ਸੁੱਕੀ ਪਤਲੀ ਜਿਹੀ ਪੱਕੇ ਰੰਗ ਵਾਲੀ ਜੀਤੋ ਚਾਚੀ ਸਾਡੀ ਗਲੀ ਵਿਚ ਰਹਿੰਦੀ ਸੀ | ਬਰਾਦਰੀ ਵਿਚੋਂ ਮੇਰੇ ਪਿਤਾ ਜੀ ਦੀ ਚਾਚੀ ਲੱਗਦੀ ਸੀ | ਗਲੀ ਦੇ ਸਾਰੇ ਬੱਚੇ ਉਸ ਨੂੰ ਚਾਚੀ ਹੀ ਕਹਿੰਦੇ ਸਨ | ਮੇਰੇ ਨਾਲ ਉਸ ਦੀ ਬਹੁਤ ਬਣਦੀ | ਮੈਨੂੰ ਉਹ ਬੜੀ ਚੰਗੀ ਲੱਗਦੀ ਸੀ | ਉਹ ਗਲੀ ਦੇ ਸਾਰੇ ਬੱਚਿਆਂ ਨੂੰ ਬੜਾ ਪਿਆਰ ਕਰਦੀ | ਜੇ ਉਹ ਗੁਰਦੁਆਰੇ ਜਾਂਦੀ ਤਾਂ ਸਾਰੇ ਜਵਾਕਾਂ ਨੂੰ ਨਾਲ ਲੈ ਤੁਰਦੀ | ਮੈਨੂੰ ਯਾਦ ਹੈ ਇਕ ਵਾਰ ਉਹ ਸਾਨੂੰ ਸੱਤ-ਅੱਠ ਜਵਾਕਾਂ ਨੂੰ ਲੈ ਕੇ ਸਰੋਵਰ ਵਾਲੇ ਗੁਰਦੁਆਰੇ ਗਈ ਤਾਂ ਗੁਰਦੁਆਰੇ ਦੇ ਵਿਹੜੇ ਵਿਚ ਮੰਜੇ 'ਤੇ ਬੈਠਾ ਅੜਬ ਜਿਹਾ ਬਜ਼ੁਰਗ ਬਾਬਾ ਪ੍ਰਸ਼ਾਦ ਦੇਣ ਲੱਗਿਆਂ ਪੁੱਛਣ ਲੱਗਾ | ਇਹ ਸਾਰੇ ਜਵਾਕ ਤੇਰੇ ਨੇ, ਉਸ ਨੇ ਕਿਹਾ ਹਾਂ ਮੇਰੇ ਨੇ ਤਾਂ ਬਾਬੇ ਨੇ ਬੜੀ ਕੰਜੂਸੀ ਨਾਲ ਇਕ-ਇਕ ਪਤਾਸਾ ਸਾਰੇ ਜਵਾਕਾਂ ਦੇ ਹੱਥ 'ਤੇ ਧਰ ਦਿੱਤਾ | ਘਰ ਵਾਪਸੀ 'ਤੇ ਉਸ ਨੇ ਗਲੀ ਵਿਚ ਬੈਠੀਆਂ ਸਾਰੀਆਂ ਬੁੜੀਆਂ ਨੂੰ ਇਹ ਗੱਲ ਦੱਸੀ ਉਹ ਬੜੀ ਖੁਸ਼ ਸੀ | ਸਾਰੀ ਗਲੀ ਵਿਚੋਂ ਉਸ ਦਾ ਵਿਹੜਾ ਬਹੁਤ ਵੱਡਾ ਸੀ | ਅਸੀਂ ਚਾਰ ਪੰਜ ਕੁੜੀਆਂ ਉਸ ਦੇ ਘਰ ਖੇਡਦੀਆਂ ਰਹਿੰਦੀਆਂ | ਕਦੀ-ਕਦੀ ਉਹ ਸਾਨੂੰ ਕਹਿੰਦੀ ਅੱਜ ਤੁਸੀਂ ਗਿੱਧਾ ਪਾ ਲਓ | ਉਹ ਚੌਂਕੇ ਵਿਚ ਬੈਠੀ ਸਾਨੂੰ ਬੋਲੀਆਂ ਯਾਦ ਕਰਾਉਂਦੀ ਤੇ ਨਾਲ ਨਾਲ ਕੰਮ ਧੰਦਾ ਕਰਦੀ ਫਿਰਦੀ | ਅਸੀਂ ਸਾਰੀਆਂ ਖੂਬ ਗਿੱਧਾ ਪਾਉਂਦੀਆਂ | ਉਸ ਦਾ ਘਰ ਕੱਚਾ ਸੀ | ਪਰ ਸਾਫ ਬੜਾ ਸੀ | ਉਹ ਕੰਧਾਂ ਲਿੱਪਦੀ ਬਨੇਰੇ ਤੇ ਵਿਹੜੇ ਵਿਚ ਗੋਹਾ ਮਿੱਟੀ ਫੇਰਦੀ ਰਹਿੰਦੀ | ਅਸੀਂ ਖੇਡਦੇ-ਖੇਡਦੇ ਉਸ ਦੇ ਚੌਂਕੇ ਤੇ ਪਏ ਘੜਿਆਂ ਵਿਚੋਂ ਪਾਣੀ ਪੀਂਦੇ ਉਹ ਕਦੇ ਨਾ ਰੋਕਦੀ | ਸ਼ਾਮ ਨੂੰ ਜਦੋਂ ਕਦੀ ਦੂਜੇ ਬੱਚੇ ਕਿਸੇ ਹੋਰ ਕੰਮ ਵਿਚ ਰੁੱਝੇ ਹੁੰਦੇ ਤਾਂ ਉਹ ਮੈਨੂੰ ਲੈ ਗੁਰਦੁਆਰੇ ਚਲੀ ਜਾਂਦੀ | ਉੱਥੇ ਉਹ ਬੜੀ ਸੇਵਾ ਕਰਦੀ ਭਾਂਡੇ ਮਾਂਜਦੀ ਰੋੜੀ ਕੁੱਟਦੀ | ਮੇਰੀ ਉਸ ਨਾਲ ਬੜੀ ਸਾਂਝ ਸੀ | ਪਹਿਲਾਂ ਪਹਿਲ ਮੈਂ ਰੋਟੀ ਪਕਾਉਣੀ ਉਸ ਦੇ ਘਰ ਹੀ ਸਿੱਖੀ | ਉਸ ਦੇ ਚੌਂਕੇ ਵਿਚ ਬੈਠ ਕੇ | ਉਹ ਮੈਨੂੰ ਦੱਸਦੀ ਮੇਰੇ ਦੋ ਭਰਾ ਨੇ | ਉਸ ਦਾ ਇਕ ਭਰਾ ਕਿਸੇ ਕਾਰਨ ਜੇਲ੍ਹ ਵਿਚ ਸੀ | ਜਦੋਂ ਉਸ ਦੀ ਚਿੱਠੀ ਆਉਂਦੀ ਤਾਂ ਸਾਂਭ-ਸਾਂਭ ਰੱਖਦੀ | ਉਦੋਂ ਮੈਂ ਸ਼ਾਇਦ ਤੀਸਰੀ ਜਾਂ ਚੌਥੀ ਜਮਾਤ ਵਿਚ ਸੀ | ਸ਼ਾਮ ਨੂੰ ਜਦੋਂ ਅਸੀਂ ਉਹਦੇ ਘਰ ਖੇਡਣ ਜਾਂਦੀਆਂ | ਉਹ ਮੈਨੂੰ ਆਪਣੇ ਕੋਲ ਬੁਲਾ ਕੇ ਕਹਿੰਦੀ ਜੈਲ ਦੀ ਚਿੱਠੀ ਆਈ ਹੈ ਤੂੰ ਮੈਨੂੰ ਪੜ੍ਹ ਕੇ ਸੁਣਾ ਦੇ | ਜਦੋਂ ਮੈਂ ਅੱਖਰ ਜੋੜ ਜੋੜ ਪੜ੍ਹਦੀ ਤਾਂ ਉਹ ਕਹਿੰਦੀ ਤੈਨੂੰ ਤਾਂ ਬਹੁਤ ਸੋਹਣਾ ਪੜ੍ਹਨਾ ਆਉਂਦਾ ਹੈ | ਤੂੰ ਮੇਰੀ ਬੀਬੀ ਧੀ ਹੈਂ | ਕਦੀ-ਕਦੀ ਉਸ ਦਾ ਬਾਪ, ਜਿਸ ਨੂੰ ਉਹ ਭਾਈਆ ਕਹਿੰਦੀ ਹੁੰਦੀ ਸੀ ਉਸ ਨੂੰ ਮਿਲਣ ਆਉਂਦਾ | ਕੁੱਬ ਵਾਲਾ ਉਹ ਬਜ਼ੁਰਗ ਜਦੋਂ ਵੀ ਆਉਂਦਾ ਤਾਂ ਚੌਲ, ਗੁੜ ਤੇ ਹੋਰ ਕਈ ਨਿੱਕ-ਸੁੱਕ ਉਸ ਨੇ ਝੋਲੇ ਵਿਚ ਪਾਇਆ ਹੁੰਦਾ | ਉਹ ਬੜਾ ਚਾਅ ਕਰਦੀ ਕਦੀ ਕਦੀ ਉਸ ਦੀ ਲੰਮੀ ਇਕਹਿਰੇ ਸਰੀਰ ਵਾਲੀ ਮਾਂ ਵੀ ਆਉਂਦੀ | ਉਸ ਦਾ ਇਕ ਕੱਚਾ ਕੋਠਾ ਸੀ, ਜਿਸ ਵਿਚ ਦੋ ਮੰਜੇ ਡੱਠੇ ਹੁੰਦੇ ਸਨ ਪਿੱਛੇ ਸੰਦੂਕ ਤੇ ਕੱਚੀ ਮਿੱਟੀ ਦੇ ਵਾਧਰੇ 'ਤੇ ਪਿੱਤਲ ਦੇ ਭਾਂਡੇ ਚਿਣੇ ਹੁੰਦੇ ਸਨ | ਇਕ ਨੁੱਕਰ ਵਿਚ ਕਣਕ ਦੀਆਂ ਬੋਰੀਆਂ ਹੇਠਾਂ ਉੱਤੇ ਪਈਆਂ ਹੁੰਦੀਆਂ | ਪਿਛਲੇ ਪਾਸੇ ਡੰਗਰਾਂ ਵਾਲਾ ਤੇ ਤੂੜੀ ਵਾਲਾ ਇਕ ਕੋਠਾ, ਇਕ ਨਿੱਕੀ ਸਬਾਤ ਤੇ ਚੌਂਕਾ | ਇਹੋ ਉਸ ਦੀ ਕੁੱਲ ਜਾਇਦਾਦ ਸੀ | ਉਸ ਦੇ ਘਰ ਨਲਕਾ ਨਹੀਂ ਸੀ ਪੀਣ ਵਾਲਾ ਪਾਣੀ ਉਹ ਆਂਢ- ਗੁਆਂਢ ਦੇ ਘਰੋਂ ਲਿਆਉਂਦੀ ਹੁੰਦੀ ਸੀ | ਜਦੋਂ ਮੈਂ ਥੋੜੀ ਵੱਡੀ ਹੋਈ ਤਾਂ ਮੈਨੂੰ ਪਤਾ ਲੱਗਿਆ ਜੀਤੋ ਦਾ ਇਹ ਦੂਸਰਾ ਵਿਆਹ ਸੀ | ਉਸ ਦੇ ਬਾਪ ਨੇ ਜਦੋਂ ਉਸ ਨੂੰ ਇੱਥੇ ਵਿਆਹਿਆ ਤਾਂ ਸ਼ਰਤ ਰੱਖੀ ਸੀ ਕਿ ਪਹਿਲਾਂ ਉਸ ਦੇ ਨਾਂਅ ਇਕ ਕਿੱਲਾ ਜ਼ਮੀਨ ਦਾ ਲਗਵਾਇਆ ਜਾਵੇ | ਜੋ ਉਸ ਦੇ ਪਤੀ ਨੇ ਮੰਨ ਲਿਆ ਤੇ ਹੁਣ ਤਿੰਨ ਕਿੱਲੇ ਜ਼ਮੀਨ ਵਿਚੋਂ ਇਕ ਕਿੱਲਾ ਚਾਚੀ ਜੀਤੋ ਦੇ ਨਾਂਅ ਸੀ | ਸ਼ਾਇਦ ਬੁੱਢੇ ਬਾਪ ਨੂੰ ਲੱਗਿਆ ਹੋਵੇਗਾ ਕਿ ਮੇਰੀ ਧੀ ਸੁਖੀ ਵਸੇਗੀ ਜਮੀਨ ਉਸ ਦੇ ਨਾਂਅ 'ਤੇ ਹੋਣ ਕਾਰਨ ਕੋਈ ਉਸ ਨੂੰ ਘਰੋਂ ਨਹੀਂ ਕੱਢ ਸਕੇਗਾ | ਹੁਣ ਆਪਣੀ ਜ਼ਿੰਦਗੀ ਪੱਕੇ ਪੈਰੀ ਗੁਜ਼ਾਰ ਲਵੇਗੀ | ਪਰ ਕਈ ਵਾਰ ਕੁਝ ਧੀਆਂ ਦੀਆਂ ਕਿਸਮਤਾਂ ਕਦੀ ਨਹੀਂ ਬਦਲਦੀਆਂ | ਉਸ ਦਾ ਹੁਣ ਵਾਲਾ ਪਤੀ ਵੀ ਰੱਜ ਕੇ ਸ਼ਰਾਬੀ ਸੀ ਉਹ ਕੋਈ ਕੰਮ ਨਾ ਕਰਦਾ | ਜਦੋਂ ਕਿਧਰੇ ਕਦੀ-ਕਦਾੲੀਂ ਆਪਣੇ ਪੇਕੇ ਜਾਂਦੀ ਤਾਂ ਕਣਕ ਵਾਲੀਆਂ ਬੋਰੀਆਂ ਵਿਚੋਂ ਕਣਕ ਘਟ ਜਾਂਦੀ ਤੇ ਕਈ ਵਾਰ ਤਾਂ ਇਕ ਬੋਰੀ ਹੀ ਘਟ ਜਾਂਦੀ | ਸ਼ਰਾਬੀ ਆਪਣੀ ਸ਼ਰਾਬ ਦੀ ਪੂਰਤੀ ਲਈ ਕਣਕ ਵੇਚ ਦਿੰਦਾ | ਹੁਣ ਉਹ ਆਪਣੇ ਪੇਕੇ ਬਹੁਤ ਘੱਟ ਜਾਂਦੀ | ਇਕ ਵਾਰ ਜਦੋਂ ਉਹ ਇਕ ਦਿਨ ਬਾਅਦ ਆਪਣੇ ਪੇਕਿਓਾ ਵਾਪਸ ਮੁੜੀ ਤਾਂ ਸ਼ਰਾਬੀ ਪਤੀ ਨੇ ਸਾਰੀ ਕਣਕ ਵੇਚ ਦਿੱਤੀ ਉਸ ਦੇ ਗੁੱਸਾ ਕਰਨ 'ਤੇ ਉਸ ਨੂੰ ਮਾਰਿਆ-ਕੁੱਟਿਆ ਵੀ | ਉਸ ਨੇ ਆਪਣੇ ਪਿੰਡੇ ਦੇ ਨੀਲ ਮੈਨੂੰ ਦਿਖਾਏ | ਮੈਨੂੰ ਬਹੁਤ ਦੁੱਖ ਹੋਇਆ | ਉਸ ਵਿਚਾਰੀ ਦਾ ਆਪਣਾ ਕੋਈ ਬੱਚਾ ਨਾ ਹੋਇਆ | ਪਰ ਉਸ ਨੇ ਆਪਣੇ ਪਤੀ ਦੇ ਪਹਿਲੇ ਪੁੱਤਰ ਨੂੰ ਬਹੁਤ ਪਿਆਰ ਨਾਲ ਪਾਲਿਆ | ਉਹ ਇਕਲੌਤਾ ਪੁੱਤਰ ਉਸ ਦੀਆਂ ਅੱਖਾਂ ਦਾ ਤਾਰਾ ਸੀ | ਗਲੀ ਵਿਚਲੀਆਂ ਔਰਤਾਂ ਜਦੋਂ ਉਸ ਦੇ ਸੁੱਕੇ ਜਿਹੇ ਸਰੀਰ ਤੇ ਪੱਕੇ ਰੰਗ 'ਤੇ ਹੱਸਦੀਆਂ ਤਾਂ ਮੈਨੂੰ ਬਹੁਤ ਬੁਰਾ ਲੱਗਦਾ | ਉਹ ਦੱਸਦੀ ਮੇਰੀ ਨਿੱਕੀ ਭਰਜਾਈ ਬਹੁਤ ਤਿੱਖੀ ਆ | ਇਕ ਵਾਰ ਜਦੋਂ ਉਹ ਆਪਣੇ ਪੇਕੇ ਗਈ ਆਪਣੇ ਮਾਂ-ਪਿਓ ਨੂੰ ਸ਼ਰਾਬੀ ਪਤੀ ਦੀਆਂ ਕਰਤੂਤਾਂ ਦੱਸ ਰਹੀ ਸੀ ਤਾਂ ਉਸ ਦੀ ਭਰਜਾਈ ਕਹਿਣ ਲੱਗੀ | ਤੈਨੂੰ ਤਾਂ ਕਿਤੇ ਵੀ ਵਸਣਾ ਨਾ ਆਇਆ | ਇਹ ਗੱਲ ਉਸ ਦਾ ਕਲੇਜਾ ਚੀਰ ਗਈ | ਪੇਕੇ ਹੁਣ ਉਹ ਘੱਟ ਵੱਧ ਹੀ ਜਾਂਦੀ | ਜਦੋਂ ਉਸ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਪੁੱਛਿਆ ਇਹ ਵਸਣਾ ਕੀ ਹੁੰਦਾ? ਕਿਵੇਂ ਵਸਿਆ ਜਾ ਸਕਦਾ? ਚਾਚੀ ਤੂੰ ਤਾਂ ਸਭ ਕੋਸ਼ਿਸ਼ਾਂ ਕਰ ਲਈਆਂ | ਉਹ ਦੱਸਦੀ ਜੇ ਧਾਕੜ ਤੇ ਸਮਝਦਾਰ ਮਰਦ ਦਾ ਸਾਥ ਹੋਵੇ ਤਾਂ ਔਰਤ ਕਿਤੇ ਵੀ ਵਸ ਸਕਦੀ ਹੈ | ਫਿਰ ਗਰੀਬੀ ਅਮੀਰੀ ਕੋਈ ਚੀਜ਼ ਨਹੀਂ ਹੁੰਦੀ | ਹਕੀਕਤਾਂ ਤੋਂ ਅੱਖਾਂ ਮੀਟਣ ਵਾਲੇ ਬੌਣੇ ਮਰਦ ਕਿਸੇ ਦੇ ਸਾਥੀ ਨਹੀਂ ਹੁੰਦੇ | ਸਮਾਜ ਅਜਿਹੇ ਮਰਦਾਂ ਦੀਆਂ ਔਰਤਾਂ ਨੂੰ ਵੱਸਣ ਨਾ ਵਸਣ ਦੇ ਮਿਹਣੇ ਦਿੰਦਾ, ਉਨ੍ਹਾਂ ਦੀ ਕਿਰਦਾਰ ਕੁਸ਼ੀ ਕਰਦਾ ਰਹਿੰਦਾ ਹੈ | ਫਿਰ ਇਕ ਦਿਨ ਉਸ ਦੇ ਪੇਕਿਓਾ ਸੁਨੇਹਾ ਆਇਆ | ਉਸ ਦਾ ਬਜ਼ੁਰਗ ਪਿਤਾ ਮਰ ਗਿਆ ਸੀ | ਗਲੀ-ਗਵਾਂਢ ਦੀਆਂ ਔਰਤਾਂ ਉਸ ਕੋਲ ਅਫਸੋਸ ਕਰਨ ਆਈਆਂ | ਬੜੇ ਦਿਨ ਉਹ ਰੋਂਦੀ ਰਹੀ ਮੇਰੇ ਨਾਲ ਵੀ ਉਸ ਬਹੁਤੀ ਗੱਲ ਨਾ ਕੀਤੀ | ਅਸੀਂ ਕੁੜੀਆਂ ਸ਼ਾਮ ਨੂੰ ਉਹਦੇ ਕਰਕੇ ਖੇਡਣ ਜਾਂਦੀਆਂ ਤਾਂ ਉਹ ਚੁੱਪ ਚਾਪ ਅੱਥਰੂ ਪੂੰਝਦੀ ਕੰਮ-ਕਾਰ ਕਰਦੀ ਫਿਰਦੀ | ਉਸ ਦਾ ਸ਼ਰਾਬੀ ਪਤੀ ਇਕ ਮੱਝ ਦੇ ਪੱਠੇ ਲਿਆ ਸਾਰਾ ਦਿਨ ਖੇਸ ਲੈ ਕੇ ਉਸ ਕੱਚੇ ਕਮਰੇ ਵਿਚ ਪਿਆ ਰਹਿੰਦਾ | ਉਹ ਵੀ ਹੁਣ ਬਿਮਾਰ ਰਹਿਣ ਲੱਗ ਪਈ | ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਕਹਿੰਦੀ ਮੈਨੂੰ ਤਾਪ ਚੜ੍ਹ ਗਿਆ ਸੀ | ਅਖੀਰ ਇਕ ਦਿਨ ਉਹ ਸਵੇਰੇ ਨਾ ਉੱਠੀ | ਗਲੀ ਵਿਚ ਰੌਲਾ ਪੈ ਗਿਆ | ਜੀਤੋ ਮੁੱਕ ਗਈ ਹੈ | ਮੈਂ ਭੱਜ ਕੇ ਜਾ ਕੇ ਦੇਖਿਆ | ਕੱਚੇ ਕੋਠੇ ਵਿਚ ਔਰਤਾਂ ਦਾ ਝੁਰਮਟ ਸੀ | ਉਸ ਦਾ ਚਿੱਟਾ ਕਢਾਈ ਵਾਲਾ ਸ਼ਾਲ, ਜੋ ਉਸ ਨੇ ਆਉਣ-ਜਾਣ ਲਈ ਰੱਖਿਆ ਹੁੰਦਾ ਸੀ | ਉਸ ਦੇ ਸਰ੍ਹਾਣੇ ਕੋਲ ਤਹਿ ਲੱਗਾ ਪਿਆ ਸੀ | ਸਿਆਣੀਆਂ ਔਰਤਾਂ ਨੇ ਬੱਚਿਆਂ ਨੂੰ ਉਥੋਂ ਜਾਣ ਲਈ ਕਹਿ ਦਿੱਤਾ | ਸ਼ਾਮ ਚਾਰ ਕੁ ਵਜੇ ਉਸ ਨੂੰ ਸਸਕਾਰ ਲਈ ਲੈ ਗਏ | ਇਕ ਅਣਗੌਲੀ ਔਰਤ ਜੋ ਕਿਤੇ ਨਾ ਵਸ ਸਕੀ ਅਖੀਰ ਇਸ ਦੁਨੀਆਂ ਤੋਂ ਵਿਦਾ ਹੋ ਗਈ | ਇਸ ਘਟਨਾ ਨੂੰ ਹੁਣ ਤੱਕ ਇਕ ਲੰਮਾ ਅਰਸਾ ਬੀਤ ਚੁੱਕਿਆ ਹੈ | ਪਰ ਹੁਣ ਵੀ ਕਦੇ-ਕਦੇ ਮੈਨੂੰ ਉਸ ਦਾ ਸੁਪਨਾ ਆਉਂਦਾ ਹੈ, ਜਿਸ ਵਿਚ ਮੈਂ ਹਮੇਸ਼ਾ ਉਸ ਨੂੰ ਪੁੱਛਦੀ ਹਾਂ | ਚਾਚੀ ਤੂੰ ਕਿੱਥੇ ਚਲੀ ਗਈ ਸੀ, ਕਿੰਨਾ ਚਿਰ ਹੋ ਗਿਆ ਤੂੰ ਵਾਪਸ ਹੀ ਨਹੀਂ ਆਈ | ਕਿਸੇ ਵੀ ਸੁਪਨੇ ਵਿਚ ਉਸ ਨੇ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ | ਚੁੱਪਚਾਪ ਕੰਮ ਕਰਦੀ ਫਿਰਦੀ ਨਜ਼ਰ ਆਉਂਦੀ ਹੈ | ਫਿਰ ਸੁਪਨਾ ਭੁੱਲ ਜਾਂਦਾ ਹੈ | ਮੈਂ ਜਦੋਂ ਵੀ ਉਹਦੇ ਬਾਰੇ ਸੋਚਦੀ ਹਾਂ ਤਾਂ ਮੈਨੂੰ ਲੱਗਦਾ ਹੈ ਪੈਲੀ ਦਾ ਕਿੱਲਾ ਵੀ ਕਾਗਜ਼ਾਂ ਵਿਚ ਹੀ ਰਹਿ ਗਿਆ ਉਹ ਵੀ ਉਸ ਦੇ ਵਸਣ ਦਾ ਵਸੇਬਾ ਨਾ ਬਣ ਸਕਿਆ | ਪਤਾ ਨਹੀਂ ਕਿੰਨੀਆਂ ਕੁ ਔਰਤਾਂ ਹੋਣਗੀਆਂ | ਜਿਨ੍ਹਾਂ ਦਾ ਸਹਾਰਾ ਮੁੱਢ ਤੋਂ ਅਖੀਰ ਤੱਕ ਮਾਪੇ ਹੀ ਰਹਿੰਦੇ ਹਨ | ਅਖੀਰ ਮਾਪੇ ਮੁੱਕਣ ਨਾਲ ਇਨ੍ਹਾਂ ਦੀ ਦੁਨੀਆ ਵੀ ਮੁੱਕ ਜਾਂਦੀ ਹੈ |
-ਸੰਪਰਕ : +9190233-62958