30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

Ad Position 21
No active advertisement
ਅਜੀਤ ਡੈਸਕ 30-08-2026


ਇਕ ਨਵੰਬਰ 1957 ਨੂੰ  ਇਤਿਹਾਸਕ ਮਹੱਤਵ ਵਾਲੇ ਕਸਬੇ ਤਲਵੰਡੀ ਸਾਬੋ ਵਿਚ ਪੈਦਾ ਹੋਇਆ ਰਣਬੀਰ ਰਾਣਾ ਚੜ੍ਹਦੀ ਦਿਸ਼ਾ ਤੋਂ ਵਰ ਲੈ ਕੇ ਗ਼ਜ਼ਲ ਲਿਖਣ ਵਾਲਾ ਗ਼ਜ਼ਲਕਾਰ ਹੈ | ਸਾਦਗੀ ਤੇ ਸਰਲਤਾ ਉਸ ਦੀਆਂ ਗ਼ਜ਼ਲਾਂ ਦਾ ਵਿਸ਼ੇਸ਼ ਗੁਣ ਹੈ | ਉਹ ਜਾਣਦਾ ਹੈ ਮੁਹੱਬਤ ਵੀ ਜ਼ਿੰਦਗੀ ਦਾ ਜ਼ਰੂਰੀ ਤੱਤ ਹੈ ਤੇ ਵਕਤ ਦੇ ਹਾਣ ਦਾ ਲਿਖਣਾ ਵੀ ਅਜੋਕੇ ਦੌਰ ਦੀ ਜ਼ਰੂਰਤ ਹੈ | ਉਸ ਨੇ ਜ਼ਿੰਦਗੀ ਵਿਚ ਤੰਗੀਆਂ ਤੁਰਸ਼ੀਆਂ ਵੀ ਦੇਖੀਆਂ ਹਨ ਤੇ ਸੁਖ਼ਾਲੇ ਸਮੇਂ ਵੀ ਦੇਖੇ ਹਨ | ਉਸ ਦੇ ਸ਼ਿਅਰਾਂ ਵਿਚ ਇਨ੍ਹਾਂ ਦੋਹਾਂ ਦਾ ਰਲਵਾਂ ਮਿਲਵਾਂ ਪ੍ਰਭਾਵ ਦੇਖਿਆ ਜਾ ਸਕਦਾ ਹੈ | ਜੀਵਨ ਭਰ ਸੰਘਰਸ਼ਸ਼ੀਲ ਰਹੇ ਰਾਣਾ ਦੇ ਤਿੰਨ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ | ਉਸ ਨੇ ਰੇਖਾ ਚਿੱਤਰ ਵੀ ਲਿਖੇ ਹਨ ਤੇ ਸਾਹਿਤਕ ਸੰਗਠਨ ਵੀ ਬਣਾਏ ਹਨ | ਜੀਵਨ ਬਸਰ ਕਰਨ ਲਈ ਉਸ ਨੇ ਵੱਖ ਵੱਖ ਥਾਵਾਂ 'ਤੇ ਭਿੰਨ ਭਿੰਨ ਸੇਵਾਵਾਂ ਦਿੱਤੀਆਂ ਹਨ ਤੇ ਉਹ ਅੰਮਿ੍ਤਸਰ ਤੋਂ ਸੈਨੇਟਰੀ ਇੰਸਪੈਕਟਰ ਵਜੋਂ ਭਾਰ-ਮੁਕਤ ਹੋਇਆ ਹੈ | ਪੇਸ਼ ਹਨ ਰਣਬੀਰ ਰਾਣਾ ਦੀਆਂ ਦੋ ਗ਼ਜ਼ਲਾਂ-                                    
-ਮੋਬਾਈਲ : 99884-44002

ਅੰਬਰ 'ਚ ਰੋਜ਼ ਹੀ ਮੈਂ ਚਾਨਣ ਦੀ ਲੀਕ ਤੱਕਾਂ |
ਚਾਨਣ ਦੇ ਨਾਲ ਰਿਸ਼ਤਾ ਅਪਣਾ ਬਾਰੀਕ ਤੱਕਾਂ | 

ਸੁੰਨੇ ਬਨੇਰਿਆਂ 'ਤੇ ਹੁਣ ਦੀਪ ਬਾਲ ਦੇਵੋ,
ਨ੍ਹੇਰੇ ਦਾ ਅੰਤ ਹੁੰਦਾ ਮੈਂ ਅੰਤ ਤੀਕ ਤੱਕਾਂ | 

ਹਰ ਦਿਲ 'ਚ ਰੌਸ਼ਨੀ ਨੇ ਇਉਂ ਰੰਗ ਨੇ ਬਿਖੇਰੇ,
ਹਰ ਦਿਲ ਹੀ ਰੌਸ਼ਨੀ ਦਾ ਮੈਂ ਹੁਣ ਰਫ਼ੀਕ ਤੱਕਾਂ | 

ਰੌਣਕ ਹੈ ਚਿਹਰਿਆਂ 'ਤੇ ਵੱਖਰਾ ਸਰੂਰ ਆਇਆ,
ਮਹਿਫ਼ਿਲ 'ਚ ਪੈਣ ਗਿੱਧੇ, ਹਾਸੇ ਵਧੀਕ ਤੱਕਾਂ | 

ਤੇਰੇ ਬਗ਼ੈਰ ਹਾਸੇ ਮੇਰੇ ਨੇ ਨਾਲ ਰੁੱਸੇ,
ਦਿਲ ਦੇ ਸਫ਼ੇ 'ਤੇ ਤੇਰਾ ਚਿਹਰਾ ਉਲੀਕ ਤੱਕਾਂ | 

ਜੀਵਨ 'ਚ ਜੂਝਣਾ ਹੀ ਮੇਰਾ ਅਸੂਲ 'ਰਾਣੇ',
ਨ੍ਹੇਰੇ ਖ਼ਿਲਾਫ਼ ਲੜਦਾ ਮੈਂ ਖ਼ੁਦ ਨੂੰ  ਠੀਕ ਤੱਕਾਂ |


ਅਪਣੇ ਰਿਸ਼ਤੇ ਵਫ਼ਾ ਨਹੀਂ ਹੋਏ¢
ਫਿਰ ਵੀ ਆਪਾਂ ਜੁਦਾ ਨਹੀਂ ਹੋਏ¢ 

ਮੌਤ ਆਈ ਵਿਛਾ ਗਈ ਸੱਥਰ,
ਇਸ਼ਕ ਜਜ਼ਬੇ ਮਿਟਾ ਨਹੀਂ ਹੋਏ¢ 

ਮਹਿਕ ਤੇਰੇ ਖ਼ਿਆਲ ਦੀ ਆਈ,
ਦਿਲ ਦੇ ਰਿਸ਼ਤੇ ਹਵਾ ਨਹੀਂ ਹੋਏ¢ 

ਗ਼ਮ ਹਨ੍ਹੇਰੀ ਸਦਾ ਰਹੀ ਵਗਦੀ,
ਮੋਹ ਦੇ ਦੀਪਕ ਬੁਝਾ ਨਹੀਂ ਹੋਏ¢ 

ਮਨ ਦਾ ਡਰ ਹੀ ਡਰਾ ਰਿਹਾ ਸਾਨੂੰ,
ਕੋਈ ਏਥੇ ਖ਼ੁਦਾ ਨਹੀਂ ਹੋਏ¢ 

ਉਸਨੇ ਮੁੜਕੇ ਕਦੇ ਨਹੀਂ ਆਉਣਾ,
ਦਰਦ ਉਸ ਨੂੰ  ਸੁਣਾ ਨਹੀਂ ਹੋਏ¢ 

'ਰਾਣਾ' ਮੈਨੂੰ ਨਜ਼ਰ ਨਹੀਂ ਆਇਆ,
ਨਕਸ਼ ਉਸਦੇ ਭੁਲਾ ਨਹੀਂ ਹੋਏ¢

Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਬਖਤਾਵਰ ਸਿੰਘ ਦੀ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਰੱਖੜੀ ਮੌਕੇ ਮੇਅਰ ਵਨੀਤ ਧੀਰ ਵਲੋਂ ਵਿਸ਼ੇਸ਼ ਸਮਾਗਮ , ਵੱਡੀ ਗਿਣਤੀ ’ ਚ ਮਹਿਲਾਵਾਂ ਨੇ ਮੇਅਰ ਨੂੰ ਬੰਨ੍ਹੀਆਂ ਰੱਖੜੀਆਂ
Ad Position 24