20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਏਸ਼ੀਆ ਪੱਧਰ 'ਤੇ ਭਾਰਤ ਦੀਆਂ ਇਕੋ ਦਿਨ ਚਾਰ ਜਿੱਤਾਂ

ਏਸ਼ੀਆ ਪੱਧਰ 'ਤੇ ਭਾਰਤ ਦੀਆਂ ਇਕੋ ਦਿਨ ਚਾਰ ਜਿੱਤਾਂ

Ad Position 21
No active advertisement
ਅਜੀਤ ਡੈਸਕ 20-09-2026

13 ਸਤੰਬਰ 2026 ਦਾ ਦਿਨ ਭਾਰਤੀ ਖੇਡ ਇਤਿਹਾਸ ਵਿਚ ਇਕ ਖਾਸ ਪੰਨਾ ਬਣ ਗਿਆ | ਇਕੋ ਦਿਨ ਭਾਰਤ ਨੇ ਕਿ੍ਕਟ, ਹਾਕੀ ਅਤੇ ਬੈਡਮਿੰਟਨ ਵਿਚ ਏਸ਼ਿਆਈ ਪੱਧਰ 'ਤੇ ਆਪਣੀ ਧਾਕ ਜਮਾਈ | ਦੁਬਈ ਵਿਚ ਭਾਰਤੀ ਮਹਿਲਾ ਕਿ੍ਕਟ ਟੀਮ ਨੇ ਏਸ਼ੀਆ ਕੱਪ 'ਤੇ ਕਬਜ਼ਾ ਕਰਕੇ ਰਿਕਾਰਡ ਅੱਠਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ, ਜਦ ਕਿ ਚੀਨ ਦੇ ਮੋਕੀ ਵਿਚ ਭਾਰਤੀ ਜੂਨੀਅਰ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਇਕੱਠੇ ਏਸ਼ੀਆ ਕੱਪ ਜਿੱਤ ਕੇ ਭਾਰਤੀ ਹਾਕੀ ਦਾ ਭਵਿੱਖ ਰੌਸ਼ਨ ਕੀਤਾ | ਇਸੇ ਦਿਨ ਚੇਂਗਦੂ ਵਿਚ ਸਿਰਫ਼ 15 ਸਾਲ ਦੀ ਤਨਵੀ ਪੱਤਰੀ ਨੇ ਬੈਡਮਿੰਟਨ ਏਸ਼ੀਆ ਅੰਡਰ-17 ਦਾ ਖਿਤਾਬ ਜਿੱਤ ਕੇ ਭਾਰਤੀ ਬੈਡਮਿੰਟਨ ਦੀ ਨਵੀਂ ਉਮੀਦ ਬਣਨ ਦਾ ਸੰਕੇਤ ਦਿੱਤਾ | ਇਹ ਸਿਰਫ਼ ਚਾਰ ਖ਼ਿਤਾਬ ਨਹੀਂ, ਸਗੋਂ ਭਾਰਤੀ ਖੇਡਾਂ ਦੇ ਬਦਲਦੇ ਦਿ੍ਸ਼ ਦੀ ਤਸਵੀਰ ਹੈ, ਭਾਰਤ ਹੁਣ ਸਿਰਫ਼ ਇਕ-ਅੱਧੀ ਖੇਡ ਦਾ ਦੇਸ਼ ਨਹੀਂ ਰਿਹਾ ਸਗੋਂ ਏਸ਼ੀਆ ਹੀ ਨਹੀਂ ਪੂਰੇ ਵਿਸ਼ਵ ਦੇ ਖੇਡ ਖੇਤਰ ਵਿਚ ਮੋਹਰੀ ਬਣ ਕੇ ਉੱਭਰ ਰਿਹਾ ਹੈ | 
13 ਸਤੰਬਰ, 2026…………ਭਾਰਤੀ ਖੇਡਾਂ ਦੇ ਇਤਿਹਾਸ ਦੇ ਸਫਿਆਂ 'ਤੇ ਇਹ ਤਾਰੀਖ਼ ਸਿਰਫ਼ ਇਕ ਹੋਰ ਤਾਰੀਖ਼ ਨਹੀਂ ਰਹੇਗੀ | ਇਹ ਉਹ ਦਿਨ ਬਣ ਗਿਆ, ਜਦੋਂ ਭਾਰਤ ਨੇ ਇਕੋ ਦਿਨ ਏਸ਼ੀਆ ਦੇ ਖੇਡ ਵਿਹੜੇ ਵਿਚ ਚਾਰ ਵਾਰ ਆਪਣੀ ਧਾਕ ਜਮਾਈ | ਕਿਤੇ ਕਿ੍ਕਟ ਦਾ ਬੱਲਾ ਗੂੰਜਿਆ, ਕਿਤੇ ਹਾਕੀ ਦੀ ਸਟਿੱਕ ਨੇ ਗੋਲਾਂ ਦੀ ਇਬਾਰਤ ਲਿਖੀ ਅਤੇ ਕਿਤੇ ਨਿੱਕੀ ਉਮਰ ਦੀ ਸ਼ਟਲਰ ਨੇ ਬੈਡਮਿੰਟਨ ਦੇ ਕੋਰਟ 'ਤੇ ਭਾਰਤ ਦਾ ਤਿਰੰਗਾ ਉੱਚਾ ਕੀਤਾ | 
ਹਾਕੀ ਵਿਚ ਏਸ਼ੀਆ ਦੀ ਸਰਦਾਰੀ -ਇਕ ਦਿਨ, ਦੋ ਏਸ਼ਿਆਈ ਤਾਜ-ਭਾਰਤੀ ਜੂਨੀਅਰ ਹਾਕੀ ਲਈ 13 ਸਤੰਬਰ ਦਾ ਦਿਨ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ | ਪਹਿਲਾਂ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਚੀਨ ਨੂੰ 1-0 ਨਾਲ ਹਰਾ ਕੇ ਤੀਜੀ ਵਾਰ ਲਗਾਤਾਰ ਜੂਨੀਅਰ ਏਸ਼ੀਆ ਕੱਪ ਆਪਣੇ ਨਾਂਅ ਕੀਤਾ | ਸਾਨਿਕਾ ਚੰਦਰਕਾਂਤ ਮਾਨੇ ਵਲੋਂ 17ਵੇਂ ਮਿੰਟ ਵਿਚ ਕੀਤਾ ਇਕਲੌਤਾ ਗੋਲ ਭਾਰਤ ਨੂੰ ਚੈਂਪੀਅਨ ਬਣਾਉਣ ਲਈ ਕਾਫ਼ੀ ਲਾਹੇਵੰਦ ਸਾਬਤ  ਹੋਇਆ | ਮਜ਼ਬੂਤ ਰੱਖਿਆ ਪੰਕਤੀ ਨੇ ਚੀਨ ਨੂੰ ਬਰਾਬਰੀ ਦਾ ਮੌਕਾ ਨਹੀਂ ਦਿੱਤਾ | ਇਸ ਜਿੱਤ ਨਾਲ ਭਾਰਤੀ ਮਹਿਲਾ ਟੀਮ ਨੇ ਜੂਨੀਅਰ ਵਿਸ਼ਵ ਕੱਪ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ | ਇਸ ਤੋਂ ਬਾਅਦ ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਦੱਖਣੀ ਕੋਰੀਆ ਨੂੰ 4-1 ਨਾਲ ਮਾਤ ਦੇ ਕੇ ਇਤਿਹਾਸ ਰਚ ਦਿੱਤਾ | ਅਜੀਤ ਯਾਦਵ, ਅਨਮੋਲ ਇੱਕਾ, ਪ੍ਰਭਦੀਪ ਸਿੰਘ ਅਤੇ ਆਸ਼ੂ ਮੌਰਿਆ ਨੇ ਭਾਰਤ ਲਈ ਗੋਲ ਕੀਤੇ | ਇਸ ਜਿੱਤ ਨਾਲ ਭਾਰਤ ਨੇ ਜੂਨੀਅਰ ਪੁਰਸ਼ ਏਸ਼ੀਆ ਕੱਪ ਦਾ ਲਗਾਤਾਰ ਚੌਥਾ ਅਤੇ ਕੁੱਲ ਛੇਵਾਂ ਖ਼ਿਤਾਬ ਜਿੱਤਿਆ | ਇਸ ਮੁਕਾਬਲੇ ਵਿਚ ਲਗਾਤਾਰ ਚਾਰ ਵਾਰ ਖ਼ਿਤਾਬ ਜਿੱਤਣ ਵਾਲੀ ਭਾਰਤੀ ਟੀਮ ਪਹਿਲੀ ਟੀਮ ਵੀ ਬਣ ਗਈ | ਹਾਕੀ ਦੀ ਇਹ ਦੋਹਰੀ ਸਫਲਤਾ ਸਿਰਫ਼ ਅੱਜ ਦੀ ਜਿੱਤ ਨਹੀਂ | ਇਹ ਇਸ ਗੱਲ ਦਾ ਸੰਕੇਤ ਹੈ ਕਿ ਜੇ ਜੂਨੀਅਰ ਪੱਧਰ 'ਤੇ ਸਹੀ ਸਿਖਲਾਈ, ਵਿਗਿਆਨਕ ਕੋਚਿੰਗ, ਚੰਗੇ ਮੈਦਾਨ ਅਤੇ ਲਗਾਤਾਰ ਮੌਕੇ ਮਿਲਣ ਤਾਂ ਭਾਰਤ ਦੀ ਹਾਕੀ ਮੁੜ ਵਿਸ਼ਵ ਪੱਧਰ 'ਤੇ ਆਪਣੀ ਪੁਰਾਣੀ ਪਛਾਣ ਹਾਸਿਲ ਕਰ ਸਕਦੀ ਹੈ | 
ਕਿ੍ਕਟ ਵਿਚ ਏਸ਼ਿਆਈ ਬਾਦਸ਼ਾਹਤ ਕਾਇਮ-ਹਰਮਨਪ੍ਰੀਤ ਦੀ ਅਗਵਾਈ 'ਚ ਅੱਠਵੀਂ ਏਸ਼ਿਆਈ ਬਾਦਸ਼ਾਹਤ ਅਤੇ ਦੁਬਈ ਵਿਚ ਭਾਰਤੀ ਮਹਿਲਾ ਕਿ੍ਕਟ ਟੀਮ ਨੇ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਰਿਕਾਰਡ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਆਪਣੇ ਨਾਂਅ ਕੀਤਾ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 183/5 ਬਣਾਏ | ਸਮਿ੍ਤੀ ਮੰਧਾਨਾ ਨੇ 59 ਅਤੇ ਸ਼ੈਫਾਲੀ ਵਰਮਾ ਨੇ ਧਮਾਕੇਦਾਰ 68 ਦੌੜਾਂ ਬਣਾਈਆਂ | ਸ਼ੈਫਾਲੀ ਨੇ ਸਿਰਫ਼ 24 ਗੇਂਦਾਂ ਵਿਚ ਅਰਧ ਸੈਂਕੜਾ ਲਗਾ ਕੇ ਮਹਿਲਾ ਟੀ-20 ਏਸ਼ੀਆ ਕੱਪ ਦੇ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਦਰਜ ਕੀਤਾ | ਜਵਾਬ ਵਿਚ ਸ੍ਰੀਲੰਕਾ ਦੀ ਪੂਰੀ ਟੀਮ 111 ਦੌੜਾਂ 'ਤੇ ਆਊਟ ਹੋ ਗਈ | ਸ੍ਰੀ ਚਾਰਾਨੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਚਾਰ ਵਿਕਟਾਂ ਲਈਆਂ ਅਤੇ ਦੀਪਤੀ ਸ਼ਰਮਾ ਨੇ ਵੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ | ਭਾਰਤ ਨੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹਿੰਦਿਆਂ ਆਪਣਾ ਅੱਠਵਾਂ ਖ਼ਿਤਾਬ ਜਿੱਤਿਆ | ਕਪਤਾਨ ਹਰਮਨਪ੍ਰੀਤ ਕੌਰ ਲਈ ਇਹ ਸਫਲਤਾ ਖਾਸ ਮਹੱਤਵ ਰੱਖਦੀ ਹੈ | ਪੰਜਾਬ ਦੀ ਧਰਤੀ ਤੋਂ ਨਿਕਲੀ ਇਹ ਧਾਕੜ ਖਿਡਾਰਨ ਭਾਰਤੀ ਮਹਿਲਾ ਕਿ੍ਕਟ ਦੀ ਅਗਵਾਈ ਕਰਦਿਆਂ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣ ਰਹੀ ਹੈ | ਪਰ ਇਸ ਜਿੱਤ ਦੀ ਅਸਲ ਖੂਬਸੂਰਤੀ ਇਹ ਹੈ ਕਿ ਹੁਣ ਭਾਰਤੀ ਮਹਿਲਾ ਕਿ੍ਕਟ ਸਿਰਫ਼ ਕੁਝ ਸਿਤਾਰਿਆਂ 'ਤੇ ਨਿਰਭਰ ਨਹੀਂ ਹੈ | ਨਵੀਆਂ ਖਿਡਾਰਨਾਂ ਲਗਾਤਾਰ ਆਪਣੀ ਪਛਾਣ ਬਣਾ ਰਹੀਆਂ ਹਨ | 
ਬੈਡਮਿੰਟਨ  ਵਿਚ ਭਵਿੱਖ ਦੀ ਉੱਡਦੀ ਸ਼ਟਲ-15 ਸਾਲ ਦੀ ਤਨਵੀ ਨੇ ਦਿਖਾਇਆ ਭਵਿੱਖ-ਚੇਂਗਦੂ ਵਿਚ 15 ਸਾਲ ਦੀ ਭਾਰਤੀ ਸ਼ਟਲਰ ਤਨਵੀ ਪੱਤਰੀ ਨੇ ਏਸ਼ੀਆ ਅੰਡਰ-17 ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਕੇ ਭਾਰਤ ਦੀ ਝੋਲੀ ਵਿਚ ਇਕ ਹੋਰ ਸੋਨ ਤਗਮਾ ਪਾਇਆ | ਫਾਈਨਲ ਵਿਚ ਵੀ ਕਮਾਲ ਦੀ ਗੱਲ ਇਹ ਰਹੀ ਕਿ ਮੁਕਾਬਲਾ ਦੋ ਭਾਰਤੀ ਖਿਡਾਰਨਾਂ ਵਿਚਕਾਰ ਸੀ | ਤਨਵੀ ਨੇ ਆਪਣੀ ਹਮਵਤਨ ਸ਼ਾਇਨਾ ਮਨੀਮੁਥੂ ਨੂੰ 11-15, 15-10, 15-12 ਨਾਲ ਹਰਾਇਆ | ਪਹਿਲੀ ਗੇਮ ਹਾਰਨ ਤੋਂ ਬਾਅਦ ਤਨਵੀ ਨੇ ਜਿਸ ਤਰ੍ਹਾਂ ਵਾਪਸੀ ਕਰਕੇ ਅਗਲੀਆਂ ਦੋ ਗੇਮਾਂ ਜਿੱਤੀਆਂ, ਉਹ ਉਸ ਦੀ ਮਾਨਸਿਕ ਮਜ਼ਬੂਤੀ ਅਤੇ ਵੱਡੇ ਮੰਚ 'ਤੇ ਦਬਾਅ ਸੰਭਾਲਣ ਦੀ ਸਮਰੱਥਾ ਦਾ ਸਬੂਤ ਹੈ | ਇਹ ਤਨਵੀ ਦਾ ਪਹਿਲਾ ਏਸ਼ਿਆਈ ਖ਼ਿਤਾਬ ਨਹੀਂ | ਉਹ 2024 ਵਿਚ ਅੰਡਰ-15 ਏਸ਼ਿਆਈ ਚੈਂਪੀਅਨ ਵੀ ਰਹਿ ਚੁੱਕੀ ਹੈ | 2026 ਵਿਚ ਉਸ ਨੇ ਪੋਂਟਿਆਨਾਕ ਇੰਟਰਨੈਸ਼ਨਲ ਚੈਲੇਂਜ ਅਤੇ ਬੈਂਗਲੁਰੂ ਵਿਚ ਆਲ ਇੰਡੀਆ ਜੂਨੀਅਰ ਅੰਡਰ-19 ਰੈਂਕਿੰਗ ਟੂਰਨਾਮੈਂਟ ਵੀ ਜਿੱਤਿਆ ਸੀ | ਸਭ ਤੋਂ ਵੱਡੀ ਗੱਲ ਭਾਰਤ ਨੇ ਅੰਡਰ-17 ਮਹਿਲਾ ਸਿੰਗਲਜ਼ ਦਾ ਏਸ਼ਿਆਈ ਖਿਤਾਬ ਲਗਾਤਾਰ ਦੂਜੇ ਸਾਲ ਆਪਣੇ ਕੋਲ ਰੱਖਿਆ ਹੈ | ਸਾਲ 2025 ਵਿਚ ਦੀਕਸ਼ਾ ਸੁਧਾਕਰ ਨੇ ਇਹ ਖ਼ਿਤਾਬ ਜਿੱਤਿਆ ਸੀ |  
ਚਾਰ ਖਿਤਾਬ, ਇਕ ਵੱਡਾ ਸੰਦੇਸ਼-13 ਸਤੰਬਰ ਦੀਆਂ ਇਨ੍ਹਾਂ ਚਾਰ ਸਫ਼ਲਤਾਵਾਂ ਨੂੰ ਜੇ ਇਕੱਠਾ ਕਰਕੇ ਦੇਖੀਏ ਤਾਂ ਇਹ ਸਿਰਫ਼ ਖੇਡ ਨਤੀਜੇ ਨਹੀਂ, ਸਗੋਂ ਨਵੇਂ ਭਾਰਤ ਦੀ ਖੇਡ ਤਸਵੀਰ ਹਨ | ਕਿ੍ਕਟ ਵਿਚ ਮਹਿਲਾ ਸ਼ਕਤੀ ਨੇ ਏਸ਼ੀਆ 'ਤੇ ਰਾਜ ਕਾਇਮ ਕੀਤਾ | ਹਾਕੀ ਵਿਚ ਭਾਰਤ ਦੇ ਲੜਕੇ ਅਤੇ ਲੜਕੀਆਂ ਦੋਵੇਂ ਏਸ਼ੀਆ ਦੇ ਚੈਂਪੀਅਨ ਬਣੇ | 
ਬੈਡਮਿੰਟਨ ਵਿਚ 15 ਸਾਲ ਦੀ ਤਨਵੀ ਨੇ ਭਵਿੱਖ ਦੇ ਵੱਡੇ ਸੁਪਨੇ ਦੀ ਨੀਂਹ ਰੱਖੀ | ਇਨ੍ਹਾਂ ਜਿੱਤਾਂ ਦਾ ਸਭ ਤੋਂ ਵੱਡਾ ਸੰਦੇਸ਼ ਪੰਜਾਬ ਸਮੇਤ ਪੂਰੇ ਭਾਰਤ ਲਈ ਹੈ, ਕਿ ਖੇਡਾਂ ਵਿਚ ਨਿਵੇਸ਼ ਸਿਰਫ਼ ਮੈਡਲ ਨਹੀਂ ਦਿੰਦਾ, ਇਹ ਪੀੜ੍ਹੀਆਂ ਤਿਆਰ ਕਰਦਾ ਹੈ | ਅੱਜ ਦੇ ਜੂਨੀਅਰ ਚੈਂਪੀਅਨ ਹੀ ਕੱਲ੍ਹ ਦੇ ਉਲੰਪੀਅਨ, ਵਿਸ਼ਵ ਚੈਂਪੀਅਨ ਅਤੇ ਏਸ਼ਿਆਈ ਖੇਡਾਂ ਦੇ ਤਗਮਾ ਜੇਤੂ ਬਣਨਗੇ | ਇਸ ਲਈ ਸਕੂਲ ਪੱਧਰ ਤੋਂ ਖੇਡਾਂ ਨੂੰ ਮਜ਼ਬੂਤ ਕਰਨਾ, ਹਰ ਜ਼ਿਲ੍ਹੇ ਵਿਚ ਮਿਆਰੀ ਖੇਡ ਮੈਦਾਨ ਬਣਾਉਣਾ, ਕੋਚਾਂ ਨੂੰ ਸਨਮਾਨ ਅਤੇ ਸਹੂਲਤਾਂ ਦੇਣਾ ਅਤੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਲਗਾਤਾਰ ਮੌਕੇ ਦੇਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਹੁਣ ਹਰ ਭਾਰਤੀ ਖੇਡ ਪ੍ਰੇਮੀ ਦੇ ਦਿਲ ਵਿਚ ਇਹ ਸਵਾਲ ਹੈ ਕਿ ਕੀ ਅਸੀਂ ਇਹ ਜਿੱਤਾਂ ਤੋਂ ਅੱਗੇ ਵੀ ਸੋਚਾਂਗੇ | ਹੁਣ ਭਾਰਤ ਨੇ ਏਸ਼ੀਆ ਵਿਚ ਆਪਣੀ ਧਾਕ ਜਮਾ ਦਿੱਤੀ ਹੈ | ਪਰ ਅਸਲੀ ਜਿੱਤ ਉਸ ਵੇਲੇ ਹੋਵੇਗੀ ਜਦੋਂ ਇਨ੍ਹਾਂ ਚੈਂਪੀਅਨਾਂ ਦੀ ਸਫਲਤਾ ਨੂੰ ਦੇਖ ਕੇ ਦੇਸ਼ ਦਾ ਹਰ ਸਕੂਲ, ਹਰ ਪਿੰਡ ਅਤੇ ਹਰ ਸ਼ਹਿਰ ਆਪਣੀ ਖੇਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਅੱਗੇ ਆਵੇਗਾ | ਇਕ ਦਿਨ ਤੇ ਚਾਰ ਵੱਡੀਆਂ ਜਿੱਤਾਂ | ਇਹ ਸਿਰਫ਼ ਅਖ਼ਬਾਰ ਦੀ ਸੁਰਖੀ ਨਹੀਂ, ਬਲਕਿ ਭਾਰਤ ਦੇ ਖੇਡ ਭਵਿੱਖ ਦੀ ਦਸਤਕ ਹੈ | ਅੱਜ ਏਸ਼ੀਆ ਭਾਰਤ ਦੇ ਚੈਂਪੀਅਨਾਂ ਨੂੰ ਸਲਾਮ ਕਰ ਰਿਹਾ ਹੈ, ਕੱਲ੍ਹ ਦੁਨੀਆ ਦੇ ਮੰਚ 'ਤੇ ਤਿਰੰਗਾ ਹੋਰ ਉੱਚਾ ਲਹਿਰਾਉਣ ਲਈ ਇਨ੍ਹਾਂ ਜਿੱਤਾਂ ਨੂੰ ਨਵੀਂ ਖੇਡ ਕ੍ਰਾਂਤੀ ਵਿਚ ਬਦਲਣਾ ਸਾਡੀ ਜ਼ਿੰਮੇਵਾਰੀ ਹੈ | 
-ਮੋਬਾਈਲ : 9872978781

Ad Position 22
No active advertisement
ਪਿਛਲੀ ਖ਼ਬਰ ਪੈਦਲ ਤੁਰਨ ਤੇ ਸਾਈਕਲ ਚਲਾਉਣ ਦੇ ਸ਼ੌਕੀਨ ਹਨ ਫਿਨਲੈਂਡ ਦੇ ਲੋਕ ਅਗਲੀ ਖ਼ਬਰ ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ
Ad Position 24