'ਮੰਮੀ ਜੀ! ਜਾਗ ਗਏ ਓ ਤੁਸੀਂ? 'ਨੂੰਹ ਦੇ ਮੂੰਹੋਂ ਅਚਾਨਕ ਹੀ ਸ਼ਹਿਦ ਵਰਗੇ ਮਿੱਠੇ ਤੇ ਸਲੀਕੇ ਨਾਲ ਬੋਲੇ ਗਏ ਸ਼ਬਦ ਸੁਣ ਕੇ ਉਹ ਤਾਂ ਦੰਗ ਹੀ ਰਹਿ ਗਈ ਸੀ | ਉਹ ਕਿੰਨਾ ਹੀ ਚਿਰ ਹੈਰਾਨ ਹੋਈ ਉਸ ਦੇ ਮੂੰਹ ਵੱਲ ਬਿਟ ਬਿਟ ਤੱਕਦੀ ਰਹੀ | 'ਹੈਂ! ਇਹ ਉਹੀ ਬਿੰਦ ਕੁ ਪਹਿਲਾਂ ਵਾਲੀ ਅਰਚਨਾ ਏ? ਇਹਨੇ ਤਾਂ ਅੱਜ ਤੱਕ ਕਦੇ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ, ਅੱਜ ਸੂਰਜ ਕਿੱਧਰੋਂ ਚੜ੍ਹ ਆਇਆ? ਇਹਦੇ ਅੱਜ ਕਿਹੜਾ ਭਲਾ ਪੁਰਸ਼ ਮੱਥੇ ਲੱਗ ਗਿਆ! ਜਿਹੜਾ ਮਿੰਟਾਂ ਸਕਿੰਟਾਂ ਵਿਚ ਹੀ ਇਹਨੂੰ ਤਹਿਜ਼ੀਬ ਨਾਲ ਗੱਲ ਕਰਨ ਦਾ ਵੱਲ ਸਿਖਾ ਗਿਆ ? ਚਲੋ ਕੋਈ ਨਾ, ਫੇਰ ਵੀ ..ਸ਼ੁਕਰ ਹੈ ਉਸ ਉਪਰ ਵਾਲੇ ਦਾ |' ਉਸ ਨੇ ਹੱਥ ਉਪਰ ਚੁੱਕ ਕੇ ਉਸ ਉਪਰ ਵਾਲੇ ਦਾ ਸ਼ੁਕਰਾਨਾ ਕੀਤਾ | ਪਿਛਲੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੱਸ ਨੇ ਵੀ ਆਪਣੀ ਜੀਭ 'ਤੇ ਮਿਸ਼ਰੀ ਦੀ ਡਲੀ ਰੱਖ ਲਈ ਸੀ | ਨੂੰਹ ਦੀ ਸੁਰ ਨਾਲ ਸੁਰ ਮਿਲਾਉਂਦੀ ਹੋਈ ਉਹ ਬੋਲੀ, 'ਹਾਂ ਜੀ! ਬੇਟੀ!'
'ਮੰਮੀ ਜੀ! ਮੈਂ ਤਾਂ ਤੁਹਾਡੇ ਕਮਰੇ ਵਿਚ ਆ ਕੇ ਕਈ ਵਾਰ ਤੁਹਾਨੂੰ ਦੇਖ ਕੇ ਗਈ ਆਂ, ਤੁਸੀਂ ਘੂਕ ਸੁੱਤੇ ਪਏ ਸੀ, ਮੈਂ ਸੋਚਿਆ, 'ਚਲ ਕਾਹਨੂੰ ਜਗਾਉਣੈ, ਮਸਾਂ ਤਾਂ ਕਿਸੇ ਵੇਲੇ ਸਿਆਣੀ ਉਮਰ ਦੇ ਬੰਦੇ ਦੀ ਭੋਰਾ ਅੱਖ ਲਗਦੀ ਐ, ਆਪੇ ਉਠ ਖੜ੍ਹਨਗੇ, ਹੁਣ ਦੱਸੋ! ਚਾਹ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ?'
'ਹਾਂ ਹਾਂ ਬਣਾ ਲਿਆ ਪੁੱਤ ! ਚਾਹ ਦਾ ਟੈਮ ਤਾਂ ਹੋਇਆ ਈ ਪਿਐ |' ਉਸ ਦੀ ਸੱਸ ਪਾਰਵਤੀ ਨੇ ਖੁਸ਼ ਹੁੰਦਿਆਂ ਕਿਹਾ |
ਅਰਚਨਾ ਨੇ ਪੂਰੀ ਰੀਝ ਨਾਲ ਲੌਂਗ ਲਾਚੀਆਂ ਪਾ ਕੇ ਦੁੱਧ ਵਿਚ ਪੱਤੀ ਪਾ ਕੇ ਚਾਹ ਦੇ ਦੋ ਕੱਪ ਬਣਾਏ, ਦੋਵੇਂ ਕੱਪ ਮੇਜ਼ 'ਤੇ ਟਿਕਾਉਦਿਆਂ ਉਹ ਆਪ ਵੀ ਉਸੇ ਸੋਫੇ ਤੇ ਬੈਠ ਗਈ ਜਿਸ 'ਤੇ ਉਸ ਦੀ ਸੱਸ ਪਾਰਵਤੀ ਬੈਠੀ ਸੀ |
'ਮੰਮੀ ਜੀ! ਚਾਹ ਦੱਸੋ ਸਵਾਦ ਬਣੀ ਏਾ? ਭੁਜੀਏ ਬਦਾਨੇ ਦੀ ਪਲੇਟ ਉਸ ਵੱਲ ਸਰਕਾਉਦਿਆਂ ਮੁਸਕਰਾਉਂਦੀ ਹੋਈ ਅਰਚਨਾ ਨੇ ਆਪਣੀ ਸੱਸ ਮਾਂ ਤੋਂ ਪੁੱਛਿਆ |
'ਹਾਂ ਬੇਟੀ! ਏਨੀ ਸਵਾਦ ਚਾਹ ਤਾਂ ਮੈਂ ਅੱਜ ਤੱਕ ਨਹੀਂ ਸੀ ਪੀਤੀ |' ਪਾਰਵਤੀ ਨੇ ਪ੍ਰਸੰਨਤਾ ਨਾਲ ਗਦ ਗਦ ਹੁੰਦਿਆਂ ਉੱਤਰ ਦਿੱਤਾ |
ਮੈਂ ਤਾਂ ਚਾਹ ਦੇ ਨਾਲ ਪਾਲਕ ਵਾਲੇ ਪਕੌੜੇ ਵੀ ਬਣਾਉਣ ਲੱਗੀ ਸੀ, ਫੇਰ ਮੈਨੂੰ ਯਾਦ ਆਇਆ ਕਿ ਰਾਤੀਂ ਤੁਸੀਂ ਖੰਘਦੇ ਪਏ ਸੀ, ਤਾਂ ਕਰਕੇ ਨ੍ਹੀਂ ਬਣਾਏ, ਮੈਂ ਸੋਚਿਆ ਹੋਰ ਨਾ ਕਿਤੇ ਪਕੌੜੇ ਖਾਣ ਨਾਲ ਬਲਗ਼ਮ ਜ਼ਿਆਦਾ ਵਧ ਜਾਵੇ, ਪਰਹੇਜ਼ ਰੱਖਣਾ ਈ ਚੰਗਾ ਹੁੰਦਾ |'
'ਚਲੋ ਕੋਈ ਗੱਲ ਨਹੀਂ, ਚੰਗਾ ਈ ਕੀਤਾ ਜੇ ਨਹੀਂ ਬਣਾਏ, ਪਾਲਕ ਦੇ ਪਕੌੜੇ ਆਪਾਂ ਕਿਸੇ ਬਾਰਿਸ਼ ਵਾਲੇ ਦਿਨ ਬਣਾ ਲਵਾਂਗੇ |' ਸੱਸ ਅਜੇ ਵੀ ਅਚੰਭੇ ਦੀ ਬੁੱਕਲ 'ਚੋਂ ਬਾਹਰ ਨਹੀਂ ਸੀ ਆ ਰਹੀ |
ਅਰਚਨਾ ਦੇ ਵਿਆਹ ਨੂੰ ਤਕਰੀਬਨ ਤਿੰਨ ਮਹੀਨੇ ਹੋ ਗਏ ਸਨ | ਚੀਕਵੀਂ ਆਵਾਜ਼ ਵਿਚ ਕਿੱਲ੍ਹ ਕਿੱਲ੍ਹ ਕੇ ਬਹਿਸ ਕਰਨ ਵਾਲੀ ਅਰਚਨਾ ਏਨੀ ਤੇਜ਼ ਤਰਾਰ ਸੀ ਕਿ ਉਸ ਨੇ ਆਪਣੇ ਘਰ ਵਾਲੇ ਤੇ ਆਪਣੀ ਸੱਸ ਦੋਵਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ | ਉਸ ਦੇ ਵਿਆਹ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਜਦੋਂ ਉਹ ਸੱਸ ਦੇ ਮੂਹਰੇ ਜਵਾਬ ਸਵਾਲ ਕਰਨ ਲੱਗ ਪਈ ਸੀ | ਸੱਸ ਇਕ ਕਹਿੰਦੀ ਤਾਂ ਨੂੰਹ ਅੱਗੋਂ ਉਸ ਨੂੰ ਵੀਹ ਸੁਣਾ ਦਿੰਦੀ | ਨਵੀਂ ਨਵੇਲ ਵਹੁਟੀ ਦਾ ਪਤੀ ਮੁਕੇਸ਼ ਤਾਂ ਪਹਿਲਾਂ ਹੀ ਬਹੁਤੇ ਸ਼ਰੀਫ਼ ਮੁੰਡਿਆਂ ਵਿਚ ਗਿਣਿਆ ਜਾਂਦਾ ਸੀ | ਉਹ ਬੋਲਦਾ ਵੀ ਬਹੁਤ ਘੱਟ ਸੀ | ਸੰਗਾਊ ਹੋਣ ਕਾਰਨ ਉਹ ਮੁੱਲ ਦੀ ਗੱਲ ਹੀ ਕਰਦਾ | ਵਹੁਟੀ ਨੇ ਆਉਂਦੀ ਨੇ ਹੀ ਉਸ ਦੇ ਸਾਊ ਤੇ ਸਾਦ ਮੁਰਾਦੇ ਸੁਭਾਅ ਦਾ ਭੇਤ ਪਾ ਲਿਆ ਸੀ | ਇਸੇ ਕਰਕੇ ਤਾਂ ਉਹ ਚੁਸਤ ਚਲਾਕ ਲੜਕੀ ਉਸ ਨੂੰ ਟੁਕ ਤੇ ਡੇਲਾ ਸਮਝਦੀ ਸੀ | ਡਰ ਭੈਅ ਤਾਂ ਉਸ ਦੇ ਨੇੜੇ ਤੇੜੇ ਦੀ ਵੀ ਨਹੀਂ ਸੀ ਲੰਘਿਆ | ਪੂਰੀ ਨਿੱਡਰ, ਮਾਂ ਪੁੱਤ ਉਸ ਨੂੰ ਜਿਹੜਾ ਵੀ ਕੰਮ ਦੱਸਦੇ ਅੱਵਲ ਤਾਂ ਉਹ ਠਾਹ ਕਰਕੇ ਉਸੇ ਵੇਲੇ ਹੀ ਜਵਾਬ ਦੇ ਦਿੰਦੀ |
ਜੇਕਰ ਕਦੇ ਕਦਾਈਾ ਕਰਦੀ ਵੀ ਤਾਂ ਦੱਸੇ ਹੋਏ ਕੰਮ ਤੋਂ ਉਲਟ ਕਰਦੀ | ਜੇ ਉਹ ਰੋਟੀ ਪਕਾਉਣ ਲਈ ਕਹਿੰਦੇ ਤਾਂ ਉਹ ਭਾਂਡੇ ਮਾਂਜਣ ਲੱਗ ਜਾਂਦੀ | ਮਾੜਾ ਮੋਟਾ ਕੰਮ ਕਰਕੇ ਉਹ ਗੱਲ ਗੱਲ 'ਤੇ ਸੁਣੋਤਾਂ ਸੁੱਟਦੀ ਰਹਿੰਦੀ, 'ਤੁਸੀਂ ਵਹੁਟੀ ਨਹੀਂ ਵਿਆਹ ਕੇ ਲਿਆਏ, ਤੁਸੀਂ ਤਾਂ ਮੈਨੂੰ ਘਰ ਦੀ ਨੌਕਰਾਣੀ ਬਣਾ ਕੇ ਲਿਆਏ ਹੋ, ਸੋਚਦੇ ਹੋਵੋਗੇ ਬਈ ਆਪੇ ਲੱਗੀ ਰਿਹਾ ਕਰੂ ਸਾਰੀ ਦਿਹਾੜੀ ਸਾਡਾ ਗੋਲਾ ਧੰਦਾ ਕਰਨ | ਗੱਲ ਸੁਣ 'ਲੋ ਮੇਰੀ ਦੋਵੇਂ ਮਾਂ ਪੁੱਤ ਕੰਨ ਖੋਲ੍ਹ ਕੇ! ਮੈਂ ਤਾਂ ਨਾ ਕਦੇ ਉਥੇ ਕੋਈ ਕੰਮ ਕੀਤਾ ਸੀ ਤੇ ਨਾ ਹੁਣ ਇਥੇ ਕਰਨਾ ਏਾ, ਤੁਸੀਂ ਜ਼ੋਰ ਲਾ 'ਲੋ' ਜਿਹੜਾ ਲਗਦਾ ਏ |' ਤੇ ਇਉਂ ਘਰ ਦੇ ਕੰਮ ਪਿੱਛੇ ਉਨ੍ਹਾਂ ਦੇ ਘਰ ਹਮੇਸ਼ਾ ਕਲੇਸ਼ ਦੀ ਕੰਧ ਖੜ੍ਹੀ ਰਹਿੰਦੀ | ਦੋਵੇਂ ਮਾਂ ਪੁੱਤ ਉਸ ਦੀਆਂ ਆਪਹੁਦਰੀਆਂ ਤੋਂ ਬੇਹੱਦ ਪ੍ਰੇਸ਼ਾਨ ਸਨ | ਮੁਕੇਸ਼ ਤਾਂ ਵਿਚਾਰਾ ਸਾਰਿਆਂ ਤੋਂ ਵੱਧ ਦੁਖੀ ਸੀ | ਉਹ ਆਪਣੇ ਆਪ ਨੂੰ ਦੋ ਪੁੜਾਂ ਵਿਚਾਲੇ ਪਿਸਦਾ ਹੋਇਆ ਮਹਿਸੂਸ ਕਰਦਾ | ਮਾਂ ਵੱਖ ਪਛਤਾਅ ਰਹੀ ਸੀ ਕਿ ਉਹ ਕਿਹੜੀ ਚੰਦਰੀ ਘੜੀ ਸੀ ਜਦੋਂ ਉਹ ਇਸ ਕੁੜੀ ਦੇ ਸੋਹਣੇ ਰੰਗ ਰੂਪ ਤੇ ਡੁੱਲ੍ਹ ਕੇ ਇਸ ਨੂੰ ਸ਼ਗਨ ਪਾ ਆਈ ਸੀ!' ਬੀਤਿਆ ਵੇਲਾ ਹੁਣ ਉਸ ਦੇ ਹੱਥ ਨਹੀਂ ਸੀ ਆ ਰਿਹਾ |
ਪੇਕੇ ਘਰ ਵੀ ਅਰਚਨਾ ਦਾ ਇਹੀ ਹਾਲ ਸੀ | ਉਸ ਨੂੰ ਆਪਣੇ ਗੋਰੇ ਰੰਗ ਦਾ ਕੁਝ ਜ਼ਿਆਦਾ ਹੀ ਗੁਮਾਨ ਸੀ | ਸਾਰਾ ਦਿਨ ਸ਼ੀਸ਼ੇ ਮੂਹਰੇ ਖੜ੍ਹੀ ਉਹ ਆਪਣੇ ਆਪ ਨੂੰ ਨਿਹਾਰਦੀ ਰਹਿੰਦੀ ਤੇ ਆਪਣੇ ਚਿਹਰੇ ਨੂੰ ਦੇਖ ਦੇਖ ਖੁਸ਼ ਹੁੰਦੀ ਰਹਿੰਦੀ | ਘਰ ਦੇ ਕੰਮਾਂ ਪਿੱਛੇ ਕਈ ਵਾਰ ਉਹ ਆਪਣੀ ਮਾਂ ਨਾਲ ਵੀ ਸਿੰਗ ਫਸਾ ਲੈਂਦੀ | ਕੁੜੀਆਂ ਕੱਤਰੀਆਂ ਦੇ ਕਰਨ ਵਾਲੇ ਕਿਸੇ ਵੀ ਕੰਮ ਵਿਚ ਉਸਦੀ ਦਿਲਚਸਪੀ ਨਹੀਂ ਸੀ | ਫੈਸ਼ਨ ਕਰਨ ਨੂੰ ਉਹ ਮੁਹੱਲੇ ਦੀਆਂ ਸਾਰੀਆਂ ਕੁੜੀਆਂ ਤੋਂ ਮੂਹਰੇ ਸੀ | ਜੇ ਮਾਂ ਬਿਗਾਨੇ ਘਰ ਜਾਣ ਦੀ ਗੱਲ ਚਿਤਾਰਦੀ ਕਿ ਅੱਗੇ ਜਾ ਕੇ ਤੂੰ ਕੀ ਕਰੇਂਗੀ? ਤਾਂ ਉਹ ਬਿਫਰ ਕੇ ਕਹਿੰਦੀ, 'ਉਸ ਘਰ ਵਿਚ ਮੈਂ ਦੁਲਹਨ ਬਣ ਕੇ ਜਾਣਾ ਏਾ, ਕੋਈ ਨੌਕਰਾਣੀ ਬਣ ਕੇ ਥੋੜ੍ਹੋ ਜਾਣੈ, ਮੇਰੇ ਤੋਂ ਕੋਈ ਨਹੀਂ ਹੋਣਾ ਉਥੇ ਜਾ ਕੇ ਕੰਮ ਕੁੰਮ, ਜੇ ਬਾਹਲੀਉ ਗੱਲ ਜਾਂਦੀ ਦਿਸੀ ਤਾਂ ਘਰ ਵਿਚ ਦਿਨ ਭਰ ਦੇ ਕੰਮਾਂ ਵਾਸਤੇ ਅਸੀਂ ਨੌਕਰ ਰੱਖ ਲਵਾਂਗੇ, ਹੋਰ ਦੱਸੋ |'
'ਪੁੱਤ ਸੋਹਣਿਆਂ! ਲਾਡ ਕਰਦੀ ਮਾਂ ਪਿਆਰ ਨਾਲ ਸਮਝਾਉਂਦੀ, 'ਹਰੇਕ ਘਰ ਵਿਚ ਨਾ ਤਾਂ ਨੌਕਰ ਰੱਖਣ ਦੀ ਗੁੰਜਾਇਸ਼ ਹੁੰਦੀ ਏ ਤੇ ਨਾ ਹੀ ਸਾਰਿਆਂ ਘਰਾਂ ਵਿਚ ਇਹ ਰਿਵਾਜ ਹੁੰਦੈ, ਸਹੁਰੇ ਘਰ ਜਾ ਕੇ ਕੰਮ ਤਾਂ ਕਰਨਾ ਹੀ ਪੈਂਦਾ ਏ 'ਤਾਂ ਹੀ ਬਿਗਾਨੇ ਘਰ ਕੁੜੀਆਂ ਦੇ ਪੈਰ ਲਗਦੇ ਨੇ, ਸੋਹਣੇ ਸਹੁਨਰੇ ਕੰਮ ਦੇ ਸਿਰ 'ਤੇ ਹੀ ਉਹ ਸਹੁਰੇ ਪਰਿਵਾਰ ਦਾ ਦਿਲ ਜਿੱਤ ਸਕਦੀਆਂ ਨੇ, ਅਗਲੇ ਤਾਂ ਗੱਲਾਂ ਗੱਲਾਂ ਵਿਚ ਸੁਣਾ ਦਿੰਦੇ ਨੇ ਸਾਨੂੰ ਤਾਂ 'ਭਾਈ ਕੁੜੀਏ ! ਤੇਰਾ ਕੰਮ ਪਿਆਰਾ ਏ, ਚੰਮ ਨਹੀਂ, ਦੁਲਹਨ ਦੇ ਗੁੱਟਾਂ ਤੇ ਬੱਝੇ ਕਲੀਰੇ ਸਿਰਫ਼ ਸਜਾਵਟ ਲਈ ਹੀ ਨਹੀਂ ਹੁੰਦੇ ਸਗੋ ਅਗਾਂਹ ਵਾਲੇ ਜੀਵਨ ਦੌਰਾਨ ਨਿਭਾਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਵੀ ਉਨ੍ਹਾਂ ਦੇ ਨਾਲ ਹੀ ਬੱਝੀਆਂ ਹੁੰਦੀਆਂ ਹਨ, ਨਾਲੇ ਇਹ ਕੀ ਤੂੰ 'ਨੌਕਰਾਣੀ, ਨੌਕਰਾਣੀ' ਕਰਦੀ ਰਹਿੰਨੀ ਏਾ? ਨੂੰਹ ਜੇ ਨੌਕਰਾਣੀ ਨਹੀਂ ਹੁੰਦੀ ਤਾਂ ਯਾਦ ਰੱਖ! ਉਹ ਨੁਮਾਇਸ਼ੀ ਗੁੱਡੀ ਵੀ ਨਹੀਂ ਹੁੰਦੀ ਜਿਸ ਨੂੰ ਵੇਖ ਵੇਖ ਸਾਰਾ ਟੱਬਰ ਬਿਨਾਂ ਰੋਟੀ ਖਾਧਿਆਂ ਹੀ ਰੱਜ ਜਾਵੇ |'
' ਓ ਮੰਮੀ! ਮੈਂ ਨਹੀਂ ਮੰਨਦੀ ਇਨ੍ਹਾਂ ਸਦੀਆਂ ਪੁਰਾਣੀਆਂ ਘਸੀਆਂ ਪਿਟੀਆਂ ਕਹਾਵਤਾਂ ਨੂੰ, ਚਲੋ ਦੇਖੀ ਜਾਊ ਜਿਵੇਂ ਮੇਰੇ ਨਾਲ ਹੋਊ, ਐਵੇਂ ਨਾ ਮੈਨੂੰ ਬਹੁਤੀਆਂ ਮੱਤਾਂ ਦੇਈ ਜਾਇਆ ਕਰੋ, ਬਿਗਾਨੇ ਘਰ ਪੈਰ ਜਮਾਉਣ ਜੋਗੀ ਮੈਨੂੰ ਬਥੇਰੀ 'ਅਕਲ' ਏ |'
'ਤੂੰ ਨਹੀਂ ਮੰਨਦੀ ਤਾਂ ਨਾ ਮੰਨ, ਤੇਰੀ ਮਰਜ਼ੀ ! ਪਰ ਕੋਈ ਵੇਲਾ ਇਹੋ ਜਿਹਾ ਵੀ ਆਵੇਗਾ ਜਦੋਂ ਤੂੰ ਮਾਂ ਦੀਆਂ ਇਹ ਗੱਲਾਂ ਯਾਦ ਕਰਿਆ ਕਰੇਂਗੀ, ਨਾਲੇ ਅੱਖਾਂ' ਚ ਘਸੁੰਨ ਦੇ ਦੇ ਰੋਇਆ ਕਰੇਂਗੀ |' ਆਪ ਮੁਹਾਰੀ ਕੁੜੀ ਮੂਹਰੇ ਮਾਂ ਵੀ ਬੇਵੱਸ ਹੋ ਜਾਂਦੀ |
ਜਵਾਨੀ ਦੀ ਦਹਿਲੀਜ਼ ਚੜ੍ਹ ਚੁੱਕੀ ਅਰਚਨਾ ਦਾ ਵਿਆਹ ਇਕ ਸਾਧਾਰਨ ਜਿਹੇ ਘਰ ਵਿਚ ਹੋ ਗਿਆ ਸੀ | ਉਹ ਕੋਈ ਖਾਸ ਗੁਜ਼ਾਰੇ ਬਜਾਰੇ ਵਾਲੇ ਲੋਕ ਨਹੀਂ ਸਨ | ਬੱਸ ਉਨ੍ਹਾਂ ਵਿਚਾਰਿਆਂ ਦੀ ਤਾਂ ਆਈ ਚਲਾਈ ਹੀ ਮਸਾਂ ਚਲਦੀ ਸੀ | ਹੁਣ ਉਸ ਦੀ ਸੱਸ ਆਪਣੀ ਨੂੰਹ ਤੋਂ ਕੰਮ ਦੀ ਉਮੀਦ ਰੱਖਦੀ ਸੀ ਪਰ ਉਸ ਦੀ ਤਾਂ ਘਰ ਦੇ ਕੰਮਾਂ ਵਿਚ ਕੋਈ ਦਿਲਚਸਪੀ ਹੀ ਨਹੀਂ ਸੀ | ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਘਰ ਵਿਚ ਲੜਾਈ ਕਲੇਸ਼ ਰਹਿਣ ਲੱਗ ਪਿਆ | ਉਸ ਦੀ ਸੱਸ ਪਾਰਵਤੀ ਇਕ ਬਜ਼ੁਰਗ ਔਰਤ ਸੀ ਤੇ ਸਿਹਤ ਪੱਖੋਂ ਵੀ ਕਾਫੀ ਕਮਜ਼ੋਰ ਸੀ |
ਮੁਕੇਸ਼ ਇਕ ਪ੍ਰਾਈਵੇਟ ਅਦਾਰੇ ਵਿਚ ਮਾਮੂਲੀ ਤਨਖਾਹ ਲੈਣ ਵਾਲਾ ਕਰਮਚਾਰੀ ਸੀ | ਉਸ ਦੀ ਹੈਸੀਅਤ ਨਹੀਂ ਸੀ ਕਿ ਘਰ ਦੇ ਕੰਮ ਵਾਸਤੇ ਉਹ ਨੌਕਰ ਰੱਖ ਸਕੇ | ਉਸ ਦੀ ਮਾਂ ਪਾਰਵਤੀ ਹੁਣ ਤੱਕ ਔਖੀ ਸੌਖੀ ਹੋ ਕੇ ਘਰ ਦਾ ਸਾਰਾ ਧੰਦਾਲ ਆਪ ਹੀ ਕਰ ਰਹੀ ਸੀ | ਉਸ ਤੋਂ ਹੁਣ ਚੌਂਕੇ ਚੁੱਲ੍ਹੇ ਦਾ ਤੇ ਸਾਫ਼ ਸਫ਼ਾਈ ਦਾ ਕੰਮ ਹੁੰਦਾ ਵੀ ਨਹੀਂ ਸੀ | ਉਸ ਨੇ ਤਾਂ ਸੁੱਖਾਂ ਸੁੱਖ ਸੁੱਖ ਕੇ ਇਹ ਦਿਨ ਲਿਆ ਸੀ ਕਿ ਕਦੋਂ ਘਰੇ ਨੂੰਹ ਆਵੇ ਤੇ ਉਸ ਦਾ ਕੰਮਾਂ ਧੰਦਿਆਂ ਤੋਂ ਖਹਿੜਾ ਛੁੱਟੇ ਪਰ ਨੂੰਹ ਤਾਂ ਸਿਰੇ ਦੀ ਕੰਮਚੋਰ ਸੀ | ਉਹ ਤਾਂ ਪੇਕਿਆਂ ਦੀ ਗਿੱਝੀ ਹੋਈ ਖੁਦ ਪੱਕੀਆਂ ਪਕਾਈਆਂ ਭਾਲਦੀ ਸੀ | ਮੁੰਡੇ ਨੂੰ ਵਿਆਹ ਕੇ ਤਾਂ ਪਾਰਵਤੀ ਪਹਿਲਾਂ ਨਾਲੋਂ ਵੀ ਵੱਧ ਔਖੀ ਹੋ ਗਈ ਸੀ ਪਰ ਉਹ ਇਕ ਸਮਝਦਾਰ ਔਰਤ ਸੀ | ਘਰ ਵਿਚ ਹੁੰਦੇ ਲੜਾਈ ਕਲੇਸ਼ ਦੀ ਗੱਲ ਉਹ ਕਿਸੇ ਨਾਲ ਵੀ ਸਾਂਝੀ ਨਾ ਕਰਦੀ ਨਾ ਹੀ ਉਸ ਨੇ ਘਰ ਵਿਚ ਹੁੰਦੇ ਨਿੱਤ ਦੇ ਕਲੇਸ਼ ਦੀ ਭਿਣਕ ਬਹੂ ਦੇ ਮਾਪਿਆਂ ਨੂੰ ਲੱਗਣ ਦਿੱਤੀ ਸੀ | ਗੱਲੀਂ ਬਾਤੀਂ ਉਹ ਨੂੰਹ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕਰਦੀ ਪਰ ਰੱਬ ਤਾਂ ਖ਼ਵਰੇ ਉਸ ਦੇ ਮਗਜ਼ ਵਿਚ ਸਮਝਦਾਰੀ ਵਾਲਾ ਖ਼ਾਨਾ ਫਿਟ ਕਰਨਾ ਹੀ ਭੁੱਲ ਗਿਆ ਸੀ! ਗ਼ਲਤੀ ਮੰਨਣ ਦੀ ਬਜਾਏ ਉਹ ਸੱਚੀ ਹੋ ਕੇ ਮੂਹਰੇ ਤਣ ਜਾਂਦੀ ਕਿ ਮੇਰਾ ਤਾਂ ਕਸੂਰ ਹੀ ਕੋਈ ਨਹੀਂ, ਦੂਜਿਆਂ ਨੂੰ ਕਸੂਰਵਾਰ ਠਹਿਰਾਉਣ ਲਈ ਉਹ ਝੱਟ ਹੀ ਝੂਠੀ-ਮੂਠੀ ਕਹਾਣੀ ਘੜ ਲੈਂਦੀ | ਘਰ ਵਿਚ ਕਲੇਸ਼ ਦਿਨ ਬਦਿਨ ਵਧ ਰਿਹਾ ਸੀ | ਜਦੋਂ ਗੁੱਸੇ ਗਿਲੇ ਹੱਦਾਂ ਬੰਨੇ ਟੱਪ ਗਏ ਤਾਂ ਇਕ ਦਿਨ ਹਿਰਖੀ ਹੋਈ ਅਰਚਨਾ ਨੇ ਆਪਣੀ ਮਾਂ ਨੂੰ ਫੋਨ ਲਾਇਆ, 'ਮੰਮੀ! ਤੁਸੀਂ ਮੈਨੂੰ ਛੇਤੀ ਤੋਂ ਛੇਤੀ ਇਥੋਂ ਆ ਕੇ ਲੈ ਜਾਉ, ਮੈਂ ਹੋਰ ਜ਼ਿਆਦਾ ਸਮਾਂ ਇਥੇ ਨਹੀਂ ਰਹਿ ਸਕਦੀ |' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 7814698117