ਕਹਿੰਦੇ ਨੇ ਸਾਰੇ ਲੋਕ, ਮੈਂ ਕਹਿਣਾ ਤੇ ਹੈ ਨਹੀਂ |
ਮੈਂ ਝੂਠਿਆਂ ਦੀ ਭੀੜ ਵਿਚ, ਬਹਿਣਾ ਤੇ ਹੈ ਨਹੀਂ |
ਸ਼ਾਇਦ ਮੇਰੇ ਨਸੀਬ ਵਿਚ ਸਾਗਰ ਹੈ ਰੇਤ ਦਾ,
ਇਸ ਤੋਂ ਅਗਾਂਹ ਮੈਂ ਹੋਰ ਹੁਣ ਵਹਿਣਾ, ਤੇ ਹੈ ਨਹੀਂ |
ਬੋਲਣਗੇ ਮੇਰੇ ਬਾਦ ਇਹ ਅੱਖਰ ਲਿਖੇ ਹੋਏ,
ਕਾਗ਼ਜ਼, ਕਲਮ 'ਤੇ ਜ਼ੁਲਮ ਮੈਂ ਸਹਿਣਾ, ਤੇ ਹੈ ਨਹੀਂ |
ਖ਼ੁਸ਼ ਹਾਂ, ਕਿ ਝੂਠ ਬੋਲ ਕੇ ਦਿਲ ਮੇਰਾ ਰੱਖ ਲਿਆ,
ਕਾਇਮ ਉਸ ਅਪਣੇ ਕੌਲ 'ਤੇ ਰਹਿਣਾ, ਤੇ ਹੈ ਨਹੀਂ |
ਹਰ ਰੋਜ਼ ਅੰਨਿ੍ਹਆਂ ਨੂੰ ਤਾਂ ਆਉਂਦਾ ਹੈ ਇਹ ਨਜ਼ਰ,
ਸੂਰਜ ਹੈ ਇਹ ਜਨਾਬ, ਟਟਹਿਣਾ ਤੇ ਹੈ ਨਹੀਂ |
ਬੇਟੇ ਨੂੰ ਗਿਰਵੀ ਰੱਖ ਕੇ ਮਾਂ ਜ਼ਹਿਰ ਮੰਗ ਕਿਹਾ,
ਬੇਟੇ ਤੋਂ ਵਾਧੂ ਮੁੱਲ ਦਾ ਗਹਿਣਾ, ਤੇ ਹੈ ਨਹੀਂ |
ਜ਼ਿੰਦਗੀ ਹੈ ਬੇਸਹਾਰਾ, ਕੀ ਕਰਾਂ |
ਏਸ ਇਕਲਾਪੇ ਦਾ ਚਾਰਾ, ਕੀ ਕਰਾਂ |
ਦਿਲ ਨੂੰ ਖ਼ਬਰੇ ਕੀ ਕਿਹਾ ਓਮੀਦ ਨੇ,
ਸੌਂ ਗਿਆ ਰੋਂਦਾ ਵਿਚਾਰਾ, ਕੀ ਕਰਾਂ |
ਕੀ ਸੁਣਾਵਾਂ, ਦਰਦ ਦੀ ਲੰਮੀ ਕਥਾ,
ਰਾਤ ਨਹੀਂ ਭਰਦੀ ਹੁੰਗਾਰਾ, ਕੀ ਕਰਾਂ |
ਆ ਗਈ ਕਿਸ਼ਤੀ ਭੰਵਰ ਵਿਚ ਆ ਗਈ,
ਹੁਣ ਜੇ ਦਿਸਿਆ ਹੈ ਕਿਨਾਰਾ, ਕੀ ਕਰਾਂ |
ਢੇਰ ਸਾਰੀ ਪੀੜ, ਹੰਝੂ, ਸਿਸਕੀਆਂ,
ਪਾ ਲਿਆ ਕਿੰਨਾ ਖਿਲਾਰਾ, ਕੀ ਕਰਾਂ |
ਜ਼ਿੰਦਗੀ ਨੂੰ ਜਦ ਬਣਾਇਆ ਜੀਣ-ਯੋਗ,
ਮੌਤ ਕਰਦੀ ਹੈ ਇਸ਼ਾਰਾ, ਕੀ ਕਰਾਂ |
ਕੀ ਕਰਾਂ 'ਸੀਮਾਬ' ਪਿਆਸੀ ਉਮਰ ਦਾ,
ਹੰਝੂਆਂ ਦੀ ਨੀਰ ਖ਼ਾਰਾ, ਕੀ ਕਰਾਂ |