30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੱਬ....

ਰੱਬ.....

Ad Position 21
No active advertisement
ਅਜੀਤ ਡੈਸਕ 30-08-2026

ਗੇਜੇ ਮਿਸਤਰੀ ਦੀ ਪਤਨੀ ਜੀਤੋ ਸਿਰ ਦੇ ਵਾਲ ਖਿੰਡੇ ਹੋਏ, ਅੱਖਾਂ ਹੰਝੂਆਂ ਨਾਲ ਭਿੱਜੀਆਂ ਰਾਜੂ ਦੀ ਦੁਕਾਨ ਤੇ ਖੜੀ ਸੀ, ਦੁਕਾਨ ਤੇ ਖੜੇ ਗਾਹਕਾਂ ਦੇ ਚਲੇ ਜਾਣ ਬਾਅਦ ਰਾਜੂ ਨੂੰ ਬੋਲੀ, 'ਵੀਰੇ ਕਣਕ ਵਿਚ ਪਾਉਣ ਵਾਲੀਆਂ ਗੋਲੀਆਂ ਦਿਉ ਸੁਸਰੀ ਲੱਗ ਗਈ ਹੈ' | 'ਅਸੀਂ ਭੈਣੇ ਇਹ ਗੋਲੀਆਂ ਨਹੀਂ ਰੱਖਦੇ ਤੁਸੀਂ ਡਰੱਮ ਵਿਚ ਸਫੈਦੇ ਦੇ ਪੱਤੇ ਪਾ ਦਿਉ' | ਰਾਜੂ ਦਾ ਦਿਲ ਕੰਬ ਗਿਆ ਹੈਂ? ਅਜੇ ਪਰਸੋਂ ਤਾਂ ਗੇਜਾ ਨੰਬਰਦਾਰ ਬਲਵੰਤ ਸਿਉਂ ਤੋਂ ਲੇਲੜੀਆੰ ਕੱਢ ਕੇ ਵੀਹ ਕਿਲੋ ਕਣਕ ਲਿਜਾਂਦਾ ਮੈ ਅੱਖੀਂ ਵੇਖਿਆ ਹੈ | ਉਦੋਂ ਹੀ ਜੀਤੋ ਦਾ ਨੌਂ ਸਾਲ ਦਾ ਮੁੰਡਾ ਦੁਕਾਨ ਤੇ ਆ ਕੇ ਜੀਤੋਂ ਨੂੰ ਕਹਿੰਦਾ, 'ਬੀਬੀ ਛੇਤੀ ਘਰ ਚੱਲ ਪਾਪਾ ਆਪਣੇ ਸਾਰੇ ਸੰਦ ਕਬਾੜੀਏ ਨੂੰ ਵੇਚ ਰਿਹਾ ਹੈ | 
ਜੀਤੋ ਘਰ ਆਈ ਤਾਂ ਕਬਾੜੀਆ ਗੇਜੇ ਤੋਂ ਕਾਰਖਾਨੇ ਵਿਚ ਪਏ ਸਾਰੇ ਸੰਦ ਲਿਜਾ ਚੁੱਕਾ ਸੀ | ਗੇਜਾ ਵੀ ਘਰ ਨਹੀਂ ਸੀ, ਕਬਾੜੀਏ ਤੋਂ ਮਿਲੇ ਦੋ ਸੌ ਰੁਪੈ ਲੈ ਕੇ ਮੱਦੀ ਬਲੈਕੀਏ ਤੋਂ ਨਸ਼ਾ ਲੈਣ ਲਈ ਚਲਾ ਗਿਆ | 
ਕਾਰਖਾਨਾ ਸੰਦਾਂ ਵੱਲੋ ਸੱਖਣਾ ਵੇਖਕੇ ਜੀਤੋ ਦੀ ਧਾਅ ਨਿਕਲ ਗਈ  | ਗੇਜੇ ਨੇ ਕੱਲ ਆਪਣੇ ਦੋਹਾਂ ਬੱਚਿਆਂ ਦੇ ਸਕੂਲੀ ਬੈਗ ਉਨਾਂ ਤੋਂ ਖੋਹ ਕੇ ਸੁੱਟ ਦਿੱਤੇ ਸਨ ਤੇ ਕੁੱਟਿਆ ਸੀ | 
ਉੱਧਰ ਜਦ ਰਾਜੂ ਜੀਤੋ ਦੀ ਮਸੂਮਤਾ ਬਾਰੇ ਸੋਚ ਹੀ ਰਿਹਾ ਕਿ ਨੰਬਰਦਾਰ ਬਲਵੰਤ ਸਿੰਘ ਅਚਾਨਕ ਦੁਕਾਨ ਤੇ ਕੋਈ ਸੌਦਾ ਲੈਣ ਆਇਆ ਤਾਂ ਰਾਜੂ ਨੇ ਕਿਹਾ, 'ਚਾਚਾ ਹੁਣੇ ਗੇਜੇ ਦੀ ਪਤਨੀ ਮੈਥੋਂ ਸਲਫਾਸ ਮੰਗਦੀ ਸੀ, ਪਰ ਮੈਂ ਉਸ ਦਿੱਤੀ ਨਹੀਂ, ਖੱਟ ਲੈ ਚਾਚਾ ਪੁੰਨ ਮੈਨੂੰ ਲੱਗਦਾ ਹੈ ਉਹ ਅੱਜ ਖੁਦਕਸ਼ੀ ਕਰਨ ਲਈ ਤੱਤਪਰ ਹੈ, ਬਚਾ ਲੈ ਉਸ ਨੂੰ ਗਰੀਬ ਮਾਰ ਹੋਣ ਤੋਂ' ਨੰਬਰਦਾਰ ਨੇ ਆ ਵੇਖਿਆ ਨਾ ਤਾਅ ਉਹ ਗੇਜੇ ਦੇ ਘਰ ਵੱਲ ਭੱਜਿਆ |  ਗੇਜੇ ਦੀ ਗਵਾਂਢਣ ਨੇ ਦੱਸਿਆ ਕਿ ਬਾਬਾ ਜੀ ਜੀਤੋ ਆਪਣੇ ਦੋਨੋ ਮੁੰਡਿਆਂ ਬੱਬੂ ਅਤੇ ਹੈਪੀ ਨੂੰ ਬਾਹਰੋਂ ਫੜ ਕੇ ਨਹਿਰ ਵੱਲ ਜਾਂਦੀ ਮੈੰ ਵੇਖੀ ਹੈ | ਨੰਬਰਦਾਰ ਨੇ ਕਿਸੇ ਮੁੰਡੇ ਤੋਂ ਸਕੂਟਰ ਫੜ ਕੇ ਨਹਿਰ ਵਾਲੇ ਰਾਹ ਪਾ ਲਿਆ ਤੇ ਥੋੜੀ ਦੂਰ ਜਾਂਦੀ ਜੀਤੋ ਨੂੰ ਰੋਕ ਲਿਆ | 
'ਨਹੀਂ ਬਾਬਾ ਜੀ ਸਾਨੂੰ ਨਾ ਰੋਕ, ਮੈਂ ਦੋਵਾਂ ਬੱਚਿਆਂ ਨੂੰ ਲੈ ਕੇ ਨਹਿਰ ਵਿਚ ਛਾਲ ਮਾਰਨ ਲਈ ਸਹੁੰ ਖਾ ਕੇ ਤੁਰੀ ਹਾਂ, ਗੇਜੇ ਦੀ ਨਸ਼ੇ ਦੀ ਲਤ ਨੇ ਸਾਡਾ ਘਰ ਤਬਾਹ ਕਰ ਦਿੱਤਾ ਹੈ, ਏਨਾਂ ਬੱਚਿਆਂ ਨੂੰ ਰੋਜ਼ ਮਾਰਦਾ ਹੈ ਕਹਿੰਦਾ ਮੈਂ ਨਹੀਂ ਪੜਾਉਣੇ, ਘਰ ਕੰਮ ਕਰਾਵਾਂਗਾ ਜੀਤੋ ਬਜਿੱਦ ਸੀ |  
'ਬੇਟੀ ਤੂੰ ਤਾਂ ਦਸਵੇਂ ਸ਼ਹਿਨਸ਼ਾਹ ਦਾ ਅਮਿ੍ਤ ਪਾਨ ਕੀਤਾ ਹੈ, ਬਹਾਦਰ ਬਣਕੇ ਇਸ ਗਲ ਪਈ ਬਿਪਤਾ ਨਾਲ ਨਜਿੱਠ | ਏਨਾਂ ਬੱਚਿਆਂ ਦੀ ਫੀਸ ਮੈਂ ਦੇਵਾਂਗਾ | ਇਹ ਦੋਵੇਂ ਸ਼ੇਰ ਬੱਚੇ ਜਵਾਨ ਹੋਏ ਲੈ, ਹੋਰ ਚਹੁੰ ਦਿਨਾਂ ਨੂੰ ਗੇਜੇ ਨੂੰ ਤੁੱਕੇ ਵਾਂਗ ਸਿੱਧਾ ਕਰ ਦੇਣਗੇ | ਮੈਂ ਜੱਗੇ ਕਬਾੜੀਏ ਤੋਂ ਤੁਹਾਡੇ ਸਾਰੇ ਸੰਦ ਹੁਣੇ ਹੀ ਵਾਪਿਸ ਕਰਾਵਾਂਗਾ | ਹੁਣ ਜੀਤੋ ਨੇ ਪਿੰਡ ਵੱਲ ਮੂੰਹ ਕਰ ਲਿਆ ਸੀ ਭਾਵ ਉਸ ਨੇ ਨੰਬਰਦਾਰ ਦੀ ਨਸੀਅਤ ਮੰਨ ਲਈ ਸੀ | ਨੰਬਰਦਾਰ ਜੀਤੋ ਨੂੰ ਘਰ ਪੁਚਾ ਕੇ ਜੱਗੇ ਕਬਾੜੀਏ ਵੱਲ ਤੁਰ ਪਿਆ | ਘਰ ਆ ਕੇ ਜੀਤੋ ਨੂੰ ਇਸ ਤਰਾਂ ਲੱਗਾ ਜਿਵੇਂ ਅੱਜ ਉਨਾਂ ਨੂੰ ਬਾਬੇ ਨੰਬਰਦਾਰ ਦੇ ਰੂਪ ਵਿਚ ਰੱਬ ਮਿਲ ਗਿਆ ਹੈ | 
-ਮੋਬਾਈਲ : 98783-28501

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਵਰਸਿਟੀ ਸੈਨੇਟ ਚੋਣਾਂ ’ਚ ਡਾ. ਸਿਰਸਾ ਨੂੰ ਜਿਤਾਉਣ ਦੀ ਅਪੀਲ ਅਗਲੀ ਖ਼ਬਰ ਟਾਈਮ ਪਾਸ
Ad Position 24