![]()
ਦੂਰਦਰਸ਼ਨ ਜਲੰਧਰ 'ਤੇ ਪੰਜਾਬੀ ਗਾਇਕ ਆਤਮਾ ਬੁੱਢੇਵਾਲੀਆ ਦਾ ਗੀਤ ਚੱਲ ਰਿਹਾ ਸੀ, 'ਵਿਆਹ ਕਰਵਾ ਕੇ ਮਗਰੋਂ, ਪੁੱਛਦਾ ਕੌਣ ਵਿਚੋਲਿਆਂ ਨੂੰ ...' ਤਾਂ ਸ੍ਰੀਮਤੀ ਵਿਅੰਗ ਨਾਲ ਕਹਿਣ ਲੱਗੇ, 'ਆਹ ਸੁਣ ਲਓ, ਵਿਚੋਲਿਆਂ ਨੂੰ ਬਾਅਦ 'ਚ ਕੋਈ 'ਨੀ ਪੁੱਛਦਾ' | ਦਰਸਅਸਲ ਉਹਨਾਂ ਦਿਨਾਂ 'ਚ ਅਸੀਂ ਇਕ ਵਿਆਹ ਦੀ ਵਿਚੋਲਗੀ ਕਰ ਰਹੇ ਸਾਂ | ਕੁੜੀ ਸਾਡੇ ਪਿੰਡ ਨਾਲ ਵਸੀਵਾਂ ਲਗਦੇ ਪਿੰਡ ਤੋਂ ਸੀ | ਉਸ ਪਰਿਵਾਰ ਨਾਲ ਸਾਡੀ ਚਿਰਾਂ ਤੋਂ ਸਾਂਝ ਸੀ | ਦੂਜੇ ਬੰਨੇ ਮੁੰਡੇ ਵਾਲੇ ਵੀ ਸਾਡੇ ਸਰਕਲ 'ਚੋਂ ਸਨ | ਦੋਵਾਂ ਪਾਸਿਓਾ ਸਾਨੂੰ ਵਿਆਹ ਲਈ ਦੱਸ ਪਾਉਣ ਲਈ ਕਹਿ ਰੱਖਿਆ ਸੀ |
ਫਿਰ ਆਸ ਨੂੰ ਬੂਰ ਪੈ ਗਿਆ | ਦੋਵਾਂ ਧਿਰਾਂ ਨੇ ਹਾਂ ਕਰ ਦਿੱਤੀ | ਕੁੜਮਾਈ ਦੀ ਰਸਮ ਵੀ ਸਾਡੇ ਘਰ ਹੀ ਹੋਈ | ਦੋਵੇਂ ਪਾਸੇ ਬਹੁਤ ਖ਼ੁਸ਼ੀ ਦਾ ਮਾਹੌਲ ਸੀ | ਵਿਆਹ ਦਾ ਕਾਰਜ ਵੀ ਬਹੁਤ ਵਧੀਆ ਹੋੋ ਗਿਆ | ਵਿਆਹ 'ਚ ਸ਼ਾਮਿਲ ਹੋਏ ਦੋਹਾਂ ਪਾਸਿਆਂ ਦੇ ਸਾਕ-ਸੰਬੰਧੀ ਵੀ 'ਵਿਚੋਲਗੀ' ਦੀ ਸ਼ਲਾਘਾ ਕਰ ਰਹੇ ਸਨ | ਖ਼ੈਰ ਹੁਣ ਤਾਂ ਇਕ ਸਾਲ ਹੋ ਗਿਆ ਵਿਆਹ ਹੋਏ ਨੂੰ ਦੋਵੇਂ ਪਰਿਵਾਰ ਆਪਸ ਵਿਚ ਇਸ ਤਰ੍ਹਾਂ ਘੁਲਮਿਲ ਗਏ ਹਨ ਜਿਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹੋਣ | ਹੁਣ ਤਾਂ ਉਸ ਵਿਆਹ ਨੂੰ ਸਾਲ ਹੋ ਗਿਆ ਹੈ | ਪਰ ਸਾਡੇ ਘਰ ਦੋਹਾਂ ਪਾਸਿਆਂ ਤੋਂ ਪਹਿਲਾਂ ਵਾਂਗ ਗੇੜਾ ਨਹੀਂ ਵੱਜਦਾ ਅਤੇ ਪਹਿਲਾਂ ਵਾਂਗ ਫੋਨ ਵੀ ਨਹੀਂ ਆਉਂਦੇ | ਘਰ ਬੈਠਿਆਂ ਕਈ ਵਾਰ ਗੱਲ ਚੱਲ ਪੈਂਦੀ ਹੈ ਕਿ ਹੁਣ ਦੋਵੇਂ ਪਾਸੇ ਪਹਿਲਾਂ ਵਾਂਗ ਖ਼ਬਰ ਨਹੀਂ ਰੱਖਦੇੇ ਤਾਂ ਫਿਰ ਆਪ ਹੀ 'ਜਵਾਬ' ਦੇ ਲਈਦਾ ਕਿ ਦੋਵੇਂ ਧਿਰਾਂ ਆਪਸ 'ਚ ਖ਼ੁਸ਼ ਰਹਿਣੀਆਂ ਚਾਹੀਦੀਆਂ |
ਵਿਚੋਲਗੀ ਦੀ ਇਸ ਪਲੇਠੀ ਭੂਮਿਕਾ ਨਾਲ ਰਲਿਆ ਮਿਲਿਆ ਤਜਰਬਾ ਹੋਇਆ | ਇਵੇਂ ਦੋ ਕੁ ਮਹੀਨੇ ਪਹਿਲਾਂ ਸਾਡੇ ਰਾਹੀਂ ਇਕ ਹੋਰ ਵਿਆਹ ਦੇ ਰਿਸ਼ਤੇ ਦੀ ਗੱਲ ਚੱਲ ਪਈ | ਕੁੜੀ ਸਾਡੇੇ ਪਿੰਡ ਤੋਂ ਸੀ ਤੇ ਮੁੰਡੇ ਵਾਲੇ ਵੀ ਸਾਡੇ ਸਰਕਲ 'ਚੋਂ ਸਨ | ਜਦੋਂ ਅਸੀਂ ਦੋਹੀਂ ਪਾਸੇ ਇਕ ਦੂਜੇ ਦੀ ਜਾਣਕਾਰੀ ਸਾਂਝੀ ਕੀਤੀ ਤਾਂ ਪਹਿਲੇ ਰਿਸ਼ਤੇ ਵਾਂਗ ਦੋਹਾਂ ਪਾਸਿਓਾ ਹਾਂ ਆ ਗਈ | ਫਿਰ ਕੀ ਸੀ ਵਿਆਹ ਵਾਲੀ ਵਿਚੋਲਗੀ ਦਾ ਦੂਜਾ ਫ਼ਰਜ਼ ਨਿਭਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ | ਇਸ ਜੋੜੇ ਦੀ ਵੀ ਪਲੇਠੀ ਮੀਟਿੰਗ ਸਾਡੇ ਘਰ ਹੀ ਹੋਈ | ਵਿਆਹ ਤੋਂ ਬਾਅਦ ਕੋਈ ਧਿਰ ਤੁਹਾਨੂੰ ਕਿੰਨਾ ਕੁ ਪੁੱਛਦੀ ਹੈ ਜਾਂ ਨਹੀਂ ਇਹ ਗੱਲ ਛੱਡੋ, ਬਹੁਤ ਖ਼ੁਸ਼ੀ ਇਹ ਵੀ ਹੋਈ ਕਿ ਪਹਿਲੇ ਵਿਆਹ ਵਾਂਗ ਦੂਜਾ ਵਿਆਹ ਵੀ ਬਿਨਾਂ ਕਿਸੇ ਦਾਜ ਦਹੇੇਜ ਤੋਂ ਹੋਇਆ | ਦੋਵਾਂ ਵਿਆਹਾਂ ਵਿਚ ਸਾਦਗੀ ਦਾ ਮਾਹੌਲ ਦੇਖ ਕੇ ਮਨ ਖ਼ੁਸ਼ ਹੋਇਆ |
ਉਂਜ ਦੇਖੀਏ ਤਾਂ ਅੱਜਕਲ੍ਹ ਵਿਆਹਾਂ 'ਚ ਵਿਚੋਲਗੀ ਬਹੁਤ ਘਟ ਗਈ ਹੈ | ਦੋਵੇਂ ਧਿਰਾਂ ਆਪਸ 'ਚ ਸਿੱਧੀਆਂ ਗੱਲਾਂ ਕਰ ਲੈਂਦੀਆਂ ਹਨ ਜਾਂ ਫਿਰ ਮੁੰਡੇ-ਕੁੜੀਆਂ ਮਾਡਰਨ ਜ਼ਮਾਨੇ ਦੇ ਹੁੰਦਿਆਂ ਆਪ-ਮੁਹਾਰੇ ਹੀ ਸੇਧ ਕਰ ਲੈਂਦੇ ਹਨ | ਸੋਸ਼ਲ ਮੀਡੀਆ ਨੇ ਵੀ ਵਿਚੋਲਗੀ ਦੀ ਭੂਮਿਕਾ ਖ਼ਤਮ ਕਰਨ ਵਿਚ ਵੱਡਾ ਪ੍ਰਭਾਵ ਪਾਇਆ ਹੈ | ਪਹਿਲੀਆਂ ਵਿਚ ਵਿਚੋਲੇ ਦੀ ਬੜੀ ਮਾਨਤਾ ਹੁੰਦੀ ਸੀ | ਵਿਚੋਲੇ ਨੇ ਜੋ ਕਹਿ ਦਿੱਤਾ ਉਸ 'ਤੇ ਹੀ ਫੁੱਲ ਚੜ੍ਹਾਏੇ ਜਾਂਦੇ ਸਨ | ਵਿਆਹ ਤੱਕ ਦੋਵੇਂ ਧਿਰਾਂ ਆਪਸ ਵਿਚ ਕੋਈ ਵੀ ਰਾਇ ਨਹੀਂ ਪੁਗਾਉਂਦੀਆਂ ਸਨ | ਵਿਚੋਲੇੇ ਦੀ ਹਰ ਗੇੜੇ ਦੋਵੀਂ ਪਾਸੀਂ ਖੂਬ ਸੇਵਾ ਹੁੰਦੀ ਸੀ | ਵਿਆਹ ਦੀਆਂ ਬਾਕੀ ਰਸਮਾਂ ਵੇਲੇ ਵਿਆਹ ਲਈ ਜੋੜਾ-ਜਾਮਾ ਤਾਂ ਮਹਿੰਗੇ ਭਾਅ ਦਾ ਦਿੱਤਾ ਹੀ ਜਾਂਦਾ ਸੀ ਪਰ ਕਈਆਂ ਵਲੋਂ ਇਨਾਮ ਵਜੋਂ ਸੋਨੇ ਦੀ ਛਾਪ ਵੀ ਪਾਈ ਜਾਂਦੀ ਸੀ | ਖ਼ੈਰ ਵਿਆਹ ਦੀ ਲਈ ਮੁੰਡੇ-ਕੁੜੀ ਦੀ ਦੱਸ ਪਾਉਣ ਤੋਂ ਲੈ ਕੇ ਵਿਆਹ ਦੀਆਂ ਸਾਰੀਆਂ ਰਸਮਾਂ ਨੇਪਰੇ ਚਾੜ੍ਹਨ ਦੀ ਪੂਰੀ ਪ੍ਰੀਕਿਰਿਆ ਤੱਕ ਮਿਹਨਤ ਵੀ ਬਹੁਤ ਆਉਂਦੀ ਸੀ | ਸਾਰੀ ਜ਼ਿੰਮੇਵਾਰੀ ਵਿਚੋਲੇ ਸਿਰ ਹੀ ਮੜ੍ਹੀ ਜਾਂਦੀ ਸੀ |
ਜਨ-ਜੀਵਨ ਦਾ ਜੇਕਰ ਯਥਾਰਤ ਦੇਖੀਏ ਜਾਂ ਫਿਰ ਅਜੋਕੇ ਦੌਰ 'ਚ ਪਤੀ-ਪਤਨੀ ਦੇ ਜੀਵਨ ਸਾਥ ਦੀ ਸਾਰਥਿਕਤਾ ਦੇਖੀਏ ਤਾਂ ਇਸ ਪਿੱਛੇ ਵਿਆਹ ਤੋਂ ਪਹਿਲਾਂ ਇਕ ਦੂਜੇ ਨੂੰ ਜਾਣ ਲੈਣ ਦੀ ਲੋੜ ਵੱਲ ਧਿਆਨ ਖਿੱਚਿਆ ਜਾਂਦਾ ਹੈ | ਕੁੜੀ ਅਤੇ ਮੁੰਡੇ ਨੂੰ ਵਿਆਹ ਤੋਂ ਪਹਿਲਾਂ ਆਪਸ ਵਿਚ ਗੱਲ ਕਰਕੇ ਇਕ ਦੂਜੇ ਬਾਰੇ ਪੂਰੀ ਤਰ੍ਹਾਂ ਜਾਣਕਾਰ ਹੋ ਜਾਣਾ ਚਾਹੀਦਾ ਹੈ | ਫੋਨ 'ਤੇ ਗੱਲ ਕਰਦਿਆਂ, ਸਾਂਝੇ ਟਿਕਾਣੇ 'ਤੇ ਬੈਠ ਕੇ ਇਕ-ਦੂਜੇ ਦੇ ਸੁਭਾਅ ਬਾਰੇ ਜਾਣਕਾਰ ਹੋ ਜਾਂਦੇ ਹਨ ਹੈ ਅਤੇ ਕੁੜੀ-ਮੁੰਡੇ ਦੇ ਪਰਿਵਾਰਕ ਮੈਂਬਰਾਂ ਬਾਰੇ ਪਤਾ ਲਾਉਣ ਪੱਖੋਂ ਤਸੱਲੀ ਹੋ ਜਾਣਾ ਇਹ ਸਾਰਾ ਕੁਝ ਵਿਆਹ ਤੋਂ ਪਹਿਲਾਂ ਹੀ ਸਪੱਸ਼ਟ ਹੋ ਜਾਣਾ ਚਾਹੀਦਾ ਹੈ | ਅੱਜਕਲ੍ਹ ਇਨ੍ਹਾਂ ਸਾਰੇ ਪੱਖਾਂ ਨੂੰ ਮੁੱਖ ਰੱਖਦਿਆਂ ਦੋਵੇਂ ਧਿਰਾਂ ਵਿਆਹ ਤੋਂ ਪਹਿਲਾਂ ਇਕ ਦੂਜੇ ਦੇ ਘਰ ਜਾ ਕੇ ਵੀ ਗੱਲ ਕਰਨ ਨੂੰ ਪਹਿਲ ਦੇਣ ਲੱਗ ਪਈਆਂ ਹਨ |
ਵਿਚੋਲਗੀ ਦੀ ਭੂਮਿਕਾ ਇਸ ਲਈ ਵੀ ਮਹੱਤਵਪੂਰਨ ਰਹੀ ਕਿਉਂਕਿ ਕੁੜਮਾਚਾਰੀ ਦੀ ਨਵੀਂ ਰਿਸ਼ਤੇਦਾਰੀ ਕਰਕੇ ਦੋਵਾਂ ਪਾਸਿਓਾ ਸੰਗ ਹੁੰਦੀ ਸੀ | ਵਿਆਹ ਚਾਹੇ ਵਿਚੋਲਗੀ ਵਾਲਾ ਹੋਵੇ ਜਾਂ ਸਿੱਧੇ ਸੰਪਰਕ 'ਚੋਂ, ਰਿਸ਼ਤਾ ਤਾਂ ਹੀ ਨਿਭਦਾ ਹੈ ਜੇਕਰ ਮੀਆਂ-ਬੀਵੀ ਦਾ ਆਪਸ ਵਿਚ ਵਿਸ਼ਵਾਸ ਕਾਇਮ ਰਹੇ, ਦੋਵੇਂ ਪਰਿਵਾਰ ਇਕ ਦੂਜੇ ਦਾ ਆਦਰ-ਮਾਣ ਕਰਨ ਅਤੇ ਬਿਨਾਂ ਕਿਸੇ ਲਾਲਚ ਦੇ ਰਿਸ਼ਤਾ ਨਿਭਾਉਣ | ਅਜਿਹੀ ਅਵਸਥਾ ਵਿਚ ਨਾ ਹੀ ਕਿਸੇ ਭਾਨੀਮਾਰ ਦੀ ਚੱਲਦੀ ਹੈ, ਨਾ ਕਿਸੇ ਸਾਕ-ਸਬੰਧੀ ਦੀ ਚੁਗਲੀ ਦਾ ਅਸਰ ਹੁੰਦਾ ਹੈ ਅਤੇ ਨਾ ਹੀ ਆਂਢ-ਗੁਆਂਢ ਦੀ ਚੱਲ ਥੱਲ ਦਾ |
ਵਿਚੋਲੇ ਦਾ ਅਰਥ ਹੀ ਵਿਚ ਓਹਲਾ ਕਰ ਕੇ ਕੱਢਿਆ ਜਾਂਦਾ ਹੈ | ਜੇਕਰ ਤਾਂ ਪਤੀ-ਪਤਨੀ ਮਿਲ ਜੁਲ ਕੇ ਰਹਿੰਦੇ ਹਨ, ਆਪਸ ਵਿਚ ਪਿਆਰ ਕਾਇਮ ਰਹਿੰਦਾ ਹੈ ਜਾਂ ਕੁੜੀ ਅਤੇ ਮੁੰਡੇ ਵਾਲੇ ਆਪਸ ਵਿਚ ਵਧੀਆ ਨਿਭਦੇ ਹਨ ਤਾਂ ਵਿਚੋਲੇ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ | ਜੇਕਰ ਘਰ ਗ੍ਰਹਿਸਥੀ ਵਿਚ ਪਤੀ-ਪਤਨੀ ਦੀ ਆਪਸ ਵਿਚ ਨਾ ਬਣੇ ਤਾਂ ਫਿਰ ਇਹ ਬੋਲੀ ਤਾਂ ਉਸ ਨੂੰ ਮੱਥੇ ਵੱਜਦੀ ਜਾਪਦੀ ਹੈ...
ਧੋਖਾ ਦੇ ਗਿਆ ਵਿਚੋਲਾ ਟੁੱਟ ਪੈਣਾ,
ਹਾਣ ਦਾ ਨਾ ਵਰ ਟੋਹਲਿਆ |
-ਪਿੰਡ ਮਜਾਰੀ, ਨੇੜੇ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ |
ਮੋਬਾਈਲ : 98721-93237