30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੋਹਭੰਗ

ਮੋਹਭੰਗ

Ad Position 21
No active advertisement
ਅਜੀਤ ਡੈਸਕ 30-08-2026

ਮਿਹਰਬਾਨ ਸਿੰਘ ਆਪਣੇ ਪਿੰਡ ਨੂੰ ਬਹੁਤ ਮੋਹ ਕਰਦਾ ਸੀ | ਉਹ ਇਸੇ ਮਿੱਟੀ ਵਿਚ ਪਲਿਆ, ਪੜਿ੍ਹਆ ਤੇ ਅਫ਼ਸਰ ਬਣਿਆ ਸੀ | ਮਿਹਰਬਾਨ ਨਿਹਾਇਤ ਸਲੀਕੇ ਵਾਲਾ ਇਨਸਾਨ ਸੀ | ਉਹ ਸਦਾ ਤਰਕ ਨਾਲ ਗੱਲ ਕਰਦਾ | ਉਸ ਦੀ ਘਰਵਾਲੀ ਤੇ ਬੱਚਿਆਂ ਨੇ ਉਸ ਨੂੰ ਬੜੀ ਵਾਰ ਕਿਹਾ ਕਿ ਸ਼ਹਿਰ ਵਾਲੇ ਪਲਾਟ ਵਿਚ ਕੋਠੀ ਪਾ ਲੈਨੇ ਆਂ ਪਰ ਉਹ ਆਪਣੇ ਪਿੰਡ ਦੀ ਖਾਸੀਅਤ ਬਿਆਨ ਕਰਦਾ ਨਾ ਥੱਕਦਾ | ਉਹ ਹਮੇਸ਼ਾ ਕਹਿੰਦਾ ਮੇਰੇ ਪੰਜਾਬ ਦੇ ਪਿੰਡਾਂ ਵਰਗੀਆਂ ਰੁੱਤਾਂ ਤਾਂ ਸਵਰਗ ਵਿਚ ਵੀ ਨਹੀਂ ਹੋਣੀਆਂ...ਇਹ ਰੌਣਕਾਂ,ਬਦਲਦੇ ਨਜ਼ਾਰੇ ਬੜੇ ਹੀ ਮਨਭਾਉਣੇ ਹਨ | ਇਹ ਹੋਰ ਕਿਤੇ ਨਹੀਂ ਨਸੀਬ ਹੋਣੇ | ਉਹ ਬੱਚਿਆਂ ਨੂੰ ਨਸੀਹਤ ਦਿੰਦਾ ਕਿ ਬਾਹਰ ਕੈਨੇਡਾ ਵਰਗੇ ਮੁਲਕਾਂ 'ਚ ਦੇਖੋ ਸਾਰਾ ਸਾਲ ਠੰਢ ਪਈ ਜਾਂਦੀ ਹੈ …ਕਿਤੇ ਰਾਤ ਹੀ ਨਹੀ ਹੁੰਦੀ | ਉਹ ਪਿੰਡ ਛੱਡਣ ਲਈ ਰਾਜ਼ੀ ਨਾ ਹੁੰਦਾ |
“ਕਿਵੇਂ ਆ ਅਫ਼ਸਰਾ ?” ਉਸ ਦਾ ਕਲਾਸਮੇਟ ਲਖਵੀਰ ਉਸ ਨੂੰ ਚਾਰ ਬੰਦਿਆਂ ਵਿਚ ਬੈਠੇ ਨੂੰ  ਪੁੱਛਦਾ ਤਾਂ ਉਹਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ | ਉਸ ਨੂੰ ਲੱਗਦਾ ਕਿ ਸਾਰੇ ਉਸ ਦਾ ਸਤਿਕਾਰ ਕਰਦੇ ਹਨ ਪਰ ਉਹ ਇਹ ਨਹੀਂ ਜਾਣਦਾ ਸੀ ਕਿ ਲਖਵੀਰ ਤੇ ਹੋਰ ਵੀ ਕਈ ਉਸ ਦੀ ਤਰੱਕੀ ਵੇਖ ਕੇ ਉਸ ਨਾਲ ਖ਼ਾਰ ਖਾਂਦੇ, ਸੜਦੇ, ਅੰਦਰੋ-ਅੰਦਰੀ ਕੁੜ੍ਹਦੇ ਰਹਿੰਦੇ ਹਨ | ਉਸ ਦੀ ਪਿੱਠ ਪਿੱਛੇ ਉਸ ਨੂੰ ਚੰਗਾ ਮੰਦਾ ਬੋਲਦੇ ਸਨ | ਲਖਵੀਰ ਦਸਵੀਂ ਵਿਚੋਂ ਫ਼ੇਲ ਹੋ ਕੇ ਖੇਤੀ ਕਰਨ ਲੱਗ ਗਿਆ ਸੀ ਜਦ ਕਿ ਮਿਹਰਬਾਨ ਆਪਣੀ ਮਿਹਨਤ ਸਦਕਾ ਬੈਂਕ ਵਿਚ ਮੈਨੇਜਰ ਲੱਗ ਗਿਆ ਸੀ |
ਕੱਲ੍ਹ ਬੈਂਕ ਤੋਂ ਮੁੜਦਿਆਂ ਮਿਹਰਬਾਨ ਦੀ ਕਾਰ ਵਿਚ ਪਿੰਡ ਦੇ ਮੋੜ 'ਤੇ ਸ਼ਰਾਬੀ ਜੈਲੇ ਨੇ ਆਪਣਾ ਮੋਟਰਸਾਈਕਲ ਮਾਰ ਦਿੱਤਾ | ਕਾਰ ਤੇ ਮੋਟਰਸਾਈਕਲ ਦੋਵੇਂ ਹੀ ਨੁਕਸਾਨੇ ਗਏ | ਮਾਹੌਲ ਪਲਾਂ ਵਿਚ ਹੀ ਤਣਾਅਪੂਰਵਕ ਹੋ ਗਿਆ | ਦੋਵਾਂ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ | ਲੋਕ ਇਕੱਠੇ ਹੋ ਗਏ | ਬਹੁਤੇ ਜਣੇ ਜੈਲੇ ਦਾ ਪੱਖ ਲੈਣ ਲੱਗੇ | ਜੈਲਾ ਸ਼ਰਾਬੀ ਹੋਇਆ, ਉੱਚੀ-ਉੱਚੀ ਬੇਲਗਾਮ ਹੋਇਆ ਬੋਲ ਰਿਹਾ ਸੀ |
'ਤੁਸੀਂ ਸਿਆਣੇ ਹੋ, ਚਾਰ ਪੈਸੇ ਦੇ ਕੇ ਰਫ਼ਾ ਦਫ਼ਾ ਕਰੋ |' ਮੌਕੇ 'ਤੇ ਕੱਠ 'ਚੋਂ ਕਿਸੇ ਬੰਦੇ ਨੇ ਮਿਹਰਬਾਨ ਨੂੰ ਕਿਹਾ |
ਮੇਰੀ ਕੋਈ ਗ਼ਲਤੀ ਨਹੀਂ, ਇਹ ਸ਼ਰਾਬੀ ਆ, ਇਹਨੇ ਗ਼ਲਤ ਪਾਸਿਓਾ ਆ ਕੇ ਮੇਰੀ ਕਾਰ ਵਿਚ ਮੋਟਰਸਾਈਕਲ ਮਾਰਿਆ...” ਮਿਹਰਬਾਨ ਵੀ ਆਪਣੀ ਗੱਲ 'ਤੇ ਅੜ ਗਿਆ  |
'ਚੱਲ ਕੋਈ ਨਾ...ਇਹ ਗ਼ਰੀਬ ਆ,…ਨਾਲੇ ਭਾਈ…ਤੇਰਾ ਬਸ ਏਨਾ ਕਸੂਰ ਹੈ…ਜੇ ਇਸ ਦੀ ਸ਼ਰਾਬ ਪੀਤੀ ਹੋਈ ਸੀ, ਤੂੰ ਤਾਂ ਸੋਫੀ ਸੀ ਭਾਈ! ਤੂੰ ਕਾਰ ਸਾਈਡ ਕਰ ਲੈਂਦਾ ਜਾਂ ਬ੍ਰੇਕ ਮਾਰ ਲੈਂਦਾ | ਤੈਨੂੰ ਮੁਆਵਜ਼ਾ ਦੇਣਾ ਪੈਣਾ ਏ ਇਸ ਨੂੰ |' ਨੰਬਰਦਾਰ ਮੱਖਣ ਸਿੰਘ ਵੀ ਆਪਣੇ ਤਰਕ ਦੇ ਕੇ ਜੈਲੇ ਦਾ ਪੱਖ ਪੂਰਨ ਲੱਗਾ | 
'ਨਿੱਤ ਸ਼ਰਾਬ ਪੀਣ ਨੂੰ ਤਾਂ ਇਹਦੇ ਕੋਲ ਪੈਸੇ ਹੈਗੇ ਆ...ਉਂਝ ਇਹ ਗ਼ਰੀਬ ਆ...ਸ਼ਰਾਬ ਵੇਖ ਕੇ ਤਾਂ ਇਸ ਦੀਆਂ ਲਾਲਾਂ ਡਿੱਗਣ ਲੱਗ ਜਾਂਦੀਆਂ ਨੇ...ਸਵੇਰੇ ਗੱਲ ਕਰਾਂਗੇ…ਏਸ ਦਾ ਨਸ਼ਾ ਉੱਤਰ ਜਾਊ ਨਾਲੇ |' ਮਿਹਰਬਾਨ ਇਹ ਕਹਿ ਕੇ ਉੱਥੋਂ ਚਲਾ ਗਿਆ | 
ਲਖਵੀਰ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਜੈਲੇ ਕੇ ਘਰ ਵੱਲ ਤੁਰ ਪਿਆ | “ਉਹ ਸਾਲਾ ਅਫ਼ਸਰੀ ਦਾ ਰੋਹਬ ਦਿਖਾਉਂਦਾ ਆ...'ਚੱਲ ਉੱਠ ਮੁੰਡੇ ਨਾਲ ਜਾ ਕੇ ਥਾਣੇ ਦਰਖਾਸਤ ਦੇ ਕੇ ਆ...ਨਾਲੇ ਲਿਖਾਂ ਦੇੲੀਂ ਕਿ ਉਹਦਾ ਮੁੰਡਾ ਵੀ ਨਾਲ ਸੀ,…ਉਸ ਨੇ ਵੀ ਗਾਲ੍ਹਾਂ ਕੱਢੀਆਂ ਤੇ ਤੇਰੇ ਗਲ਼ਮੇ ਨੂੰ ਹੱਥ ਪਾਇਆ | ਮੁੰਡੇ ਨੂੰ ਵੀ ਘੜੀਸ ਵਿਚ...ਫਿਰ ਅਕਲ ਆਊ ਸਾਲੇ ਨੂੰ |' ਲਖਵੀਰ ਨੂੰ ਮਸਾਂ ਮਿਹਰਬਾਨ ਪ੍ਰਤੀ ਆਪਣੀ ਭੜਾਸ ਕੱਢਣ ਦਾ ਮੌਕਾ ਮਿਲਿਆ ਸੀ | ਬਿਗਾਨੀ ਸ਼ਹਿ ਵਿਚ ਆ ਕੇ ਜੈਲੇ ਦਾ ਹੌਂਸਲਾ ਹੋਰ ਵਧ ਗਿਆ |
ਗੱਲ ਥਾਣੇ ਪਹੁੰਚ ਗਈ | ਤਫ਼ਤੀਸ਼ੀ ਅਫ਼ਸਰ ਨੇ ਪਿੰਡ ਦਾ ਮਸਲਾ ਹੋਣ ਕਰ ਕੇ ਪੱਕੀ ਦਰਖਾਸਤ ਨਾ ਲਿਖੀ | ਸਵੇਰੇ ਮਿਹਰਬਾਨ ਨੂੰ ਪਤਾ ਲੱਗਾ ਕਿ ਜੈਲਾ ਥਾਣੇ ਚਲਿਆ ਗਿਆ | ਏਨੇ ਨੂੰ ਮਿਹਰਬਾਨ ਨੂੰ ਵੀ ਪਰਵਾਨਾ ਭੇਜ ਥਾਣੇ ਬੁਲਾ ਲਿਆ ਗਿਆ | ਮਿਹਰਬਾਨ ਨੇ ਆਪਣੇ ਵਲੋਂ ਰਾਜ਼ੀਨਾਮੇ ਦੀ ਗੱਲ ਚਲਾਈ ਤਾਂ ਲਖਵੀਰ ਨੇ ਜੈਲੇ ਨੂੰ ਅੱਖਾਂ ਨਾਲ ਇਸ਼ਾਰਾ ਕਰ ਉਸ ਦੇ ਮੂੰਹੋਂ ਨਾਂਹ ਕਰਵਾ ਦਿੱਤੀ | ਜੈਲਾ ਸਵੇਰੇ ਹੀ ਵੱਖਰੀ ਹੀ ਲੋਰ ਵਿਚ ਸੀ | ਤਫ਼ਤੀਸ਼ੀ ਅਫ਼ਸਰ ਸਭ ਕਹਾਣੀ ਸਮਝ ਗਿਆ | ਉਸ ਨੇ ਜੈਲੇ ਨੂੰ ਦਬਕਾ ਮਾਰਦਿਆਂ ਇੱਕ ਮੁਲਾਜ਼ਮ ਨੂੰ ਹੁਕਮ ਦਿੱਤਾ “ਕਰਾਓ ਫੇਰ ਇਸ ਦਾ ਮੁਲ੍ਹਾਜ਼ਾ | ਜੈਲੇ ਤੇ ਲਖਵੀਰ ਨੂੰ ਹੱਥਾਂ ਪੈਰਾਂ ਦੀ ਪੈ ਗਈ | ਜੈਲਾ ਕੁਝ ਸ਼ਰਤਾਂ ਉੱਪਰ ਰਾਜ਼ੀਨਾਮੇ ਲਈ ਮੰਨ ਗਿਆ | ਮਿਹਰਬਾਨ ਨੇ ਮੋਹਤਬਰ ਬੰਦੇ ਵਿਚ ਪਾ ਕੇ ਪੈਸੇ ਦੇ ਕੇ ਜੈਲੇ ਨਾਲ ਰਾਜ਼ੀਨਾਮਾ ਕਰ ਮਸਾਂ ਆਪਣੀ ਜਾਨ ਛੁਡਾਈ ਤੇ ਆਪਣੀ ਗ਼ਲਤੀ ਨਾ ਹੁੰਦੇ ਹੋਏ ਵੀ ਜੈਲੇ ਕੋਲੋਂ ਭਰੀ ਪੰਚਾਇਤ 'ਚ ਮਾਫ਼ੀ ਮੰਗੀਂ | ਉਸ ਦਾ ਜ਼ਮੀਨ 'ਚ ਧਸ ਜਾਣ ਨੂੰ ਜੀਅ ਕਰੇ | 
ਮਿਹਰਬਾਨ ਨੂੰ ਘਰ ਆਉਂਦੇ ਹੋਏ ਰਾਹ 'ਚ ਪਿੰਡ ਵਾਲੇ ਮੋੜ ਵਾਲੇ ਠੇਕੇ 'ਤੇ ਜੈਲੇ ਤੇ ਲਖਵੀਰ ਨੂੰ ਦੇਖ ਕੇ ਹੋਰ ਵੀ ਦੁੱਖ ਹੋਇਆ | 
“ਸ਼ਹਿਰ ਵਾਲੇ ਪਲਾਟ 'ਤੇ ਕੋਠੀ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਕਰਦੇ ਆਂ |” ਆਪਣੀ ਘਰ ਵਾਲੀ ਨੂੰ ਕਹਿ ਕੇ ਮਹਿਰਬਾਨ ਸੋਫ਼ੇ 'ਤੇ ਸਿਰ ਫੜ੍ਹ ਕੇ ਬਹਿ ਗਿਆ |
-ਮੋਬਾਈਲ : 7837963067

Ad Position 22
No active advertisement
ਪਿਛਲੀ ਖ਼ਬਰ ਵੇਸਣ ਦੀ ਬਰਫ਼ੀ ਅਗਲੀ ਖ਼ਬਰ ਲੋਹੀਆਂ ਸ਼ਹਿਰ ਦੀ ਬਿਜਲੀ ਬੰਦ ਰਹੇਗੀ
Ad Position 24