20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੀਵਾਰ

ਦੀਵਾਰ

Ad Position 21
No active advertisement
ਅਜੀਤ ਡੈਸਕ 20-09-2026

ਨਿੱਕੇ ਜਿਹੇ ਕਸਬੇ ਦੇ ਐਨ ਵਿਚਕਾਰ ਉਸ ਦਾ ਛੋਟਾ ਜਿਹਾ ਘਰ ਸੀ | ਦੋ ਕਮਰੇ, ਇਕ ਰਸੋਈ ਅਤੇ ਇਕ ਛੋਟਾ ਜਿਹਾ ਬਾਥਰੂਮ | ਇਹੀ ਸੁਰਜੀਤ ਪਾਲ ਦਾ ਸੰਸਾਰ ਸੀ | ਘਰ ਛੋਟਾ ਸੀ ਤੇ ਪਰਿਵਾਰ ਵੀ ਛੋਟਾ ਹੀ ਸੀ | ਉਹ, ਉਸ ਦੀ ਪਤਨੀ ਅਤੇ ਉਨ੍ਹਾਂ ਦਾ ਇਕਲੌਤਾ ਬੇਟਾ ਰਣਜੀਤ ਪਾਲ | ਘਰ ਦੇ ਆਰਥਿਕ ਹਾਲਾਤ ਬਹੁਤ ਹੀ ਮਾੜੇ ਸਨ | ਸੁਰਜੀਤ ਪਾਲ ਨੇ ਕਈ ਛੋਟੇ-ਛੋਟੇ ਕੰਮ ਅਤੇ ਨੌਕਰੀਆਂ ਕਰਨ ਤੋਂ ਬਾਅਦ ਆਪਣੇ ਘਰ ਦੇ ਬਾਹਰ ਹੀ ਸਬਜ਼ੀ ਤੇ ਫਲ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਸੀ | ਉਸ ਦਾ ਘਰ ਸ਼ਹਿਰ ਦੇ ਵਿਚਕਾਰ ਹੋਣ ਦੇ ਨਾਲ-ਨਾਲ ਸ਼ਹਿਰ ਦੇ ਮੁੱਖ ਚੌਕ ਦੇ ਬਿਲਕੁਲ ਨਾਲ ਸੀ | ਉਸ ਦੇ ਘਰ ਦੇ ਖਸਤਾ ਹਾਲ ਕਮਰਿਆਂ ਦੀਆਂ ਦੋ ਦੀਵਾਰਾਂ ਇਸ ਚੌਕ ਨੂੰ  ਲਗਦੀਆਂ ਸਨ ਤੇ ਇਨ੍ਹਾਂ ਦੀਵਾਰਾਂ ਕਾਰਨ ਇਹ ਚੌਕ ਇਕ ਪਾਸੇ ਤੋਂ ਬਿਲਕੁਲ ਤੰਗ ਹੋ ਗਿਆ ਸੀ ਤੇ ਹਰ ਰੋਜ਼ ਕਈ ਛੋਟੇ-ਵੱਡੇ ਹਾਦਸੇ ਇਥੇ ਹੁੰਦੇ ਰਹਿੰਦੇ ਸਨ |
ਸ਼ਹਿਰ ਦੇ ਲੋਕਾਂ ਦੀ ਇਕ ਰਾਇ ਸੀ ਕਿ ਇਹ ਦੀਵਾਰਾਂ ਇਸ ਚੌਕ ਨੂੰ  ਹਾਦਸਿਆਂ ਵਾਲਾ ਚੌਕ ਬਣਾ ਰਹੀਆਂ ਹਨ ਤੇ ਇਹ ਹਟਣੀਆਂ ਚਾਹੀਦੀਆਂ ਹਨ | ਪਰ ਸੁਰਜੀਤ ਪਾਲ ਦੀ ਨਿੱਜੀ ਜਾਇਦਾਦ ਹੋਣ ਕਾਰਨ ਅਤੇ ਉਸ ਦੀ ਅਤਿ ਮਾੜੀ ਆਰਥਿਕ ਹਾਲਤ ਕਾਰਨ ਕੁਝ ਵੀ ਬਦਲਿਆ ਨਹੀਂ ਸੀ ਜਾ ਸਕਿਆ | ਸਮਾਂ ਬੀਤਦਾ ਗਿਆ | ਸੁਰਜੀਤ ਪਾਲ ਦੇ ਆਰਥਿਕ ਹਾਲਤ ਤਾਂ ਨਹੀਂ ਬਦਲੇ ਪਰ ਉਸ ਦਾ ਪੁੱਤਰ ਰਣਜੀਤ ਪਾਲ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਾਰਨ ਇਕ ਸਰਕਾਰੀ ਬੈਂਕ ਵਿਚ ਮੁਲਾਜ਼ਮ ਹੋ ਗਿਆ | ਸੁਰਜੀਤ ਪਾਲ ਦੇ ਦਿਨ ਬਦਲ ਗਏ | ਆਰਥਿਕ ਹਾਲਤ ਸੁਧਰ ਗਈ | ਬੇਟੇ ਦੀ ਇੱਛਾ ਮੁਤਾਬਿਕ ਸਭ ਤੋਂ ਪਹਿਲਾਂ ਖਸਤਾ ਹਾਲਤ ਮਕਾਨ ਨੂੰ  ਢਾਹ ਕੇ ਨਵਾਂ ਮਕਾਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ | ਪੁਰਾਣਾ ਮਕਾਨ ਤੋੜ ਦਿੱਤਾ ਗਿਆ ਤੇ ਚੌਕ ਨੂੰ  ਤੰਗ ਕਰਨ ਵਾਲੀਆਂ ਦੀਵਾਰਾਂ ਵੀ ਤੋੜ ਦਿੱਤੀਆਂ ਗਈਆਂ | ਨਵੀਆਂ ਦੀਵਾਰਾਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਪਤਵੰਤੇ ਤੇ ਸ਼ਹਿਰ ਦੇ ਕਮੇਟੀ ਮੈਂਬਰ ਸੁਰਜੀਤ ਪਾਲ ਕੋਲ ਆਏ ਤੇ ਉਸ ਨੂੰ  ਨਵੀਆਂ ਦੀਵਾਰਾਂ ਨੂੰ  ਥੋੜ੍ਹਾ ਗੋਲਾਈ ਵਿਚ ਕੱਢਣ ਲਈ ਬੇਨਤੀ ਕੀਤੀ ਤਾਂ ਕਿ ਸ਼ਹਿਰ ਦਾ ਮੁੱਖ ਚੌਕ ਖੁੱਲ੍ਹਾ ਹੋ ਸਕੇ ਅਤੇ ਹਾਦਸਿਆਂ ਤੋਂ ਬਚਾਅ ਰਹੇ | ਪਰ ਸੁਰਜੀਤ ਪਾਲ ਤੇ ਉਸ ਦੇ ਬੇਟੇ ਨੇ ਇਕ ਇੰਚ ਵੀ ਦੀਵਾਰਾਂ ਪਿਛੇ ਕਰਨ ਤੋਂ ਸਾਫ਼ ਮਨ੍ਹਾਂ ਕਰ ਦਿੱਤਾ | ਕਿਸੇ ਦੀ ਬੇਨਤੀ ਦਾ ਕੋਈ ਅਸਰ ਨਹੀਂ ਹੋਇਆ ਤੇ ਦੀਵਾਰਾਂ ਪਹਿਲਾਂ ਵਾਂਗ ਹੀ ਉਸਰ ਗਈਆਂ | ਨਵਾਂ ਮਕਾਨ ਬਣ ਗਿਆ | ਸੁਰਜੀਤ ਪਾਲ ਨੇ ਇਸ ਤੋਂ ਛੇਤੀ ਹੀ ਬਾਅਦ ਬੇਟੇ ਰਣਜੀਤ ਪਾਲ ਦਾ ਵਿਆਹ ਵੀ ਕਰ ਦਿੱਤਾ | ਸਾਰੇ ਸ਼ਹਿਰ ਵਿਚ ਸਾਰੀਆਂ ਗੱਲਾਂ ਦੀ ਚਰਚਾ ਹੋਈ ਪਰ ਸਭ ਤੋਂ ਵੱਧ ਸ਼ਹਿਰ ਦੇ ਚੌਕ ਨੂੰ  ਖੁੱਲ੍ਹਾ ਕਰਨ ਦੀ ਮੰਗ ਨਾ ਮੰਨਣ ਦੀ ਚਰਚਾ ਹੋਈ |
ਰਣਜੀਤ ਪਾਲ ਦੇ ਵਿਆਹ ਨੂੰ  ਤਿੰਨ ਮਹੀਨੇ ਹੋਏ ਸਨ | ਇਕ ਦਿਨ ਸ਼ਾਮ ਨੂੰ  ਰਣਜੀਤ ਪਾਲ ਤੇ ਉਸ ਦੀ ਪਤਨੀ ਜੋ ਖੁਦ ਬੈਂਕ ਮੁਲਾਜ਼ਮ ਸੀ, ਦੋਵੇਂ ਬੈਂਕ ਤੋਂ ਘਰ ਵਾਪਸ ਆ ਰਹੇ ਸਨ | ਮੋਟਰਸਾਈਕਲ 'ਤੇ ਆਪਣੇ ਘਰ ਵਾਲੇ ਚੌਕ ਵਿਚ ਪੁੱਜੇ ਹੀ ਸਨ ਕਿ ਉਨ੍ਹਾਂ ਦੇ ਘਰ ਵਾਲੇ ਪਾਸੇ ਤੋਂ ਹੀ ਇਕ ਕਾਰ ਤੇਜ਼ ਰਫ਼ਤਾਰ ਨਾਲ ਉਨ੍ਹਾਂ ਦੇ ਮੋਟਰਸਾਈਕਲ ਵਿਚ ਵੱਜੀ | ਦੀਵਾਰਾਂ ਕਾਰਨ ਨਾ ਤਾਂ ਕਾਰ ਵਾਲੇ ਨੂੰ  ਮੋਟਰਸਾਈਕਲ ਦਿਸਿਆ ਤੇ ਨਾ ਮੋਟਰਸਾਈਕਲ ਵਾਲੇ ਨੂੰ  ਕਾਰ ਦਿਖਾਈ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਰਣਜੀਤ ਪਾਲ ਤੇ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸਾਰੇ ਸ਼ਹਿਰ ਵਿਚ ਹਾਹਾਕਾਰ ਮਚ ਗਈ | ਸੁਰਜੀਤ ਪਾਲ ਅੱਧ ਬੇਹੋਸ਼ੀ ਦੀ ਹਾਲਤ ਵਿਚ ਚੌਕ ਵਿਚਲੀਆਂ ਦੀਵਾਰਾਂ ਨਾਲ ਬੈਠਾ ਰੋ ਰਿਹਾ ਸੀ |
-ਪਿੰਡ ਪੀਰ ਦੀ ਸੈਨ, ਡਾਕ: ਬੱਬਰੀ ਨੰਗਲ, ਜ਼ਿਲ੍ਹਾ ਗੁਰਦਾਸਪੁਰ-143529.
ਮੋਬਾਈਲ : 98768-56311

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ ਅਗਲੀ ਖ਼ਬਰ ਪੈਲੇਸ ਸੱਭਿਆਚਾਰ ਅਤੇ ਐਕਸਪ੍ਰੈੱਸ ਯੁੱਗ ਦੀ ਭੇਟ ਚੜੇ੍ਹ ਪੰਜਾਬੀ ਵਿਆਹ
Ad Position 24