![]()
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਵਾਈ ਆਵਾਜਾਈ ਦੀ ਘਰੇਲੂ ਉਡਾਣਾਂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਵਰਤੋਂ ਕੀਤੀ ਜਾਂਦੀ ਹੈ |
ਫਿਨਲੈਂਡ ਵਿਚ ਲੱਖਾਂ ਝੀਲਾਂ ਤੇ ਲੰਮਾ ਸਮੁੰਦਰੀ ਕੰਢਾ ਹੋਣ ਕਾਰਨ ਆਵਾਜਾਈ ਲਈ ਜਲ-ਮਾਰਗ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਖਾਸ ਕਰਕੇ ਸਵੀਡਨ ਅਤੇ ਇਸਟੋਨੀਆ ਜਾਣ ਲਈ ਜਲ-ਮਾਰਗ ਹੀ ਵਰਤਿਆ ਜਾਂਦਾ ਹੈ | ਇੱਥੋਂ ਦੇ ਲੋਕ ਜਲੀ-ਆਵਾਜਾਈ ਲਈ ਬਿਜਲੀ/ਸੋਲਰ/ਭਾਫ 'ਤੇ ਚੱਲਣ ਵਾਲੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ | ਛੋਟੀਆਂ ਕਿਸ਼ਤੀਆਂ ਨੂੰ 'ਫੈਰੀ' ਅਤੇ ਵੱਡੀਆਂ ਕਿਸ਼ਤੀਆਂ ਨੂੰ 'ਕਰੂਜ਼' ਆਖਿਆ ਜਾਂਦਾ ਹੈ |
ਫਿਨਲੈਂਡ ਦੀ ਸਾਰੀ ਆਵਾਜਾਈ ਮਸ਼ੀਨਰੀ ਸਮੇਂ ਦੀ ਬਹੁਤ ਪਾਬੰਦ ਹੈ | ਸਮੇਂ ਸਿਰ ਤੁਰਨਾ ਤੇ ਸਵਾਰੀ ਨੂੰ ਸਮੇਂ ਸਿਰ ਮੰਜ਼ਿਲ 'ਤੇ ਪਹੁੰਚਾਉਣਾ ਇਥੋਂ ਦਾ ਰਿਵਾਜ ਹੈ | ਇੱਥੋਂ ਦੀਆਂ ਸਾਰੀਆਂ ਰੇਲਾਂ ਅਤੇ ਬੱਸਾਂ ਵਾਈਫਾਈ ਨਾਲ ਲੈਸ ਹਨ | ਇੱਥੋਂ ਦੇ ਲੋਕ ਰੇਲ ਰਾਹੀਂ ਲੰਮਾ ਸਫਰ ਰਾਤ ਨੂੰ ਕਰਦੇ ਹਨ | ਸੜਕਾਂ ਇੰਨੀਆਂ ਪੱਧਰੀਆਂ ਹਨ ਕਿ ਬੱਸ ਵਿਚ ਗਲਾਸ ਪਾਣੀ ਦਾ ਭਰ ਕੇ ਰੱਖ ਦਿਓ ਤੇ 200 ਕਿਲੋਮੀਟਰ ਦਾ ਸਫਰ ਕਰ ਲਓ ਤਾਂ ਵੀ ਪਾਣੀ ਦੀ ਬੂੰਦ ਨਹੀਂ ਡੁੱਲ੍ਹਦੀ | ਬੱਸਾਂ ਅਤੇ ਟਰਾਮਾਂ ਵਿਚ ਉਮਰ-ਦਰਾਜ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਸਫਰ ਵਾਲੇ ਪਾਸ ਦੀ ਸਹੂਲਤ ਹੈ | ਬਾਕੀ ਸਵਾਰੀਆਂ ਲਈ ਨਿਗੂਣੀ ਜਿਹੀ ਟਿਕਟ ਹੈ |
ਇਥੋਂ ਦੇ ਆਵਾਜਾਈ ਪ੍ਰਬੰਧ ਬਾਰੇ ਦੋ ਗੱਲਾਂ ਧਿਆਨ ਦੇਣ ਵਾਲੀਆਂ ਹਨ, ਪਹਿਲੀ ਗੱਲ ਕਿ ਭਾਰੀ ਬਰਫਬਾਰੀ ਹੋਣ ਦੇ ਬਾਵਜੂਦ ਵੀ ਆਵਾਜਾਈ ਵਿਚ ਕੋਈ ਵਿਘਨ ਨਹੀਂ ਪੈਂਦਾ ਤੇ ਦੂਜੀ ਗੱਲ ਇਹ ਹੈ ਕਿ ਬਹੁਤ ਵਧੀਆ ਆਵਾਜਾਈ ਹੋਣ ਦੇ ਬਾਵਜੂਦ ਵੀ ਇਹ ਲੋਕ ਸਾਈਕਲ ਅਤੇ ਪੈਦਲ ਚੱਲਣ ਨੂੰ ਪਹਿਲ ਦਿੰਦੇ ਹਨ | ਜਿਨ੍ਹਾਂ ਲੋਕਾਂ ਕੋਲ ਕਾਰਾਂ ਹਨ, ਉਨ੍ਹਾਂ ਨੇ ਆਪਣੀਆਂ ਕਾਰਾਂ ਦੇ ਪਿੱਛੇ ਸਾਈਕਲ ਟੰਗਣ ਲਈ ਸਟੈਂਡ ਬਣਾਏ ਹੋਏ ਹਨ | ਲੰਬਾ ਸਫਰ ਕਾਰ ਰਾਹੀਂ ਤੈਅ ਕਰਕੇ ਕਾਰ ਪਾਰਕ ਕਰ ਦਿੰਦੇ ਹਨ ਅਤੇ ਛੋਟਾ ਸਫਰ ਸਾਈਕਲ ਰਾਹੀਂ ਤੈਅ ਕਰਦੇ ਹਨ | ਸੜਕਾਂ ਉੱਤੇ ਕਾਰਾਂ ਦੇ ਪਿੱਛੇ ਟੰਗੇ ਸਾਈਕਲ ਆਮ ਵੇਖੇ ਜਾ ਸਕਦੇ ਹਨ | ਆਵਾਜਾਈ ਦੇ ਮਾਮਲੇ 'ਚ ਉਹ ਬੜੇ ਸੰਜਮ ਤੇ ਸਬਰ ਸੰਤੋਖ ਵਾਲੇ ਇਨਸਾਨ ਹਨ | ਉਥੋਂ ਦੀਆਂ ਸੜਕਾਂ 'ਤੇ ਨਾ ਤਾਂ ਤੁਹਾਨੂੰ ਭੀੜ ਮਿਲਦੀ ਹੈ, ਨਾ ਹੀ ਕਿਸੇ ਨੂੰ ਕਿਸੇ ਤੋਂ ਅੱਗੇ ਲੰਘਣ ਦੀ ਕਾਹਲ ਹੈ ਤੇ ਨਾ ਹੀ ਕੰਨ ਪਾੜਨ ਵਾਲੇ ਭਾਂਤ-ਭਾਂਤ ਦੇ ਹਾਰਨ ਸੁਣਦੇ ਹਨ | ਬੜੇ ਸਲੀਕੇ ਤੇ ਸਹਿਜ ਨਾਲ ਆਵਾਜਾਈ ਚੱਲਦੀ ਰਹਿੰਦੀ ਹੈ | ਲੋਕ ਬੜੇ ਇਤਮਿਨਾਨ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ, ਬੇਸ਼ੱਕ ਚੌਕ ਵਿਚ ਲਾਲ ਬੱਤੀ ਹੋਈ ਵੀ ਹੋਵੇ ਤਾਂ ਵੀ ਪੈਦਲ ਲਾਂਘੇ ਵਾਲੇ ਨੂੰ ਪਹਿਲ ਹੈ |
ਜਨਤਕ ਬਿਜਲੀ-ਪ੍ਰਬੰਧ : ਫਿਨਲੈਂਡ ਦੀ ਸਿੱਖਿਆ, ਸਿਹਤ ਅਤੇ ਆਵਾਜਾਈ ਪ੍ਰਬੰਧ ਬਾਰੇ ਗੱਲ ਕਰਨ ਤੋਂ ਬਾਅਦ ਆਪਾਂ ਹੁਣ ਫਿਨਲੈਂਡ ਦੇ ਜਨਤਕ ਬਿਜਲੀ ਪ੍ਰਬੰਧ ਬਾਰੇ ਗੱਲ ਕਰਦੇ ਹਾਂ | ਇਹ ਕਿਉਂਕਿ ਇਕ ਯਖ-ਠੰਢਾ ਮੁਲਕ ਹੈ | ਇੱਥੇ ਸਰਦੀਆਂ ਵਿਚ ਤਾਪਮਾਨ-20 ਤੋਂ-30 ਡਿਗਰੀ ਸੈਲਸੀਅਸ ਵੀ ਹੋ ਜਾਂਦਾ ਹੈ | ਇਸ ਲਈ ਇੱਥੋਂ ਦੇ ਜਨਤਕ ਬਿਜਲੀ ਪ੍ਰਬੰਧ ਦੀ ਗੱਲ ਕਰਨੀ ਜ਼ਰੂਰੀ ਹੈ ਤਾਂ ਜੋ ਇਥੋਂ ਦੇ ਹੀਟਿੰਗ (ਗਰਮਾਇਸ਼) ਪ੍ਰਬੰਧ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ, ਕਿ ਆਖਰ ਇਹ ਲੋਕ ਇੰਨੇ ਠੰਢੇ ਤਾਪਮਾਨ ਵਿਚ ਵੀ ਕਿਵੇਂ ਰਹਿ ਲੈਂਦੇ ਹਨ! ਫਿਨਲੈਂਡ ਦਾ ਜਨਤਕ ਬਿਜਲਈ ਪ੍ਰਬੰਧ ਦੁਨੀਆ ਵਿਚ ਸਭ ਤੋਂ ਭਰੋਸੇਯੋਗ ਅਤੇ ਆਧੁਨਿਕ ਬਿਜਲਈ ਪ੍ਰਬੰਧਾਂ ਵਿਚੋਂ ਇਕ ਹੈ |
ਪਰਮਾਣੂ ਊਰਜਾ, ਜਲ ਬਿਜਲੀ, ਪੌਣ ਊਰਜਾ, ਸੂਰਜੀ ਊਰਜਾ ਅਤੇ ਬਾਇਓਮਾਸ
ਇੱਥੋਂ ਦੀ ਊਰਜਾ ਦੇ ਮੁੱਖ ਸਰੋਤ ਹਨ | ਫਿਨਲੈਂਡ ਦੇ ਹਰ ਘਰ, ਹਰ ਪਿੰਡ ਅਤੇ ਹਰ ਸ਼ਹਿਰ ਨੂੰ ਬਿਜਲੀ ਦੀ ਸਹੂਲਤ ਪ੍ਰਾਪਤ ਹੈ | ਇਹ ਦੇਸ਼ ਆਪਣੀ ਬਿਜਲੀ ਦਾ ਵੱਡਾ ਹਿੱਸਾ ਨਵਿਆਉਣਯੋਗ ਸਰੋਤਾਂ ਤੋਂ ਪ੍ਰਾਪਤ ਕਰਦਾ ਹੈ | ਹਰ ਘਰ ਵਿਚ ਸਮਾਰਟ ਮੀਟਰ ਲੱਗੇ ਹੋਏ ਹਨ ਅਤੇ ਬਿਜਲੀ ਕੱਟ ਬਹੁਤ ਘੱਟ ਹੁੰਦਾ ਹੈ | ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਬਿਜਲਈ ਸਪਲਾਈ ਨਿਰਵਿਘਨ ਜਾਰੀ ਰਹਿੰਦੀ ਹੈ | ਫਿਨਲੈਂਡ ਦੇ ਲੋਕਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇ ਨਾਲ-ਨਾਲ ਸਰਕਾਰ ਵਲੋਂ ਗਰਮ ਪਾਣੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ | ਹਰੇਕ ਛੋਟੇ-ਵੱਡੇ ਪਿੰਡ ਜਾਂ ਸ਼ਹਿਰ ਵਿਚ ਇਕ ਕੇਂਦਰੀ ਪਲਾਂਟ ਗਰਮ ਪਾਣੀ ਤਿਆਰ ਕਰਦਾ ਹੈ | ਉਸ ਪਲਾਂਟ ਰਾਹੀਂ ਤਿਆਰ ਕੀਤਾ ਗਰਮ ਪਾਣੀ ਪਾਈਪਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ | ਘਰਾਂ ਅਤੇ ਸੰਸਥਾਵਾਂ ਵਿਚ ਹੀਟ ਪੰਪ ਲੱਗੇ ਹੋਏ ਹਨ ਜੋ ਕਮਰੇ ਦੇ ਤਾਪਮਾਨ ਨੂੰ 20 ਡਿਗਰੀ ਸੈਲਸੀਅਸ ਤੱਕ ਗਰਮ ਰੱਖਦੇ ਹਨ | ਬਾਹਰ ਦਾ ਤਾਪਮਾਨ ਬੇਸ਼ੱਕ -30 ਡਿਗਰੀ ਹੋਵੇ, ਪਰ ਅੰਦਰ ਦਾ ਤਾਪਮਾਨ 20 ਡਿਗਰੀ ਤੱਕ ਬਰਕਰਾਰ ਰਹਿੰਦਾ ਹੈ | ਇਸੇ ਲਈ ਫਿਨਲੈਂਡ ਦੇ ਲੋਕ ਕੜਾਕੇ ਦੀ ਠੰਢ ਵਿਚ ਵੀ ਘਰਾਂ ਦੇ ਅੰਦਰ ਆਰਾਮ ਨਾਲ ਰਹਿ ਲੈਂਦੇ ਹਨ ਅਤੇ ਬੱਚੇ ਵੀ ਠੰਢ ਵਿਚ ਸਕੂਲ ਜਾਂਦੇ ਹਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ-94652-75421