26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਮੀਰ ਮੁਹੰਮਦ

ਅਮੀਰ ਮੁਹੰਮਦ

Ad Position 21
No active advertisement
ਅਜੀਤ ਡੈਸਕ 27-09-2026

'ਬਈ ਮੈਂ ਤੇਰੀ ਰਾਇ ਨਾਲ ਮੁਤਫਿਕ ਨਹੀਂ, ਕਤਈ ਨਹੀਂ ਕਿ ਅਮੀਰ ਮੁਹੰਮਦ  ਦਾ ਪਤਾ ਨਾ ਕਰਾਂ ਤੇ ਫਿਰ ਉਹਨੂੰ ਕਰਾੜਾਂ ਦੇ ਚੁੰਗਲ ਚੋਂ ਕੱਢ ਕੇ ਆਜ਼ਾਦ ਸੈਟਲ ਨਾ ਕਰਾਂ  | ਮੇਰੀ ਭੈਣ ਦਾ ਪੁੱਤਰ ਐ 'ਅਮੀਰ ਮੁਹੰਮਦ' | ਜਦ ਕਿ ਹੁਣ ਕਰੀਬ 14 ਵਰ੍ਹੇ ਹੋ ਗਏ ਨੇ ਅਸੀਂ ਆਜ਼ਾਦ ਪਾਕਿਸਤਾਨ ਦੇ ਬਾ-ਰਸੂਖ ਬਾਸ਼ਿੰਦੇ ਆਂ ਤੇ ਮੈਂ, ਤੈਨੂੰ ਪਤੈ, ਸਿਆਸੀ ਤੌਰ 'ਤੇ, ਇੰਸ਼ਾ ਅੱਲਾਹ ਸਟਰਾਂਗ ਆਂ, 'ਇਸਲਾਮ-ਉਲ-ਕੌਮ' ਸੰਸਥਾ ਦਾ ਜਨਰਲ ਸੈਕਟਰੀ ਆਂ.... |'

ਜਮਾਲ ਸ਼ਰੀਫ ਆਪਣੀ ਘਰ ਵਾਲੀ ਦੇ ਫੁਫੇਰੇ ਭਰਾ ਹਾਫਿਜ਼ ਇਕਬਾਲ ਨੂੰ ਕਹਿ ਰਿਹਾ ਸੀ  | ਰਾਵਲਪਿੰਡੀ ਤੋਂ ਭਾਰਤ ਰਵਾਨਾ ਹੋਣ ਵਾਲੀ ਇਕ 'ਪੀਸ ਡੈਲੀਗੇਸ਼ਨ' ਦਾ ਮੈਂਬਰ ਸੀ  | ਹਾਫਿਜ਼ ਇਕਬਾਲ ਉਹਦੇ ਜਾਣ ਤੋਂ ਪਹਿਲਾਂ ਉਸਨੂੰ ਮਿਲਣ ਆਇਆ ਸੀ  | ਜਮਾਲ ਸ਼ਰੀਫ ਗੁੱਸੇ ਚ ਬੋਲੀ ਜਾ ਰਿਹਾ ਸੀ  ਕਿ ਹਾਫਿਜ਼ ਨੇ ਵਿਚ ਟੋਕ ਕੇ ਕਿਹਾ, 'ਭਾਈ ਜਾਨ, ਭੁੱਲ ਜਾਓ, ਛੱਡੋ ਪਰੇ, ਹੁਣ ਜਿਸ ਹਾਲ 'ਚ ਵੀ ਹੋਸੀ (ਅਮੀਰ ਮੁਹੰਮਦ), ਸੈਟਲ ਹੋ ਗਇਐ ਹਿੰਦੁਸਤਾਨ 'ਚ, ਸੰਤਾਲੀ ਦਾ ਗਿਆ, ਅੱਜ ਇਕਾਠ (1961) ਹੋ ਗਿਆ | ਨਾਲੇ ਜਿਹੜੀ ਇਨਫਰਮੇਸ਼ਨ ਆਈ ਐ, ਬਈ ਚੰਗਾ ਸੈਟਲ ਐ, ਚੰਗੀ ਰੋਟੀ ਖਾਂਦੈ, ਫਿਰ...., ਮੇਰਾ ਖਿਆਲ ਐ ਬਈ ਇੰਨਾ ਆਸਾਨ ਵੀ ਨਹੀਂ, ਬਈ ਪਟ ਕੇ ਇੱਥੇ ਵਾਪਸ ਲਿਆਣਾ... |'
'ਓਏ! ਇਹ ਕਿਹੜੀ ਗੱਲ ਕਰ ਦਿੱਤੀ ਤੂੰ, ਮੁਸ਼ਕਿਲ ਕੰਮ ਕਰਨਾ ਈ ਤੇ ਮੋਰਚਾ ਸਰ ਕਰਨਾ ਐ ਤੇ ਉਸੇ ਦਾ ਨਾਂਅ ਜਮਾਲ ਸ਼ਰੀਫ ਐ, ਤੈਨੂੰ ਪਤੈ, ਮੇਰੀ ਭੈਣ ਸਫ਼ੀਨਾ 'ਚ ਮੇਰੀ ਜਾਨ ਅੜੀ ਸੀ ਤੇ ਉਹ ਜਦੋਂ ਗੁਜ਼ਰੀ, ਕੋਈ ਪੰਜ ਸਾਲ ਹੋਏ, ਉਸ ਦੇ ਲਬਾਂ 'ਤੇ ਅਮੀਰ ਮੁਹੰਮਦ ਦਾ ਨਾਂਅ ਸੀ | ਕਹਿੰਦੀ ਵੀਰਾ, ਮੇਰਾ ਸ਼ੋਖ ਮਰਦ ਜਵਾਨ ਲੰਮਾ, ਉੱਚਾ, ਦਹਿਸ਼ਰ ਪੁੱਤਰ ਲੈ ਗਏ ਠੇਕੇਦਾਰ |  ਠੀਕ ਹੈ, ਉਸ ਵੇਲੇ ਅਸੀਂ ਬਿਲਕੁਲ ਮਾਤੜ੍ਹ ਸਾਂ, ਪਰ ਅੱਜ, ਅੱਜ ਤਾਂ ਅਸੀਂ ਸਮਰੱਥ ਆਂ | ਖੌਰੇ ਉੱਥੇ ਉਸੇ ਤਰ੍ਹਾਂ ਗੋਡੇ ਦਬਾਂਦਾ ਹੋਸੀ ਠੇਕੇਦਾਰਾਂ ਦੇ, ਇੱਥੇ ਹੋਂਦਾਂ, ਤੇ ਤੁਹਾਡੀ ਤਰ੍ਹਾਂ ਰਾਜ ਕਰਦਾ |
ਸੋ, ਹੁਣ ਜਦ ਮੈਂ ਆਪਣੇ ਰਸੂਖ ਨਾਲ ਸਭ ਕੁਝ ਪਤਾ ਕਰਾ ਲਇਐ, ਬਈ ਠੇਕੇਦਾਰ ਭਗਵਾਨ ਸਿੰਘ ਰਾਵਲਪਿੰਡੀ ਤੋਂ ਅੰਬਾਲੇ ਕਿੱਥੇ ਸੈਟਲ ਹੋਏ ਨੇ, ਤੇ ਫਿਰ ਅਮੀਰ ਮੁਹੰਮਦ, ਜਦੋਂ ਰੌਲੇ ਪਏ 1947 'ਚ, ਕੋਈ 15/16 ਵਰ੍ਹੇ ਦਾ ਸੀ, ਅੱਜ ਅੱਲਾਹ ਦੇ ਫਜ਼ਲ ਨਾਲ ਕੋਈ 30-31 ਸਾਲਾਂ ਦਾ ਹੋਸੀ ਤੇ ਜਿਸ ਇਹ ਖ਼ਬਰ ਲਿਆਂਦੀ ਐ, ਹੈਰਤ ਐ ਬਈ ਉਹ ਕਹਿੰਦੈ, ਸਰਦਾਰ ਬਣ ਗਇਐ? ਸੁਣ ਕੇ ਮੇਰਾ ਖੂਨ ਖੌਲ ਗਇਐ...!
ਉਹ ਭਾਈ ਜਾਨ, ਜੇ ਉਹ, ਜ਼ਿੰਦਗੀ ਠੀਕ ਬਸ਼ਰ ਕਰ ਰਿਹੈ ਤੇ ਕੀ ਫਰਕ ਪੈਂਦੈ', ਹਾਫਿਜ਼, ਨੇ ਵਿਚ ਬੋਲਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਜਮਾਲ ਸ਼ਰੀਫ ਦੇ ਸਖ਼ਤ ਸੁਭਾਅ, ਤੇ ਫਿਰ ਸਿਆਸੀ ਤਾਕਤ ਨਾਲ ਵਧੇ ਗਰੂਰ ਕਰਕੇ ਪ੍ਰਚੰਡ ਹੋਏ, ਕ੍ਰੋਧ ਨੂੰ ਸ਼ਾਂਤ ਕਰਨਾ ਚਾਹੁੰਦਾ ਸੀ, ਪਰ ਜਮਾਲ ਨੇ ਇਸ ਦੀ ਇਜਾਜ਼ਤ ਨਾ ਦਿੰਦਿਆਂ ਆਪਣਾ ਇਰਾਦਾ ਤਫ਼ਸੀਲ 'ਚ ਜ਼ਾਹਰ ਕਰਨ 'ਚ ਕੋਈ ਗੁਰੇਜ਼ ਨਾ ਕੀਤਾ ਤੇ ਕਹਿੰਦਾ ਚਲਾ ਗਿਆ. 'ਉਏ ਤੂੰ ਕਹਿੰਦੈਂ, ਕਿ, ਕੀ ਫਰਕ ਪੈਂਦੈ, ਓਏ | ਹਿੰਦੋਸਤਾਨ ਤੇ ਸੈਕੂਲਰ ਮੁਲਕ ਐ, ਉੱਥੇ ਲੱਖਾਂ ਮੁਸਲਮਾਨ ਆਪਣੇ ਇਸ਼ਟ ਅਨੁਸਾਰ ਆਪਣਾ ਜੀਵਨ ਬਸ਼ਰ ਕਰਦੇ ਨੇ, ਪੂਰੀ ਆਜ਼ਾਦੀ ਐ, ਉਨ੍ਹਾਂ ਦੇ ਸੰਵਿਧਾਨ 'ਚ ਦਰਜ ਐ | ਫਿਰ, ਫਿਰ ਉਹ ਠੇਕੇਦਾਰ, ਪਹਿਲਾਂ ਤੇ ਇੱਥੋਂ ਲੈ ਗਏ ਸੰਤਾਲੀ 'ਚ, ਲਿਜਾਣਾ ਹੀ ਨਹੀਂ ਸੀ ਚਾਹੀਦਾ | ਓਏ ਉਸ ਵੇਲੇ 15-16 ਸਾਲਾਂ ਦਾ ਵੀ ਛੇ ਫੁੱਟ ਤੋਂ ਵੱਧ, ਸੁਡੌਲ, ਗੱਭਰੂ ਜਵਾਨ, ਅਮੀਰ ਮੁਹੰਮਦ, ਭਾਵੇਂ ਕੋਰਾ ਅਨਪੜ੍ਹ ਇਹਾ, ਪਰ ਅੱਜ ਦੇ ਹਾਲਾਤ 'ਚ ਇੱਥੇ ਹੋਂਦਾ ਤੇ ਫਸਟ ਕਲਾਸ ਸੈਟਲ ਵਪਾਰੀ ਹੋਂਦਾ | ਇੰਸ਼ਾ ਅੱਲਾਹ, ਤੈਨੂੰ ਪਤਾ ਹੀ ਐ ਬਈ ਚਾਰ ਪੁੱਤਰ ਨੇ ਮੇਰੀ ਭੈਣ ਦੇ, ਸਭ ਤੋਂ ਵੱਡਾ ਪੁੱਤਰ ਲਾਇਕ ਇਹਾ, ਸਮੀਰ ਨੈਕ ਮੁਹੰਮਦ, ਉਨੇ੍ਹ ਸੰਤਾਲੀ 'ਚ ਇਕ ਭੱਠੇ ਤੇ ਕਬਜ਼ਾ ਕਰ ਲਿਆ, ਅੱਜ ਠੇਕੇਦਾਰ ਐ ਤੇ ਸਾਡਾ ਜੀਜਾ ਉਸ ਵਕਤ (ਸੰਤਾਲੀ ਤੋਂ ਪਹਿਲਾਂ) ਭਾਵੇਂ ਦਿਹਾੜੀ ਈ ਕਰਦਾ ਸੀ, ਅੱਜ ਘਰ ਬੈਠਾ ਰਾਜ ਕਰਦੈ, ਤੇ ਅਮੀਰ ਮੁਹੰਮਦ ਵੀ, ਜੇ ਅੱਜ ਇੱਥੇ ਹੋਂਦਾ, ਤੇ ਭਰਾਵਾਂ ਨਾਲ, ਉਹ ਵੀ ਇਨ੍ਹਾਂ ਤੋਂ ਘੱਟ ਥੋੜ੍ਹੇ ਹੁੰਦਾ.....'
'ਉਹ ਭਰਾ ਜੀ, ਉਹ ਆਪਣੀ ਮਰਜ਼ੀ ਨਾਲ ਹੀ ਗਿਐ ਉਨ੍ਹਾਂ ਨਾਲ, ਕਿਉਂਕਿ ਉਹ ਰੌਲਿਆਂ ਵੇਲੇ ਈ ਇਕ ਵਾਰ ਜਾ ਕੇ, ਫੌਰਨ ਵਾਪਸ ਵੀ ਆਇਆ ਸੀ |' 'ਹੈਂ, ਕੀ ਕਹਿੰਦਾ ਪਿਐਂ ਹਾਫ਼ਿਜ਼, ਤੂੰ ਅੱਜ ਤੱਕ ਇਸ ਗੱਲ ਦਾ ਕਦੇ ਜ਼ਿਕਰ ਨਹੀਂ ਕੀਤਾ |' ਹਾਫਿਜ਼ ਦੀ ਗੱਲ ਸੁਣ ਕੇ ਜਮਾਲ ਸ਼ਰੀਫ਼ ਚੌਂਕ ਗਿਆ, ਪਰ ਹਾਫਿਜ਼ ਇਕਬਾਲ ਜਿਵੇਂ ਇਸ ਇੰਕਸ਼ਾਫ਼ ਦੀ ਹੋਰ ਤਫਸੀਲ 'ਚ ਨਹੀਂ ਸੀ ਜਾਣਾ ਚਾਹੁੰਦਾ ਤੇ ਅਮੀਰ ਮੁਹੰਮਦ ਜਮਾਲ ਸ਼ਰੀਫ ਦੀ ਭੈਣ ਦਾ ਪੁੱਤਰ ਸੀ | ਸੋ ਅਮੀਰ ਮੁਹੰਮਦ ਦਾ ਹਾਫਿਜ਼ ਇਕਬਾਲ ਨਾਲ ਰਿਸ਼ਤਾ ਦੂਰ ਦਾ ਹੀ ਬਣਦਾ ਸੀ | ਘੱਟ ਈ ਮਿਲੇ ਸਨ | ਨਾਲੇ ਬੜੇ ਗਰੀਬ ਪਰਿਵਾਰ ਦੇ ਸਨ, ਦੂਜੇ ਸ਼ਹਿਰ 'ਚ ਰਹਿੰਦੇ ਸਨ | ਸੋ, ਗੱਲ ਨਿਪਟਾਣ ਲਈ ਹਾਫਿਜ਼ ਇਕਬਾਲ ਨੇ ਮੁਖਤਸਰ ਕਿਹਾ, ਭਾਈ ਜਾਨ, ਮੈਨੂੰ ਤੇ ਐਵੇਂ ਹੀ ਯਾਦ ਆਇਐ.. ਬਈ ਕੋਈ ਠੇਕੇਦਾਰਾਂ ਦਾ ਈ ਸਾਮਾਨ ਵਗੈਰਾ ਲੈਣ ਆਇਆ ਸੀ ਦੋਬਾਰਾ ਰੌਲਿਆਂ ਦੇ ਦੌਰਾਨ ਈ, ਸ਼ਾਇਦ ਕਿਸੇ ਜ਼ਿਕਰ ਕੀਤਾ ਮੈਨੂੰ, ਤੇ ਵਾਪਸ ਮੁੜ ਗਿਆ | ਕੋਈ ਪੱਕੀ ਵੀ ਯਾਦ ਨਹੀਂ, ਪੁਰਾਣੀ ਗੱਲ ਐ... ਤਾਂ ਹੀ ਕਹਿਐ, ਬਈ ਮਰਜ਼ੀ ਨਾਲ ਹੀ ਗਿਐ ਤੇ ਤੁਸੀਂ ਹੋਰ ਮਸਲਿਆਂ ਵਾਸਤੇ ਗੰਭੀਰ ਹੋਵੇ, ਇਹ ਤੇ ਕੋਈ...... |'
ਓਏ ਯਾਰ, ਮੇਰੇ ਵਾਸਤੇ ਇਹ ਵੀ ਇੰਪਾਰਟਟੈਂਟ ਮਸਲੈ | ਫਿਰ ਸੱਚ ਗੱਲ ਦੱਸਾਂ, ਦਿਲੋਂ ਮੈਂ ਇਸ ਗੱਲੋਂ ਪ੍ਰੇਸ਼ਾਨ ਨਹੀਂ ਕਿ ਉਹ ਪਾਕਿਸਤਾਨ 'ਚ ਕਿਉਂ ਨਹੀਂ | ਹਿੰਦੋਸਤਾਨ 'ਚ ਮੌਕੇ ਜ਼ਿਆਦਾ ਹੈਨ, ਵੱਡਾ ਮੁਲਕ ਐ ਤੇ ਵਧਣ ਫੁੱਲਣ ਦੇ ਮੌਕੇ ਵੀ ਜ਼ਿਆਦਾ ਨੇ | ਉੱਥੇ ਸੈਟਲ ਮੁਸਲਮਾਨਾਂ ਕੋਲ ਇੱਥੇ ਪਾਕਿਸਤਾਨ ਤੋਂ ਵੱਧ ਮੌਕੇ ਹੈਨ, ਪਰ ਖੂਨ ਖੌਲਦੈ, ਇਸ ਗੱਲ ਤੋਂ ਕਿ ਉਹ ਸਿੱਖ ਬਣ ਗਿਐ | ਉਨ੍ਹਾਂ ਠੇਕੇਦਾਰਾਂ ਦੀ ਕਮੀਨੀ ਹਰਕਤ ਕਿ ਉਸ ਦਾ ਧਰਮ ਬਦਲ ਦੇਣ | ਉਨ੍ਹਾਂ ਜ਼ਰੂਰ ਉਸ ਨੂੰ ਇਕੱਲਾ ਹੋਣ ਕਰਕੇ ਪਰੈਸ਼ਰ ਬਣਾ ਕੇ ਮਜਬੂਰ ਕਰ ਦਿੱਤਾ ਹੋਸੀ ਕਿ ਉਹ ਸਰਦਾਰ ਬਣ ਗਿਆ | ਇਹ ਖ਼ਬਰ ਜਦ ਦੀ ਸੁਣੀ ਐ ਮੈਂ ਅਪਸੈਟ ਆਂ ਤੇ ਸੱਚੀ ਗੱਲ ਏ ਕਿ ਮੇਰਾ ਇਸ ਡੈਲੀਗੇਸ਼ਨ ਨਾਲ ਜਾਣ ਵਾਸਤੇ ਆਪਣਾ ਨਾਂਅ ਪਵਾਉਣ ਦਾ ਇਕ ਮਕਸਦ ਇਹ ਵੀ ਹੈ | ਮੇਰੇ ਕੋਲ ਪੂਰਾ ਐਡਰਸ ਉਨ੍ਹਾਂ ਠੇਕੇਦਾਰਾਂ ਦਾ ਹੈ, ਅੰਬਾਲੇ ਦਾ ਤੇ ਵੀਜ਼ਾ ਵੀ ਉੱਥੇ ਜਾਣ ਦਾ ਇੰਤਜ਼ਾਮ ਕਰ ਲਿਐ ਦੋ ਦਿਨ ਵਾਧੂ ਹਨ ਮੇਰੇ ਕੋਲ | ਜੇ ਉਨ੍ਹਾਂ ਨੇ ਮੇਰੇ ਭਾਣਜੇ ਨਾਲ ਧੱਕਾ ਕੀਤੈ, ਤੇ ਮੈਂ ਵੀ ਉਨ੍ਹਾਂ ਦੀਆਂ ਮੁਸ਼ਕਾਂ... ਇੱਥੇ ਪਾਕਿਸਤਾਨ 'ਚ ਬਹਿ ਕੇ ਕੱਸਣੋਂ ਕੋਈ ਕਸਰ ਨਹੀਂ ਛੱਡਣੀ | ਇਕ ਵਾਰ ਮੈਨੂੰ ਉੱਥੋਂ ਹੋ ਕੇ ਆਣ ਦੇ | ਮੈਂ ਡਿਪਲੋਮੈਟਿਕ ਸੋਰਸਿਜ਼ ਨਾਲ ਉਨ੍ਹਾਂ ਤੇ ਐਸਾ ਕੇਸ ਬਣਾਵਾਂਗਾ ਕਿ ਯਾਦ ਰੱਖਣ, ਕਿ ਕਿਸ ਆਜ਼ਾਦ ਪਾਕਿਸਤਾਨ ਦੇ ਦਮਦਾਰ ਸਿਆਸੀ ਸਮਰੱਥ ਕਾਰਕੁੰਨ ਨਾਲ ਪਾਲਾ ਪਿਆ ਸੀ |
'ਪੁਸ਼ਤਾਂ ਦਰ ਪੁਸ਼ਤਾਂ, ਸੇਵਾ ਕੀਤੀ ਐ, ਇਨ੍ਹਾਂ ਸਰਦਾਰਾਂ ਦੀ, ਹੁਣ ਕਿਉਂ ਕਰੇ ਮੇਰਾ ਭਾਣਜਾ ਇਨ੍ਹਾਂ ਦੀ ਤਿਮਾਰਦਾਰੀ, ਨਹੀਂ ਕਰਨੀ, ਇਕ ਵਾਰੀ ਮਿਲ ਕੇ ਆ ਲੈਣ ਦੇ ਅਮੀਰ ਮੁਹੰਮਦ ਨੂੰ ਫਿਰ ਦੇਖੀਂ ਕਮਾਲ, ਜਮਾਲ ਸ਼ਰੀਫ ਦਾ | ਅੱਛਾ ਚੱਲ ਤੂੰ, ਬਸ ਕੁਝ ਕੁ ਦੇਰ 'ਚ ਅਸੀਂ ਰਵਾਨਾ ਹੋ ਜਾਵਾਂਗੇ ਖੁਦਾ ਹਾਫਿਜ਼.… |'
'ਅੱਛਾ ਭਾਈ ਜਾਨ….ਖੁਦਾ ਹਾਫਿਜ਼', ਕਹਿ ਕੇ ਹਾਫਿਜ਼ ਇਕਬਾਲ ਨੇ ਜਮਾਲ ਸ਼ਰੀਫ਼ ਤੋਂ ਇਜਾਜ਼ਤ ਲਈ |
ਭਾਰਤ ਪਹੁੰਚ  ਕੇ ਪੀਸ ਡੈਲੀਗੇਸ਼ਨ ਦੀਆਂ ਮੀਟਿੰਗਾਂ 3-4 ਦਿਨ 'ਚ ਖਤਮ ਕਰਨ ਉਪਰੰਤ ਜਮਾਲ ਸ਼ਰੀਫ ਅੰਬਾਲੇ ਪਹੁੰਚ ਗਏ | ਜਮਾਲ ਸ਼ਰੀਫ ਦਾ ਸਵੈ-ਵਿਸ਼ਵਾਸ ਹੋਰ ਵੀ ਵੱਧ ਗਿਆ, ਜਦੋਂ ਪਹਿਲਾਂ ਪਤਾ ਕਰਵਾਇਆ ਐਡਰੈੱਸ ਬਿਲਕੁਲ ਸਹੀ ਨਿਕਲਿਆ ਤੇ ਸ਼ਹਿਰ 'ਚ ਪਹੁੰਚਣ ਤੋਂ 20-25 ਮਿੰਟਾਂ 'ਚ ਉਹ ਠੇਕੇਦਾਰ ਭਗਵਾਨ ਸਿੰਘ ਦੇ ਘਰ ਬੈਠਾ ਸੀ |
ਇਤਫ਼ਾਕਨ ਭਗਵਾਨ ਸਿੰਘ ਘਰ ਹੀ ਸੀ | ਪਰ ਜਮਾਲ ਸ਼ਰੀਫ ਹੈਰਾਨ ਸੀ ਕਿ ਉਨ੍ਹਾਂ ਦੀ ਠਾਠ-ਬਾਠ ਉਤਨੀ 'ਤੇ ਨਹੀਂ ਸੀ ਹੋ ਸਕਦੀ, ਜਿਤਨੀ ਰਾਵਲਪਿੰਡੀ 'ਚ ਸੀ, ਪਰ ਫਿਰ ਵੀ ਚੰਗਾ ਵੱਡਾ ਘਰ, ਮੁਸਲਮਾਨੀ ਹੀ ਲੱਗਦਾ ਸੀ, ਜਿਸ 'ਚ ਉਹ ਰਹਿ ਰਹੇ ਸਨ ਤੇ ਜਦੋਂ ਆਉਂਦਿਆਂ ਹੀ ਉਹਨੇ ਦੱਸਿਆ ਕਿ ਉਹ ਅਮੀਰ ਮੁਹੰਮਦ ਦਾ ਮਾਮਾ ਹੈ ਤਾਂ ਉਹ ਖ਼ੁਸ਼ ਹੋਏ, ਚੌਂਕੇ ਨਹੀਂ | ਭਗਵਾਨ ਸਿੰਘ ਨੇ ਸੰਕੇਤਕ ਤੌਰ ਤੇ ਜਮਾਲ ਸ਼ਰੀਫ ਨੂੰ ਪਹਿਚਾਣ ਲੈਣ ਦਾ ਪ੍ਰਗਟਾਵਾ ਵੀ ਕੀਤਾ, ਜਿਵੇਂ ਕਿ ਖ਼ਾਨਦਾਨੀ ਲੋਕ, ਸੰਸਕਾਰੀ ਸੇਧ ਕਰਕੇ ਫ਼ਰਜ਼ ਸਮਝਦਿਆਂ ਕਿਸੇ ਵੀ ਦੂਰੋਂ ਆਉਣ ਵਾਲੇ ਮਹਿਮਾਨ ਨੂੰ ਇੱਜ਼ਤ ਦਿਆ ਕਰਦੇ ਹਨ | ਪਰ ਆਪਣੇ ਆਪ ਨੂੰ ਸ਼ਾਇਦ ਅਸਲ ਤੋਂ ਵੱਧ ਸਿਆਸੀ ਤੌਰ ਤੇ ਸਮਰੱਥ ਸਮਝਦਿਆਂ ਜਮਾਲ ਸ਼ਰੀਫ ਫੋਕੀ ਜਿਹੀ ਟੈਂ ਦਾ ਪ੍ਰਗਟਾਵਾ ਗੱਲਬਾਤ 'ਚ ਕਰ ਰਿਹਾ ਸੀ | ਉਹ ਹੈਰਾਨ ਵੀ ਸੀ ਤੇ ਉਹਨੂੰ ਇਸ ਗੱਲ ਦਾ ਮਨ ਹੀ ਮਨ ਕੁਝ ਗੁੱਸਾ ਜਿਹਾ ਵੀ ਆ ਰਿਹਾ ਸੀ ਕਿ ਉਹ ਉਸ ਦੀ ਮੌਜੂਦਾ ਹਸਤੀ ਬਾਰੇ ਤਫਸੀਲ 'ਚ ਪੁੱਛ ਗਿੱਛ ਹੀ ਨਹੀਂ ਰਹੇ |
ਸੋ, ਉਸ ਨੇ ਕਟਾਖਸ਼ ਜਿਹਾ ਮਾਰਦਿਆਂ ਕਿਹਾ, 'ਠੇਕੇਦਾਰ ਸਾਹਿਬ ਘਰ ਤਾਂ ਤੁਹਾਨੂੰ ਚੰਗਾ ਵੱਡਾ ਮਿਲ ਗਇਐ, ਆਪ ਤਾਮੀਰ ਕੀਤੈ?'
'ਨਾ ਜੀ, ਇਹ ਕਲੇਮ 'ਚ ਐਲਾਟ ਹੋਇਆ ਸੀ, ਬੱਸ ਠੀਕ ਠਾਕ ਕਰ ਲਇਐ, ਠੀਕ ਹੈ, ਅੱਛਾ ਹੈ |'
'ਤੇ, ਕੰਮ ਕਾਰ!'
'ਬਹੁਤ ਅੱਛਾ ਹੈ ਮਾਲਿਕ ਦੀ ਕਿਰਪਾ ਹੈ | ਅਸੀਂ ਹੁਣ ਇੱਥੇ ਸਬਜ਼ੀ ਮੰਡੀ 'ਚ ਆੜ੍ਹਤੀ ਹਾਂ, ਸਾਡਾ ਸਬਜ਼ੀ ਫਲਾਂ ਦਾ ਆੜ੍ਹਤ ਦਾ ਬੜਾ ਅੱਛਾ ਕੰਮ ਹੈ | ਭਗਵਾਨ ਸਿੰਘ ਨੇ ਪੰਜਾਬੀ ਤੇ ਪੋਠੋਹਾਰੀ ਦਿਲਦਾਰੀ ਤੇ ਜ਼ਿੰਦਾਦਿਲੀ ਨੂੰ ਆਪਣੇ ਅਲਫਾਜ਼ ਤੇ ਅੰਦਾਜ਼ 'ਚ ਤਾਜ਼ਗੀ ਨਾਲ ਕਾਇਮ ਰੱਖਦਿਆਂ ਕਿਹਾ ਤੇ ਨਾਲ ਹੀ, ਇਹ ਜਾਣ ਕੇ ਕਿ ਆਉਣ ਵਾਲਾ ਵੀ ਆਪਣੀ ਹਸਤੀ ਦੱਸਣ ਲਈ ਹੀ ਇਹ ਸਵਾਲ ਕਰ ਰਿਹਾ ਸੀ, ਪੁੱਛ ਲਿਆ, 'ਤੁਹਾਡਾ ਕੀ ਸ਼ੁਗਲ ਹੈ ਉੱਥੇ?'
'ਅੱਲਾਹ ਦਾ ਫਜ਼ਲ ਹੈ | ਮੈਂ ਸਿਆਸੀ ਤੌਰ ਤੇ ਬੜਾ ਸਮਰੱਥ ਹਾਂ ਜੀ | ਸਰਕਾਰੇ ਦਰਬਾਰੇ ਖੂਬ ਚੱਲਦੀ ਹੈ | ਹੁਣ ਵੀ ਤੁਹਾਨੂੰ ਦੱਸਿਐ ਬਈ ਕੌਮੀ ਪੀਸ ਡੈਲੀਗੇਸ਼ਨ ਨਾਲ ਮੈਂਬਰ ਦੀ ਹੈਸੀਅਤ 'ਚ ਸਰਕਾਰੀ ਖਰਚੇ 'ਤੇ ਇੱਥੇ ਆਇਆ ਹਾਂ | ਵੈਸੇ ਬਿਲਡਿੰਗ ਕੰਟਰੈਕਟਰ ਹਾਂ | ਸਰਕਾਰੀ ਠੇਕੇ ਲੈਂਦਾ ਹਾਂ, ਇਕ ਬੰਦਾ ਪਾਰਟਨਰ ਹੈ, ਚੰਗੀ ਕਮਾਈ ਹੋ ਜਾਂਦੀ ਹੈ  | ਕੋਈ ਕਮੀ ਨਹੀਂ, ਅੱਲਾ ਦੀ ਫੁੱਲ ਕਿਰਪਾ ਹੈ |'
'ਬਹੁਤ ਅੱਛੇ....!'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 98155-09390

Ad Position 22
No active advertisement
ਪਿਛਲੀ ਖ਼ਬਰ ਉਦੈ ਸਿੰਘ 'ਸ਼ਾਇਕ' (1895 ਤੋਂ 1987 ਤੱਕ) ਅਗਲੀ ਖ਼ਬਰ ਲਪਟਾਂ
Ad Position 24