'ਚਾਚਾ ਚੰਨਣਾ ਆਹ ਵੇਲਾ ਵੀ ਆਉਣਾ ਸੀ?' ਘੀਚਰ ਘਤਿੱਤੀ ਨੇ ਤਖ਼ਤਪੋਸ਼ ਨੂੰ ਸਾਫੇ ਨਾਲ ਝਾੜ ਕੇ ਬਹਿੰਦਿਆਂ ਕਿਹਾ |
'ਓ ਹੁਣ ਕੀ ਹੋ ਗਿਆ ਘੀਚਰਾ?' ਚੰਨਣ ਸਿਉਂ ਨੇ ਗੱਲ ਖੋਲ੍ਹਣ ਲਈ ਸੁਆਲ ਕੀਤਾ |
'ਓਏ ਹੋਣਾ ਕੀ ਐ ਚੰਨਣਾ? ਇਹਨੂੰ ਕੋਈ ਨਵੀਂ ਘਤਿੱਤ ਸੁੱਝੀ ਹੋਣੀ ਐ |' ਸੂਬੇਦਾਰ ਪ੍ਰੀਤਮ ਸਿਓਾ ਨੇ ਘੀਚਰ ਦੀ ਆਦਤ ਮੁਤਾਬਿਕ ਲੱਖਣ ਲਾਇਆ |
'ਓ ਨੲੀਂ ਸੂਬੇਦਾਰਾ, ਐਹੇ ਜੀ ਗੱਲ ਨੀ, ਤੂੰ ਵੇਖ ਬਈ ਕੋਈ ਵੇਲਾ ਸੀ ਜਦੋਂ ਸੱਠ-ਸੱਠ ਸਾਲ ਦੇ ਕੈਨੇਡੀਅਨ ਕਹਾਉਂਦੇ ਬੁੜ੍ਹੇ ਠਾਰਾਂ-ਠਾਰਾਂ ਸਾਲ ਦੀਆਂ ਕੂੰਜਾਂ ਵਰਗੀਆਂ ਕੁੜੀਆਂ ਵਿਆਹ ਕੇ ਲੈ ਜਾਂਦੇ ਸੀ, ਨਾਲੇ ਮੰੂਹ ਮੰਗੇ ਰੁਪਈਏ ਲੈਂਦੇ ਸੀ |... ਤੇ ਅੱਜ ਪੱਚੀ-ਤੀਹ ਸਾਲਾਂ ਦੇ ਕੈਨੇਡਾ ਪੱਕੇ ਹੋਏ ਚੋਬਰ ਮਿੰਨਤਾਂ ਪਏ ਕਰਦੇ ਐ, ਨਾਲੇ ਵਿਆਹ ਦਾ ਸਾਰਾ ਖਰਚ ਕਰਨ ਨੂੰ ਤਿਆਰ ਐ, ਫਿਰ ਵੀ ਕੋਈ ਕੁੜੀ ਵਿਆਹ ਕਰਵਾਉਣ ਨੂੰ ਤਿਆਰ ਨਹੀਂ |' ਘੀਚਰ ਘਤਿੱਤੀ ਨੇ ਗੁੱਝੀ ਗੱਲ ਖੋਲ੍ਹੀ |
'ਹੁਣ ਗੱਲ ਇਥੇ ਈ ਨੀ ਖੜ੍ਹੀ, ਘੀਚਰਾ, ਆਹ ਆਪਣੇ ਇਲਾਕੇ ਦੀ ਵੇਖ ਲਾ, ਮੁੰਡੇ ਆਲਿਆਂ ਦੇ ਪੈਸੇ ਲਵਾ ਕੇ ਕਈ ਕੁੜੀਆਂ ਬਾਹਰ ਨਿਕਲ ਗਈਆਂ, ਤੇ ਉਥੇ ਜਾ ਕੇ ਮੁੱਕਰ ਗਈਆਂ | ਜਿਵੇਂ ਪਹਿਲਾਂ ਹੋਏ ਧੱਕੇ ਦਾ ਬਦਲਾ ਲੈ ਰਹੀਆਂ ਹੋਣ |...ਤੇ ਕਈ ਮੁੰਡੇ ਤਾਂ ਖੁਦਕੁਸ਼ੀ ਹੀ ਕਰਗੇ, ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਪੈਸੇ ਭਰੇ ਸੀ |' ਬਲਵੰਤ ਪਟਵਾਰੀ ਨੇ ਅਗਲੀ ਪਰਤ ਖੋਲ੍ਹੀ |
'ਚਾਚਾ ਸਿਆਂ ਆਹ ਦਾਜ ਆਲਾ ਜਿਹੜਾ ਕੰਮ ਸਾਡੇ ਸਿਆਣਿਆਂ ਤੋਂ, ਸਾਡੇ ਠਾਣਿਆਂ ਤੋਂ, ਕੋਟ-ਕਚਹਿਰੀਆਂ ਤੋਂ ਨ੍ਹੀਂ ਰੁਕਿਆ ਸੀ, ਸਾਡੀਆਂ ਕੁੜੀਆਂ ਨੂੰ ਕੈਨੇਡਾ ਸੱਦ ਕੇ ਉਹ ਟਰੂਡੋ ਨੇ ਰੋਕਤਾ | ਮੇਰਾ ਤਾਂ ਜੀਅ ਕਰਦੈ ਮੈਂ ਕੈਨੇਡਾ ਜਾ ਕੇ ਟਰੂਡੋ ਨੂੰ ਸਨਮਾਨਿਤ ਕਰ ਕੇ ਆਵਾਂ | ਪਰ ਸਾਲਾ ਮੈਨੂੰ ਵੀਜ਼ਾ ਈ ਨੀ ਦਿੰਦੇ, ਮੇਰੀ ਪੇਸ਼ ਨੀ ਜਾਂਦੀ ਕੋਈ |' ਘੀਚਰ ਨੇ ਘਤਿੱਤੀ ਨੇ ਦਿਲ ਦੀ ਭੜਾਸ ਕੱਢੀ |
'ਏਸੇ ਨੂੰ ਈ ਜੁੱਗ ਪਲਟਾ ਕਹਿੰਦੇ ਐ, ਹੋਰ ਧਰਤੀ ਤਾਂ ਨਈ ਮੂਧੀ ਹੁੰਦੀ, ਹੁੰਦੀ ਘੀਚਰਾ' ਚੰਨਣਾ ਸਿਓਾ ਨੇ ਆਪਣਾ ਤਰਕ ਦਿੱਤਾ |
-ਸਰੀ (ਬੀ.ਸੀ.) ਕੈਨੇਡਾ |
ਮੋਬਾਈਲ : +1-236-622-7799