲੈਂਡ ਦੀ ਸਿਹਤ ਪ੍ਰਣਾਲੀ ਵੀ ਦੁਨੀਆ ਦੀਆਂ ਸਭ ਤੋਂ ਵਧੀਆ ਜਨਤਕ ਸਿਹਤ ਪ੍ਰਣਾਲੀਆਂ ਵਿਚੋਂ ਇਕ ਹੈ | ਸਰਕਾਰ ਨੇ ਆਪਣੇ ਨਾਗਰਿਕਾਂ ਨੂੰ  ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸਥਾਨਕ ਪੱਧਰ ਉੱਪਰ ਛੋਟੇ-ਛੋਟੇ ਸਿਹਤ ਕੇਂਦਰ ਖੋਲੇ੍ਹ ਹੋਏ ਹਨ | ਇਨ੍ਹਾਂ ਸਿਹਤ ਕੇਂਦਰਾਂ ਵਿਚ ਹਰੇਕ ਨਾਗਰਿਕ ਨੂੰ  ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਗਰਭਵਤੀ ਮਹਿਲਾਵਾਂ ਲਈ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਉਪਲੱਬਧ ਹਨ | ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਿਹਤ ਸੰਸਥਾਵਾਂ ਸਰਕਾਰ ਅਤੇ ਨਗਰ ਪਾਲਿਕਾਵਾਂ ਦੁਆਰਾ ਇਕੱਠੇ ਕੀਤੇ ਗਏ ਟੈਕਸ ਦੀ ਮਦਦ ਨਾਲ ਚੱਲਦੀਆਂ ਹਨ | 
ਫਿਨਲੈਂਡ ਸਰਕਾਰ ਵਲੋਂ ਹਰੇਕ ਨਵੇਂ ਪੈਦਾ ਹੋਏ ਬੱਚੇ ਦੇ ਪਰਿਵਾਰ ਨੂੰ  ਇਕ 'ਬੇਬੀ ਬਾਕਸ' ਦਿੱਤਾ ਜਾਂਦਾ ਹੈ, ਜਿਸ ਵਿਚ ਬੱਚੇ ਦੀ ਦੇਖਭਾਲ ਲਈ ਲੋੜੀਦੀਆਂ ਵਸਤੂਆਂ ਸ਼ਾਮਿਲ ਹੁੰਦੀਆਂ ਹਨ | ਫਿਨਲੈਂਡ ਦੇ ਨਾਗਰਿਕਾਂ ਨੂੰ  ਮੁਫਤ ਅਤੇ ਆਸਾਨ ਪਹੁੰਚ ਵਾਲੀਆਂ ਸਿਹਤ ਸਹੂਲਤਾਂ ਉਪਲੱਬਧ ਹਨ | ਸਰਕਾਰ ਦੀ ਚਾਹਤ ਹੈ ਕਿ ਉਸਦੇ ਹਰੇਕ ਨਾਗਰਿਕ ਨੂੰ  ਉੱਚ ਗੁਣਵੱਤਾ ਵਾਲੀ ਸਸਤੀ ਸਿਹਤ ਸਹੂਲਤ ਮਿਲੇ, ਭਾਵੇਂ ਉਸਦੀ ਆਮਦਨ ਜੋ ਮਰਜ਼ੀ ਹੋਵੇ | 
ਆਵਾਜਾਈ : ਫਿਨਲੈਂਡ ਨੇ ਆਪਣੀ ਆਵਾਜਾਈ ਨੂੰ  ਤਿੰਨ ਭਾਗਾਂ ਵਿਚ ਵੰਡਿਆ ਹੋਇਆ ਹੈ:-
ਸੜਕੀ ਆਵਾਜਾਈ
ਹਵਾਈ ਆਵਾਜਾਈ
ਜਲ-ਮਾਰਗ
ਸੜਕੀ ਆਵਾਜਾਈ ਵਿਚ ਰੇਲਾਂ, ਜਨਤਕ ਬੱਸਾਂ, ਮੈਟਰੋ ਟਰੇਨਾਂ, ਟਰਾਮਾਂ ਆਦਿ ਨੂੰ  ਵਰਤਦੇ ਹਨ | ਟਰਾਮਾਂ ਤੇ ਮੈਟਰੋ ਸਿਰਫ ਹੈਲਸਿੰਕੀ ਵਿਚ ਹੀ ਚੱਲਦੀਆਂ ਹਨ | ਰੇਲਾਂ ਵੱਡੇ ਸ਼ਹਿਰਾਂ ਨੂੰ  ਆਪਸ ਵਿਚ ਜੋੜਦੀਆਂ ਹਨ | ਜਦੋਂਕਿ ਬੱਸਾਂ ਵੱਡੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਨੂੰ  ਵੀ ਮਿਲਾਉਂਦੀਆਂ ਹਨ | (ਚਲਦਾ)
-ਮੋਬਾਈਲ-94652-75421

Ad Position 22
No active advertisement
ਪਿਛਲੀ ਖ਼ਬਰ ਨਿਰਾਸ਼ਾ ਤੋਂ ਚੜ੍ਹਦੀ ਕਲਾ ਵੱਲ ਅਗਲੀ ਖ਼ਬਰ ਅਨੇਕਾਂ ਖ਼ਤਰਿਆਂ ਦੇ ਬਾਵਜੂਦ ਬੇਸ਼ਕੀਮਤੀ ਹਨ 'ਲਟਕਦੇ ਬਰਫ਼ ਦੇ ਤੋਦੇ'ਅਨੇਕਾਂ ਖ਼ਤਰਿਆਂ ਦੇ ਬਾਵਜੂਦ ਬੇਸ਼ਕੀਮਤੀ ਹਨ 'ਲਟਕ...
Ad Position 24