ਬਦਲਦੇ ਸਮੇਂ ਦੀ ਤੇਜ਼ ਰਫ਼ਤਾਰ ਅਤੇ ਆਧੁਨਿਕਤਾ ਦੀ ਦੌੜ ਨੇ ਪੰਜਾਬੀ ਸੱਭਿਆਚਾਰ ਦੇ ਰੰਗਲੇ ਅਤੇ ਭਾਵਨਾਤਮਕ ਅੰਗ ਵਿਆਹ ਸ਼ਾਦੀਆਂ ਦੇ ਸਰੂਪ ਨੂੰ ਬਦਲ ਕੇ ਰੱਖ ਦਿੱਤਾ ਹੈ, ਜਿਸ ਵਿਆਹ ਨੂੰ ਕਦੇ ਸੱਤ ਜਨਮਾਂ ਦਾ ਸਾਥ ਮੰਨਿਆ ਜਾਂਦਾ ਸੀ ਅਤੇ ਵਿਆਹ ਵਾਲੇ ਘਰੇ ਸੱਤ-ਸੱਤ ਦਿਨ ਭਾਵ ਹਫਤਾ ਪਹਿਲਾਂ ਹੀ ਵਿਆਹ ਦੇ ਚਾਅ-ਮਲ੍ਹਾਰ ਸ਼ੁਰੂ ਹੋ ਕੇ ਵਿਆਹ ਤੋਂ ਸੱਤ-ਸੱਤ ਦਿਨ ਬਾਅਦ ਵੀ ਚਲਦੇ ਰਹਿੰਦੇ ਸਨ, ਹੁਣ ਬਹੁਤੇ ਵਿਆਹ ਮਹਿਜ਼ ਸੱਤ ਕੁ ਘੰਟਿਆਂ ਦੀ ਰਸਮੀ ਖਾਨਾਪੂਰਤੀ ਅਤੇ ਈਵੈਂਟ ਮੈਨੇਜਮੈਂਟ ਵਿਚ ਸੁੰਗੜ ਕੇ ਰਹਿ ਗਏ ਹਨ | ਪੁਰਾਤਨ ਸਮਿਆਂ ਦੀ ਸਾਦਗੀ ਅਪਣੱਤ ਅਤੇ ਭਾਈਚਾਰਕ ਸਾਂਝ ਦੀ ਥਾਂ ਅੱਜ ਮੈਰਿਜ ਪੈਲਿਸਾਂ ਦੇ ਸ਼ੋਰ-ਸ਼ਰਾਬੇ ਅਤੇ ਵਿਖਾਵੇ ਨੇ ਲੈ ਲਈ ਹੈ | ਪਹਿਲਾਂ ਵਿਆਹ ਇਕ ਪਰਿਵਾਰ ਦਾ ਨਹੀਂ ਬਲਕਿ ਪੂਰੇ ਪਿੰਡ ਦਾ ਉਤਸਵ ਹੁੰਦਾ ਸੀ | ਰੋਕਾ/ਠਾਕਾ ਅਤੇ ਛੁਹਾਰਾ ਪਾਉਣਾਂ ਵਿਆਹ ਪੱਕਾ ਕਰਨ ਦੀ ਸਭ ਤੋਂ ਪਹਿਲੀ ਰਸਮ ਹੁੰਦੀ ਸੀ | ਕੁੜੀ ਵਾਲੇ ਮੁੰੰਡੇ ਦੇ ਹੱਥ 'ਤੇ ਰੁਪਈਆ, ਗੁੜ ਧਰ ਕੇ ਠਾਕਾ ਲਾਉਂਦੇ ਸੀ ਅਤੇ ਮੁੰਡੇ ਦੇ ਮੁੂੰਹ ਵਿਚ ਛੁਹਾਰਾ ਪਾ ਕੇ ਵਿਆਹ ਦੀ ਪੱਕੀ ਸਾਂਝ ਦਾ ਮੁੱਢ ਬੰਨਿ੍ਹਆ ਜਾਂਦਾ ਸੀ | ਵਿਆਹ ਦਾ ਸ਼ੁੱਭ ਮਹੂਰਤ ਕਢਵਾਇਆ ਜਾਂਦਾ ਸੀ ਅਤੇ ਸਾਹਾ ਚਿੱਠੀ ਭੇਜੀ ਜਾਂਦੀ ਸੀ | ਸਾਹਾ ਬੰਨ੍ਹਣ ਤੋਂ ਲੈ ਕੇ ਵਿਆਹ ਵਾਲੇ ਦਿਨ ਤੱਕ ਘਰੇ ਰੌਣਕਾਂ ਦੀ ਗੁੂੰਜ਼ ਸੁਣਾਈ ਦੇਣ ਲੱਗ ਜਾਂਦੀ ਸੀ | ਕਈ-ਕਈ ਦਿਨ ਪਹਿਲਾਂ ਘਰਾਂ ਦੀਆਂ ਕੱਚੀਆਂ ਕੰਧਾਂ ਨੂੰ ਪਾਂਡੂ ਅਤੇ ਗੋਹੇ ਮਿੱਟੀ ਨਾਲ ਲਿੱਪਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ | ਘਰਾਂ ਦੀਆਂ ਬਾਹਰਲੀਆਂ ਕੰਧਾਂ 'ਤੇ ਮੋਰ ਘੁੱਗੀਆਂ ਪਾਈਆਂ ਜਾਂਦੀਆਂ ਸਨ | ਇਸ ਤੋਂ ਬਾਅਦ ਪਿੰਡ ਵਿਚ ਕਿਸੇ ਤਬੇਲੇ ਜਾਂ ਸਾਂਝੀ ਥਾਂ 'ਤੇ ਟੋਇਆ ਪੁੱਟ ਕੇ ਪੱਕੇ ਕੋਲਿਆਂ ਦੀ ਭੱਠੀ ਬਣਾਈ ਜਾਂਦੀ ਸੀ ਅਤੇ ਹਫ਼ਤਾ ਪਹਿਲਾਂ ਹੀ ਹਲਵਾਈ ਆ ਕੇ ਲੱਡੂ, ਜਲੇਬੀਆਂ, ਬਰਫੀ, ਰਸਗੁੱਲੇ, ਗੁਲਾਬ ਜਾਮਣ, ਸ਼ੱਕਰਪਾਰੇ ਅਤੇ ਹੋਰ ਭਾਂਤ-ਭਾਂਤ ਦੀਆਂ ਮਿਠਾਈਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਸੀ | ਸਾਰੀ ਮਠਿਆਈ ਦੇਸੀ ਘਿਉ ਦੀ ਬਣਦੀ ਹੁੰਦੀ ਸੀ | ਭੱਠੀ 'ਤੇ ਆ ਕੇ ਸਾਰੇ ਪਿੰਡ ਦੇ ਲੋਕੀਂ ਲੱਡੂ ਵੱਟਣ ਦੇ ਕੰਮ ਵਿਚ ਲੱਗ ਜਾਂਦੇ ਸਨ | ਇਹ ਭੱਠੀ ਇਕ ਤਰਾਂ ਨਾਲ ਸੀ. ਸੀ. ਟੀ. ਵੀ. ਕੈਮਰੇ ਦਾ ਕੰਮ ਵੀ ਕਰਦੀ ਸੀ ਅਤੇ ਇਥੇ ਬੈਠੇ ਪਿੰਡ ਵਾਸੀ ਸਾਰੇ ਪਿੰਡ ਦੀਆਂ ਗੱਲਾਂ ਸਾਂਝੀਆਂ ਕਰਦੇ ਹੁੰਦੇ ਸਨ | ਇਸ ਦੇ ਨਾਲ ਹੀ ਪਿੰਡ ਦੇ ਨੌਜਵਾਨ ਘਰੋ-ਘਰੀ ਜਾ ਕੇ ਮੰਜੇ ਬਿਸਤਰੇ ਇਕੱਠੇ ਕਰਨ ਲੱਗ ਜਾਂਦੇ ਸਨ | ਮੰਜਿਆਂ ਦੇ ਪਾਵਿਆਂ, ਸਿਰਹਾਣੇ ਅਤੇ ਦਰੀਆਂ ਤੇ ਸਿਆਹੀ ਨਾਲ ਮੰਜੇ ਦੇ ਮਾਲਕ ਦਾ ਨਾਮ ਲਿਖਿਆ ਜਾਂਦਾ ਸੀ | ਅਕਸਰ ਹੀ ਜੰਝ ਵਿਚ ਆਏ ਜਾਂਝੀ ਲੋਕਾਂ ਦੇ ਮੰਜਿਆਂ ਦੇ ਪਾਵੇ ਤੋੜਨਾ ਇਕ ਤਰਾਂ ਨਾਲ ਆਪਣਾ ਹੱਕ ਸਮਝਦੇ ਸਨ | ਵਿਆਹ ਵਾਲੇ ਘਰੇ ਰਾਤ ਨੂੰ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਢੋਲਕੀ ਵਜਾ ਕੇ ਸੁਹਾਗ, ਘੋੜੀਆਂ ਗਾਉਣ ਦਾ ਕੰਮ ਸ਼ੁਰੂ ਕਰ ਦਿੰਦੀਆਂ ਸਨ | ਵਿਆਹ ਵਾਲੇ ਘਰੇ ਕਈ ਦਿਨ ਪਹਿਲਾਂ ਕੋਠੇ 'ਤੇ ਮੰਜੇ ਜੋੜ ਕੇ ਉਨ੍ਹਾਂ 'ਤੇ ਸਪੀਕਰ ਲੱਗ ਜਾਂਦਾ ਸੀ | ਸਪੀਕਰ 'ਤੇ ਸਭ ਤੋਂ ਪਹਿਲਾ ਗੀਤ 'ਸਤ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਹਦੀ ਦੁਨੀਆ ਸਾਰੀ ਏ', ਚਲਾ ਕੇ ਸ਼ੁਰੁੂਆਤ ਕੀਤੀ ਜਾਂਦੀ ਸੀ | ਪਹਿਲੇ ਸਮੇ ਵਿਚ ਕੁੜੀ ਵਾਲਿਆਂ ਦੇ ਘਰੇ ਜੰਝ ਵੀ ਤਿੰਨ ਚਾਰ ਰਹਿੰਦੀ ਸੀ ਅਤੇ ਸਾਰਾ ਪਿੰਡ ਬਰਾਤੀਆਂ ਦੀ ਆਉਭਗਤ ਵਿਚ ਰੁੱਝ ਜਾਂਦਾ ਸੀ | ਠੰਡ ਦੇ ਦਿਨਾਂ ਵਿਚ ਬਰਾਤੀਆਂ ਲਈ ਵੱਡੇ-ਵੱਡੇ ਕੜਾਹਿਆਂ ਵਿਚ ਨਹਾਉਣ ਲਈ ਪਾਣੀ ਗਰਮ ਕੀਤਾ ਜਾਂਦਾ ਸੀ | ਵਿਆਹ ਵਾਲੇ ਘਰੇ ਸਾਰੇ ਪਿੰਡ ਦੇ ਲੋਕ ਬਿਨਾਂ ਕਹੇ ਹੀ ਆਪਣੇ-ਆਪਣੇ ਘਰੋਂ ਦੁੱਧ ਦੇ ਕੇ ਜਾਂਦੇ ਸਨ | ਵਿਆਹ ਤੋਂ ਪੰਜ ਸੱਤ ਦਿਨ ਪਹਿਲਾਂ ਲਾੜੇ ਲਾੜੀ ਦੇ ਸੱਜੇ ਗੁੱਟ 'ਤੇ ਹਲਦੀ, ਮੌਲੀ ਅਤੇ ਕੌਡੀ ਬੰਨ੍ਹ ਦਿੱਤੀ ਜਾਂਦੀ ਸੀ, ਜਿਸ ਨੂੰ ਸਾਹਾ ਬੰਨ੍ਹਣਾ ਕਿਹਾ ਜਾਂਦਾ ਸੀ | ਇਸ ਤੋਂ ਬਾਅਦ ਦੋਵਾਂ ਦਾ ਘਰੋਂ ਬਾਹਰ ਜਾਂ ਦੂਰ ਜਾਣਾ ਮਨਾਂ ਹੁੰਦਾ ਸੀ | ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਵੱਟਣਾ ਮਲਿਆ ਜਾਂਦਾ ਸੀ, ਤਾਂ ਕਿ ਚਿਹਰੇ 'ਤੇ ਨਿਖਾਰ ਆ ਜਾਵੇ ਅਤੇ ਇਹ ਵੱਟਣਾ ਹੀ ਬਸ ਅੱਜ ਦੇ ਬਿਊਟੀ ਪਾਰਲਰ ਦਾ ਦੂਜਾ ਨਾਂਅ ਹੁੰਦਾ ਸੀ | ਵਿਆਹ ਵਾਲੇ ਮੁੰਡੇ-ਕੁੜੀ ਦੇ ਨਾਨਕੇ ਪੂਰੇ ਧੂਮ-ਧੜੱਕੇ ਨਾਲ ਨਾਨਕੀ ਛੱਕ ਲਾਉਣ ਲਈ ਆ ਜਾਂਦੇ ਸੀ ਅਤੇ ਮਾਮੇ ਪੂਰਾ ਗੱਡਾ ਭਰ ਕੇ ਕੁੜੀ ਦੇ ਦਾਜ ਦਹੇਜ ਦਾ ਸਾਮਾਨ ਲੈ ਕੇ ਆਉਂਦੇ ਸੀ | ਕਹਿਣ ਤੋਂ ਭਾਵ ਹੈ ਕਿ ਅੱਧਾ ਵਿਆਹ ਤਾਂ ਨਾਨਕੇ ਹੀ ਕਰਦੇ ਸਨ | ਮਾਮੇ ਕੁੜੀ ਲਈ ਚੂੜਾ/ਪਰਾਂਦਾ ਲੈ ਕੇ ਆਉਦੇ ਸੀ ਅਤੇ ਦਾਜ ਦਾ ਸਾਮਾਨ ਸਾਰਿਆਂ ਨੂੰ ਵਿਖਾਇਆ ਜਾਂਦਾ ਸੀ ਜਿਸ ਨੁੰ ਦਿਖਾਵਾ ਦਿਖਾਉਣਾ ਕਿਹਾ ਜਾਂਦਾ ਸੀ | ਵਿਆਹ ਤੋਂ ਪਹਿਲੀ ਰਾਤ ਮਾਮੀ ਸਿਰ 'ਤੇ ਗੁੱਨੇ੍ਹ ਹੋਏ ਆਟੇ ਦੇ ਦੀਵਿਆਂ ਵਾਲੀ ਗਾਗਰ ਚੁੱਕਦੀ ਸੀ ਜਿਸ ਨੂੰ ਜਾਗੋ ਕਹਿੰਦੇ ਸੀ | ਪੂਰਾ ਪਿੰਡ ਰਾਤ ਨੁੰੰ ਜਾਗੋ ਨਾਲ ਘੁੰਮਦਾ, ਬੋਲੀਆਂ ਪਾਉਂਦਾ ਅਤੇ ਹਾਸਾ ਠੱਠਾ ਕਰਦਾ ਸੀ | ਅੱਜਕੱਲ੍ਹ ਤਾਂ ਰੈਡੀਮੇਡ ਜਾਗੋ ਦੀ ਗਾਗਰ ਕਿਰਾਏ 'ਤੇ ਮਿਲਦੀ ਹੈ ਨਾ ਤੇਲ ਦੀ ਲੋੜ ਨਾ ਹੀ ਦੀਵਿਆਂ ਦੀ ਲੋੜ, ਬਸ ਗਾਗਰ 'ਤੇ ਚਾਈਨਾ ਮੇਡ ਬਿਜਲੀ ਦੀਆਂ ਲੜੀਆਂ ਲਾ ਕੇ ਖਾਨਾਪੁੂਰਤੀ ਕੀਤੀ ਜਾਂਦੀ ਹੈ | ਪੁਰਾਣੇ ਸਮਿਆਂ ਵਿਚ ਵਿਆਹ ਨੂੰ ਨਵੇਂ ਕੱਪੜੇ ਸਿਵਾਏ ਜਾਂਦੇ ਸਨ ਅਤੇ ਕਈ ਵਾਰ ਤਾਂ ਵਿਆਹ ਵੀ ਮੰਗਵੇਂ ਕੱਪੜਿਆਂ ਨਾਲ ਹੀ ਭੁਗਤਾ ਦਿੱਤਾ ਜਾਂਦਾ ਸੀ | ਵਿਆਹ ਵਾਲੇ ਦਿਨ ਲਾੜੇ ਦੀ ਭਰਜਾਈ ਸੁਰਮਾ ਪਾ ਕੇ ਉਸ ਤੋਂ ਸ਼ਗਨ ਲੈਂਦੀ ਸੀ | ਭੈਣਾਂ ਲਾੜੇ ਦੇ ਸਿਰ 'ਤੇ ਸਿਹਰਾ ਬੰਨ੍ਹਦੀਆਂ ਸਨ ਅਤੇ ਗੀਤ ਗਾ ਕੇ ਉਸ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੀਆਂ ਸਨ | ਜਦੋਂ ਵੀਰ ਘੋੜੀ ਚੜ੍ਹਦਾ ਸੀ ਤਾਂ ਭੈਣਾਂ ਘੋੜੀ ਦੀ ਵਾਗ ਫੜਦੀਆਂ ਸਨ ਅਤੇ ਵੀਰ ਤੋਂ ਸ਼ਗਨ ਲੈਂਦੀਆਂ ਸਨ | ਲਾੜਾ ਪੂਰੇ ਪਰਿਵਾਰ ਸਮੇਤ ਗੱਡਿਆਂ, ਰੱਥਾਂ ਜਾਂ ਪੈਦਲ ਹੀ ਕੁੜੀ ਦੇ ਪਿੰਡ ਵੱਲ ਨੂੰ ਜੰਝ ਦੇ ਰੂਪ ਵਿਚ ਚਾਲੇ ਪਾ ਦਿੰਦਾ ਸੀ | ਲੜਕੀ ਵਾਲੇ ਪੂਰੇ ਪਿੰਡ ਦੇ ਮੁਹਤਬਰ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਨਾਲ ਬਰਾਤ ਦਾ ਸਵਾਗਤ ਕਰਦੇ ਸਨ, ਜਿਸ ਨੂੰ ਮਿਲਣੀ ਕਿਹਾ ਜਾਂਦਾ ਸੀ | ਬਰਾਤ ਨੂੰ ਪਿੰਡ ਦੀ ਧਰਮਸ਼ਾਲਾ ਜਾਂ ਕਿਸੇ ਸਾਂਝੀ ਥਾਂ 'ਤੇ ਬਿਠਾਇਆ ਜਾਂਦਾ ਸੀ | ਖਾਣੇ ਦੇ ਸਮੇਂ ਕੁੜੀ ਪੱਖ ਦੀਆਂ ਔਰਤਾਂ ਬਰਾਤੀਆਂ ਨੂੰ ਅਤੇ ਲਾੜੇ ਦੇ ਪਿਓ ਨੂੰ ਮਿੱਠੀਆਂ ਗਾਲ੍ਹਾਂ ਜਿਨ੍ਹਾਂ ਨੂੰ ਸਿੱਠਣੀਆਂ ਕਿਹਾ ਜਾਂਦਾ ਹੈ, ਉਹ ਸੁਣਾਉਂਦੀਆਂ ਸਨ | ਕੁੜੀ ਨੂੰ ਦਿੱਤਾ ਗਿਆ ਦਾਜ ਦਹੇਜ ਸਾਰੇ ਪਿੰਡ ਨੁੰੰ ਵਿਖਾਇਆ ਜਾਂਦਾ ਸੀ | ਇਸ ਤੋਂ ਬਾਅਦ ਲੜਕੀ ਦੀ ਡੋਲੀ ਤੋਰੀ ਜਾਂਦੀ ਸੀ | ਇਸ ਮੌਕੇ ਹਾਲਾਤ ਕਾਫੀ ਜ਼ਿਆਦਾ ਗ਼ਮਗੀਨ ਅਤੇ ਸੰਵੇਦਨਸ਼ੀਲ ਅਤੇ ਭਾਵੁਕ ਬਣ ਜਾਂਦੇ ਸਨ | ਡੋਲੀ ਤੋਰਨ ਵੇਲੇ ਸਿਰਫ ਧੀ ਦੇ ਮਾਂ-ਪਿਓ, ਭੈਣ-ਭਰਾ ਹੀ ਨਹੀਂ ਬਲਕਿ ਚਾਚੀਆਂ ਤਾਈਆਂ ਸਹੇਲੀਆਂ ਸਮੇਤ ਹਰ ਅੱਖ ਛਮ-ਛਮ ਰੋਂਦੀ ਸੀ | ਧੀ ਆਪਣੇ ਜੰਮਣ ਜਾਇਆਂ ਦੇ ਵਿਹੜੇ ਘਰ ਦੀਆਂ ਕੰਧਾਂ ਅਤੇ ਦਰਵਾਜ਼ੇ ਦੀਆਂ ਚੌਖਟਾਂ ਨੂੰ ਜੱਫੀਆਂ ਪਾ-ਪਾ ਕੇ ਰੋਂਦੀ ਸੀ | ਲੜਕੀ ਦਾ ਪਿਓ ਜਿਹੜਾ ਸਾਰੇ ਕਾਰਜ ਮੌਕੇ 'ਤੇ ਛਾਤੀ ਤਾਣ ਕੇ ਖੜ੍ਹਾ ਹੁੰਦਾ ਸੀ ਉਹ ਵੀ ਡੋਲੀ ਤੋਰਨ ਵੇਲੇ ਮੋਮ ਵਾਂਗ ਪਿਘਲ ਜਾਂਦਾ ਸੀ | ਡੋਲੀ ਤੋਰਨ ਤੋਂ ਬਾਅਦ ਸਾਰੇ ਪਿੰਡ ਵਿਚ ਸੁੰਨ ਪਸਰ ਜਾਂਦੀ ਸੀ | ਇਸ ਤਰ੍ਹਾਂ ਲੱਗਦਾ ਸੀ ਜਿਵੇਂ ਘਰ ਦੀ ਰੂਹ ਹੀ ਚਲੀ ਗਈ ਹੋਵੇ ਜਦਕਿ ਅੱਜਕਲ੍ਹ ਤਾਂ ਲੜਕੀਆਂ ਨੂੰ ਪਤਾ ਹੁੰਦਾ ਹੈ ਜੋ ਬਿਉਟੀ ਪਾਰਲਰ ਕੋਲ ਪੰਜਾਹ ਹਜ਼ਾਰ ਦੇ ਕੇ ਆਈ ਹੁੰਦੀ ਹੈ ਕਿ ਰੋਈ ਸਾਰਾ ਮੇਕ ਰੋਟੀ ਅਪ ਉਤਰ ਜਾਵੇਗਾ | ਇਸ ਲਈ ਹੁਣ ਤਾਂ ਸ਼ਾਇਦ ਕਈ ਵਾਰ ਰੋਣ ਦੀ ਖਾਨਾਪੂਰਤੀ ਵੀ ਨਹੀਂ ਕੀਤੀ ਜਾਂਦੀ | ਪਹਿਲਾਂ ਜਦੋਂ ਲਾੜੀ ਆਪਣੇ ਸਹੁਰੇ ਘਰੇ ਜਾਂਦੀ ਸੀ ਤਾਂ ਲਾੜੇ ਦੀ ਮਾਂ ਲਾੜੇ-ਲਾੜੀ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸੀ ਅਤੇ 'ਪਾਣੀ ਵਾਰ ਬੰਨੇ ਦੀਏ ਮਾਏ ਕਿ ਬੰਨਾ ਬੰਨੀ ਬਾਹਰ ਖੜੇ੍ਹ' ਗੀਤ ਗਾਇਆ ਜਾਂਦਾ ਸੀ ਅਤੇ ਘਰ ਦੇ ਦਰਵਾਜ਼ੇ 'ਤੇ ਤੇਲ ਚੋ ਕੇ ਲਾੜੀ ਦਾ ਸਵਾਗਤ ਕਰਦੀ ਸੀ | ਲਾੜੇ ਦੇ ਘਰੇ ਕੰਗਣਾ ਖੇਡਣਾ ਅਤੇ ਮੁੜ ਕੇ ਲਾੜੀ ਦਾ ਆਪਣੇ ਘਰੇ ਫੇਰਾ ਪਾਉਣ ਦੀਆਂ ਰਸਮਾਂ ਹੁੰਦੀਆਂ ਸਨ | ਅੱਜ ਦੇ ਮਾਡਰਨ ਜ਼ਮਾਨੇ ਵਿਚ ਕਰੀਬ-ਕਰੀਬ ਸਾਰੀਆਂ ਹੀ ਰਸਮਾਂ ਦਾ ਭੋਗ ਪੈ ਗਿਆ ਹੈ | ਢੋਲਕੀ ਦੇ ਗੀਤ ਅਤੇ ਰੀਤੀ ਰਿਵਾਜ ਡੀ ਜੇ ਦੀ ਧਮਕ ਹੇਠ ਦੱਬੇ ਗਏ ਹਨ ਅਤੇ ਸਾਰੇ ਪਿੰਡ ਦੀ ਸਾਂਝ ਹੁਣ ਪੈਲੇਸ ਤੇ ਕੈਟਰਿੰਗ ਦੇ ਹੱਥ ਆ ਗਈ ਹੈ | ਹੁਣ ਵਿਆਹ ਸਿਰਫ ਇਕ ਸ਼ੋਅ ਆਫ ਬਣ ਕੇ ਰਹਿ ਗਿਆ ਹੈ | ਰਿਸ਼ਤੇਦਾਰ, ਦੋਸਤ-ਮਿੱਤਰ ਹੁਣ ਵਿਆਹ ਵਾਲੇ ਘਰੇ ਜਾਣ ਦੀ ਥਾਂ 'ਤੇ ਸਿੱਧਾ ਪੈਲੇਸ ਵਿਚ ਜਾਂਦੇ ਹਨ ਅਤੇ ਸ਼ਗਨ ਦੇ ਕੇ ਵਿਹਲੇ ਹੋ ਜਾਂਦੇ ਹਨ | ਵਿਆਹ ਵਾਲੇ ਘਰੇ ਸਪੀਕਰ ਲੱਗਣੇ, ਵਾਜੇ-ਗਾਜੇ ਵੱਜਣੇ, ਹੁਣ ਸਮੇਂ ਦੀ ਹਨੇਰੀ ਵਿਚ ਉੱਡ ਗਏ ਹਨ | ਪੁਰਾਤਨ ਮਠਿਆਈਆਂ ਅਤੇ ਸਾਦੇ ਸਵਾਦ ਵਾਲੇ ਖਾਣਿਆਂ ਦੀ ਥਾਂ 'ਤੇ ਨਕਲੀ ਅਤੇ ਸਿੰਥੈਟਿਕ ਸਾਮਾਨ ਨੇ ਲੈ ਲਈ ਹੈ | ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮੇਂ ਦੇ ਨਾਲ-ਨਾਲ ਬਦਲੀਏ ਜ਼ਰੂਰ ਪਰ ਆਪਣੇ ਅਮੀਰ ਤੇ ਪੁਰਾਤਨ ਸੱਭਿਆਚਾਰ, ਸਾਦਗੀ ਅਤੇ ਰਿਸ਼ਤਿਆਂ ਦੀ ਮਰਿਆਦਾ ਨੂੰ ਜ਼ਿੰਦਾ ਵੀ ਰੱਖੀਏ | ਵਿਆਹ ਸਿਰਫ ਪੰਜ ਸੱਤ ਘੰਟਿਆਂ ਦਾ ਈਵੈਂਟ ਨਾ ਬਣ ਕੇ ਰਹਿ ਜਾਣ, ਬਲਕਿ ਰੁੂਹਾਨੀ ਸਾਂਝ ਅਤੇ ਸੱਭਿਆਚਰਕ ਵਿਰਾਸਤ ਦਾ ਜਿਊਾਦਾ-ਜਾਗਦਾ ਪ੍ਰਤੀਕ ਬਣੇ ਰਹਿਣ |
-ਪੱਤਰਕਾਰ ਰਾਜਪੁਰਾ ਮੋਬਾ.: 93177-41641
ਪੈਲੇਸ ਸੱਭਿਆਚਾਰ ਅਤੇ ਐਕਸਪ੍ਰੈੱਸ ਯੁੱਗ ਦੀ ਭੇਟ ਚੜੇ੍ਹ ਪੰਜਾਬੀ ਵਿਆਹ
ਪੈਲੇਸ ਸੱਭਿਆਚਾਰ ਅਤੇ ਐਕਸਪ੍ਰੈੱਸ ਯੁੱਗ ਦੀ ਭੇਟ ਚੜੇ੍ਹ ਪੰਜਾਬੀ ਵਿਆਹ
ਅਜੀਤ ਡੈਸਕ
20-09-2026