14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਿਅੰਗ ਸਾਂਢੂ ਦੀ ਮੌਤ

ਵਿਅੰਗ ਸਾਂਢੂ ਦੀ ਮੌਤ

Ad Position 21
No active advertisement
ਅਜੀਤ ਡੈਸਕ 15-11-2026

'ਤੂੰ ਚੱਲ ਹੁਣ ਕੀ ਸੋਚੀ ਜਾਨੈ, ਚਾਰ ਮਹੀਨੇ ਹੋਗੇ ਜੀਜੇ ਬਲਕਰਨ ਨੂੰ ਬਿਮਾਰ ਹੋਏ ਨੂੰ, ਕੰਮ ਤਾਂ ਮੁੱਕਣੇ ਨਹੀਂ, ਕੀ ਸੋਚੂਗੀ ਮੇਰੀ ਭੈਣ ਸੀਬੋ ਵਿਚਾਰੀ, ਬਰਨਾਲਾ ਕਿਹੜਾ ਮਲੋਟ ਐ', ਮੇਰੀ ਪਤਨੀ ਦਲਜੀਤ ਨੇ ਮੈਨੂੰ ਝੰਜੋੜਿਆ | 'ਚੱਲ ਫੇਰ ਬਰਨਾਲੇ ਨੂੰ ਖਿੱਚ ਤਿਆਰੀ, ਪਤਾ ਲੈ ਕੇ ਛੇਤੀ ਮੁੜ ਆਵਾਂਗੇ | ਆਹ ਧਰਮਸ਼ਾਲਾ 'ਤੇ ਕਿਸਾਨਾਂ ਦਾ ਇਕੱਠ ਹੈ, ਧਰਨੇ 'ਤੇ ਬਰਨਾਲੇ ਜਾਣ ਲਈ ਗੱਡੀ ਤਿਆਰ ਖੜ੍ਹੀ ਹੈ, ਖੜ੍ਹਜਾ ਮੈਨੂੰ ਹਰੀ ਪੱਗ ਬੰਨ੍ਹ ਲੈਣਦੇ' | ਮੈਂ ਸਾਂਢੂ ਮਾਸਟਰ ਬਲਕਰਨ ਦਾ ਪਤਾ ਲੈਣ ਲਈ ਰਜ਼ਾਮੰਦ ਹੋ ਗਿਆ | ਗੱਡੀ ਤਿਆਰ ਸੀ | ਅਸੀਂ ਪੰਦਰਾਂ ਵੀਹ ਬੰਦੇ ਬੁੜ੍ਹੀਆਂ ਵਿਚ ਘੁਸ ਕੇ ਬੈਠ ਗਏ | 

ਬਰਨਾਲੇ ਜਾ ਕੇ ਅਸੀਂ ਕਿਸਾਨਾਂ ਦੇ ਇਕੱਠ 'ਚੋਂ ਗਿੱਦੜ ਘਚਾਨੀ ਦੇ ਕੇ ਸਾਂਢੂ ਦੇ ਘਰ ਨੂੰ ਜਾਣ ਲਈ ਰਿਕਸ਼ਾ ਲੈ ਲਿਆ |  ਪਤਨੀ ਕਹਿੰਦੀ ਜੀਜਾ ਜੀ ਮੀਟ ਖਾਣ ਦੇ ਸ਼ੌਕੀਨ ਹਨ, ਉਥੋਂ ਕਿਲੋ ਮੀਟ ਤੇ ਕੇਲੇ ਲੈ ਲਾ | ਜਦ ਅਸੀਂ ਬਲਕਰਨ ਦੇ ਘਰ ਨੇੜੇ ਰਿਕਸ਼ੇ ਤੋਂ ਉੱਤਰ ਕੇ ਘਰ ਵੜਨ ਲੱਗੇ ਤਾਂ ਇਕ ਬੰਦਾ ਉਨ੍ਹਾਂ ਦੇ ਘਰੋਂ ਨਿਕਲਿਆ, ਮੈਂ ਪੁੱਛਿਆ ਬਾਈ ਬਲਕਰਨ ਘਰ ਹੀ ਹੈ? ਉਹ ਕਹਿੰਦਾ ਸਰਦਾਰ ਜੀ ਮੈਂ ਧੋਬੀ ਹਾਂ ਮੈਂ ਤਾਂ ਮਾਸਟਰ ਤੋਂ ਕੱਪੜੇ ਪ੍ਰੈੱਸ ਕਰਨ ਦੇ ਪੈਸੇ ਲੈਣ ਆਇਆ ਸੀ, ਪਰ ਉਹ ਤਾਂ ਬਿਮਾਰ ਸੀ, ਲੱਗਦਾ ਹੈ ਚੜ੍ਹਾਈ ਕਰ ਗਿਆ, ਲੋਕ ਅੰਦਰ ਸੱਥਰ 'ਤੇ ਬੈਠੇ ਹਨ, ਮੈਂ ਤਾਂ ਬਾਰ 'ਚੋਂ ਹੀ ਪਿਛਾਂਹ ਮੁੜ ਆਇਆ ਹਾਂ, ਠਹਿਰ ਕੇ ਆਉਂਦਾ ਹਾਂ ਲੀੜੇ ਬਦਲ ਆਵਾਂ | 
ਪਤਨੀ ਦਲਜੀਤ ਨੇ ਮੈਨੂੰ ਧੱਕਾ ਮਾਰਿਆ ਤੇ ਰੋਂਦੀ ਕਹਿੰਦੀ ਜ਼ਾਲਮਾ ਤੂੰ ਇਕ ਨਹੀਂ ਮੰਨੀ ਜੀਜਾ ਜੀ ਜਿਊਾਦੇ ਨਾਲ ਚਾਰ ਗੱਲਾਂ ਵੀ ਨਾ ਕਰ ਹੋਈਆਂ | 
ਘਰ ਵੜਦੇ ਹੀ ਅਸੀਂ ਕਮਰੇ ਬਾਹਰ ਸੈਂਕੜੇ ਬੂਟ, ਜੁੱਤੀਆਂ ਤੇ ਚੱਪਲਾਂ ਪਈਆਂ ਵੇਖੀਆਂ ਤਾਂ ਸਾਡਾ ਯਕੀਨ ਪੱਕਾ ਹੋ ਗਿਆ ਕਿ ਭਾਣਾ ਵਾਕਿਆ ਹੀ ਵਰਤ ਚੁੱਕਾ ਹੈ | ਦਲਜੀਤ ਨੇ ਕਬੱਡੀ ਖਿਡਾਰੀਆਂ ਦੇ ਥਾਪੀਆਂ ਮਾਰਨ ਵਾਂਗ ਦੁਹੱਥੜ ਮਾਰ ਕੇ ਵੈਣ ਪਾਇਆ, 'ਹਾਏ ਵੇ ਪਿਆਰੇ ਜੀਜਿਆ ਤੈਨੂੰ ਕਿਹੜੀਆਂ ਭੁੱਖੀਆਂ ਡੈਣਾਂ ਨੇ ਖਾ ਲਿਆ ਵੇ, ਮੈਨੂੰ ਤਾਂ ਉਡੀਕ ਲੈਂਦਾ ਵੇ ਹਾਏ', ਕਹਿੰਦੀ ਹੋਈ ਅੱਗੇ ਵਧੀ | 
ਬਾਹਰ ਦੁਹੱਥੜ ਦਾ ਖੜਕਾ ਜਿਹਾ ਸੁਣ ਕੇ ਇਕ ਸ਼ਖ਼ਸ ਅੰਦਰੋਂ ਨਿਕਲਿਆ | 
ਪਤਨੀ ਉਸ ਨੂੰ ਵੇਖਦੇ ਸਾਰ ਭੂਤ-ਭੂਤ ਕਹਿ ਕੇ ਚੀਕੀ ਤੇ ਮੇਰੇ ਨਾਲ ਲਿਪਟ ਗਈ  | ਮੈਂ ਬੇਸ਼ੱਕ ਤਰਕਸ਼ੀਲ ਸੀ, ਮੈਂ ਵੀ ਡਰ ਗਿਆ | ਇਹ ਬੰਦਾ ਬਲਕਰਨ ਸਿੰਘ ਸੀ | ਮੈਂ ਸੋਚਿਆ ਧਰਮਰਾਜ ਨੇ ਐਡੀ ਛੇਤੀ ਭੂਤ ਬਣਾਤਾ | 
'ਉਏ ਪਤੰਗ ਭਰਾਵਾ ਥੋਨੂੰ ਕੀ ਹੋਇਆ ਐ ਤੇ ਉਸ ਦੇ ਪਿੱਛੇ ਹੀ ਰੌਲਾ ਸੁਣ ਕੇ ਤੀਹ-ਪੈਂਤੀ ਸਕੂਲ ਪੜ੍ਹਦੇ ਬੱਚਿਆਂ ਨੇ ਆ ਘੇਰਾ ਘੱਤਿਆ | ਸਾਨੂੰ ਬਹੁਤ ਸ਼ਰਮ ਆਈ, ਹੁਣ ਸਾਨੂੰ ਸਮਝ ਆ ਚੁੱਕੀ ਸੀ ਕਿ ਜੀਜਾ ਮਾਸਟਰ ਬਲਕਰਨ ਤਾਂ ਬਹੁਤ ਸਾਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਹੇ ਸਨ | ਇਕ ਗੱਲ ਚੰਗੀ ਹੋਈ ਅਸੀਂ ਮੀਟ ਤੇ ਕੇਲੇ ਬਾਹਰ ਬੈਂਚ 'ਤੇ ਸੁੱਟ ਆਏ ਸੀ, ਮੀਟ ਵੇਖ ਕੇ ਮਾਸਟਰ ਦੀਆਂ ਵਾਛਾਂ ਖਿੜ ਗਈਆਂ | 

-ਮੋਬਾਈਲ : 98783-28501

Ad Position 22
No active advertisement
ਪਿਛਲੀ ਖ਼ਬਰ ਕਹਾਣੀ ਪ੍ਰਾਹੁਣਾ ਕੀਹਦਾ? ਅਗਲੀ ਖ਼ਬਰ ਨਹਿਲੇ 'ਤੇ ਦਹਿਲਾ
Ad Position 24