![]()
ਏਕਤਾ
ਆਪਣੀਆਂ ਜਾਇਜ਼ ਮੰਗਾਂ ਲਈ ਇਕ ਵਿਭਾਗ ਨੇ ਅਥਾਰਟੀ ਦੇ ਦਫ਼ਤਰ ਅੱਗੇ ਧਰਨਾ ਲਗਾਇਆ | ਉਨ੍ਹਾਂ ਦੀ ਇਕ ਯੂਨੀਅਨ ਧਰਨੇ ਨੂੰ ਸੰਬੋਧਨ ਕਰਦੇ ਹੋਏ ਨਾਅਰਾ ਲਗਾ ਰਹੀ ਸੀ 'ਆਵਾਜ਼ ਦੋ ਹਮ ਏਕ ਹੈ' | ਜਦ ਕਿ ਦੂਸਰੀ ਯੂਨੀਅਨ ਦੇ ਕੁਝ ਲੋਕ ਅਥਾਰਟੀ ਦੇ ਦਫ਼ਤਰ 'ਚ ਅਫ਼ਸਰਾਂ ਨਾਲ ਬੈਠੇ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ |
ਅਪੌਇੰਟਮੈਂਟ
ਪਿੰਡ ਦੀ ਝਿੜੀ ਵਿਚ ਬਣੇ ਡੇਰੇ ਅੰਦਰ ਲੋਕਾਂ ਨੂੰ ਬਿਮਾਰੀਆਂ ਦੇ ਰਾਮਬਾਣ ਨੁਸਖੇ ਦੱਸਣ 'ਚ ਮਾਹਿਰ ਅਤੇ ਲਾਇਲਾਜ ਰੋਗਾਂ ਦਾ ਸ਼ਰਤੀਆ ਇਲਾਜ ਕਰਨ ਦੇ ਦਾਅਵੇ ਕਰਨ ਵਿਚ ਮਸ਼ਹੂਰ ਉਹ ਸ਼ਖ਼ਸ ਅੱਜ ਸਵੇਰੇ-ਸਵੇਰੇ ਸ਼ਹਿਰ ਦੇ ਵੱਡੇ ਡਾਕਟਰ ਦੀ ਅਪੌਇੰਟਮੈਂਟ ਲੈਣ ਲਈ ਤਰਲੋ ਮੱਛੀ ਹੋ ਰਿਹਾ ਸੀ |
ਲੁੱਚ ਪੌਅ
ਸੱਥ 'ਚ ਗਾਮਾ ਖ਼ਬਰ ਪੜ੍ਹ ਕੇ ਸੁਣਾ ਰਿਹਾ ਸੀ ਕਿ ਇਕ ਬੰਦਾ ਦੋ ਸੌ ਕਰੋੜ ਖਰਚ ਕੇ ਬੰਦੇ ਤੋਂ ਕੁੱਤਾ ਬਣ ਗਿਆ ਹੈ | ਨਾਲ ਬੈਠਾ ਜਾਗਰ ਅਮਲੀ ਸਹਿਜ ਸੁਭਾ ਬੋਲਿਆ 'ਕਈ ਬੰਦੇ ਸਾਰੀ ਉਮਰ ਲੁੱਚ ਪੌਅ ਕਰਦੇ ਹਨ ਤੇ ਕੁੱਤੇਖਾਣੀ ਕਰਵਾਉਂਦੇ ਹਨ' |
ਨਾਨ ਸਟਾਪ ਰੇਡੀਓ
ਜਿੰਦਰ ਵਾਹੋ-ਦਾਹੀ ਆਈ ਤੇ ਆਪਣੀ ਚਾਚੀ ਸੱਸ ਨੂੰ ਕਮਰੇ 'ਚ ਲੈ ਵੜੀ 'ਨੀ ਚਾਚੀ! ਤੈਨੂੰ ਪਤਾ ਵੇਹੜੇ ਵਾਲਿਆਂ ਦਾ ਜੀਤਾ ਚਿੱਟੇ ਦੀ ਭੇਟ ਚੜ੍ਹ ਗਿਆ, ਉਤਲੀ ਪੱਤੀ ਆਲੇ ਬਾਬੇ ਕੇ ਤਾਰੀ ਦੀ ਕੁੜੀ ਭਈਏ ਨਾਲ ਭੱਜ ਗਈ, ਲੈ ਸਰਪੰਚ ਗਰੀਬਾਂ ਦੀਆਂ ਟੱਟੀਆਂ (ਪਖਾਨੇ ਬਣਾਉਣ ਲਈ ਆਈ ਗਰਾਂਟ) ਖਾ ਗਿਆ, ਪਿੰਡ ਦੇ ਬਾਜ਼ੀਗਰ ਸ਼ਾਮਲਾਟ ਜ਼ਮੀਨ ਦੱਬ ਗਏ, ਪ੍ਰਤਾਪੀ ਕੇ ਅੱਜ ਸਵੇਰੇ ਕੁੰਡੀ ਫੜੀ ਗਈ' | ਜਿੰਦਰ ਨੇ ਇਕੋ ਸਾਹੇ ਪਿੰਡ ਦੀ ਸਾਰੀ ਵਿਥਿਆ ਬਿਆਨ ਦਿੱਤੀ ਸੀ |
-ਮੋਬਾ.: 95173-96001