ਮੈਂ ਗੁਨਾਹ ਕਰਦਾ ਰਿਹਾ ਹਾਂ, ਬੰਦਗੀ ਦੇ ਨਾਲ਼ ਨਾਲ਼ |
ਮੌਤ ਵੀ ਤੁਰਦੀ ਰਹੀ ਹੈ, ਜ਼ਿੰਦਗੀ ਦੇ ਨਾਲ਼ ਨਾਲ਼ |
ਹਮਸਫ਼ਰ ਮੇਰਾ ਉਹ ਜਿਸ ਨੂੰ , ਮੈਂ ਬਣਾਇਆ ਰਾਜ਼ਦਾਂ,
ਦੁਸ਼ਮਣੀ ਕਰਦਾ ਰਿਹਾ ਹੈ, ਦੋਸਤੀ ਦੇ ਨਾਲ਼ ਨਾਲ਼ |
ਹੋ ਗਏ ਬੇਸ਼ੱਕ ਬਿਗਾਨੇ, ਜੋ ਕਦੇ ਸਨ.ਆਪਣੇ,
ਅਪਣਾਪਨ ਫਿਰ ਵੀ ਰਿਹਾ, ਬੇਗਾਨਗੀ ਦੇ ਨਾਲ਼ ਨਾਲ਼ |
ਲੁੱਟ ਕੇ ਅਸਮਤ ਕਿਸੇ ਲਾਚਾਰ ਦੀ ਉਹ ਬੇ-ਸ਼ਰਮ,
ਮਾਣ ਵੀ ਮਹਿਸੂਸਦੈ, ਸ਼ਰਮਿੰਦਗੀ ਦੇ ਨਾਲ਼ ਨਾਲ਼ |
ਚਾਹੀਦਾ ਸੀ ਆਸ਼ਕੀ ਦਾ ਜੋ ਮਜ਼ਾ, ਆਇਆ ਨਹੀਂ,
ਜ਼ਿੰਦਗੀ ਦਾ ਬੋਝ ਚੁੱਕਿਆ, ਆਸ਼ਕੀ ਦੇ ਨਾਲ਼ ਨਾਲ਼ |
ਪਿਆਰ ਵਿਚ ਉਸ ਦੇ ਦੀਵਾਨਾ ਹੋ ਗਿਆ 'ਸੱਧਰ' ਬੇਸ਼ੱਕ,
ਹੋਸ਼ ਵੀ ਕੁਝ ਕੁਝ ਰਹੀ, ਦੀਵਾਨਗੀ ਦੇ ਨਾਲ਼ ਨਾਲ਼ |
•
ਹੋਏ ਬੀਤੇ ਦੀ ਕਹਾਣੀ ਦੱਸ ਰਹੇ ਨੇ |
ਫੁੱਲਾਂ ਵਾਂਗੂੰ ਜ਼ਖ਼ਮ ਮੇਰੇ ਹੱਸ ਰਹੇ ਨੇ |
ਬੂੰਦ ਤੱਕ ਨੂੰ ਤਰਸਦੇ ਨੇ ਖੇਤ ਸਾਡੇ,
ਮੇਘਲੇ ਮਾਰੂਥਲਾਂ ਵਿਚ ਵੱਸ ਰਹੇ ਨੇ |
ਨਿੱਘਰ ਚੁੱਕੇ ਇਸ ਤਰ੍ਹਾਂ ਇਖ਼ਲਾਕ ਅਪਣੇ,
ਸ਼ਹਿਰ ਜਿਉਂ ਧਰਤੀ ਦੇ ਅੰਦਰ ਧੱਸ ਰਹੇ ਨੇ |
ਇਹਨਾਂ ਨੇਤਾਵਾਂ ਤੋਂ ਅੱਲ੍ਹਾ ਹੀ ਬਚਾਵੇ,
ਰਾਤ ਦਿਨ ਜਿਹੜੇ ਅਸਾਨੂੰ ਡੱਸ ਰਹੇ ਨੇ |
ਮੱਕੜੀ ਦੇ ਵਾਂਗ ਜਿਹਨਾਂ ਜਾਲ਼ ਬੁਣਿਆਂ,
ਫਸ ਗਏ ਉਹ, ਹਿੱਲਦੇ ਨਾ ਨੱਸ ਰਹੇ ਨੇ |
ਹਰ ਬੜਾ ਮਾੜੇ ਦੀ ਸੰਘੀ ਘੁੱਟ ਰਿਹਾ ਏ,
ਲੋਕ ਬੇਵਸ ਸਿਰ ਉਨ੍ਹਾਂ ਦੇ ਝੱਸ ਰਹੇ ਨੇ |
ਮੋਹ ਮੁਹੱਬਤ ਬਣ ਗਏ ਨੇ ਖ਼ਾਬ ਅਜਕਲ੍ਹ,
ਖ਼ੂਨ ਦੇ ਰਿਸ਼ਤੇ ਵੀ ਪਾ ਘੜਮੱਸ ਰਹੇ ਨੇ |
ਮੈਂ ਇਧਰ ਬੇਹਾਲ ਹਾਂ 'ਸੱਧਰ' ਚਿਰਾਂ ਤੋਂ,
ਅੱਕ ਦੇ ਫੰਬੇ ਮੇਰੇ 'ਤੇ ਹੱਸ ਰਹੇ ਨੇ |