ਲਿਖਣਾ ਆਸਾਨ ਹੈ ਪਰ ਆਪਣੀ ਹੀ ਸਿਰਜਣਾ ਨੂੰ ਆਪਣੇ ਕਿਰਦਾਰ ਵਿਚ ਢਾਲਣਾ ਅੱਤ-ਕਠਿਨ ਹੁੰਦਾ ਹੈ। ਗੁਰਜੀਤ ਸਹੋਤਾ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜੋ ਅੰਦਰੋਂ ਬਲਦਾ ਹੈ ਪਰ ਇਸ ਦੇ ਬਾਵਜੂਦ ਹਮੇਸ਼ਾ ਨਿਮਰ ਰਹਿੰਦਾ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰ ਤਪਦੇ ਹਨ, ਜੂਝਦੇ ਹਨ ਤੇ ਪਾਰੇ ਵਾਂਗ ਵਹਿੰਦੇ ਹਨ। ਦੋ ਫਰਵਰੀ 1957 ਨੂੰ ਬਰਸਾਲ ਵਿਖੇ ਪੈਦਾ ਹੋਇਆ ਸਹੋਤਾ ਹੁਣ ਰੌਸ਼ਨੀਆਂ ਦੇ ਸ਼ਹਿਰ ਜਗਰਾਓਂ ਰਹਿੰਦਾ ਹੈ। ਆਪਣੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੀ ਤਾਲੀਮ ਦੇਣ ਵਾਲੇ ਇਸ ਗ਼ਜ਼ਲਕਾਰ ਨੇ ਹਮੇਸ਼ਾ ਪੀੜਤ ਧਿਰਾਂ ਦਾ ਪੱਖ ਲਿਆ ਹੈ। ਬਹੁਤ ਘੱਟ ਗ਼ਜ਼ਲਕਾਰ ਹਨ ਜੋ ਅੰਦਰੋਂ ਬਾਹਰੋਂ ਜੁਗਨੂੰਆਂ ਦੀ ਜਗਮਗਾਹਟ ਦੇ ਕਾਇਲ ਹੁੰਦੇ ਹਨ। ਇਹ ਗ਼ਜ਼ਲਕਾਰ ਚਾਹੁੰਦਾ ਹੈ ਸੂਰਜ ਦੀ ਰੌਸ਼ਨੀ, ਪੌਣ ਦੀ ਛੂਹ ਤੇ ਪਾਣੀ ਦੀ ਤ੍ਰਿਪਤੀ ਸਭ ਨੂੰ ਇਕਸਾਰ ਮਿਲੇ। 'ਸੁਪਨਾ ਸੁਰਖ਼ ਸਵੇਰ ਜਿਹਾ' ਉਸ ਦਾ ਜ਼ਿਕਰਯੋਗ ਗ਼ਜ਼ਲ ਸੰਗ੍ਰਹਿ ਹੈ ਤੇ ਇਕ ਗ਼ਜ਼ਲ ਸੰਗ੍ਰਹਿ ਛਪਾਈ ਅਧੀਨ ਹੈ। ਪੇਸ਼ ਹਨ ਗੁਰਜੀਤ ਸਹੋਤਾ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002
ਮੇਰਿਆਂ ਰਾਹਾਂ ਦੇ ਵਿਚ ਕੰਡੇ ਵਿਛਾਓਗੇ ਤੁਸੀਂ।
ਕੀ ਪਤਾ ਸੀ ਦੋਸਤੀ ਏਦਾਂ ਨਿਭਾਓਗੇ ਤੁਸੀਂ।
ਨਾ-ਖ਼ੁਦਾਓ, ਕੰਬਦੇ ਹੋ ਟੋਭਿਆਂ ਨੂੰ ਦੇਖ-ਦੇਖ,
ਅੱਗ ਦੇ ਸਾਗਰ 'ਚੋਂ ਕੀਕਣ ਪਾਰ ਲਾਓਗੇ ਤੁਸੀਂ।
ਕਰਬਲਾ ਜਿਸ ਨੇ ਬਣਾਇਆ ਘੁੱਗ ਵਸਦੇ ਸ਼ਹਿਰ ਨੂੰ,
ਓਸਦੇ ਅੱਗੇ ਕਦੋਂ ਤੱਕ ਸਿਰ ਝੁਕਾਓਗੇ ਤੁਸੀਂ।
ਜੁੜ ਰਹੇ ਨੇ ਵਾ-ਵਰੋਲੇ ਆਉਣ ਵਾਲਾ ਹੈ ਤੂਫ਼ਾਨ,
ਸਾਗਵਾਨੀ ਬੰਗਲੇ ਕਿੱਥੇ ਛੁਪਾਓਗੇ ਤੁਸੀਂ।
ਹੋਣਗੇ ਵਾਕਿਫ਼ ਕਦੇ ਤਾਂ ਉਹ ਤੁਹਾਡੀ ਚਾਲ ਤੋਂ,
ਕਦ ਕੁ ਤੱਕ ਆਪਣੇ ਇਸ਼ਾਰੇ 'ਤੇ ਨਚਾਓਗੇ ਤੁਸੀਂ।
*
ਜੋ ਤੁਰੇ ਸਨ ਸਿਰ ਹਥੇਲੀ 'ਤੇ ਟਿਕਾ ਕੇ।
ਪਰਤ ਆਏ ਨੇ ਘਰਾਂ ਨੂੰ ਸਿਰ ਗੁਆ ਕੇ।
ਏਸ ਧਰਤੀ ਤੋਂ ਹਨ੍ਹੇਰਾ ਹੂੰਝ ਪਹਿਲਾਂ,
ਫੇਰ ਰੱਖੀਂ ਚੰਨ 'ਤੇ ਦੀਵੇ ਜਗਾ ਕੇ।
ਖ਼ੂਬ ਹੈ ਤੇਰੀ ਸ੍ਰਿਸ਼ਟੀ ਐ ਖ਼ੁਦਾ, ਪਰ,
ਕਿਸ ਤਰ੍ਹਾਂ ਦਾ ਭੇਜਿਆ ਬੰਦਾ ਬਣਾ ਕੇ।
ਕਿੰਗਰੇ ਦਿੱਲੀ ਦੇ ਭੰਨਣ ਜੋ ਗਿਆ ਸੀ,
ਬਹਿ ਗਿਐ ਉਸਦੀ ਸਭਾ ਵਿਚ ਸਜ-ਸਜਾ ਕੇ।
ਫੇਰ ਆਇਆ ਹੈ ਮਦਾਰੀ ਸ਼ਹਿਰ ਅੰਦਰ,
ਹੁਣ ਨਚਾਊ ਭੀੜ ਨੂੰ ਡੌਰੂ ਵਜਾ ਕੇ।
ਝੱਖੜਾਂ ਨੇ ਝੰਬਿਆ ਹੈ ਬਾਗ਼ ਸਾਰਾ,
ਫੁੱਲ ਕਿੱਦਾਂ ਰੱਖਦੇ ਮਹਿਕਾਂ ਬਚਾ ਕੇ।
ਮਰਨ ਪਿੱਛੋਂ ਨਾ ਬਹਿਸ਼ਤਾਂ ਦੀ ਤਮੰਨਾ,
ਜਿਉਂਦਿਆਂ ਵਸਣੈਂ ਸਵਰਗਾਂ ਨੂੰ ਵਸਾ ਕੇ।