28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮੁਬਾਰਕਾਂ ਜਾਂ ਰਿਸ਼ਤਿਆਂ ਦੀ ਬੱਤੀ ਗੁੱਲ!

ਮੁਬਾਰਕਾਂ ਜਾਂ ਰਿਸ਼ਤਿਆਂ ਦੀ ਬੱਤੀ ਗੁੱਲ!

Ad Position 21
No active advertisement
ਅਜੀਤ ਡੈਸਕ 29-11-2026

ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਪ੍ਰੀਤ ਇਸ ਵਾਰ ਦੀਵਾਲੀ ਮਨਾਉਣ ਲਈ ਆਪਣੇ ਬੱਚਿਆਂ ਅਤੇ ਪਤਨੀ ਸਮੇਤ ਪੰਜਾਬ ਨਹੀਂ ਜਾ ਸਕਿਆ | ਘਰ ਤੋਂ ਦੂਰ ਹੋਣ ਕਾਰਨ ਮਨ ਵਿਚ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ  ਮਿਲਣ ਦੀ ਤਾਂਘ ਜ਼ਰੂਰ ਸੀ, ਪਰ ਕੰਮ ਦੀਆਂ ਮਜਬੂਰੀਆਂ ਨੇ ਉਸ ਦੇ ਕਦਮ ਰੋਕ ਰੱਖੇ ਸਨ | 

ਦੀਵਾਲੀ ਵਾਲੇ ਦਿਨ ਸਵੇਰ ਤੋਂ ਹੀ ਉਸ ਦੇ ਮੋਬਾਈਲ ਫ਼ੋਨ 'ਤੇ ਵਧਾਈਆਂ ਦੇ ਸੁਨੇਹਿਆਂ ਦਾ ਹੜ੍ਹ ਆਇਆ ਹੋਇਆ ਸੀ | ਕੋਈ ਰੰਗ-ਬਿਰੰਗੇ ਦੀਵਿਆਂ ਵਾਲੀ ਤਸਵੀਰ ਭੇਜ ਰਿਹਾ ਸੀ, ਕੋਈ ਧਾਰਮਿਕ ਤਸਵੀਰਾਂ ਨਾਲ ਸ਼ੁੱਭਕਾਮਨਾਵਾਂ ਦੇ ਰਿਹਾ ਸੀ ਅਤੇ ਕੋਈ ਲੰਮੇ-ਚੌੜੇ ਸੁਨੇਹਿਆਂ ਰਾਹੀਂ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ ਕਰ ਰਿਹਾ ਸੀ | 
ਪ੍ਰੀਤ ਨੇ ਸੋਚਿਆ ਕਿ ਹੁਣ ਤਾਂ ਕੰਮ ਬਹੁਤ ਹੈ | ਵਿਹਲਾ ਹੋ ਕੇ ਰਾਤ ਨੂੰ  ਸਾਰੇ ਸੁਨੇਹੇ ਆਰਾਮ ਨਾਲ ਪੜ੍ਹਾਂਗੇ | ਇਨ੍ਹਾਂ ਸੁਨੇਹਿਆਂ ਵਿਚੋਂ ਇਕ ਉਸ ਦੇ ਪੁਰਾਣੇ ਲੰਗੋਟੀਏ ਯਾਰ ਦਾ ਵੀ ਸੀ:
ਪ੍ਰੀਤ ਜੀ! ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ  ਦੀਵਾਲੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ... |'
ਬੱਸ, ਪ੍ਰੀਤ ਨੇ ਇਹ ਦੋ ਲਾਈਨਾਂ ਹੀ ਪੜ੍ਹੀਆਂ | ਉਸ ਨੂੰ  ਸੁਨੇਹਾ ਬਹੁਤ ਵਧੀਆ ਲੱਗਿਆ | ਉਸ ਨੇ ਸੋਚਿਆ ਕਿ ਇਹ ਸੁਨੇਹਾ ਤਾਂ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ  ਭੇਜਣ ਵਾਲਾ ਹੈ | ਉਸ ਨੇ ਬਿਨਾਂ ਇਕ ਪਲ ਹੋਰ ਗੁਆਏ ਪਰਿਵਾਰਕ ਗਰੁੱਪ ਸਮੇਤ ਆਪਣੇ ਸਾਰੇ ਸੰਪਰਕਾਂ ਨੂੰ  ਇਹ ਸੁਨੇਹਾ ਅੱਗੇ ਭੇਜ ਦਿੱਤਾ | ਹੇਠਾਂ ਪੜ੍ਹਨ ਦੀ ਲੋੜ ਹੀ ਨਹੀਂ ਸਮਝੀ | ਉਸ ਦਾ ਖਿਆਲ ਸੀ ਕਿ ਅੱਗੇ ਵੀ ਉਹੀ ਸੁੱਖ-ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਗੱਲਾਂ ਹੋਣਗੀਆਂ | ਦੀਵਾਲੀ ਦੇ ਵਧਾਈ ਸੰਦੇਸ਼ ਵਿਚ ਹੋਰ ਕਿਹੜਾ ਜ਼ਮੀਨ ਦਾ ਬਿਆਨਾ ਲਿਖਿਆ ਹੋਣਾ ਸੀ!
ਇਸ ਤਰ੍ਹਾਂ ਜਿਨ੍ਹਾਂ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ  ਪਿਛਲੇ ਤਿੰਨ ਸਾਲਾਂ ਤੋਂ ਫ਼ੋਨ ਕਰਕੇ ਹਾਲ-ਚਾਲ ਤੱਕ ਨਹੀਂ ਪੁੱਛਿਆ ਸੀ, ਉਨ੍ਹਾਂ ਨੂੰ  ਵੀ ਅੱਜ ਇਕੋ ਕਲਿੱਕ ਨਾਲ ਪਿਆਰ ਅਤੇ ਮੁਹੱਬਤ ਵੰਡ ਦਿੱਤੀ | 
ਫ਼ੋਨ ਪਾਸੇ ਰੱਖਦਿਆਂ ਪ੍ਰੀਤ ਨੇ ਆਪਣੀ ਪਤਨੀ ਨੂੰ  ਮਾਣ ਨਾਲ ਕਿਹਾ, ਲੈ ਬਈ, ਅੱਜ ਵਾਲਾ ਆਪਣਾ ਫ਼ਰਜ਼ ਤਾਂ ਪੂਰਾ ਹੋ ਗਿਆ | ਸਾਰੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ  ਯਾਦ ਕਰ ਲਿਆ | ਹੁਣ ਕੋਈ ਇਹ ਨਾ ਕਹੇ ਕਿ ਪ੍ਰੀਤ ਨੇ ਦੀਵਾਲੀ 'ਤੇ ਯਾਦ ਨਹੀਂ ਕੀਤਾ!'
ਪਤਨੀ ਮੁਸਕਰਾਈ, ਪਰ ਕੁਝ ਬੋਲੀ ਨਹੀਂ | 
ਅਜੇ ਪੰਜ-ਸੱਤ ਮਿੰਟ ਹੀ ਬੀਤੇ ਸਨ ਕਿ ਚਾਚੇ ਦਾ ਫ਼ੋਨ ਆ ਗਿਆ | 
'ਹਾਂ ਪੁੱਤ, ਤੇਰਾ ਸੁਨੇਹਾ ਮਿਲ ਗਿਆ |'
ਪ੍ਰੀਤ ਖ਼ੁਸ਼ੀ ਨਾਲ ਬੋਲਿਆ, 'ਵਧਾਈਆਂ, ਚਾਚਾ ਜੀ! ਹੋਰ ਸੁਣਾਓ, ਕਿਵੇਂ ਲੱਗਿਆ?'
ਚਾਚਾ ਹੱਸਦਿਆਂ ਕਹਿਣ ਲੱਗਾ, 'ਪੁੱਤ, ਪਹਿਲੀਆਂ ਦੋ ਲਾਈਨਾਂ ਪੜ੍ਹ ਕੇ ਤਾਂ ਮੇਰੀਆਂ ਅੱਖਾਂ ਭਰ ਆਈਆਂ | ਪਰ ਜਦੋਂ ਹੇਠਾਂ ਪੜਿ੍ਹਆ ਤਾਂ ਐਨਕ ਲਾਹ ਕੇ ਦੋ ਵਾਰ ਸਾਫ਼ ਕਰਨੀ ਪਈ |'
ਪ੍ਰੀਤ ਹੈਰਾਨ ਹੋ ਕੇ ਬੋਲਿਆ, 'ਕਿਉਂ ਜੀ, ਕੋਈ ਗ਼ਲਤ ਗੱਲ ਲਿਖੀ ਹੋਈ ਸੀ?'
ਚਾਚਾ ਕਹਿੰਦਾ, 'ਮੈਂ ਤਾਂ ਪਹਿਲਾਂ ਸੋਚਿਆ ਕਿ ਸ਼ੂਗਰ ਕਰਕੇ ਮੇਰੀ ਨਜ਼ਰ ਖ਼ਰਾਬ ਹੋ ਗਈ ਹੈ | ਫਿਰ ਪਤਾ ਲੱਗਿਆ ਕਿ ਨਜ਼ਰ ਮੇਰੀ ਨਹੀਂ, ਤੇਰੇ ਸੁਨੇਹੇ ਦੀ ਨੀਅਤ ਖ਼ਰਾਬ ਹੈ!'
ਪ੍ਰੀਤ ਅਜੇ ਚਾਚੇ ਦੀ ਗੱਲ ਦਾ ਮਤਲਬ ਸਮਝਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਪਰਿਵਾਰਕ ਗਰੁੱਪ ਵਿਚ ਮਾਮੇ ਦਾ ਜਵਾਬ ਆ ਗਿਆ:
'ਬਾਕੀ ਤਾਂ ਸਭ ਠੀਕ ਹੈ, ਪੁੱਤ, ਪਰ ਸਾਡੇ ਇੱਥੇ ਪਾਣੀ ਪਹਿਲਾਂ ਹੀ ਘੱਟ ਆਉਂਦਾ ਹੈ | ਇਹ ਬਦਦੁਆ ਵਾਪਸ ਲੈ ਲਾ | ਘੱਟੋ-ਘੱਟ ਦੀਵਾਲੀ ਵਾਲੇ ਦਿਨ ਤਾਂ ਪਾਣੀ ਨਾ ਮੁਕਵਾ!'
ਇਸ ਤੋਂ ਬਾਅਦ ਵੱਡੀ ਭੈਣ ਦਾ ਸੁਨੇਹਾ ਆ ਗਿਆ:
'ਵੀਰੇ! ਮਠਿਆਈ ਨਹੀਂ ਭੇਜਣੀ ਤਾਂ ਨਾ ਭੇਜ, ਪਰ ਇਹ ਦੱਸ ਕਿ ਖਾਲੀ ਡੱਬਾ ਭੇਜ ਕੇ ਤੇਰਾ ਕਿਹੜਾ ਬਦਲਾ ਪੂਰਾ ਹੋਣਾ?'
ਹੁਣ ਪ੍ਰੀਤ ਦੇ ਮੱਥੇ 'ਤੇ ਸ਼ੱਕ ਦੀਆਂ ਲਕੀਰਾਂ ਉੱਭਰਨ ਲੱਗੀਆਂ | ਉਸ ਨੇ ਤੁਰੰਤ ਆਪਣਾ ਭੇਜਿਆ ਹੋਇਆ ਸੁਨੇਹਾ ਖੋਲਿ੍ਹਆ ਅਤੇ ਉੱਪਰੋਂ ਹੇਠਾਂ ਤੱਕ ਪੜ੍ਹਨਾ ਸ਼ੁਰੂ ਕੀਤਾ | 
ਹੇਠਾਂ ਲਿਖਿਆ ਸੀ: 'ਰੱਬ ਕਰੇ ਇਸ ਦੀਵਾਲੀ ਤੇਰੀ ਐਸੀ-ਤੈਸੀ ਹੋਵੇ, ਅਗਲੀ ਦੀਵਾਲੀ ਇਸ ਤੋਂ ਵੀ ਵੱਧ ਹੋਵੇ | ਜਿਹੜਾ ਪਟਾਕਾ ਤੂੰ ਚਲਾਵੇਂ, ਉਹ ਫੁੱਸ ਨਿਕਲੇ | ਮਠਿਆਈ ਤੈਨੂੰ ਦੂਰੋਂ ਦਿਸੇ ਤੇ ਖਾਣ ਨੂੰ  ਖਾਲੀ ਡੱਬਾ ਮਿਲੇ ਅਤੇ ਜਦੋਂ ਤੂੰ ਲੈਟਰੀਨ ਬੈਠੇਂ ਤਾਂ ਪਾਣੀ ਮੁੱਕ ਜਾਵੇ!'
ਪਹਿਲੀ ਲਾਈਨ ਪੜ੍ਹੀ ਤਾਂ ਚਿਹਰਾ ਠੀਕ ਸੀ | ਦੂਜੀ ਪੜ੍ਹਦਿਆਂ ਮੁਸਕਾਨ ਗ਼ਾਇਬ ਹੋ ਗਈ | ਤੀਜੀ ਲਾਈਨ ਤੱਕ ਪਹੁੰਚਦਿਆਂ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਚਮਕਣ ਲੱਗੀਆਂ | ਅਖ਼ੀਰਲੀ ਲਾਈਨ ਪੜ੍ਹ ਕੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ | 
ਉਹ ਸਿਰ ਫੜ ਕੇ ਬੋਲਿਆ, 'ਹਾਏ ਓਏ ਰੱਬਾ! ਮੈਂ ਤਾਂ ਇਹ ਸੁਨੇਹਾ ਆਪਣੇ ਸਹੁਰਾ ਸਾਹਿਬ ਨੂੰ  ਵੀ ਭੇਜ ਦਿੱਤਾ!'
ਐਨ ਉਸੇ ਵੇਲੇ ਸਹੁਰਾ ਸਾਹਿਬ ਦਾ ਸੁਨੇਹਾ ਆ ਗਿਆ: 'ਵਧਾਈਆਂ, ਪੁੱਤ! ਤੇਰੀ ਸੱਸ ਪੁੱਛਦੀ ਹੈ ਕਿ ਇਹ ਸ਼ੁਭਕਾਮਨਾਵਾਂ ਸਿਰਫ਼ ਮੇਰੇ ਲਈ ਹਨ ਜਾਂ ਘਰ ਦੇ ਬਾਕੀ ਜੀਆਂ ਨੂੰ  ਵੀ ਇਸੇ ਤਰ੍ਹਾਂ ਦੀਵਾਲੀ ਮਨਾਉਣੀ ਪਵੇਗੀ?'
ਹੁਣ ਤਾਂ ਪ੍ਰੀਤ ਦੀ ਜਾਨ ਹੀ ਸੁੱਕ ਗਈ | ਉਹ ਭੱਜ ਕੇ ਆਪਣੀ ਪਤਨੀ ਕੋਲ ਗਿਆ ਤੇ ਘਬਰਾਹਟ ਵਿਚ ਬੋਲਿਆ, 'ਸੁਣਦੀ ਏਾ! ਮੇਰੇ ਕੋਲੋਂ ਬਹੁਤ ਵੱਡੀ ਗ਼ਲਤੀ ਹੋ ਗਈ | ਮੈਂ ਬਿਨਾਂ ਪੜ੍ਹੇ ਇਕ ਸੁਨੇਹਾ ਸਾਰੇ ਖ਼ਾਨਦਾਨ ਨੂੰ  ਭੇਜ ਦਿੱਤਾ | ਹੁਣ ਤਾਂ ਮੇਰੇ ਰਿਸ਼ਤੇਦਾਰਾਂ ਨਾਲੋਂ ਪਹਿਲਾਂ ਤੇਰੇ ਪੇਕੇ ਮੇਰੇ ਦੁਸ਼ਮਣ ਬਣ ਜਾਣਗੇ!'
ਪਤਨੀ ਨੇ ਸੁਨੇਹਾ ਪੜਿ੍ਹਆ | ਪਹਿਲਾਂ ਪ੍ਰੀਤ ਵੱਲ ਵੇਖਿਆ, ਫਿਰ ਮੋਬਾਈਲ ਵੱਲ ਅਤੇ ਅਗਲੇ ਹੀ ਪਲ ਹੱਸ-ਹੱਸ ਕੇ ਸੋਫ਼ੇ 'ਤੇ ਬੈਠ ਗਈ | 
ਪ੍ਰੀਤ ਖਿਝ ਕੇ ਬੋਲਿਆ, ਤੈਨੂੰ ਹਾਸਾ ਆ ਰਿਹਾ ਹੈ? ਇੱਥੇ ਮੇਰੇ ਰਿਸ਼ਤੇ ਖ਼ਤਰੇ ਵਿਚ ਪਏ ਹਨ ਤੇ ਤੂੰ ਹੱਸੀ ਜਾਂਦੀ ਏਾ!'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਐਡੀਲੇਡ, ਆਸਟ੍ਰੇਲੀਆ | 
ਸੰਪਰਕ: 61429939280

Ad Position 22
No active advertisement
ਪਿਛਲੀ ਖ਼ਬਰ ਪਿਆਰ ਹੁੰਘਾਰਾ ਅਗਲੀ ਖ਼ਬਰ ਮਨੁੱਖ ਨੂੰ ਕੁੱਤੇ ਵਾਂਗ ਜਿਊਣ ਦਾ ਸੁਨੇਹਾ ਲਾਉਣ ਵਾਲਾ ਡਾਇਓਜਨੀਜ਼
Ad Position 24