14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਕਹਾਣੀ ਚਾਹ ਪਾਣੀ

ਕਹਾਣੀ ਚਾਹ ਪਾਣੀ

Ad Position 21
No active advertisement
ਅਜੀਤ ਡੈਸਕ 15-11-2026

ਮਾੜੂ ਜਿਥੇ ਅਨਪੜ੍ਹ ਸੀ, ਉਥੇ ਸੁਭਾਅ ਦਾ ਵੀ ਸਿੱਧਾ-ਸਾਦਾ ਸੀ | ਉਹ ਦੁਨੀਆਦਾਰੀ ਤੋਂ ਵੀ ਬਿਲਕੁਲ ਅਨਜਾਣ ਸੀ | ਜਿਹੜੀ ਭਰਾਵੀਂ ਵੰਡ 'ਚੋਂ ਜ਼ਮੀਨ ਹਿੱਸੇ ਆਈ ਸੀ, ਉਸ 'ਤੇ ਉਹ ਖੇਤੀ ਕਰਦਾ ਸੀ | ਉਹ ਨਾ ਕਿਤੇ ਸੱਥ ਵਿਚ ਖੜ੍ਹਦਾ ਸੀ, ਨਾ ਹੀ ਕਿਸੇ ਦੇ ਦੁਖਦੇ-ਸੁਖਦੇ ਘਰ ਜਾਂਦਾ ਸੀ | ਉਹ ਤਾਂ ਘਰੋਂ ਖੇਤ ਤੇ ਖੇਤੋਂ ਘਰ ਆਉਣ ਵਾਲਾ ਬੰਦਾ ਸੀ | ਸੁਬ੍ਹਾ ਦਾ ਗਿਆ ਸ਼ਾਮ ਨੂੰ  ਮੁੜਦਾ ਸੀ | ਜੇਕਰ ਕੋਈ ਬੰਦਾ ਉਸ ਨੂੰ  ਬਿਨਾਂ ਕੰਮ ਤੋਂ ਖੇਤ ਬੈਠਣ ਦਾ ਕੋਈ ਕਾਰਨ ਪੁੱਛਦਾ ਤਾਂ ਉਹ ਕਹਿੰਦਾ, 'ਖੇਤ ਫਸਲ ਦੀ ਨਿਗਰਾਨੀ ਰੱਖਣੀ ਪੈਂਦੀ ਆ, ਨਹੀਂ ਤਾਂ ਮਾਲ ਚਾਰਨ ਵਾਲੇ ਰਾਹ ਦੇ ਨਾਲ-ਨਾਲ ਫਸਲ ਪਸ਼ੂਆਂ ਨੂੰ  ਚਰਾ ਦਿੰਦੇ ਹਨ |'

ਇਸ ਤਰ੍ਹਾਂ ਉਸ ਦੇ ਪਿੰਡ ਇਕ ਹੋਰ ਗਿੰਦਰ ਬੱਕਰੀਆਂ ਵਾਲਾ ਰਹਿੰਦਾ ਸੀ | ਜਿਹੜਾ ਬਿਲਕੁਲ ਮਾੜੂ ਵਰਗਾ ਜਵਾਂ ਦੇਸੀ ਸੀ ਜਾਂ ਇਹ ਕਹਿ ਲਵੋ ਕਿ ਗਿੰਦਰ ਵੀ ਰੱਬ ਦਿੱਤੀਆਂ ਖਾਣ ਵਾਲਾ ਸੀ | ਗਿੰਦਰ ਵੀ ਸਵੇਰ ਦਾ ਗਿਆ ਸ਼ਾਮ ਨੂੰ  ਟਿੱਕੀ ਢਲਦਿਆਂ ਘਰ ਨੂੰ  ਮੁੜਦਾ ਸੀ | ਗਿੰਦਰ ਵੀ ਉਮਰ ਢਲਦਿਆਂ ਕਰਕੇ ਬੱਕਰੀਆਂ ਮਗਰ ਬਹੁਤਾ ਭੱਜ ਕੇ ਨਹੀਂ ਸੀ ਜਾ ਸਕਦਾ | ਹਾਂ, ਗਿੰਦਰ ਵੀ ਦਿਲੋਂ ਇਹੀ ਚਾਹੁੰਦਾ ਸੀ ਕਿ ਮੇਰੀਆਂ ਬੱਕਰੀਆਂ ਕਿਸੇ ਦਾ ਨੁਕਸਾਨ ਨਾ ਕਰਨ | ਇਕ ਦਿਨ ਗਿੰਦਰ ਜਦੋਂ ਮਾੜੂ ਦੇ ਖੇਤ ਕੋਲ ਦੀ ਲੰਘਿਆ ਤਾਂ ਦੋ-ਤਿੰਨ ਬੱਕਰੀਆਂ ਮਾੜੂ ਦੀ ਕਣਕ ਵਿਚ ਵੜ ਗਈਆਂ | ਗਿੰਦਰ ਨੇ ਉਨ੍ਹਾਂ ਨੂੰ  ਰੋਕਣ ਦੀ ਕੋਸ਼ਿਸ਼ ਕਰਦਿਆਂ ਡਲਾ ਵੀ ਚਲਾਵਾਂ ਮਾਰਿਆ ਸੀ | ਡਲਾ ਵੱਜਣ ਕਾਰਨ ਬੱਕਰੀਆਂ ਕਣਕ ਵਿਚ ਹੋਰ ਅਗਾਂਹ ਨੂੰ  ਹੋ ਗਈਆਂ ਸਨ | ਇੰਨੇ ਚਿਰ ਨੂੰ  ਮਾੜੂ ਨੂੰ  ਪਤਾ ਲੱਗ ਗਿਆ ਤੇ ਮਾੜੂ ਨੇ ਗਿੰਦਰ ਨੂੰ  ਗਾਲ੍ਹਾਂ ਦੀ ਝੜੀ ਲਾ ਦਿੱਤੀ | ਕਹਿੰਦਾ, 'ਮੋੜ ਉਇ ਆਪਦੀਆਂ ਮਾਵਾਂ ਨੂੰ ', ਹੁਣ ਗਿੰਦਰ ਤੋਂ ਚੁੱਪ ਨਾ ਰਿਹਾ ਗਿਆ, 'ਉਇ ਮੈਂ ਕਿਹੜਾ ਬੱਕਰੀਆਂ ਤੇਰੇ ਖੇਤ 'ਚ ਜਾਣ ਕੇ ਵਾੜੀਆਂ, ਮੱਲੋਮੱਲੀ ਵੜ ਗਈਆਂ, ਤੂੰ ਮੰੂਹ ਸੰਭਾਲ ਕੇ ਬੋਲ, ਨਹੀਂ ਮੇਰੇ ਕੋਲ ਢਾਂਗੀ ਆ ਮਾਰ ਕੇ ਸਿਰ 'ਤੇਰਾ ਸਿਰ ਪਾੜ ਦੰੂ |'
ਹੁਣ ਮਾੜੂ ਨੂੰ  ਵੀ ਗੁੱਸਾ ਆ ਗਿਆ ਕਹਿੰਦਾ, 'ਸਾਲਿਆ ਇਕ ਤਾਂ ਮੇਰੀ ਕਣਕ ਵਿਚ ਬੱਕਰੀਆਂ ਵਾੜਤੀਆਂ, ਦੂਜਾ ਤੀਂਗੜ ਦਾ ਏਾ ਖੜ੍ਹ ਜਾ ਮੇਰਿਆ ਸਾਲਿਆ, ਤੈਨੂੰ ਮੈਂ ਦਿੰਨਾ ਮੱਤ', ਏਨਾ ਕਹਿ ਕੇ ਮਾੜੂ ਨੇ ਗਿੰਦਰ ਨੂੰ  ਲਫੇੜਾ ਜੜਤਾ | ਫਿਰ ਕੀ ਸੀ ਗਿੰਦਰ ਕਿਹੜਾ ਘੱਟ ਸੀ, ਜਦੋਂ ਜੱਫੋ-ਜੱਫੀ ਹੋ ਗਏ ਤਾਂ ਬੱਕਰੀਆਂ ਦਾ ਦੁੱਧ ਪੀਣ ਵਾਲੇ ਗਿੰਦਰ ਨੇ ਮੱਝ ਦਾ ਦੁੱਧ ਪੀਣ ਵਾਲੇ ਮਾੜੂ ਨੂੰ  ਲੱਤ 'ਚ ਲੱਤ ਅੜਾ ਕੇ ਥੱਲੇ ਸੁੱਟ ਲਿਆ ਤੇ ਮਾੜੂ ਦੇ ਲਫੇੜੇ ਮਾਰ-ਮਾਰ ਕੇ ਮੰੂਹ ਲਾਲ ਕਰ ਦਿੱਤਾ | ਏਨੇ ਚਿਰ ਨੂੰ  ਬਾਬਾ ਕਾਮਰੇਡ ਵੀ ਆਪਣੇ ਖੇਤੋਂ ਸਾਈਕਲ 'ਤੇ ਗੇੜਾ ਮਾਰ ਕੇ ਆ ਰਿਹਾ ਸੀ | ਜਦੋਂ ਉਸ ਨੇ ਵੇਖਿਆ ਕਿ ਮਾੜੂ ਤੇ ਗਿੰਦਰ ਲੜੀ ਜਾਂਦੇ ਆ ਤੇ ਉਸ ਨੇ ਆਪਣਾ ਸਾਈਕਲ ਰੋਕ ਕੇ ਉਨ੍ਹਾਂ ਨੂੰ  ਛੁਡਾਉਣਾ ਸ਼ੁਰੂ ਕਰ ਦਿੱਤਾ | 'ਕਮਲਿਓ ਕਿਹੜੀ ਗੱਲੋਂ ਲੜਦੇ ਹੋ, ਸ਼ਰਮ ਕਰੋ, ਸਿਆਣੇ-ਬਿਆਣੇ ਹੋ ਕੇ ਕਮਲ ਨਾ ਘਟੋ', ਇਹ ਕਹਿੰਦਿਆਂ ਦੋਵਾਂ ਨੂੰ  ਲੜਨੋਂ ਹਟਾ ਦਿੱਤਾ | ਮਾੜੂ ਨੂੰ  ਕਿਹਾ, 'ਜੇ ਤੇਰੀ ਕਣਕ ਵਿਚ ਬੱਕਰੀਆਂ ਵੜ ਗਈਆਂ ਤਾਂ ਕੀ ਪਰਲੋ ਆ ਗਈ, ਪਸ਼ੂ ਤਾਂ ਮੱਲੋ-ਮੱਲੀ ਫ਼ਸਲ ਨੂੰ  ਮੰੂਹ ਮਾਰ ਹੀ ਜਾਂਦੇ ਹਨ |'
ਫਿਰ ਕਾਮਰੇਡ ਨੇ ਗਿੰਦਰ ਨੂੰ  ਕਿਹਾ, 'ਵੇਖ ਭਾਈ ਗਿੰਦਰਾ, ਜੇ ਮਾਲ ਚਾਰਨ ਆਉਣਾ ਤਾਂ ਕਿਸੇ ਦਾ ਨੁਕਸਾਨ ਨਾ ਹੋਣ ਦੇ, ਆਪ ਦੀਆਂ ਬੱਕਰੀਆਂ ਦੇ ਨਾਲ-ਨਾਲ ਆਇਆ ਕਰ |' ਬਾਬੇ ਕਾਮਰੇਡ ਨੇ ਇਹ ਵੀ ਨੇਕੀ ਦਾ ਕੰਮ ਕੀਤਾ ਕਿ ਦੋਵਾਂ ਨੂੰ  ਸਮਝਾ-ਬੁਝਾਅ ਕੇ ਘਰੋ-ਘਰੀ ਤੋਰ ਦਿੱਤਾ | ਹੁਣ ਮਾੜੂ ਨੂੰ  ਇਸ ਗੱਲ ਦਾ ਗੁੱਸਾ ਸੀ ਕਿ ਇਕ ਤਾਂ ਗਿੰਦਰ ਨੇ ਉਸ ਦੀ ਕਣਕ 'ਚ ਬੱਕਰੀਆਂ ਵਾੜਤੀਆਂ ਤੇ ਦੂਜਾ ਗਿੰਦਰ ਨੇ ਉਸ ਦੀ ਗਿੱਦੜ ਕੁੱਟ ਕਰਤੀ | ਮਾੜੂ ਤੱਤੇ ਘਾਹ ਥਾਣੇ ਮੂਹਰੇ ਦਰਖਾਸਤਾਂ ਲਿਖਣ ਵਾਲੇ ਤੋਂ ਦਰਖਾਸਤ ਲਿਖਾ ਕੇ ਗਿੰਦਰ ਦੇ ਖਿਲਾਫ਼ ਥਾਣੇ ਦੇ ਆਇਆ | ਹੁਣ ਥਾਣੇਦਾਰ ਨੇ ਪਿੰਡ ਦੇ ਸਰਪੰਚ ਤੋਂ ਫੋਨ 'ਤੇ ਇਸ ਲੜਾਈ ਦੇ ਸੰਬੰਧ ਵਿਚ ਪੁੱਛ ਲਿਆ ਤੇ ਸਰਪੰਚ ਨੇ ਥਾਣੇਦਾਰ ਨੂੰ  ਦੱਸ ਦਿੱਤਾ ਕਿ 'ਹਾਂ ਜੀ ਲੜਾਈ ਤਾਂ ਜ਼ਰੂਰ ਹੋਈ ਹੈ ਪਰ ਐਨੀ ਵੱਡੀ ਵੀ ਨਹੀਂ, ਕੋਈ ਨੀਂ ਇਨ੍ਹਾਂ ਦਾ ਰਾਜ਼ੀਨਾਮਾ ਅਸੀਂ ਪੰਚਾਇਤ ਵਿਚ ਕਰਵਾ ਦੇਵਾਂਗੇ |' ਦੂਜੇ ਦਿਨ ਮਾੜੂ ਤੇ ਗਿੰਦਰ ਨੂੰ  ਪੰਚਾਇਤ ਵਿਚ ਸੱਦ ਕੇ ਦੋਵਾਂ ਦਾ ਪੱਖ ਸੁਣ ਕੇ ਦੋਵਾਂ ਨੂੰ  ਸਮਝਾਅ ਕੇ ਰਾਜ਼ੀਨਾਮਾ ਕਰਵਾ ਦਿੱਤਾ |
ਸਰਪੰਚ ਨੇ ਮਾੜੂ ਨੂੰ  ਕਿਹਾ, 'ਮਾੜੂ ਥਾਣੇ ਜਾ ਕੇ ਆਪਣੇ ਹੋਏ ਰਾਜ਼ੀਨਾਮੇ ਦੇ ਕਾਗਜ਼ ਥਾਣੇਦਾਰ ਨੂੰ  ਫੜਾ ਆ |' ਮਾੜੂ ਵਿਚਾਰਾ ਡਰਦਾ-ਡਰਦਾ ਥਾਣੇ ਕਾਗਜ਼ ਫੜਾਉਣ ਤੁਰ ਗਿਆ | ਮਾੜੂ ਨੇ ਥਾਣੇ ਦੇ ਗੇਟ ਕੋਲ ਸੰਤਰੀ ਨੂੰ  ਲੰਮੀ ਸਾਰੀ ਸਾਸਰੀਕਾਲ ਬੁਲਾ ਕੇ ਪੁੱਛਿਆ, 'ਜੀ ਥਾਣੇਦਾਰ ਕਿੱਥੇ ਆ', ਸੰਤਰੀ ਕਹਿੰਦਾ, 'ਉਹ ਵੇਖ ਸਾਹਮਣੇ ਧੁੱਪੇ ਧੁੱਪ ਸੇਕੀ ਜਾਂਦਾ, ਜਾ ਮਿਲ ਲੈ', ਜਦੋਂ ਮਾੜੂ ਥਾਣੇਦਾਰ ਕੋਲ ਗਿਆ ਉਸ ਨੂੰ  ਮੀਟਰ ਲੰਮੀ ਸਾਸਰੀਕਾਲ ਬੁਲਾ ਕੇ ਰਾਜ਼ੀਨਾਮੇ ਦੇ ਕਾਗਜ਼ ਫੜਾ ਦਿੱਤੇ | ਥਾਣੇਦਾਰ ਨੇ ਕਾਗਜ਼ ਪੜ੍ਹ ਕੇ ਮੇਜ਼ ਦੇ ਦਰਾਜ ਵਿਚ ਰੱਖ ਦਿਆਂ ਕਿਹਾ, 'ਠੀਕ ਆ', ਇਨ੍ਹਾਂ ਸੁਣਦਿਆਂ ਮਾੜੂ ਥਾਣੇਦਾਰ ਕੋਲੋਂ ਪਿੱਛੇ ਨੂੰ  ਮੁੜ ਪਿਆ, ਫਿਰ ਥਾਣੇਦਾਰ ਨੇ ਮਾੜੂ ਨੂੰ  ਆਵਾਜ਼ ਮਾਰ ਕੇ ਕਿਹਾ, 'ਓਏ ਚਾਹ ਪਾਣੀ' ਤਾਂ ਮਾੜੂ ਕਹਿੰਦਾ, 'ਜੀ ਪੀ ਕੀ ਆਇਆਂ ਪੀ ਕੇ', ਫਿਰ ਥਾਣੇਦਾਰ ਨੇ ਆਪਣੀ ਥਾਣੇਦਾਰੀ ਬੋਲੀ ਵਿਚ ਕਿਹਾ, 'ਓਇ ਸਾਡਾ ਚਾਹ ਪਾਣੀ ਦੇ ਕੇ ਜਾ ਤੈਨੂੰ ਕਿਹੜਾ ਪੁੱਛਦੈ |'
ਹੁਣ ਮਾੜੂ ਨੇ ਆਪਣੇ ਘਰ ਦਾ ਸੌਦਾ-ਪੱਤਾ ਲਿਆਉਣ ਲਈ ਆਪਣੇ ਗੁਆਂਢੀ ਤੋਂ ਫੜੇ ਪੰਜ ਸੌ ਰੁਪਏ ਜੋ ਮੈਲੇ ਜੇ ਰੁਮਾਲ ਦੀਆਂ ਚਾਰ ਪੰਜ ਤੈਆਂ ਵਿਚ ਲਪੇਟੇ ਸਨ, ਕੱਢ ਕੇ ਥਾਣੇਦਾਰ ਨੂੰ  ਫੜਾ ਦਿੱਤੇ | ਮਾੜੂ ਪਿੰਡ ਨੂੰ  ਸੋਚਾਂ ਸੋਚਦਾ ਆਉਂਦਾ ਹੁਣ ਭਾਵੇਂ ਗਿੰਦਰ ਮੇਰੀ ਸਾਰੀ ਕਣਕ ਬੱਕਰੀਆਂ ਨੂੰ  ਚਰਾ ਦੇਵੇ, ਮੈਂ ਤਾਂ ਵੀ ਉਸ ਨੂੰ  ਕੁਝ ਨਹੀਂ ਕਹਿਣਾ | ਜਦੋਂ ਮਾੜੂ ਮੰੂਹ ਜਿਹਾ ਲਮਕਾ ਕੇ ਘਰੇ ਵੜਿਆ ਤਾਂ ਉਸ ਦੀ ਘਰ ਵਾਲੀ ਪ੍ਰੀਤੋ ਕਹਿੰਦੀ, 'ਬੜੀ ਛੇਤੀ ਮੁੜ ਆਇਆਂ ਤੇ ਸੌਦਾ ਪੱਤਾ ਕਿੱਥੇ ਆ ਜਿਹੜਾ ਲਿਆਉਣਾ ਸੀ |' ਮਾੜੂ ਕਹਿੰਦਾ, 'ਪੈਸੇ ਤਾਂ ਸਾਰੇ ਚਾਹ- ਪਾਣੀ 'ਤੇ ਲੱਗ ਗਏ, ਮੈਂ ਸੌਦਾ ਪੱਤਾ ਕਿਥੋਂ ਲੈ ਆਉਂਦਾ |' ਪ੍ਰੀਤੋ ਲੋਹਾਰ ਦੀ ਆਇਰਨ ਵਾਂਗ ਤਪੀ ਹੋਈ ਕਹਿੰਦੀ, 'ਵੇ ਔਤਰੇ ਦਿਆ, ਇਹ ਕਿਹੜਾ ਚਾਹ-ਪਾਣੀ ਸੀ ਜਿਹੜਾ ਤੂੰ ਸਾਰੇ ਪੈਸਿਆਂ ਦਾ ਪੀ ਗਿਆ |' ਹੁਣ ਮਾੜੂ ਨੇ ਆਪਣੇ ਸਿਰ ਉਤਲੇ ਘਸਮੈਲੇ ਜਿਹੇ ਡੱਬੀਆਂ ਵਾਲੇ ਪਰਨੇ ਨਾਲ ਅੱਖਾਂ ਪੂੰਝਦਿਆਂ ਸਿਰਫ਼ ਐਨਾ ਹੀ ਕਿਹਾ, 'ਪ੍ਰੀਤੋ ਆਹ ਚਾਹ-ਪਾਣੀ ਤਾਂ ਮੈਂ ਵੀ ਪਹਿਲੀ ਵਾਰ ਹੀ ਸੁਣਿਆ |'

-ਮੋਬਾਈਲ : 98553-63234

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀ ਫੋਕੀ ਵਡਿਆਈ ਅਗਲੀ ਖ਼ਬਰ ਆਖ਼ਰ ਸੜਕਾਂ 'ਤੇ ਕਿਉਂ ਹਨ ਦੁਨੀਆ ਭਰ ਦੇ ਲੋਕ?
Ad Position 24