13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇਹ ਕੌਣ ਹੈ ਜੋ ਬੂਹਾ ਖੜਕਾ ਰਿਹੈ

ਇਹ ਕੌਣ ਹੈ ਜੋ ਬੂਹਾ ਖੜਕਾ ਰਿਹੈ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

 

ਬਰਸਾਤ ਦੇ ਦਿਨ ਚੱਲ ਰਹੇ ਸਨ, ਥੋੜ੍ਹੀ-ਥੋੜ੍ਹੀ ਬਾਰਿਸ਼ ਹੋ ਰਹੀ ਸੀ | ਅਚਾਨਕ ਠੱਕ-ਠੱਕ ਦਰਵਾਜ਼ਾ ਖੜਕਣ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ | ਕੌਣ ਏ? ਆਉਨਾ, ਬੋਲ ਕੇ ਮੈਂ ਦਰਵਾਜ਼ੇ ਵੱਲ ਤੁਰ ਪਿਆ, ਸ਼ਾਇਦ ਕੋਈ ਅਜਨਬੀ ਰਸਤਾ ਭੁੱਲ ਗਿਆ ਹੋਣਾ, ਮੈਂ ਅੱਗੇ ਆ ਕੇ ਜਦ ਬੂਹਾ ਖੋਲਿ੍ਹਆ ਤਾਂ ਸੁੰਦਰ ਪਹਿਰਾਵੇ ਵਿਚ ਇਕ ਬਹੁਤ ਹੀ ਸੋਹਣੀ ਔਰਤ ਨੂੰ  ਸਾਹਮਣੇ ਵੇਖ ਕੇ ਮੈਂ ਪੁੱਛਿਆ, ਕੌਣ ਹੋ ਤੁਸੀਂ? ਕਿਸ ਨੂੰ  ਮਿਲਣਾ? ਉਸ ਨੇ ਮੁਸਕਰਾਉਂਦਿਆਂ  ਆਖਿਆ ਐੱਸ.ਪੀ. ਨੂੰ  ਮਿਲਣਾ, ਕੀ ਇਹ ਐੱਸ.ਪੀ ਦਾ ਹੀ ਘਰ ਹੈ? ਮੈਂ ਆਖਿਆ ਹਾਂ ਜੀ ਐੱਸ.ਪੀ. ਦਾ ਹੀ ਘਰ ਹੈ | ਮੈਂ ਹੀ ਐੱਸ.ਪੀ. ਹਾਂ ਹੁਕਮ ਕਰੋ ਜੀ | ਉਸ  ਨੇ ਹੱਸਦੇ ਆਖਿਆ ਕੀ ਹੁਕਮ ਕਰਨ ਲਈ ਮੈਨੂੰ ਦਰਵਾਜੇ ਵਿਚ ਹੀ ਖੜ੍ਹਨਾ ਪਊ ਜਾਂ ਅੰਦਰ ਬੁਲਾ ਕੇ ਚਾਹ ਪਾਣੀ ਨਾ ਪਿਲਾਉਣ ਦਾ ਕੋਈ ਵੱਖਰਾ ਹੀ ਰਿਵਾਜ ਹੈ ਤੁਹਾਡੇ ਵੱਲ…  | ਮੈਂ ਥੋੜਾ ਸੋਚੀਂ ਪੈ ਗਿਆ ਅਤੇ ਅੰਦਰ ਬੁਲਾ ਕੇ ਉਸ ਨੂੰ  ਬੈਠਕ ਵਿਚ ਬਿਠਾਇਆ, ਚਾਹ ਪਾਣੀ ਦੇ ਇੰਤਜਾਮ ਕਰਦਿਆਂ ਮਨ ਨੂੰ  ਸਵਾਲਾਂ ਨੇ ਘੇਰਿਆ ਹੋਇਆ ਸੀ ਕਿ ਕੌਣ ਹੈ, ਕਿਵੇਂ ਆਈ ਹੈ, ਕੀ ਕੰਮ ਹੋ ਸਕਦਾ ਹੈ ਇਸ ਨੂੰ  ਮੇਰੇ ਨਾਲ | ਇਨ੍ਹਾਂ ਸਵਾਲਾਂ ਦੇ ਘੇਰੇ ਵਿਚ ਮੈਂ ਉਸ ਲਈ ਚਾਹ ਦਾ ਕੱਪ ਤਿਆਰ ਕੀਤਾ ਤੇ ਉਸ ਦੇ ਸਾਹਮਣੇ ਕੁਝ ਬਿਸਕੁਟਾਂ ਨਾਲ ਪ੍ਰੋਸਿਆ | ਉਸ ਨੇ ਬੜੇ ਸਵਾਦ ਨਾਲ ਚਾਹ ਪੀਂਦਿਆ ਬਿਸਕੁਟਾਂ ਦਾ ਮਜ਼ਾ ਲੈਣਾ ਸ਼ੁਰੂ ਕੀਤਾ | ਉਸ ਦੇ ਚਾਹ ਪੀਂਦੇ ਪੀਂਦੇ ਮੈਂ ਆਖਿਆ, ਜੀ ਹੁਕਮ ਕਰੋ, ਐੱਸ.ਪੀ. ਨੂੰ  ਕਿਉਂ ਮਿਲਣਾ ਚਾਹੁੰਦੇ ਹੋ? 
ਐਨੀ ਵੀ ਕੀ ਕਾਹਲੀ ਹੈ? ਸਭ ਦੱਸਦੀ ਹਾਂ, ਉਸ ਨੇ ਇਹ ਕਿਹਾ ਤਾਂ ਮੇਰੇ ਕੋਲ ਕੋਈ ਹੋਰ ਅਲਫਾਜ਼ ਨਹੀਂ ਸੀ | ਮੈਂ ਚੁੱਪਚਾਪ ਬੈਠਾ ਸੋਚ ਰਿਹਾ ਸੀ ਕਿ ਅਜਿਹਾ ਕੀ ਖਾਸ ਕੰਮ ਹੋਵੇਗਾ? ਜੋ ਮੈਨੂੰ ਐਨੀ ਦੂਰੋਂ ਕੋਈ ਮਿਲਣ ਆਇਆ | ਉਸ ਨੇ ਚਾਹ ਖ਼ਤਮ ਕਰਕੇ ਕਿਹਾ ਮੈਂ ਕਮਲ ਆਂ ਪਟਿਆਲੇ ਤੋਂ, ਜੋ ਤੁਹਾਡੀ ਅਧੂਰੀ ਕਹਾਣੀ ਨੂੰ  ਕੁਝ ਚਾਨਣਾ ਤੇ ਸੁਨਹਿਰੀ ਅੰਤ ਦੇਣ ਆਈ ਹਾਂ | ਉਸ ਦੀਆਂ ਗੱਲਾਂ ਮੈਨੂੰ ਹੈਰਾਨ ਤੇ ਪ੍ਰੇਸ਼ਾਨ ਕਰ ਰਹੀਆਂ ਸਨ ਕਿ ਕੌਣ ਮੈਨੂੰ ਐਨੀ ਚੰਗੀ ਤਰ੍ਹਾਂ ਜਾਣ ਸਕਦੈ? ਜਦ ਮੈਂ ਪੁੱਛਿਆ ਕਿ ਤੁਹਾਨੂੰ ਮੇਰੇ ਬਾਰੇ ਐਨਾ ਕਿਵੇਂ ਪਤੈ, ਤਾਂ ਉਸ ਨੇ ਮਜ਼ਾਕੀਆ ਅੰਦਾਜ਼ ਵਿਚ ਕਿਹਾ, ਐੱਸ.ਪੀ. ਕਾਹਲੀ ਬਹੁਤ ਕਰਦੈਂ, ਸ਼ਾਇਦ ਇਹੀ ਇਕ ਤੇਰੇ 'ਚ ਨੁਕਸ ਹੈ ਜੋ ਤੂੰ ਕਦੇ ਦੂਰ ਨੀ ਕਰ ਸਕਿਆ | ਮੈਂ ਫਿਰ ਖਾਮੋਸ਼, ਕਿਸੇ ਵੀ ਅਲਫਾਜ਼ ਤੋਂ ਵਾਂਝਾ, ਚੁੱਪਚਾਪ ਚਾਹ ਦੇ ਖਾਲੀ ਕੱਪਾਂ ਵੱਲ ਵੇਖ ਰਿਹਾ ਸੀ | ਮਨ ਵਿਚ ਬੇਚੈਨੀ ਸੀ ਕਿ ਕੁਝ ਬੋਲਿਆ ਤਾਂ ਸੁਣਨਾ ਹੀ ਪਊ ਤੇ ਜੇ ਨਾ ਬੋਲਿਆ ਤਾਂ ਪ੍ਰੇਸ਼ਾਨੀ ਹੋਰ ਵਧੇਗੀ | 
ਮੇਰੇ ਚਿਹਰੇ ਦੇ ਹਾਵ-ਭਾਵ ਪੜ੍ਹ ਕੇ ਉਹ ਬੋਲੀ ਮੈਂ ਕਮਲ ਹਾਂ | ਕੌਣ ਕਮਲ? ਮੈਥੋਂ ਰਿਹਾ ਨਾ ਗਿਆ | ਪਰ ਫਿਰ ਚੁੱਪ ਹੋ ਗਿਆ | ਤੇਰੀ ਐੱਮ.ਐਸ.ਸੀ. ਵਾਲੀ ਮਨਿੰਦਰ ਦੀ ਸਹੇਲੀ | ਮਨ 'ਚ ਸਵਾਲ ਆਇਆ ਕਿ ਇਹ ਮਨਿੰਦਰ ਨੂੰ  ਕਿਵੇਂ ਜਾਣਦੀ ਹੈ? ਕੌਣ ਮਨਿੰਦਰ? ਮੈਂ ਕਾਹਲਾ ਪੈਂਦਿਆ ਉਸ ਤੋਂ ਪੁੱਛਿਆ | ਜ਼ਿਆਦਾ ਭੋਲ਼ਾ ਨਾ ਬਣ, ਐਨਾ ਭੋਲ਼ਾ ਹੈ ਨੀ ਤੂੰ, ਮੈਂ ਫਿਰ ਚੁੱਪ ਹੋ ਗਿਆ, ਪਰ ਮਨ ਵਿਚ ਲੱਖਾਂ ਸਵਾਲਾਂ ਨੇ ਮੈਨੂੰ ਘੇਰਾ ਪਾਇਆ ਹੋਇਆ ਸੀ | ਮੈਂ ਕਮਲ ਹਾਂ, ਮਨਿੰਦਰ ਦੀ ਬਹੁਤ ਨਜ਼ਦੀਕੀ ਦੋਸਤ, ਸਭ ਕੁਝ ਜਾਣਦੀ ਹਾਂ ਮੈਂ ਤੇਰੇ ਤੇ ਮਨਿੰਦਰ ਬਾਰੇ | ਮੈਂ ਫਿਰ ਚੁੱਪ, ਕੀ ਬੋਲ ਸਕਦਾ ਸੀ? ਮੈਂ ਕਿਹਾ ਜੀ  ਹਾਂ, ਮਨਿੰਦਰ ਮੇਰੀ ਬਹੁਤ ਵਧੀਆ ਦੋਸਤ ਸੀ, ਐੱਮ.ਐੱਸ.ਸੀ. ਵਿਚ ਅਸੀਂ ਇਕੱਠਿਆਂ ਯੂਨੀਵਰਸਿਟੀ ਦੀਆਂ ਐਕਟੀਵਿਟੀਜ਼ ਵਿਚ ਭਾਗ ਲਿਆ | ਮੈਂ ਤੇ ਮਨਿੰਦਰ, ਡੀ.ਡੀ. ਐਮ.ਸੀ. ਪੀ.ਏ.ਯੂ. ਦੇ ਮੈਂਬਰ ਸਾਂ ਅਤੇ ਮੈਂਬਰ ਹੋਣ ਕਾਰਨ ਅਸੀਂ ਬਹੁਤ ਹੀ ਵਧੀਆਂ ਦੋਸਤ ਸਾਂ | 
ਇਕੱਲੇ ਦੋਸਤ ਜਾਂ ਕੁਝ ਹੋਰ ਵੀ, ਕਮਲ ਨੇ ਮੈਨੂੰ ਮਜ਼ਾਕੀਆ ਅੰਦਾਜ਼ ਵਿਚ ਪੁੱਛਿਆ? ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਤੇ ਕੁਝ ਨਾ ਬੋਲ ਸਕਿਆ | ਐੱਸ.ਪੀ. ਤੇਰੀ ਇਕ ਗ਼ਲਤੀ ਨੇ ਪਤਾ ਨੀ ਕੀ ਕੁਝ ਬਰਬਾਦ ਕੀਤਾ | ਮੈਂ ਆਪਣੀਆਂ ਅੱਖਾਂ ਸ਼ਰਮ ਨਾਲ ਉੱਪਰ ਨਹੀਂ ਚੁੱਕ ਪਾ ਰਿਹਾ ਸੀ | ਹੁਣ ਤੂੰ ਆਪ ਦੱਸੇਂਗਾ ਜਾਂ ਮੈਂ ਦੱਸਾਂ | ਨਹੀਂ ਮੈਂ ਹੀ ਦੱਸਦਾਂ ਕਹਿ ਕੇ ਮੈਂ ਮੇਰੇ ਅਤੇ ਮਨਿੰਦਰ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਕਿਵੇਂ ਅਸੀਂ ਐੱਮ.ਐਸ.ਸੀ. ਦੇ ਦਿਨਾਂ ਦੌਰਾਨ ਬਹੁਤ ਹੀ ਵਧੀਆ ਦੋਸਤ ਹੋਣ ਤੋਂ ਬਾਅਦ ਇਕ-ਦੂਸਰੇ ਨੂੰ  ਬਹੁਤ ਪਸੰਦ ਕਰਨ ਲੱਗੇ ਸਾਂ ਅਤੇ ਜੀਵਨ ਸਾਥੀ ਬਣਨ ਦੀਆਂ ਕਸਮਾਂ ਖਾਧੀਆਂ | ਸੋਚਿਆ ਸੀ ਕਿ ਐਮ.ਐੱਸ.ਸੀ. ਤੋਂ ਬਾਅਦ ਅਸੀਂ ਵਿਆਹ ਦੇ ਬੰਧਨ 'ਚ ਬੱਝ ਜਾਵਾਂਗੇ | 
ਫਿਰ ਪ੍ਰੋਬਲਮ ਕਿੱਥੇ ਆਈ, ਕਮਲ ਨੇ ਮੈਨੂੰ ਬੜੇ ਗੰਭੀਰ ਲਹਿਜ਼ੇ ਵਿਚ ਪੁੱਛਿਆ? ਪ੍ਰੋਬਲਮ ਬਸ ਸਮਾਜ ਦੀ ਸੋਚ ਵਿਚ ਸੀ, ਮੈਂ ਇਕ ਗ਼ਰੀਬ ਮਿਹਨਤਕਸ਼ ਪਰਿਵਾਰ 'ਚੋਂ ਸੀ, ਪਰ ਮਨਿੰਦਰ ਅਮੀਰ ਘਰਾਣੇ ਤੇ ਉੱਚੀ ਕੁੱਲ ਨਾਲ ਸੰਬੰਧਿਤ ਸੀ | ਇਸ ਅਮੀਰੀ-ਗ਼ਰੀਬੀ, ਊਚ-ਨੀਚ, ਜਾਤ-ਪਾਤ ਦੇ ਉਲਝੇਵਿਆਂ ਵਿਚ ਮੈਂ ਬੁਰੀ ਤਰ੍ਹਾਂ ਫਸ ਚੁੱਕਾ ਸੀ, ਮਨਿੰਦਰ ਦੇ ਅਮੀਰ ਪਿਤਾ ਜੀ ਨੇ ਮੇਰੇ ਪਿਤਾ ਜੀ ਨੂੰ  ਘਰ ਬੁਲਾ ਕੇ ਸਾਫ ਆਖਿਆ ਸੀ ਕਿ ਅਸੀਂ ਕੁੜੀ ਆਪਣੀ ਜਾਤ ਤੇ ਬਰਾਬਰੀ ਵਾਲੇ ਪਰਿਵਾਰ 'ਚ  ਦਿਆਂਗੇ | ਇਹ ਸੁਣ ਕੇ ਸ਼ਾਇਦ ਮੈਂ ਅੰਦਰੋਂ-ਅੰਦਰੀਂ ਬੁਰੀ ਤਰ੍ਹਾਂ ਟੁੱਟ ਗਿਆ ਸੀ | ਜਦੋਂ ਮਨਿੰਦਰ ਨੇ ਆਪਣੇ ਪਿਤਾ 'ਤੇ ਦਬਾਅ ਪਾਇਆ ਤਾਂ ਉਨ੍ਹਾਂ ਸਾਡੀਆਂ ਕੁੰਡਲੀਆਂ ਮਿਲਾਉਣ ਦੇ ਬਹਾਨੇ ਉਨ੍ਹਾਂ ਵਿਚ ਕਈ ਤਰ੍ਹਾਂ ਦੇ ਦੋਸ਼ ਕੱਢ ਲਏ, ਆਖਿਰਕਾਰ ਸਾਨੂੰ ਹਾਰਨਾ ਪਿਆ ਤੇ ਮੈਂ ਸਭ ਕੁਝ ਹਾਲਾਤ 'ਤੇ ਛੱਡ ਦਿੱਤਾ | ਅਸੀਂ ਦੋਹਾਂ ਨੇ ਐੱਮ.ਐਸ.ਸੀ. ਕੰਪਲੀਟ ਕੀਤੀ | 
ਮਨਿੰਦਰ ਦੇ ਪਿਤਾ ਨੇ ਉਸ ਨੂੰ  ਇੰਗਲੈਂਡ ਉਸ ਦੀ ਭੈਣ ਕੋਲ ਭੇਜ ਦਿੱਤਾ, ਮੈਂ ਆਪਣੀ ਡਿਗਰੀ ਪੂਰੀ ਕਰਕੇ ਇਕ ਵੱਡੇ ਤੇ ਇੱਜ਼ਤਦਾਰ ਸਕੂਲ ਵਿਚ ਪੀ.ਜੀ.ਟੀ. ਫਿਜ਼ਿਕਸ ਲੱਗਣ ਬਾਅਦ ਬਹੁਤ ਮਿਹਨਤ ਕਰਕੇ ਚੰਗਾ ਪੈਸਾ ਤੇ ਨਾਂਅ ਕਮਾਇਆ | ਪਰ ਮੈਂ ਵਿਆਹ ਨਹੀਂ ਕਰਵਾਇਆ, ਕਿਉਂਕਿ ਮੈਨੂੰ ਹਮੇਸ਼ਾ ਲੱਗਿਆ ਕਿ ਮੈਂ ਮਨਿੰਦਰ ਤੋਂ ਬਾਅਦ ਕਿਸੇ ਹੋਰ ਨੂੰ  ਨਹੀਂ ਅਪਣਾ ਸਕਾਂਗਾ |  ਫਿਰ ਕਮਲ ਬੋਲੀ,  ਮੈਂ ਤੈਨੂੰ ਇਸ ਲਈ  ਮਿਲਣ ਆਈ ਐਸ.ਪੀ. ਕਿਉਂਕਿ ਤੂੰ ਇਕ ਸਾਫ ਦਿਲ ਇਨਸਾਨ ਹੈਂ ਤੇ ਰਿਸ਼ਤਿਆਂ ਦੀ ਕਦਰ ਕਰਦਾ ਹੈਂ | ਸ਼ਾਇਦ ਤੈਨੂੰ ਇਹ ਵੀ ਪਤਾ ਨਾ ਹੋਵੇ ਕਿ ਮਨਿੰਦਰ ਨੇ ਕਾਫੀ ਸਾਲ ਇਸ ਭੁਲੇਖੇ ਵਿਚ ਵਿਆਹ ਨਹੀਂ ਕਰਾਇਆ ਕਿ ਸ਼ਾਇਦ ਘਰ ਵਾਲੇ ਆਖਰ ਮੰਨ ਜਾਣਗੇ  ਪਰ ਇਕ ਦਿਨ ਜਦੋਂ ਉਸ ਦੇ ਪਿਤਾ ਜੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਨੇ ਪਿਤਾ ਦੀ ਖੁਸ਼ੀ ਲਈ ਵਿਆਹ ਕਰਵਾ ਲਿਆ | ਮੈਂ ਮਨਿੰਦਰ ਨੂੰ  ਤਾਂ ਮਿਲਦੀ ਰਹਿੰਦੀ ਸੀ, ਗੱਲਬਾਤ ਵੀ ਹੁੰਦੀ ਰਹਿੰਦੀ ਸੀ, ਬਸ ਤੈਨੂੰ ਹੀ ਨਹੀਂ ਮਿਲ ਪਾ ਰਹੀ ਸੀ | ਤੈਨੂੰ ਮਿਲਣ ਦਾ ਬਹੁਤ ਮਨ ਸੀ, ਬਸ ਇਹ ਇਕ ਇਤਫ਼ਾਕ ਸੀ ਕਿ ਮੈਂ ਤੇਰੇ ਨਾਲ ਦੇ ਪਿੰਡ ਵਿਚ ਵਿਆਹ ਕੇ ਆਈ ਹਾਂ ਅਤੇ ਮੇਰੇ ਪਤੀ ਤੁਹਾਡੇ ਸਕੂਲ ਵਿਚ ਹੀ ਮੈਥ ਪੜ੍ਹਾਉਦੇ ਹਨ | 
ਇਕ ਦਿਨ ਜਦੋਂ ਗੱਲਬਾਤ ਦੌਰਾਨ  ਉਨ੍ਹਾਂ ਨੇ ਐੱਸ.ਪੀ. ਕਿਹਾ ਤਾਂ ਮੈਨੂੰ ਲੱਗਿਆ ਕਿ ਇਹ ਤੂੰ ਹੀ ਹੋ ਸਕਦਾ ਹੈ ਤੇ ਮੈਂ ਤੇਰੇ ਬਾਰੇ ਪਤਾ ਕਰਕੇ ਤੈਨੂੰ ਮਿਲਣ ਆ ਗਈ | ਤੈਨੂੰ ਮਿਲ ਕੇ ਅੱਜ ਵਾਕਿਆ ਹੀ ਬਹੁਤ ਵਧੀਆ ਲੱਗਿਆ ਕਿ ਰਿਸ਼ਤੇ ਕਿੰਨੇ ਜ਼ਰੂਰੀ ਹੁੰਦੇ ਨੇ, ਸ਼ਾਇਦ ਉਹ ਤੇਰੇ ਤੇ ਮਨਿੰਦਰ ਕੋਲੋਂ ਸਿੱਖਿਆ ਜਾਵੇ, ਕਿ ਕਿਸੇ ਵੀ ਰਿਸ਼ਤੇ ਦੀ ਪਵਿੱਤਰਤਾ ਕੀ ਹੁੰਦੀ ਹੈ, ਉਹ ਸ਼ਾਇਦ ਥੋਡੇ ਦੋਵਾਂ ਦੇ ਰਿਸ਼ਤੇ ਨੂੰ  ਜਾਣ ਕੇ ਹੀ ਪਤਾ ਚੱਲੇਗਾ | ਚੰਗਾ ਹੁਣ ਮੈਂ ਚੱਲਦੀ ਹਾਂ, ਬਹੁਤ ਵਧੀਆ ਲੱਗਿਆ ਤੈਨੂੰ ਮਿਲ ਕੇ | ਨਾਲੇ ਤੂੰ ਚਾਹ ਬਹੁਤ ਵਧੀਆ ਬਣਾਉਂਦਾ ਹੈ | ਫਿਰ ਕਿਸੇ ਦਿਨ ਜ਼ਰੂਰ ਪੀਣ ਆਊਾ | ਉਸ ਦੀਆਂ ਗੱਲਾ ਨਾਲ ਮੈਂ ਬਹੁਤ ਹੱਸਿਆ ਤੇ ਮਹਿਸੂਸ ਹੋਇਆ ਕਿ ਜਿਵੇਂ ਕਮਲ ਨੇ ਜਨਮਾਂ ਜਨਮਾਂ ਦਾ ਭਾਰ ਮੇਰੇ ਉੱਪਰੋਂ ਲਾਹ ਦਿੱਤਾ ਹੋਵੇ ਅਤੇ ਮੈਂ ਬਹੁਤ ਹੋਲ਼ਾ ਮਹਿਸੂਸ ਕਰ ਰਿਹਾ ਸੀ | 
ਵਿਆਹ ਕਰਵਾ ਲੀਂ ਹੁਣ ਕਿਸੇ ਚੰਗੀ ਜਿਹੀ ਕੁੜੀ ਨਾਲ, ਉਸ ਨੇ ਮਜ਼ਾਕੀਏ ਅਲਫਾਜ਼ ਨਾਲ ਕਿਹਾ | ਹੁਣ ਮਨਿੰਦਰ ਕੋਲ ਇਕ ਮੁੰਡਾ ਹੈ, ਉਸ ਨੇ ਉਸ ਦਾ ਨਾਮ ਲਿਟਲ ਐੱਸ.ਪੀ. ਰੱਖਿਆ ਹੈ, ਸ਼ਾਇਦ ਹਰ ਵਕਤ ਤੈਨੂੰ ਯਾਦ ਰੱਖਣ ਲਈ | ਅੱਜ ਫਿਰ ਸ਼ਾਇਦ ਉਹੀ ਐੱਸ.ਪੀ. ਜਿਊਾਦਾ ਹੋ ਗਿਆ ਸੀ, ਜਿਸ ਨੂੰ  ਸ਼ਾਇਦ ਮੈਂ ਮਾਰ ਚੁੱਕਾ ਸੀ | ਕਮਲ ਦੀ ਤਕਰੀਬਨ ਇਹ ਇਕ ਘੰਟੇ ਦੀ ਮੁਲਾਕਾਤ ਮੇਰੀ ਜ਼ਿੰਦਗੀ ਵਿਚ ਨਵਾਂ ਸਵੇਰਾ ਬਣ ਕੇ ਆਈ | ਅੱਜ ਐੱਸ.ਪੀ. ਮੁੜ ਤੋਂ ਆਪਣੀ ਜ਼ਿੰਦਗੀ ਵਿਚ ਮਸਤ ਹੈ | 
-ਲੈਕਚਰਾਰ ਫਿਜ਼ਿਕਸ   
ਮੋ.- 98880-45355

Ad Position 22
No active advertisement
ਪਿਛਲੀ ਖ਼ਬਰ ਸਰਦਾਰ 'ਅੰਜੁਮ' ਅਗਲੀ ਖ਼ਬਰ ਜੁੱਗ ਪਲਟਾ
Ad Position 24