25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸਾਹਿਤਕਾਰ ਰਘਬੀਰ ਸਿੰਘ ਭਰਤ

ਸਾਹਿਤਕਾਰ ਰਘਬੀਰ ਸਿੰਘ ਭਰਤ

Ad Position 21
No active advertisement
ਅਜੀਤ ਡੈਸਕ 25-10-2026

ਰਘਬੀਰ ਸਿੰਘ ਭਰਤ ਆਪਣੀ ਪੁਸਤਕ 'ਸਿੱਖਿਆ ਦਾ ਆਦਰਸ਼ ਤੇ ਉਦੇਸ਼' ਵਿਚ ਲਿਖਦੇ ਹਨ 'ਸਾਹਿਤ ਰਚਨਾ, ਸਾਹਿਤ ਆਲੋਚਨਾ ਅਤੇ ਅਧਿਐਨ ਮੇਰੇ ਨਿੱਤ ਨੇਮ ਵਿਚ ਸ਼ਾਮਿਲ ਹਨ |'

ਉਨ੍ਹਾਂ ਨੇ ਇਹ ਬਿਲਕੁਲ ਠੀਕ-ਠੀਕ ਹੀ ਲਿਖਿਆ ਹੈ | ਉਨ੍ਹਾਂ ਦੀ ਇਸੇ ਘਾਲਣਾ ਦਾ ਸਿੱਟਾ ਹੈ ਕਿ 1968 ਵਿਚ ਉੇਨ੍ਹਾਂ ਦੀ ਪਹਿਲੀ ਪੁਸਤਕ ਢੋਲ ਸਿਪਾਹੀ (ਮੌਲਿਕ ਗੀਤ ਸੰਗ੍ਰਹਿ) ਛਪੀ ਅਤੇ ਹੁਣ ਤੱਕ ਉਹ ਪੰਜਾਬੀ ਸਾਹਿਤ ਜਗਤ ਨੂੰ  27 ਪੁਸਤਕਾਂ ਦੇ ਚੁੱਕੇ ਹਨ | ਕੁਝ ਪੁਸਤਕਾਂ ਉਨ੍ਹਾਂ ਨੇ ਸ਼ਾਹਮੁੱਖੀ ਤੋਂ ਗੁਰਮੁੱਖੀ ਵਿਚ ਲਿਪੀਆਂਤਰ ਕੀਤੀਆਂ ਹਨ ਜਿਨ੍ਹਾਂ ਵਿਚੋਂ ਜਨਾਬ ਮੌਲਾ ਬਖਸ਼ ਕੁਸ਼ਤਾ ਰਚਿਤ 579 ਪੰਨਿਆਂ ਦੀ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਵਰਨਣ ਯੋਗ ਹੈ, ਜਿਸ ਨੂੰ  ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ 2013 ਵਿਚ ਪ੍ਰਕਾਸ਼ਿਤ ਕੀਤਾ ਸੀ | ਸ੍ਰੀ ਮਾਛੀਵਾੜਾ ਸਾਹਿਬ ਦੇ ਇਤਿਹਾਸ ਬਾਰੇ ਰਘਬੀਰ ਸਿੰਘ ਭਰਤ ਦੀ ਪੁਸਤਕ ਮਾਛੀਵਾੜਾ ਸਾਹਿਬ ਸਾਂਭਣ ਯੋਗ ਹੈ | ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਦਾ ਦੂਜਾ ਐਡੀਸ਼ਨ ਵੀ ਛਾਪ ਦਿੱਤਾ ਗਿਆ ਹੈ | ਇਸ ਤਰ੍ਹਾਂ ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ  ਦੇਣ ਵਿਚ 7 ਮੌਲਿਕ ਪੁਸਤਕਾਂ, 8 ਆਲੋਚਨਾ ਦੀਆਂ, 9 ਲਿਪੀਆਂਤਰ, 3 ਹਿੰਦੀ ਅਤੇ ਉਰਦੂ ਦੀਆਂ ਅਨੁਵਾਦਿਤ ਪੁਸਤਕਾਂ ਸ਼ਾਮਿਲ ਹਨ | ਰਘਬੀਰ ਸਿੰਘ ਭਰਤ ਦਾ ਕਹਿਣਾ ਸੀ '1953 ਵਿਚ ਜਦੋਂ ਮੈਂ ਨੌਵੀਂ ਵਿਚ ਪੜ੍ਹਦਾ ਸੀ ਤਾਂ ਸਾਡੇ ਪੰਜਾਬੀ ਅਧਿਆਪਕ ਸ. ਸ਼ੇਰ ਸਿੰਘ ਨੇ ਮੇਰਾ ਲਿਖਿਆ ਲੇਖ 'ਪੰਜਾਬ ਦੀ ਬੋਲੀ' ਪੜ੍ਹ ਕੇ ਇਹ ਭਵਿੱਖ ਬਾਣੀ ਕੀਤੀ ਸੀ ਕਿ ਕਾਕਾ ਜੇ ਤੁੰ ਮਿਹਨਤ ਕਰੇਂ ਤਾਂ ਭਵਿੱਖ ਵਿਚ ਪੰਜਾਬੀ ਦਾ ਲੇਖਕ ਬਣ ਸਕਦਾ ਹੈਂ' |  ਭਰਤ ਜੀ ਦਾ ਕਹਿਣਾ ਸੀ, 'ਆਪਣੇ ਅਧਿਆਪਕ ਦੀ ਗੱਲ ਮਨ ਵਿਚ ਰੱਖ ਕੇ ਮੈਂ ਮਿਹਨਤ ਕਰਦਾ ਰਿਹਾ ਹਾਂ ਅਤੇ ਕਰਦਾ ਰਹਾਂਗਾ' ਉਨ੍ਹਾਂ ਨੇ 1964–65 ਵਿਚ ਸਾਹਿਤਕਾਰ ਸਵ: ਸੁਰਜੀਤ ਖੁਰਸ਼ੀਦੀ ਨਾਲ ਮਿਲ ਕੇ ਸ੍ਰੀ ਮਾਛੀਵਾੜਾ ਸਾਹਿਬ ਵਿਚ ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਸੀ | 

ਰਘਬੀਰ ਸਿੰਘ ਭਰਤ ਦਾ ਜਨਮ 8 ਜਨਵਰੀ, 1939 ਨੂੰ  ਪਿੰਡ ਸਹਿਜੋਮਾਜਰਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਪਰਸਾ ਸਿੰਘ ਅਤੇ ਮਾਤਾ ਸਰਦਾਰਨੀ ਹਰਭਜਨ ਕੌਰ ਦੇ ਗ੍ਰਹਿ ਵਿਖੇ ਹੋਇਆ | ਰਘਬੀਰ ਸਿੰਘ ਭਰਤ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਦਸਵੀਂ ਹਾਈ ਸਕੂਲ ਮਾਛੀਵਾੜਾ ਤੋਂ ਪਾਸ ਕਰਨ ਉਪਰੰਤ, ਜੇ. ਬੀ .ਟੀ ਅਧਿਆਪਕ ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਵਿਚ ਪੜ੍ਹਾਉਣ ਲੱਗੇ  | ਨਾਲ ਦੀ ਨਾਲ ਪ੍ਰਾਈਵੇਟ ਪੜ੍ਹਾਈ ਕਰ ਕੇ ਰਘਬੀਰ ਸਿੰਘ ਭਰਤ ਨੇ ਪੰਜਾਬੀ ਅਤੇ ਉਰਦੂ ਦੀ ਐਮ.ਏ. ਕੀਤੀ ਫਿਰ ਬੀ.ਐੱਡ ਦੀ ਟਰੇਨਿੰਗ ਕਰ ਕੇ ਹਾਈ ਸਕੂਲ ਵਿਚ ਪੜ੍ਹਾਉਣ ਲੱਗੇ | ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਸਕੂਲ ਵਿਚ ਉਹ ਪੜ੍ਹੇ ਜਦੋਂ ਉਸੇ ਸਕੂਲ ਵਿਚ ਪੜ੍ਹਾਉਣ ਲੱਗੇ ਤਾਂ ਉਨ੍ਹਾਂ ਨੂੰ  ਬਹੁਤ ਖ਼ੁਸ਼ੀ ਹੋਈ ਸੀ | ਅਧਿਆਪਕ ਵਜੋਂ 44 ਸਾਲ ਦੀ ਸੇਵਾ ਨਿਭਾ ਕੇ ਉਹ ਸੇਵਾ ਮੁਕਤ ਹੋਏ | ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਅਤੇ ਪੁਤਰ ਦਲਜੀਤ ਸਿੰਘ ਉਨ੍ਹਾਂ ਨੂੰ  ਲਿਖਣ ਪ੍ਰਕਿਰਿਆ ਵਿਚ ਪੂਰਾ ਸਹਿਯੋਗ ਦਿੰਦੇ ਰਹੇ  | ਨਿਮਨ, ਫਕੀਰੀ ਅੰਦਾਜ਼ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਰਘਬੀਰ ਸਿਾੰਘ ਭਰਤ ਸੰਵੇਦਨਸ਼ੀਲ ਲੇਖਕ, ਸਮਰੱਥ ਆਲੋਚਕ, ਅਨੁਭਵੀ ਸੰਪਾਦਕ ਅਤੇ ਸਿਰੜੀ ਲਿਪੀਆਂਤਰਕਾਰ ਸਨ | ਜਦੋਂ ਤੋਂ ਭਰਤ ਜੀ ਲਿਖਣ ਲੱਗੇ ਉਨ੍ਹਾਂ ਦੀ ਕਲਮ ਚਲਦੀ ਆ ਰਹੀ ਸੀ ਅਤੇ ਉਸ ਦੀ ਨੋਕ ਵਿਚੋਂ ਕਿਰਦੇ ਮੋਤੀ ਰੂਪੀ ਅੱਖਰ ਸ਼ਬਦਾਂ ਦਾ ਰੂਪ ਧਾਰ ਕੇ ਪੰਜਾਬੀ ਮਾਂ ਬੋਲੀ ਦੇ ਖ਼ਜ਼ਾਨੇ ਵਿਚ ਵਾਧਾ ਕਰਦੇ ਰਹੇ | ਇਸ ਕਰਮਯੋਗੀ ਦੀ ਮਿਹਨਤ ਨੂੰ  ਦੇਖਦਿਆਂ ਉਨ੍ਹਾਂ ਨੂੰ  ਪੰਜਾਬੀ ਸੱਥ ਬਰਵਾਲੀ ਵਲੋਂ ਬਾਪੂ ਕਰਤਾਰ ਸਿੰਘ ਅਤੇ ਬੇਬੇ ਹਰਨਾਮ ਕੌਰ ਪੁਰਸਕਾਰ ਦਿੱਤਾ ਗਿਆ | ਉਨ੍ਹਾਂ ਨੂੰ  2019 ਵਿਚ ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਕਾਮਰੇਡ ਰਣਧੀਰ ਸਿੰਘ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਸਾਲ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਰਘਬੀਰ ਸਿੰਘ ਭਰਤ ਨੂੰ  ਅਚੀਵਮੈਂਟ ਐਵਾਰਡ ਦਿੱਤਾ ਗਿਆ ਸੀ | ਰਘਬੀਰ ਸਿੰਘ ਭਰਤ ਨੂੰ  ਪੰਜਵਾਂ ਸ. ਰਣਜੀਤ ਸਿੰਘ ਖੜਗ ਯਾਦਗਾਰੀ ਐਵਾਰਡ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਸੀ | 2022 ਵਿਚ ਭਰਤ ਜੀ ਨੂੰ  ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਬਦਲੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮੱਲ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਦਿੱਤਾ ਗਿਆ | ਮਾਰਚ 2026 ਵਿਚ ਉਨ੍ਹਾਂ ਨੂੰ  ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵਲੋਂ ਬਾਪੂ ਗੁਰਦੇਵ ਸਿੰਘ ਕੁਹਾੜਾ ਮਾਤਾ ਗੁਰਦਿਆਲ ਕੌਰ ਕੁਹਾੜਾ ਪੁਰਸਕਾਰ ਪ੍ਰਦਾਨ ਕੀਤਾ ਗਿਆ | ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾਕਟਰ ਟੀ. ਆਰ. ਸ਼ਰਮਾ ਨੇ ਰਘਬੀਰ ਸਿੰਘ ਭਰਤ ਬਾਰੇ ਲਿਖਿਆ ਹੈ 'ਭਰਤ ਨੇ ਗਿਆਨ ਦੀ ਆਪਣੀ ਜੋਤ ਨੂੰ  ਸਦਾ ਜਗਦੀ ਰੱਖਿਆ ਹੈ ਤੇ ਸਿੱਖਿਆ ਵਿਸ਼ੇ ਦਾ ਨਿਰੰਤਰ ਅਤੇ ਡੂੰਘਾ ਅਧਿਐਨ ਹੀ ਨਹੀਂ ਕੀਤਾ ਸਗੋਂ ਇਸ ਅਧਿਐਨ ਦੀ ਸਾਂਝ ਵੀ ਅਧਿਆਪਕਾਂ ਅਤੇ ਜਨਤਾ ਨਾਲ ਆਪਣੀ ਕਲਮ ਰਾਹੀਂ ਪਾਈ ਹੈ | .....ਅਧਿਆਪਨ ਤੋਂ ਇਲਾਵਾ ਉਸ ਨੇ ਪੰਜਾਬੀ ਸਾਹਿਤ ਦੇ ਵਿਕਾਸ ਅਤੇ ਪ੍ਰਸਾਰ ਲਈ ਵੱਧ ਚੜ੍ਹ ਕੇ ਹਿੱਸਾ ਲਿਆ ਹੈ' | ਆਪਣੀ ਪੁਸਤਕ 'ਸਿੱਖਿਆ ਦਾ ਆਦਰਸ਼ ਤੇ ਉਦੇਸ਼' ਦੇ ਅੰਤ ਵਿਚ ਰਘਬੀਰ ਸਿੰਘ ਭਰਤ ਨੇ ਪੰਜਾਬੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ ਦੇ ਚੋਣਵੇਂ ਸ਼ੇਅਰ ਵੀ ਦਰਜ ਕੀਤੇ ਹਨ | ਜਿਨ੍ਹਾਂ ਵਿਚੋਂ ਜਨਾਬ ਅਜਾਇਬ ਚਿੱਤਰਕਾਰ ਦਾ ਸ਼ੇਅਰ ਹੈ :
ਜ਼ਿੰਦਗੀ ਦੀ ਤੋਰ ਬਦਲੇ, ਯੁਗ ਪਲਟਾਏ ਕਲਮ | 
ਇਕ ਵਾਰੀ ਜੇ ਆਪਣੀ ਆਈ 'ਤੇ ਆਏ ਕਲਮ | 
ਰਘਬੀਰ ਸਿੰਘ ਭਰਤ ਦਾ ਸਾਹਿਤਕ ਸਫਰ ਪਿਛਲੇ 62–63 ਸਾਲ ਤੋਂ ਉਨ੍ਹਾਂ ਦੇ ਆਖਰੀ ਦਮ ਭਾਵ 18 ਅਕਤੂਬਰ, 2026 ਤੱਕ ਜਾਰੀ ਰਿਹਾ ਜਿਸ ਦਿਨ ਭਰਤ ਜੀ ਵਲੋਂ ਲਿਪੀਆਂਤਰ ਕੀਤੀ ਲਹਿੰਦੇ ਪੰਜਾਬ ਦੇ ਸਾਹਿਤਕਾਰ ਅਫ਼ਜ਼ਲ ਪ੍ਰਵੇਜ਼ ਵਲੋਂ ਲਿਖੀ ਪੁਸਤਕ ਬਨ-ਫੁਲਵਾੜੀ ਜਿਸ ਨੂੰ  ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਪ੍ਰਾਕਸ਼ਿਤ ਕੀਤਾ ਸੀ ਅਤੇ ਪੰਜਾਬੀ ਭਵਨ ਲੁਧਿਆਣਾ ਵਿਚ ਲੋਕ ਅਰਪਣ ਕੀਤਾ ਜਾਣਾ ਸੀ ਪਰ ਇਸੇ ਦਿਨ ਸਵੇਰੇ ਉਨ੍ਹਾਂ ਨੂੰ  ਦਿਲ ਦਾ ਦੌਰਾ ਪੈ ਗਿਆ ਜੋ ਕਿ ਜਾਨ ਲੇਵਾ ਸਾਬਤ ਹੋਇਆ | ਭਰਤ ਜੀ ਨਮਿਤ ਅੰਤਿਮ ਅਰਦਾਸ ਮਾਛੀਵਾੜਾ ਸਾਹਿਬ ਵਿਖੇ ਗੁਰੂਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ (ਨੇੜੇ ਨਬੀ ਖਾਂ ਗਨੀ ਖਾਂ ਗੇਟ) ਵਿਖੇ 25 ਅਕਤੂਬਰ, ਦਿਨ ਐਤਵਾਰ ਨੂੰ  ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ | 
 

-ਮੋਬਾਈਲ : 94633-53760

Ad Position 22
No active advertisement
ਪਿਛਲੀ ਖ਼ਬਰ • ਪ੍ਰੀਤ ਲੱਧੜ • ਅਗਲੀ ਖ਼ਬਰ ਸੱਚੀ ਕਹਾਣੀ ਨਮਾਣੀ ਇਕਾਦਸ਼ੀ
Ad Position 24