31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਝੁੱਡੂ ਦੀ ਝੰਡ

ਝੁੱਡੂ ਦੀ ਝੰਡ

Ad Position 21
No active advertisement
ਅਜੀਤ ਡੈਸਕ 01-11-2026

ਸਾਡੀ ਚਤਰੋ ਸਾਨੂੰ ਝੁੱਡੂ ਸਮਝਦੀ ਹੈ ਤੇ ਅਸੀਂ ਉਸ ਨੂੰ  ਝੱਲੀ | ਸਾਡੀਆਂ ਗੱਲਾਂ ਉਸ ਨੂੰ  ਜਭਲੀਆਂ ਲਗਦੀਆਂ ਹਨ ਤੇ ਸਾਨੂੰ ਉਸ ਦੀਆਂ ਝਲ-ਵਲੱਲੀਆਂ | ਸਾਡੇ ਵਿਚਾਰ ਐਨੇ ਮਿਲਦੇ ਹਨ ਕਿ ਹਰ ਵਿਚਾਰ 'ਤੇ ਸਾਡਾ 36 ਦਾ ਅੰਕੜਾ ਹੈ | 

ਬਾਹਰੋਂ ਤੱਕਲੇ ਵਾਂਗ ਸਿੱਧੀ-ਸਤੀਰ ਤੇ ਅੰਦਰੋਂ ਜਲੇਬੀ ਵਾਂਗ ਵਿੰਗ-ਵਲੇਵੇਂਦਾਰ ਸਾਡੀ ਚਤਰੋ ਨੇ ਤਾਂ ਸਾਡੇ ਗਿੱਟੇ ਲਾਉਣ ਲਈ ਤੇ ਸਾਡੇ ਮਧਰੇ ਕੱਦ ਦਾ ਮਖੌਲ ਉਡਾਉਣ ਲਈ 2022 ਦੀ ਪੰਜਾਬੀ ਫ਼ਿਲਮ 'ਮਾਹੀ ਮੇਰਾ ਨਿੱਕਾ ਜਿਹਾ' ਦੇ 'ਟਾਈਟਲ ਟਰੈਕ' ਨੂੰ  'ਟਵਿਸਟ' ਦੇ ਛੱਡੀ ਹੈ | ਗੀਤ ਦੇ ਮੌਲਿਕ ਬੋਲ ਹਨ -'ਨੀ ਮੈਂ ਵੱਡਿਆਂ ਨਸੀਬਾਂ ਵਾਲੀ ਕਿ ਮਾਹੀ ਮੇਰਾ ਨਿੱਕਾ ਜਿਹਾ' ਤੇ ਇਸ ਦੇ ਮੋੜੇ-ਮਰੋੜੇ 'ਚਤੁਰੀ' ਬੋਲ ਹਨ....'ਨੀ ਮੈਂ ਬਾਹਲੀ ਅਕਲਾਂ ਵਾਲੀ ਕਿ ਮਾਹੀ ਮੇਰਾ ਝੁੱਡੂ ਜਿਹਾ' |
ਝੁੱਡੂ ਲੱਲੂ, ਉੱਲੂ, ਭੌਂਦੂ, ਮਹਾਂਮੂਰਖ, ਸਿੱਧੜ, ਅਕਲ ਦੇ ਪੂਰੇ ਜਾਂ ਅਕਲੋਂ ਪੈਦਲ ਤੇ ਕਮਲੇ-ਰਮਲੇ ਸੱਜਣ ਨੂੰ  ਕਿਹਾ ਜਾਂਦਾ ਹੈ | ਓਹੀ ਲੱਲੂ ਜਿਸ ਬਾਰੇ ਕਹਾਵਤ ਹੈ ਕਿ 'ਲੱਲੂ ਕਰੇ ਕੁਵੱਲੀਆਂ ਤੇ ਰੱਬ ਸਿੱਧੀਆਂ ਪਾਵੇ' | ਤੇ ਜਦ ਰੱਬ ਸਿੱਧੀਆਂ ਪਾਉਣ ਲਗ ਪਏ ਤਾਂ ਪੁੱਠੀਆਂ ਵੀ ਸਿੱਧੀਆਂ ਪੈਣ ਲਗ ਪੈਂਦੀਆਂ ਹਨ, ਬਲਕਿ ਪੁੱਠੀ ਪੈਂਦੀ ਹੀ ਨਹੀਂ | 'ਮੌਲਾ ਨਿਗਹਬਾਨ ਤਾਂ ਗਧਾ ਪਹਿਲਵਾਨ'!
ਝੁੱਡੂ ਪ੍ਰਜਾਤੀ ਨੂੰ  ਨਾ ਚੜ੍ਹੀ ਦੀ ਤੇ ਨਾ ਲੱਥੀ ਦੀ | ਨਾ ਕੱਟੀ ਨਾ ਵੱਛੀ ਤੇ ਨੀਂਦ ਆਵੇ ਅੱਛੀ | ਇਸ ਪ੍ਰਜਾਤੀ ਬਾਰੇ ਇਹ ਵੀ ਕਿਹਾ ਜਾ ਸਕਦੈ ਕਿ 'ਉੱਕੀ ਜੀਭ ਨਾ ਰੱਖੇ ਤੇ ਆਖਣ ਹਕਲਾਏ' |
ਕਰੀਬ 50 ਕੁ ਸਾਲ ਪਹਿਲਾਂ ਅਸੀਂ ਇਕ ਸਾਦ-ਮੁਰਾਦੀ ਤੇ ਅੱਖਰੋਂ ਕੋਰੀ ਬਜ਼ੁਰਗ ਸੁਆਣੀ ਕੋਲੋਂ ਝੁੱਡੂ ਬਾਰੇ ਇਕ ਅਖਾਣ ਸੁਣਿਆ ਸੀ-'ਬੁਲਬੁਲ ਗਈ ਤਮਾਚਾ ਲਾ, ਝੁੱਡੂ ਬੈਠਾ ਚੂਰੀ ਖਾ' | ਸਿਰਫ ਰਸੋਈ ਤੋਂ ਕਮਰੇ ਤੱਕ ਵਿਚਰਨ ਵਾਲੀ ਉਸ ਸੁਆਣੀ ਨੇ ਸਹਿੰਦਾ ਜਿਹਾ ਮਜ਼ਾਕ ਕਰਦਿਆਂ ਇਹ ਅਖਾਣ ਉਦੋਂ ਵਰਤਿਆ ਸੀ, ਜਦੋਂ ਮੇਰੇ ਇਕ ਦੋਸਤ ਦਾ 'ਬਰੇਕਅਪ' ਹੋ ਗਿਆ ਸੀ | ਦੋਸਤ ਦੀ ਸਹੇਲੀ ਉਸ ਨੂੰ  ਠੇਂਗਾ ਦਿਖਾ ਕੇ ਕਿਸੇ ਹੋਰ ਨਾਲ ਨੌਂ ਦੋ ਗਿਆਰਾਂ ਹੋ ਗਈ | ਦਰਅਸਲ, 'ਆਂਡੇ ਕਿਤੇ, ਕੁੜਕੁੜ ਕਿਤੇ' ਦੇ ਸਿਧਾਂਤ 'ਤੇ ਚਲਣ ਵਾਲੀ ਉਸ ਦੀ ਮਾਸ਼ੂਕਾ ਪਹਿਲਾਂ ਹੀ ਕਿਸੇ ਹੋਰ ਮਹਿਬੂਬ 'ਤੇ ਡੋਰੇ ਪਾ ਰਹੀ ਸੀ ਪਰ ਸਾਡੇ ਝੂੱਡੂ ਨੂੰ  ਇਸ ਦੀ ਭਿਣਕ ਤਕ ਨਹੀਂ ਸੀ ਪਈ | ਬੜਾ ਹੀ ਕਮਾਲ ਦਾ ਢੁਕਵਾਂ ਅਖਾਣ ਸੀ ਇਹ ਉਸ ਸਥਿਤੀ ਲਈ | 
ਬੁਲਬੁਲ ਬੜੀ ਚੰਚਲ ਤੇ ਚੁਲਬੁਲੀ ਹੁੰਦੀ ਹੈ | ਇਕ ਡਾਲ ਤੇ ਟਿਕ ਕੇ ਨਹੀਂ ਬਹਿੰਦੀ | ਗਾਉਂਦੀ ਵੀ ਹੈ | ਆਵਾਜ਼ਾਂ ਵੀ ਕਈ ਕੱਢਦੀ ਹੈ | ਸਾਡੇ ਦੋਸਤ ਦੀ ਸਹੇਲੀ ਵਿਚ ਵੀ ਇਹ ਸਾਰੇ 'ਲੱਛਣ' ਸਨ | ਪਰ ਦੋਸਤ ਉਸ ਦੀ ਬੇਵਫਾਈ ਭਾਂਪ ਨਹੀਂ ਸੀ ਸਕਿਆ | ਸੋ ਰਿਸ਼ਤੇ 'ਚ ਤਮਾਚਾ ਪੈ ਗਿਆ ਜੋ ਸਾਡਾ ਝੁੱਡੂ ਔਖਾ-ਸੌਖਾ ਸਹਿ ਗਿਆ | ਮਸ਼ਕਰੀਆਂ ਕਰਨ ਵਾਲਿਆਂ ਮਸ਼ਕਰੀਆਂ ਵੀ ਕੀਤੀਆਂ, ਜ਼ਖ਼ਮਾਂ 'ਤੇ ਲੂਣ ਵੀ ਛਿੜਕਿਆ | ਘਰੋਂ ਘਰ ਗਵਾਇਆ, ਭੋਂਦੂ ਨਾਉਂ ਰਖਾਇਆ | ਟੁਕੜੇ ਟੁਕੜੇ ਹੋਏ ਉਸ ਦੇ ਦਿਲ 'ਤੇ ਮਲ੍ਹਮ ਲਾਉਣ ਦੀ ਬਜਾਏ ਲੋਕਾਂ ਨੇ ਉਸ ਨੂੰ  ਸੱਠੀ ਦੇ ਚੌਲ ਖੁਆਏ |' ਇਸ ਦਿਲ ਕੇ ਟੁਕੜੇ ਹਜ਼ਾਰ ਹੂਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ' ਤੇ ਝੁੱਡੂ ਟੁਕੜੇ ਇਕੱਠੇ ਕਰਦਾ-ਕਰਦਾ ਆਪ ਖਿਲਰ ਗਿਆ | 
ਸਾਡੇ ਕਈ ਝੁੱਡੂ ਯਾਰ ਹਨ | ਯਾਰ ਤਾਂ ਅਨੇਕਾਂ ਹਨ ਪਰ ਸਾਰੇ ਯਾਰ ਝੁੱਢੂ ਨਹੀਂ ਹਨ | ਘਣੇ ਸਿਆਣੇ ਵੀ ਹਨ, ਚਲਾਕ ਵੀ, ਚਾਲੂ ਵੀ ਤੇ ਕੁਝ ਕੁ ਚਾਲਬਾਜ਼ ਵੀ | 
ਪਰ ਝੁੰਡੂਆਂ ਦਾ ਤਾਂ ਝੁਰਮਟ ਹੀ ਸਮਝੋ | ਭੈੜੇ-ਭੈੜੇ ਯਾਰ ਮੇਰੀ ਫੱਤੋ ਦੇ |
ਅਸੀਂ ਇਕ ਅਜਿਹੇ ਝੁੱਡੂ ਨੂੰ  ਵੀ ਜਾਣਦੇ ਹਾਂ, ਜਿਸ ਬਾਰੇ ਮਸ਼ਹੂਰ ਹੈ ਕਿ 'ਅਗੇ ਕਮਲੀ ਮੁੜ ਪੈ ਗਈ ਮੜੀਆਂ ਦੇ ਰਾਹ' | ਸਾਡੇ ਇਸ ਝੁੱਡੂ ਦੀ ਝੰਡ ਤੇ ਝਾੜ-ਝੰਬ ਹੁੰਦੀ ਹੀ ਰਹਿੰਦੀ ਹੈ | 
ਇੱਕ ਦਿਨ ਇਹ ਝੁੱਡੂ ਘਰੋਂ ਕਿਧਰੇ ਬਾਹਰ ਚੱਲਿਆ | ਘਰ ਦਿਆਂ ਜੰਮਿਆਂ ਦੇ ਦੰਦ ਨਹੀਂ ਗਿਣੀਦੇ | ਘਰ ਦਿਆਂ ਨੂੰ  ਪਤਾ ਸੀ ਕਿ ਇਹ ਝੁੱਡੂ ਬੜਾ ਈ ਝੁੱਡੂ ਐ | ਸੋ ਉਨ੍ਹਾਂ ਕਈ ਸਿਆਣੀਆਂ ਸਲਾਹਾਂ ਦਿੱਤੀਆਂ | ਤਾਕੀਦ ਕੀਤੀ ਕਿ ਜੋ ਵੀ ਮਿਲੇ ਤਾਂ ਕਹੀਂ 'ਚੰਗਾ ਹੋਇਆ' | ਘਰੋਂ ਨਿਕਲਦਿਆਂ ਹੀ ਅਗੋਂ ਅਰਥੀ ਮਿਲੀ | ਲੋਕ ਪਿੱਟ-ਸਿਆਪਾ ਕਰ ਰਹੇ ਸਨ | ਪੁੱਛਣ 'ਤੇ ਪਤਾ ਲਗਾ ਕਿ ਬੰਦਾ ਮਰ ਗਿਐ | ਝੁੱਡੂ ਜੀ ਝੱਟ ਬੋਲੇ, 'ਚੰਗਾ ਹੋਇਆ' | ਝੁੱਡੂ ਦੀ ਖੂੁਬ ਝੰਡ ਹੋਈ | ਰੱਜ ਕੇ ਛਿੱਤਰ-ਪਰੇਡ ਕਰਨ ਉਪਰੰਤ ਲੋਕਾਂ ਉਸ ਨੂੰ  ਕਿਹਾ ਕਿ 'ਕਹਿਣੈ, ਮਾੜਾ ਹੋਇਆ' | 
ਹੋਰ ਅੱਗੇ ਗਿਆ ਤਾਂ ਅਗੋਂ ਬਰਾਤ ਮਿਲੀ, ਵਾਜੇ ਗਾਜੇ ਵੱਜ ਰਹੇ ਸਨ, ਨਾਚ-ਗਾਣੇ ਹੋ ਰਹੇ ਸਨ | ਝੁੱਡੂ ਨੇ ਪੁੱਛਿਆ ਕਿ ਕੀ ਕਰ ਰਹੇ ਹੋ? ਬਰਾਤੀਆਂ ਦੱਸਿਆ ਕਿ ਸ਼ਾਦੀ ਹੋ ਰਹੀ ਹੈ ਤਾਂ ਝੁੱਡੂ ਕਹਿੰਦਾ ਕਿ 'ਬੜਾ ਮਾੜਾ ਹੋਇਆ' | ਉਥੇ ਵੀ ਬੜੀ ਸੇਵਾ ਹੋਈ | ਫਿਰ ਬਰਾਤੀਆਂ ਨੇ ਝੁੱਡੂ ਨੂੰ  ਕਿਹਾ ਕਿ 'ਵਧਾਈਆਂ ਹੋਣ' ਕਹੀਦਾ ਹੈ | 
ਅਖੇ ਇਕ ਬੀਬੀ ਟੱਪਣੀ, ਦੂਜੇ ਢੋਲਾਂ ਦੀ ਗੜਗਜ |
ਅੱਗੇ ਗਿਆ ਤਾਂ ਕੁਝ ਲੋਕ ਲੜ-ਭਿੜ ਰਹੇ ਸਨ, ਗੁੱਥਮ-ਗੁੱਥਾ ਹੋ ਰਹੇ ਸਨ, ਗਾਲੀ-ਗਲੋਚ ਕਰ ਰਹੇ ਸਨ ਤੇ ਡਾਂਗੋ-ਡਾਂਗੀ ਹੋ ਕੇ ਲਹੂ-ਲੁਹਾਨ ਹੋਏ ਪਏ ਸਨ | ਆਪਣੇ ਝੁੱਡੂ ਜੀ ਨੇ ਝੱਟ ਵਧਾਈਆਂ ਦੇ ਮਾਰੀਆਂ | ਤੇ ਅੱਗੋਂ ਕੀ ਹੋਇਆ, ਹੁਣ ਤਾਂ ਤੁਸੀਂ ਆਪ ਹੀ ਸਮਝ ਗਏ ਹੋਵੋਗੇ | ਆਖਿਰ ਤੁਸੀਂ ਸਿਆਣੇ-ਬਿਆਣੇ ਹੋ, ਤੁਸੀ ਕਿਹੜਾ ਝੁੱਡੂ ਹੋ |
ਤੌਣੀ ਲੁਹਾ ਕੇ, ਖੁੰਬ ਠਪਾ ਕੇ, ਪੌਲੇ ਖਾ ਕੇ, ਝੰਡ ਕਰਵਾ ਕੇ ਜਦ ਰੋਂਦਾ-ਕੁਰਲਾਉਂਦਾ ਫਟੇਹਾਲ, ਲਿੱਬੜਿਆ-ਤਿੱਬੜਿਆ, ਖਿੰਡਿਆ-ਪੁੰਡਿਆ ਝੁੱਡੂ ਘਰ ਪਰਤਿਆ ਤਾਂ ਅੱਗੋਂ ਘਰਦਿਆਂ ਨੇ ਮੱਥੇ 'ਤੇ ਹੱਥ ਮਾਰ ਕੇ ਬੜੇ ਮੋਹ-ਭਿੱਜੇ ਬੋਲਾਂ ਨਾਲ ਇਹ ਕਹਿ ਕੇ ਉਸ ਦਾ ਮੁਹੱਬਤੀ ਸਵਾਗਤ ਕੀਤਾ-'ਓਇ ਝੁੱਡੂਆ, ਆਖਿਰ ਝੁੱਡੂ ਦਾ ਝੁੱਡੂ ਈ ਰਿਹਾ, ਝੰਡ ਵੀ ਕਰਵਾਈ ਤੇ ਝਾਟੇ ਖੇਹ ਵੀ ਪੁਆਈ' |
ਕਿਸੇ ਨੇ ਠੀਕ ਹੀ ਕਿਹੈ-'ਜਿਹੜੇ ਲਾਹੌਰ ਝੁੱਡੂ, ਉਹ ਪਿਸ਼ੌਰ ਵੀ ਝੁੱਡੂ' |
(ਉਂਝ ਅਖਾਣ ਕੁਝ ਹੋਰ ਹੈ, 'ਟਵਿਸਟ' ਦੇਣ ਲਈ ਮਾਫੀ ਜੀ)

 -ਫਗਵਾੜਾ |  ਮੋਬਾਈਲ : 98766-55055

 

Ad Position 22
No active advertisement
ਪਿਛਲੀ ਖ਼ਬਰ ਕਦੀ-ਕਦੀ ਬੜੀ ਪ੍ਰੇਸ਼ਾਨੀ ਹੁੰਦੀ ਹੈ | ਅਗਲੀ ਖ਼ਬਰ ਪਾਂਡੀ ਪਾਂਡੀ ਪਾਂਡੀ
Ad Position 24