ਉੱਨੀ ਸੌ ਚੁਰੰਜਾ ਵਿਚ ਪੈਦਾ ਹੋਇਆ, ਪਲਾਸੌਰ (ਤਰਨਤਾਰਨ) ਵਿਚ ਪ੍ਰਵਾਨ ਚੜਿ੍ਹਆ ਸੋਹਿੰਦਰਬੀਰ ਸਿੰਘ ਬਹੁ-ਵਿਧਾਵੀ ਕਲਮਕਾਰ ਹੈ | ਉਸ ਨੇ ਗ਼ਜ਼ਲਾਂ ਵੀ ਲਿਖੀਆਂ, ਗੀਤ ਵੀ ਸਿਰਜੇ, ਆਲੋਚਨਾ ਤੇ ਸਮੀਖਿਆ ਦਾ ਕਾਰਜ ਵੀ ਕੀਤਾ ਹੈ | ਉਸ ਦੀਆਂ ਗ਼ਜ਼ਲਾਂ ਸਾਦ-ਮੁਰਾਦੀਆਂ ਕਿਸੇ ਫ਼ਕੀਰ ਦੀ ਦੁਆ ਵਰਗੀਆਂ ਹੁੰਦੀਆਂ ਹਨ | ਇਨ੍ਹਾਂ ਵਿਚ ਜਿੱਥੇ ਮੁਹੱਬਤੀ ਗੁਫ਼ਤਗੂ ਹੁੰਦੀ ਹੈ ਓਥੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਸੰਵਾਦ ਵੀ ਸ਼ਾਮਿਲ ਹੁੰਦੇ ਹਨ | ਉਸ ਦੇ ਸ਼ਿਅਰਾਂ ਵਿਚ ਵਧੇਰੇ ਕਰਕੇ ਤਨਹਾਈ, ਤੜਪ, ਦੁਬਿਧਾ ਤੇ ਪੀੜ ਦਾ ਰੁਦਨ ਹੁੰਦਾ ਹੈ | ਉਹ ਪੀ ਐੱਚ ਡੀ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਤੌਰ ਪ੍ਰੋਫੈਸਰ ਸੇਵਾ ਮੁਕਤ ਹੋਇਆ ਹੈ | ਅੱਜਕਲ੍ਹ ਉਹ ਅਮਰੀਕਾ ਰਹਿ ਰਿਹਾ ਹੈ ਤੇ ਉਸ ਦੀਆਂ ਪੁਸਤਕਾਂ ਦੀ ਗਿਣਤੀ ਪੱਚੀ ਦੇ ਕਰੀਬ ਹੈ ਜਿਨ੍ਹਾਂ 'ਚੋਂ ਸੱਤ ਕਵਿਤਾ ਨਾਲ ਸਬੰਧਤ ਹਨ | ਸੋਹਿੰਦਰਬੀਰ ਤਰੰਨੁਮ ਵਿਚ ਗ਼ਜ਼ਲ ਕਹਿੰਦਾ ਹੈ ਤੇ ਉਸ ਦੀ ਬਹੁਤੀ ਸ਼ਾਇਰੀ ਪ੍ਰਗੀਤਕ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਅਗਰ ਆਪਣੀ ਮੁਹੱਬਤ ਦੇ ਸਿਤਾਰੇ ਮਿਲ ਗਏ ਹੁੰਦੇ |
ਨਜ਼ਾਰੇ ਫੇਰ ਜੰਨਤ ਦੇ ਵੀ ਸਾਰੇ ਮਿਲ ਗਏ ਹੁੰਦੇ |
ਸਵੇਰੇ ਮੁੱਢ ਕਦੀਮਾਂ ਤੋਂ ਬੜੇ ਰਮਣੀਕ ਹੋਏ ਨੇ,
ਸੁਹਾਣੀ ਸ਼ਾਮ ਦੇ ਸਾਨੂੰ ਨਜ਼ਾਰੇ ਮਿਲ ਗਏ ਹੁੰਦੇ |
ਅਸਾਡੇ ਜਸ਼ਨ ਵਿਚ ਸੈਆਂ ਸ਼ਗੂਫ਼ੇ ਮਹਿਕ ਪੈਣੇ ਸੀ,
ਕਿਤੇ ਜੇ ਜਾਨ ਨਾਲੋਂ ਵਧ ਕੇ ਪਿਆਰੇ ਮਿਲ ਗਏ ਹੁੰਦੇ |
ਅਗਰ ਰੰਗਾਂ ਤੇ ਨਸਲਾਂ ਦਾ ਮਨਾਂ ਵਿੱਚ ਵਹਿਮ ਨਾ ਹੁੰਦਾ,
ਤਾਂ ਫਿਰ ਪੂਰਬ ਤੇ ਪੱਛੋਂ ਦੇ ਕਿਨਾਰੇ ਮਿਲ ਗਏ ਹੁੰਦੇ |
ਅਸੀਂ ਰਾਹਾਂ ਦੇ ਕੱਖ ਬਣ ਕੇ ਨਹੀਂ ਸੀ ਦਰ-ਬ-ਦਰ ਰੁਲਣਾ,
ਬਹਾਰਾਂ ਦੇ ਖ਼ਿਜ਼ਾਂ ਵਿਚ ਜੇ ਸਹਾਰੇ ਮਿਲ ਗਏ ਹੁੰਦੇ |
ਅਸੀਂ ਸਾਗਰ ਉਲੰਘ ਜਾਂਦੇ ਥਲਾਂ ਨੂੰ ਪਾਰ ਵੀ ਕਰਦੇ,
ਅਗਰ ਪਰਲੇ ਕਿਨਾਰੇ ਤੋਂ ਇਸ਼ਾਰੇ ਮਿਲ ਗਏ ਹੁੰਦੇ |
•
•
ਬਹਾਰਾਂ ਨਾ ਕਦੇ ਆਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਉਮੀਦਾਂ ਉਮਰ ਭਰ ਲਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਜਦੋਂ ਤੂੰ ਨਾਲ ਸੀ ਮੇਰੇ ਝੁਕਾਉਂਦੇ ਸੀਸ ਸੀ ਪਰਬਤ,
ਚੁਫੇਰੇ ਡੂੰਘੀਆਂ ਖਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਤੇਰੀ ਲਿਸ਼ਕੋਰ ਵਿੱਚ ਅਰਸ਼ਾਂ 'ਤੇ ਸੂਰਜ ਜਗਮਗਾਉਂਦਾ ਸੀ,
ਘਟਾਵਾਂ ਕਾਲੀਆਂ ਛਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਮੇਰੇ ਸਿਰ 'ਤੇ ਟਿਕਾ ਕੇ ਤੁਰ ਗਿਆ ਤੂੰ ਭਾਰੀਆਂ ਗੱਠਾਂ,
ਇਕੱਲੇ ਪਾਰ ਮੈਂ ਲਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਤੂੰ ਮੇਰੇ ਨਾਲ ਹੁੰਦਾ ਤਾਂ ਕਹਾਣੀ ਹੋਰ ਹੋਣੀ ਸੀ,
ਸਜ਼ਾਵਾਂ ਲੰਮੀਆਂ ਪਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਸਹਾਰੇ ਜੋ ਵੀ ਚਿਤਵੇ ਸੀ ਕਿਨਾਰਾ ਕਰ ਗਏ ਸਾਰੇ,
ਹਜ਼ਾਰਾਂ ਠੋਕ੍ਹਰਾਂ ਪਾਈਆਂ ਤੇਰੇ ਤੁਰ ਜਾਣ ਦੇ ਮਗਰੋਂ |
ਨਿਗਾਹੀਂ ਨੂਰ ਨੱਚਦਾ ਤੇ ਖ਼ੁਸ਼ੀ ਸੀ ਦੌੜ ਕੇ ਮਿਲਦੀ,
ਸਮੇਂ ਨੇ ਬੇੜੀਆਂ ਪਾਈਆਂ, ਤੇਰੇ ਤੁਰ ਜਾਣ ਦੇ ਮਗਰੋਂ |