20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦਿਲਜੀਤ ਦੁਸਾਂਝ ਦਾ ਪਿੰਡ ਤੋਂ ਵਿਸ਼ਵ ਮੰਚ ਤੱਕ ਪਹੁੰਚਣ ਦਾ ਸ਼ਾਨਦਾਰ ਸਫ਼ਰ

ਦਿਲਜੀਤ ਦੁਸਾਂਝ ਦਾ ਪਿੰਡ ਤੋਂ ਵਿਸ਼ਵ ਮੰਚ ਤੱਕ ਪਹੁੰਚਣ ਦਾ ਸ਼ਾਨਦਾਰ ਸਫ਼ਰ

Ad Position 21
No active advertisement
ਅਜੀਤ ਡੈਸਕ 20-09-2026


ਪੰਜਾਬ ਦੀ ਪਵਿੱਤਰ ਧਰਤੀ ਨੇ ਅਨੇਕਾਂ ਮਹਾਨ ਯੋਧੇ, ਸੰਤ, ਕਵੀ ਅਤੇ ਕਲਾਕਾਰਾਂ ਨੂੰ ਜਨਮ ਦਿੱਤੇ ਹਨ | ਇਸੇ ਮਿੱਟੀ ਦੀ ਖੁਸ਼ਬੂ ਵਿਚੋਂ ਇਕ ਐਸਾ ਨੌਜਵਾਨ ਵੀ ਉੱਭਰਿਆ ਹੈ ਜਿਸ ਨੇ ਆਪਣੀ ਮਿਹਨਤ, ਸਾਦਗੀ ਅਤੇ ਕਲਾ ਦੇ ਬਲਬੂਤੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਦਿੱਤੀ | ਉਹ ਨਾਂਅ ਹੈ ਦਿਲਜੀਤ ਦੁਸਾਂਝ  | ਅੱਜ ਉਹ ਸਿਰਫ਼ ਪੰਜਾਬ ਦਾ ਨਹੀਂ, ਸਗੋਂ ਪੂਰੀ ਦੁਨੀਆ ਦੇ ਪੰਜਾਬੀਆਂ ਦਾ ਮਾਣ ਬਣ ਚੁੱਕਾ ਹੈ | ਪਰ ਉਸ ਨੇ ਇਸ ਚਮਕਦਾਰ ਸਫ਼ਰ ਦੀ ਸ਼ੁਰੂਆਤ ਇਕ ਛੋਟੇ ਜਿਹੇ ਪਿੰਡ ਦੁਸਾਂਝ ਕਲਾਂ ਤੋਂ ਹੋਈ ਸੀ |
06 ਜਨਵਰੀ 1984 ਨੂੰ ਜਨਮੇ ਦਿਲਜੀਤ ਦਾ ਬਚਪਨ ਪਿੰਡ 'ਚ ਸਾਦਗੀ, ਧਾਰਮਿਕ ਮਾਹੌਲ ਅਤੇ ਪੰਜਾਬੀ ਸੱਭਿਆਚਾਰ ਵਿਚ ਬੀਤਿਆ | ਉਸ ਦੇ ਪਿਤਾ ਸ. ਬਲਬੀਰ ਸਿੰਘ ਪੰਜਾਬ ਰੋਡਵੇਜ਼ ਵਿਚ ਇੰਸਪੈਕਟਰ ਰਹੇ ਅਤੇ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਇਕ ਸੰਸਕਾਰੀ ਘਰੇਲੂ ਮਹਿਲਾ ਹਨ  | ਪਰਿਵਾਰ ਨੇ ਉਸ ਨੂੰ  ਸਾਦਗੀ ਅਤੇ ਮਿਹਨਤ ਦੇ ਸੰਸਕਾਰ ਦਿੱਤੇ | ਪਿੰਡ ਦੇ ਗੁਰਦੁਆਰਿਆਂ ਵਿਚ ਹੋਣ ਵਾਲੇ ਨਗਰ ਕੀਰਤਨ ਅਤੇ ਧਾਰਮਿਕ ਸਮਾਗਮਾਂ ਨੇ ਉਸ ਦੇ ਮਨ ਵਿਚ ਸੰਗੀਤ ਲਈ ਡੂੰਘੀ ਲਗਨ ਪੈਦਾ ਕੀਤੀ | ਬਚਪਨ ਵਿਚ ਹੀ ਉਸ ਦੀ ਆਵਾਜ਼ ਲੋਕਾਂ ਨੂੰ ਆਪਣੇ ਵੱਲ ਖਿੱਚਣ ਲੱਗ ਪਈ ਸੀ |
ਦਿਲਜੀਤ ਦਾ ਪਿੰਡ ਨਾਲ ਨਾਤਾ ਸਿਰਫ਼ ਜਨਮ ਤੱਕ ਸੀਮਤ ਨਹੀਂ ਸੀ | ਉਸ ਦੀ ਸ਼ਖਸੀਅਤ ਵਿਚੋਂ ਅੱਜ ਵੀ ਪਿੰਡ ਦੀ ਮਿੱਟੀ ਦੀ ਮਹਿਕ ਮਹਿਸੂਸ ਹੁੰਦੀ ਹੈ | ਪਿੰਡ ਦੇ ਲੋਕ ਅੱਜ ਵੀ ਮਾਣ ਨਾਲ ਕਹਿੰਦੇ ਹਨ ਕਿ, 'ਦਿਲਜੀਤ ਸਾਡਾ ਮੁੰਡਾ ਹੈ |' ਜਦੋਂ ਵਿਦੇਸ਼ਾਂ ਜਾਂ ਸ਼ਹਿਰਾਂ ਵਿਚ ਲੋਕ ਪੁੱਛਦੇ ਹਨ ਕਿ, 'ਕੀ ਦਿਲਜੀਤ ਤੁਹਾਡੇ ਪਿੰਡ ਦਾ ਹੈ?' ਤਾਂ ਪਿੰਡ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ | ਇਹ ਮਾਣ ਸਿਰਫ਼ ਇਕ ਕਲਾਕਾਰ ਦੀ ਕਾਮਯਾਬੀ ਦਾ ਨਹੀਂ, ਸਗੋਂ ਉਸ ਮਿੱਟੀ ਦਾ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ |
ਮੁਢਲੀ ਸਿੱਖਿਆ ਪਿੰਡ ਵਿਚ ਪ੍ਰਾਪਤ ਕਰਨ ਤੋਂ ਬਾਅਦ ਉਸ ਦਾ ਪਰਿਵਾਰ ਲੁਧਿਆਣਾ ਵਸ ਗਿਆ | ਉੱਥੇ ਉਸ ਨੇ ਸਕੂਲੀ ਪੜ੍ਹਾਈ ਦੇ ਨਾਲ-ਨਾਲ ਸੰਗੀਤ ਦੀ ਲਗਨ ਜਾਰੀ ਰੱਖੀ | ਗੁਰਦੁਆਰਿਆਂ ਵਿਚ ਸ਼ਬਦ ਗਾਉਂਦਿਆਂ ਉਸ ਦੀ ਆਵਾਜ਼ ਵਿਚ ਨਿਖਾਰ ਆਉਂਦਾ ਗਿਆ | ਪੰਜਾਬੀ ਲੋਕ ਗਾਇਕੀ, ਧਾਰਮਿਕ ਸੰਗੀਤ ਅਤੇ ਲੋਕ-ਸੱਭਿਆਚਾਰ ਨੇ ਉਸ ਦੀ ਕਲਾ ਨੂੰ ਇਕ ਮਜ਼ਬੂਤ ਆਧਾਰ ਦਿੱਤਾ | ਉਸ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਨੂੰ ਹੌਸਲਾ ਦਿੱਤਾ | ਇਹੀ ਹੌਸਲਾ ਉਸ ਨੂੰ ਸੰਗੀਤ ਦੀ ਦੁਨੀਆ ਵਿਚ ਲੈ ਗਿਆ |
ਸਾਲ 2000 ਵਿਚ ਦਿਲਜੀਤ ਨੇ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ | ਉਸ ਸਮੇਂ ਪੰਜਾਬੀ ਸੰਗੀਤ ਜਗਤ ਵਿਚ ਕਈ ਵੱਡੇ ਨਾਂਅ ਮੌਜੂਦ ਸਨ, ਪਰ ਦਿਲਜੀਤ ਦੀ ਵੱਖਰੀ ਆਵਾਜ਼, ਨਿਮਰ ਸੁਭਾਅ ਤੇ ਵੱਖਰਾ ਅੰਦਾਜ਼ ਅਤੇ ਸਾਫ਼-ਸੁਥਰੀ ਪੇਸ਼ਕਾਰੀ ਨੇ ਉਸ ਨੂੰ ਜਲਦੀ ਹੀ ਲੋਕਾਂ ਦੇ ਦਿਲਾਂ ਵਿਚ ਵਸਾ ਦਿੱਤਾ | 'ਇਸ਼ਕ ਦਾ ਉੜਾ ਐੜਾ', 'ਸਮਾਈਲ', 'ਚਾਕਲੇਟ' ਅਤੇ 'ਨੈਕਸਟ ਲੈਵਲ' ਵਰਗੀਆਂ ਐਲਬਮਾਂ ਨੇ ਉਸ ਨੂੰ ਪੰਜਾਬੀ ਨੌਜਵਾਨੀ ਦੀ ਪਹਿਲੀ ਪਸੰਦ ਬਣਾ ਦਿੱਤਾ | ਉਸ ਦੇ ਗੀਤਾਂ ਵਿਚ ਪੰਜਾਬੀ ਮਿੱਟੀ ਦੀ ਖੁਸ਼ਬੂ, ਲੋਕ-ਜੀਵਨ ਦੀਆਂ ਗੱਲਾਂ ਅਤੇ ਨੌਜਵਾਨੀ ਦੀਆਂ ਭਾਵਨਾਵਾਂ ਦੀ ਝਲਕ ਮਿਲਦੀ ਸੀ |
ਉਸ ਦਾ ਪ੍ਰਸਿੱਧ ਗੀਤ 'ਲੱਕ 28 ਕੁੜੀ ਦਾ' ਤਾਂ ਹਰ ਵਿਆਹ ਅਤੇ ਭੰਗੜੇ ਦੀ ਸ਼ਾਨ ਬਣ ਗਿਆ ਸੀ | ਪਰ ਸਮੇਂ ਦੇ ਨਾਲ-ਨਾਲ ਦਿਲਜੀਤ ਦੀ ਸੋਚ ਵਿਚ ਪੱਕਾਪਣ ਵੀ ਆਇਆ | ਉਸ ਨੇ ਸਮਝਿਆ ਕਿ ਕਲਾਕਾਰ ਦੀ ਜ਼ਿੰਮੇਵਾਰੀ ਸਿਰਫ਼ ਮਨੋਰੰਜਨ ਕਰਨਾ ਨਹੀਂ, ਸਗੋਂ ਸਮਾਜ ਨੂੰ ਚੰਗਾ ਸੰਦੇਸ਼ ਦੇਣਾ ਵੀ ਹੈ | ਇਸੇ ਲਈ ਬਾਅਦ ਵਿਚ ਉਸ ਨੇ ਧਾਰਮਿਕ ਅਤੇ ਅਰਥਪੂਰਨ ਗੀਤਾਂ ਵੱਲ ਵੀ ਖਾਸ ਧਿਆਨ ਦਿੱਤਾ |
ਉਸ ਦਾ ਧਾਰਮਿਕ ਗੀਤ: ਗੋਬਿੰਦ ਦੇ ਲਾਲ ਸੂਬਿਆ,
ਸਮਝੀਂ ਨਾ ਡਰ ਜਾਣਗੇ |”
ਅੱਜ ਵੀ ਸਿੱਖ ਇਤਿਹਾਸ ਦੀ ਸ਼ਹਾਦਤ ਅਤੇ ਚੜ੍ਹਦੀ ਕਲਾ ਦੀ ਯਾਦ ਤਾਜ਼ਾ ਕਰਦਾ ਹੈ | ਇਸ ਗੀਤ ਨੇ ਸਾਬਤ ਕੀਤਾ ਹੈ ਕਿ ਦਿਲਜੀਤ ਸਿਰਫ਼ ਇਕ ਮਨੋਰੰਜਨ ਕਰਨ ਵਾਲਾ ਗਾਇਕ ਨਹੀਂ, ਸਗੋਂ ਪੰਜਾਬੀ ਵਿਰਾਸਤ ਨਾਲ ਡੂੰਘਾ ਜੁੜਿਆ ਹੋਇਆ ਕਲਾਕਾਰ ਵੀ ਹੈ | ਸੰਗੀਤ ਵਿਚ ਸਫ਼ਲਤਾ ਤੋਂ ਬਾਅਦ ਉਸ ਨੇ ਪੰਜਾਬੀ ਫ਼ਿਲਮ ਜਗਤ ਵਿਚ ਕਦਮ ਰੱਖਿਆ | 'ਮੇਲ ਕਰਾ ਦੇ ਰੱਬਾ', 'ਜੱਟ ਐਂਡ ਜੂਲੀਅਟ', 'ਪੰਜਾਬ 1984', 'ਸਰਦਾਰ ਜੀ', 'ਅੰਬਰਸਰੀਆ' ਅਤੇ 'ਜੋੜੀ' ਵਰਗੀਆਂ ਫ਼ਿਲਮਾਂ ਨੇ ਉਸ ਨੂੰ ਇਕ ਕਾਮਯਾਬ ਅਦਾਕਾਰ ਵਜੋਂ ਸਥਾਪਿਤ ਕੀਤਾ | ਖਾਸ ਤੌਰ 'ਤੇ 'ਪੰਜਾਬ 1984' ਵਿਚ ਉਸ ਦੀ ਅਦਾਕਾਰੀ ਨੇ ਲੋਕਾਂ ਨੂੰ ਰੁਆ ਦਿੱਤਾ | ਇਸ ਫ਼ਿਲਮ ਨੇ ਪੰਜਾਬ ਦੇ ਦਰਦ ਅਤੇ ਇਤਿਹਾਸ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ |
“'ਜੱਟ ਐਂਡ ਜੂਲੀਅਟ' ਵਰਗੀ ਫ਼ਿਲਮ ਨੇ ਪੰਜਾਬੀ ਸਿਨੇਮਾ ਨੂੰ ਨਵੀਂ ਉਚਾਈ ਦਿੱਤੀ | ਇਹ ਫ਼ਿਲਮ ਸਿਰਫ਼ ਵਪਾਰਕ ਤੌਰ 'ਤੇ ਹੀ ਨਹੀਂ, ਸਗੋਂ ਗੁਣਵੱਤਾ ਪੱਖੋਂ ਵੀ ਕਾਮਯਾਬ ਰਹੀ | ਦਿਲਜੀਤ ਦੀ ਕਾਮੇਡੀ ਟਾਈਮਿੰਗ, ਕੁਦਰਤੀ ਅਦਾਕਾਰੀ ਅਤੇ ਸਾਫ਼-ਸੁਥਰਾ ਹਾਸਾ ਲੋਕਾਂ ਦੇ ਦਿਲਾਂ ਵਿਚ ਵਸ ਗਿਆ | ਫਿਰ ਉਹ ਸਮਾਂ ਵੀ ਆਇਆ ਜਦੋਂ ਦਿਲਜੀਤ ਨੇ ਬਾਲੀਵੁੱਡ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ | 'ਉੜਤਾ ਪੰਜਾਬ' (Udta Punjab) ਵਿਚ ਉਸ ਦੀ ਅਦਾਕਾਰੀ ਨੂੰ ਦੇਸ਼ ਭਰ ਵਿਚ ਪ੍ਰਸੰਸਾ ਮਿਲੀ | ਇਸ ਫ਼ਿਲਮ ਨੇ ਉਸ ਨੂੰ ਹਿੰਦੀ ਫ਼ਿਲਮ ਜਗਤ ਵਿਚ ਇਕ ਗੰਭੀਰ ਅਤੇ ਕਾਬਲ ਅਦਾਕਾਰ ਵਜੋਂ ਸਥਾਪਿਤ ਕਰ ਦਿੱਤਾ | ਇਸ ਤੋਂ ਬਾਅਦ ਗੁੱਡ ਨਿਊਜ਼, ਸੂਰਜ ਪੇ ਮੰਗਲ ਭਾਰੀ, ਜੋਗੀ ਅਤੇ 'ਕਰਿਊ' ਵਰਗੀਆਂ ਫ਼ਿਲਮਾਂ ਨਾਲ ਉਸ ਦੀ ਲੋਕਪ੍ਰੀਤਤਾ ਹੋਰ ਵਧਦੀ ਗਈ | ਪਰ ਦਿਲਜੀਤ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਸਫ਼ਲਤਾ ਦੇ ਸਿਖਰ 'ਤੇ ਪਹੁੰਚ ਕੇ ਵੀ ਆਪਣੀਆਂ ਜੜ੍ਹਾਂ ਨਹੀਂ ਭੁੱਲਿਆ | ਉਸ ਦੇ ਬੋਲਚਾਲ, ਪਹਿਰਾਵੇ ਅਤੇ ਵਿਹਾਰ ਵਿਚ ਅੱਜ ਵੀ ਪੰਜਾਬੀਆਂ ਵਾਲੀ ਸਾਦਗੀ ਨਜ਼ਰ ਆਉਂਦੀ ਹੈ | ਉਹ ਅਕਸਰ ਆਪਣੇ ਪਿੰਡ ਅਤੇ ਪੰਜਾਬ ਦਾ ਜ਼ਿਕਰ ਮਾਣ ਨਾਲ ਕਰਦਾ ਹੈ | ਇਹੀ ਗੱਲ ਉਸ ਨੂੰ ਲੋਕਾਂ ਦੇ ਦਿਲਾਂ ਦੇ ਹੋਰ ਨੇੜੇ ਲੈ ਜਾਂਦੀ ਹੈ |
ਦਿਲਜੀਤ ਸਿਰਫ਼ ਕਲਾਕਾਰ ਹੀ ਨਹੀਂ, ਸਗੋਂ ਇਕ ਸਮਾਜ ਸੇਵੀ ਵੀ ਹੈ | ਉਸ ਨੇ 'ਸਾਂਝ ਫਾਊਾਡੇਸ਼ਨ' ਰਾਹੀਂ ਲੋੜਵੰਦ ਬੱਚਿਆਂ, ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਕਈ ਯਤਨ ਕੀਤੇ ਹਨ | ਉਹ ਅਨਾਥ ਆਸ਼ਰਮਾਂ ਅਤੇ ਬਿਰਧ ਆਸ਼ਰਮਾਂ ਦੀ ਮਦਦ ਕਰਦਾ ਰਿਹਾ ਹੈ | ਸਮਾਜ ਸੇਵਾ ਦਾ ਇਹ ਰੂਪ ਉਸ ਦੀ ਸ਼ਖਸੀਅਤ ਨੂੰ ਹੋਰ ਵੀ ਮਹਾਨ ਬਣਾਉਂਦਾ ਹੈ |
ਵਿਸ਼ਵ ਪੱਧਰ 'ਤੇ ਵੀ ਦਿਲਜੀਤ ਨੇ ਪੰਜਾਬੀ ਕਲਾ ਦਾ ਝੰਡਾ ਉੱਚਾ ਕੀਤਾ ਹੈ | ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੂਰਪ ਦੇ ਵੱਡੇ ਮੰਚਾਂ 'ਤੇ ਉਸ ਨੇ ਆਪਣੇ ਸ਼ੋਅ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ | ਅੱਜ ਉਸ ਦੇ ਕਨਸਰਟਾਂ ਵਿਚ ਹਜ਼ਾਰਾਂ ਲੋਕ ਇਕੱਠੇ ਹੋ ਕੇ ਪੰਜਾਬੀ ਗੀਤਾਂ 'ਤੇ ਝੂਮਦੇ ਹਨ | ਬੀਤੇ ਦਿਨੀਂ ਉਸ ਨੇ ਲੰਡਨ ਦੇ ਵਿਸ਼ਵ ਪ੍ਰਸਿੱਧ ਵੈਂਬਲੇ ਸਟੇਡੀਅਮ ਵਿਚ ਆਪਣਾ ਸੰਗੀਤਕ ਪ੍ਰੋਗਰਾਮ ਪੇਸ਼ ਕਰਕੇ ਨਵਾਂ ਇਤਿਹਾਸ ਸਿਰਜਿਆ | ਅਜਿਹਾ ਕਰਨ ਵਾਲਾ ਦਿਲਜੀਤ ਪਹਿਲਾ ਪੰਜਾਬੀ ਗਾਇਕ ਹੈ | ਖ਼ਾਸ ਗੱਲ ਇਹ ਰਹੀ ਕਿ 90 ਹਜ਼ਾਰ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਸਨ | ਉਸ ਨੇ ਮਾਈਕਲ ਜੈਕਸਨ ਦਾ 38 ਸਾਲ ਦਾ 72 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਦਾ ਰਿਕਾਰਡ ਵੀ ਤੋੜਿਆ ਹੈ | ਇਹ ਸਿਰਫ਼ ਇਕ ਗਾਇਕ ਦੀ ਸਫ਼ਲਤਾ ਨਹੀਂ, ਸਗੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਜਿੱਤ ਹੈ |
ਅੱਜ ਜਦੋਂ ਦੁਨੀਆ ਦੇ ਵੱਡੇ ਮੰਚਾਂ 'ਤੇ ਦਿਲਜੀਤ ਦੁਸਾਂਝ ਦਾ ਨਾਂਅ ਗੂੰਜਦਾ ਹੈ ਤਾਂ ਪਿੰਡ ਦੁਸਾਂਝ ਕਲਾਂ ਦਾ ਨਾਂਅ ਵੀ ਨਾਲ ਹੀ ਚਮਕਦਾ ਹੈ | ਉਹ ਪੰਜਾਬੀ ਨੌਜਵਾਨੀ ਲਈ ਇਕ ਪ੍ਰੇਰਨਾ ਸਰੋਤ ਹੈ ਕਿ ਜੇ ਮਨ ਵਿਚ ਲਗਨ, ਮਿਹਨਤ ਅਤੇ ਆਪਣੀ ਮਿੱਟੀ ਨਾਲ ਪਿਆਰ ਹੋਵੇ ਤਾਂ ਦੁਨੀਆ ਦੀ ਕੋਈ ਮੰਜ਼ਿਲ ਦੂਰ ਨਹੀਂ ਰਹਿੰਦੀ |
ਅੰਤ ਵਿਚ ਇਹੀ ਕਹਿਣਾ ਬਣਦਾ ਹੈ ਕਿ ਦਿਲਜੀਤ ਦੁਸਾਂਝ ਦਾ ਸਫ਼ਰ ਇਕ ਆਮ ਪਿੰਡ ਦੇ ਮੁੰਡੇ ਤੋਂ ਵਿਸ਼ਵ ਪ੍ਰਸਿੱਧ ਕਲਾਕਾਰ ਬਣਨ ਤੱਕ ਦੀ ਐਸੀ ਕਹਾਣੀ ਹੈ ਜੋ ਪੰਜਾਬੀ ਇਤਿਹਾਸ ਵਿਚ ਸਦਾ ਯਾਦ ਰੱਖੀ ਜਾਵੇਗੀ | ਉਸ ਨੇ ਸਾਬਤ ਕੀਤਾ ਹੈ ਕਿ ਸੱਚੀ ਲਗਨ, ਨਿਮਰਤਾ ਅਤੇ ਮਿਹਨਤ ਮਨੁੱਖ ਨੂੰ ਦੁਨੀਆ ਦੇ ਸਭ ਤੋਂ ਉੱਚੇ ਮੰਚਾਂ ਤੱਕ ਪਹੁੰਚਾ ਸਕਦੀ ਹੈ | ਪੰਜਾਬ ਅਤੇ ਖ਼ਾਸ ਕਰਕੇ ਦੁਸਾਂਝ ਕਲਾਂ ਦੀ ਮਿੱਟੀ ਨੂੰ ਉਸ 'ਤੇ ਸਦਾ ਮਾਣ ਰਹੇਗਾ | ਸ਼ਾਲਾ ਸਦਾ ਜੁਆਨੀਆਂ ਮਾਣਦਾ ਰਹੇ |
-ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, -ਪਿੰਡ, ਦੁਸਾਂਝ ਕਲਾਂ, ਜ਼ਿਲ੍ਹਾ, ਜਲੰਧਰ  |
ਮੋਬਾਈਲ: 76963-97240

Ad Position 22
No active advertisement
ਪਿਛਲੀ ਖ਼ਬਰ ਪੈਲੇਸ ਸੱਭਿਆਚਾਰ ਅਤੇ ਐਕਸਪ੍ਰੈੱਸ ਯੁੱਗ ਦੀ ਭੇਟ ਚੜੇ੍ਹ ਪੰਜਾਬੀ ਵਿਆਹ ਅਗਲੀ ਖ਼ਬਰ ਪੈਦਲ ਤੁਰਨ ਤੇ ਸਾਈਕਲ ਚਲਾਉਣ ਦੇ ਸ਼ੌਕੀਨ ਹਨ ਫਿਨਲੈਂਡ ਦੇ ਲੋਕ
Ad Position 24