20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਹੁਪੱਖੀ ਪ੍ਰਤਿਭਾ ਦਾ ਧਰਨੀ ਸੀ ਡਾ. ਵਿਦਵਾਨ ਸਿੰਘ ਸੋਨੀ

ਬਹੁਪੱਖੀ ਪ੍ਰਤਿਭਾ ਦਾ ਧਰਨੀ ਸੀ ਡਾ. ਵਿਦਵਾਨ ਸਿੰਘ ਸੋਨੀ

Ad Position 21
No active advertisement
ਅਜੀਤ ਡੈਸਕ 20-09-2026

ਵੈਰੋਵਾਲ (ਜ਼ਿਲ੍ਹਾ ਤਰਨ ਤਾਰਨ) ਵਿਖੇ 28 ਜਨਵਰੀ ਸੰਨ 1943 ਵਿਚ ਸਰਦਾਰ ਰਾਮ ਸਿੰਘ ਅਤੇ ਸ੍ਰੀਮਤੀ ਮਹਿੰਦਰ ਕੌਰ ਜੀ ਦੇ ਘਰ ਜਨਮਿਆ ਇਕ ਛੋਟਾ ਬੱਚਾ ਜਦੋਂ ਆਪਣੇ ਘਰ ਤੋਂ ਕੁਝ ਮੀਲ ਦੀ ਦੂਰੀ 'ਤੇ ਸਥਿਤ ਫਤਹਿਬਾਦ ਦੇ ਸਰਕਾਰੀ ਸਕੂਲ ਵਿਚ ਰੋਜ਼ ਪੈਦਲ ਪੜ੍ਹਨ ਜਾਂਦਾ ਹੈ ਤਾਂ ਰਾਹ ਵਿਚ ਇਕ ਸਾਧੂ ਉਸ ਨੂੰ  ਮਿਲਦਾ ਹੈ, ਜੋ ਉਸਦਾ ਹੱਥ ਵੇਖ ਕੇ ਕਹਿੰਦਾ ਕਿ ਤੂੰ ਬਹੁਤ ਵੱਡਾ ਵਿਦਵਾਨ ਤੇ ਖੋਜੀ ਲੇਖਕ ਬਣੇਗਾ | ਬਿਲਕੁਲ ਆਪਣੇ ਨਾਂਅ ਵਰਗਾ | ਵਾਕਿਆ ਹੀ ਡਾ. ਵਿਦਵਾਨ ਸਿੰਘ ਸੋਨੀ ਉੱਘੇ ਸਿੱਖਿਆ ਸ਼ਾਸਤਰੀ, ਭੌਤਿਕ ਵਿਗਿਆਨੀ, ਜੀਵਾਸ਼ਮ ਖੋਜੀ ਅਤੇ ਪ੍ਰਸਿੱਧ ਵਿਗਿਆਨੀ ਲੇਖਕ ਸਨ | ਅੰਮਿ੍ਤਸਰ ਦੇ ਹਿੰਦੂ ਕਾਲਜ ਤੋਂ ਬੀ.ਐਸ.ਸੀ. ਅਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਐਸ.ਸੀ ਤੇ ਪੀਐਚਡੀ ਕਰਨ ਉਪਰੰਤ ਡਾਕਟਰ ਸੋਨੀ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਅਧਿਆਪਨ ਦੇ ਖੇਤਰ ਵਿਚ ਸੇਵਾ ਨਿਭਾਈ  | ਐਸ.ਜੀ.ਏ.ਡੀ. ਕਾਲਜ ਤਰਨ ਤਰਨ ਸਾਹਿਬ, ਸਰਕਾਰੀ ਕਾਲਜ ਗੁਰਦਾਸਪੁਰ, ਸਰਕਾਰੀ ਕਾਲਜ ਟਾਂਡਾ ਉੜਮੁੜ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਬਤੌਰ ਭੌਤਿਕ ਵਿਗਿਆਨ ਦੇ ਲੈਕਚਰਾਰ ਵਜੋਂ ਸੇਵਾ ਨਿਭਾਈ | ਗੁਰਦਾਸਪੁਰ ਵਿਖੇ ਡਾਕਟਰ ਸੋਨੀ ਪਿ੍ੰਸੀਪਲ ਸੁਜਾਨ ਸਿੰਘ ਦੇ ਸੰਪਰਕ ਵਿਚ ਆਏ ਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬੀ ਵਿਚ ਵਿਗਿਆਨ ਦੇ ਲੇਖ ਲਿਖਣੇ ਸ਼ੁਰੂ ਕੀਤੇ | ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਰਕਾਰੀ ਕਾਲਜ ਰੋਪੜ, ਸਰਕਾਰੀ ਕਾਲਜ ਨਯਾ ਨੰਗਲ ਦੇ ਪਿ੍ੰਸੀਪਲ ਵਜੋਂ ਵੀ ਸੇਵਾਵਾਂ ਦਿੱਤੀਆਂ | ਆਪਣੇ ਦੋ ਬੇਲੀਆਂ ਪ੍ਰੋ. ਕਿਰਪਾਲ ਸਿੰਘ ਯੋਗੀ ਤੇ ਪ੍ਰੋ. ਸੁਜਾਨ ਸਿੰਘ ਦੇ ਨਾਲ ਪਹਾੜਾਂ ਦੇ ਬਹੁਤ ਭ੍ਰਮਣ ਕੀਤੇ  | ਖੂਬਸੂਰਤ ਹਰਿਆਵਲ ਵਾਲੇ ਪਹਾੜਾਂ ਦੇ ਪਿਛੋਕੜ ਵਾਲੇ ਕਸਬੇ ਟਾਂਡਾ ਵਿਖੇ ਰਹਿੰਦਿਆਂ ਪਿਤਾ ਜੀ ਨੂੰ  ਪਥਰਾਟ ਲੱਭਣ ਦਾ ਸ਼ੌਂਕ ਪੈਦਾ ਹੋ ਗਿਆ | ਹੋਇਆ, ਇੰਜ ਕਿ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਘੁੰਮ ਰਹੇ ਸਨ ਤਾਂ ਇਕ ਜਗ੍ਹਾ 'ਤੇ ਕਿਸੇ ਮੰਦਰ ਦੇ ਪੁਜਾਰੀ ਨੇ ਇਕ ਕਮਰੇ ਵਿਚ ਵੱਡੇ-ਵੱਡੇ ਆਕਾਰ ਦੇ ਪੱਥਰ ਰੱਖੇ ਹੋਏ ਸਨ ਤੇ ਕਿਹਾ ਕਿ ਇਹ ਦੈਂਤਾਂ, ਰਾਕਸ਼ਾਂ ਦੇ ਹੱਡ ਹਨ | ਜਦੋਂ ਪਿਤਾ ਜੀ ਨੇ ਉਨ੍ਹਾਂ ਉੱਤੇ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਕੁਝ ਲੱਖ ਸਾਲ ਪੁਰਾਣੇ ਬਨਸਪਤੀ ਅਤੇ ਜਾਨਵਰਾਂ ਦੇ ਜੀਵਾਸ਼ਮ ਹਨ ਜੋ ਇਸ ਇਲਾਕੇ ਵਿਚ ਵਿਚਰਦੇ ਰਹੇ | ਇਸੇ ਤਰ੍ਹਾਂ ਭੌਤਿਕ ਵਿਗਿਆਨ ਦੇ ਵਿਦਵਾਨ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਸ਼ਿਵਾਲਿਕ ਅਤੇ ਉੱਤਰ ਪੱਛਮੀ ਉਪ-ਹਿਮਾਲਿਆਈ ਖੇਤਰ ਦੇ ਜੀਵਾਸ਼ਮਾਂ ਅਤੇ ਪ੍ਰਾਗੈ-ਇਤਿਹਾਸਿਕ ਪੱਥਰ ਦੇ ਸੰਦਾਂ (Prehistoric Stone 1ge Tools) ਦੀ ਖੋਜ ਤੇ ਅਧਿਐਨ ਵਿਚ ਵਿਸ਼ੇਸ਼ ਯੋਗਦਾਨ ਪਾਇਆ | ਡਾ. ਸੋਨੀ ਤੇ ਉਨ੍ਹਾਂ ਦੇ ਬੇਟੇ ਦੁਆਰਾ ਕੀਤੀ ਗਈ ਖੋਜ ਨੇ ਦੁਨੀਆ ਨੂੰ  ਇਹ ਦੱਸਿਆ ਕਿ ਅੱਜ ਤੋਂ ਤਿੰਨ-ਚਾਰ ਹਜ਼ਾਰ ਸਾਲ ਪਹਿਲਾਂ ਤੱਕ ਲੇਟ ਹੜੱਪਾ ਸੱਭਿਅਤਾ ਦੇ ਲੋਕ ਉੱਤਰ ਪੱਛਮੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਪੱਥਰਾਂ ਦਾ ਇਸਤੇਮਾਲ ਸੰਦ ਬਣਾਉਣ ਲਈ ਕਰਦੇ ਰਹੇ ਹਨ | ਇਹ ਪਥਰਾਟ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਮਿਊਜ਼ਅਮ ਵਿਚ ਰੱਖੇ ਹੋਏ ਹਨ ਜਿੱਥੇ ਵਿਦਿਆਰਥੀ ਇਨ੍ਹਾਂ ਉੱਤੇ ਪੜ੍ਹਾਈ ਕਰ ਸਕਦੇ ਹਨ  | ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫੈਲੋ ਵੀ ਸਨ | 
ਡਾਕਟਰ ਸੋਨੀ ਪੰਜਾਬੀ ਭਾਸ਼ਾ ਰਾਹੀਂ ਵਿਗਿਆਨ ਨੂੰ  ਆਮ ਲੋਕਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਵਿਗਿਆਨ ਦੇ ਲਿਖਾਰੀ ਵੀ ਸਨ | ਉਨ੍ਹਾਂ ਦੁਆਰਾ ਲਿਖੇ ਗਏ ਵਿਗਿਆਨ ਦੇ ਦਰਜਨਾਂ ਲੇਖ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਵਿਚ ਸਮੇਂ-ਸਮੇਂ ਛਪਦੇ ਰਹੇ ਹਨ | ਉਨ੍ਹਾਂ ਵਲੋਂ ਛਾਪੀਆਂ ਕਿਤਾਬਾਂ ਹਨ, ਚੰਨ, ਤਾਰੇ, ਪਹੀਆ, ਭਿਅੰਕਰ ਕਿਰਲੇ, ਕੀਮਤੀ ਪੱਥਰ, ਇਲੈੱਕਟਰਾਨਿਕਸ ਦੇ ਮੂਲ ਤੱਤ, ਬਿਜਲੀ ਤੇ ਚੁੰਬਕਤਾ, ਕਈ ਕੋਟਿ ਆਕਾਸ਼ ਬ੍ਰਹਿਮੰਡ, (ਛਪਾਈ ਅਧੀਨ) ਕਿਹ ਬਿਧਿ ਸਜਾ ਪ੍ਰਥਮ ਸੰਸਾਰਾ, 'ਦਿਲਚਸਪ ਕਹਾਣੀ ਧਰਤੀ ਅੰਬਰ ਦੀ, ਵਿਗਿਆਨਿਕ ਲੇਖਾਂ ਦਾ ਸੰਗ੍ਰਹਿ' |
ਪੁਆਇੰਟ ਮਕੈਨਿਕਸ ਦੀ ਜਾਣ-ਪਛਾਣ (ਅਨੁਵਾਦਿਤ) 1 course in Mechanics and Relativity, 9ntroductory Physics .
ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਸੋਨੀ ਨੂੰ  ਸ਼੍ਰੋਮਣੀ ਸਾਹਿਤਕਾਰ ਦੇ ਇਨਾਮ ਨਾਲ ਨਿਵਾਜਿਆ ਗਿਆ ਸੀ. ਇਸ ਤੋਂ ਇਲਾਵਾ ਪੰਜਾਬੀ ਸੱਥ ਲਾਂਬੜਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਕਲਾ ਭਵਨ ਚੰਡੀਗੜ੍ਹ ਅਤੇ ਹੋਰ ਸਾਹਿਤ ਸਭਾਵਾਂ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਹ ਆਪਣੇ ਵਿਸ਼ੇ ਭੌਤਿਕ ਵਿਗਿਆਨ ਵਿਚ ਖੋਜੀ ਵੀ ਸਨ | ਉਨ੍ਹਾਂ ਦੇ ਅੰਤਰਰਾਸ਼ਟਰੀ ਰਸਾਲਿਆਂ ਵਿਚ ਕਈ ਖੋਜ ਪੱਤਰ ਵੀ ਛਪੇ ਸਨ |
ਮੇਰੇ ਪਿਤਾ ਜੀ ਆਪਣੀ ਧੁਨ ਤੇ ਜ਼ਿੱਦ ਦੇ ਪੱਕੇ ਸਨ | ਭਾਵੇਂ ਕੋਈ ਕਿੰਨੀ ਵੀ ਸਰੀਰਕ ਪ੍ਰੇਸ਼ਾਨੀ ਹੋਵੇ ਪਰ ਕਦੇ ਦੁੱਖ ਨਹੀਂ ਮੰਨਿਆ ਉਸ ਦਾ | ਸਗੋਂ ਉਸ ਨੂੰ  ਢਾਲ ਲਿਆ ਪੰਜਾਬੀ ਵਿਚ ਵਿਗਿਆਨ ਦੇ ਲੇਖ ਲਿਖਣ ਨੂੰ , ਸਮਾਜ ਵਿਚ ਜੋ ਕੁਝ ਉਨ੍ਹਾਂ ਨੂੰ  ਗ਼ਲਤ ਲੱਗਦਾ, ਉਨ੍ਹਾਂ ਉਸ ਬਾਰੇ ਪੰਜਾਬੀ ਤੇ ਅੰਗਰੇਜ਼ੀ ਦੇ ਅਖਬਾਰਾਂ ਵਿਚ ਲੇਖ ਡਾਕ ਲਿਖ ਦਿੰਦੇ ਤੇ ਉਹ ਛਾਪ ਵੀ ਦਿੰਦੇ  |
ਕੋਈ ਜੋ ਮਰਜ਼ੀ ਕਹਿ ਦੇਵੇ, ਕਰਨੀ ਉਨ੍ਹਾਂ ਆਪਣੀ ਮਨ ਆਈ ਦੀ ਪਰ ਰਹਿਣਾ ਸ਼ਾਂਤ | ਸਿਰੜੀ, ਖੋਜੀ ਵਿਦਵਾਨ ਤੇ ਲਾਸਾਨੀ ਹਸਤੀ ਨੂੰ  ਰਿਲੇਟਿਵਟੀ ਵਿਚ ਕੀਤੇ ਉਨ੍ਹਾਂ ਦੇ ਖੋਜ ਦੇ ਕੰਮ ਕਰਕੇ ਬਰਕਲੇ ਯੂਨੀਵਰਸਿਟੀ, ਅਮਰੀਕਾ ਜਾਣ ਦਾ ਮੌਕਾ ਵੀ ਮਿਲਿਆ | ਪੰਜਾਬੀ ਬੋਲੀ ਪ੍ਰਤੀ ਪਿਆਰ ਤੇ ਉਸ ਵਿਚ ਕੰਮ ਕਰਨਾ, ਉਨ੍ਹਾਂ ਦਾ ਜਨੂੰਨ ਸੀ | ਆਪਣੀ ਤੀਜੀ ਪੀੜ੍ਹੀ ਨਾਲ ਪੰਜਾਬੀ ਵਿਚ ਗੱਲ ਕਰਨਾ ਤੇ ਪੰਜਾਬੀ ਦੇ ਵਿਚ ਹੀ ਮੋਬਾਈਲ 'ਤੇ ਮੈਸੇਜ ਲਿਖਣ ਦੀ ਪਿਰਤ ਪਾਈ ਆਪਣੇ ਘਰ ਵਿਚ |
ਧੀਆਂ ਨੂੰ  ਉਨ੍ਹਾਂ ਨੇ ਦਾਜ ਦੇ ਰੂਪ ਦੇ ਵਿਚ ਪੜ੍ਹਾਈ-ਲਿਖਾਈ ਦਿੱਤੀ |
ਹਰ ਸਫਲ ਮਰਦ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ, ਇਸ ਕਹਾਵਤ ਨੂੰ  ਸੱਚ ਕਰ ਵਿਖਾਉਂਦੀ ਇਹ ਉਦਾਹਰਨ, ਡਾ. ਸੋਨੀ ਦੀ ਸਮਾਜ ਨੂੰ  ਮਹਾਨ ਦੇਣ ਪਿੱਛੇ ਉਨ੍ਹਾਂ ਦੀ ਸਪੁਤਨੀ ਸ੍ਰੀਮਤੀ ਸੁਰਿੰਦਰ ਪਾਲ ਸੋਨੀ ਦਾ ਪੂਰਾ ਹੱਥ ਹੈ |
ਨੇਕ ਦਿਲ ਸਹਿਜ ਇਨਸਾਨ ਨੂੰ  ਭਾਵਭਿੰਨੀ ਅਲਵਿਦਾ ਤੇ ਸ਼ਰਧਾਂਜਲੀ |
-ਪਟਿਆਲਾ |
ਮੋਬਾਈਸ : 98787-53423

Ad Position 22
No active advertisement
ਪਿਛਲੀ ਖ਼ਬਰ ਬਦਨਾਮ ਰਤਨ- ਭੰਗ ਅਗਲੀ ਖ਼ਬਰ ਕੀ ਸੁਆਹ ਕਾਮਯਾਬ ਮੁਸ਼ਾਇਰਾ ਹੋਇਆ
Ad Position 24