(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਧਰਤੀ ਲਈ ਇਹ ਆਜ਼ਾਦੀ ਇਕੱਲੀ ਨਹੀਂ ਆਈ ਸੀ, ਆਪਣੇ ਨਾਲ ਇਕ ਵਿਸ਼ੇਸ਼ ਰੰਗ, ਲਾਲ ਰੰਗ, ਲੈ ਕੇ ਆਈ ਸੀ | 15 ਅਗਸਤ ਦੀ ਢਲਦੀ ਦੁਪਹਿਰ ਨੂੰ ਲਾਲ ਇੱਟਾਂ ਦੇ ਬਣੇ ਹੋਏ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਚਾਨੀ ਸਿੰਘ ਨੇ ਲਾਲ ਝੰਡੀ ਦਿਖਾ ਕੇ ਨੰਬਰ ਦਸ ਡਾਊਨ ਐਕਸਪ੍ਰੈੱਸ ਦਾ ਸੁਆਗਤ ਕੀਤਾ | ਜਦ ਇਕ ਵੀ ਸਵਾਰੀ ਉੱਤਰ ਕੇ ਬਾਹਰ ਨਾ ਆਈ ਤਾਂ ਚਾਨੀ ਸਿੰਘ ਅੰਦਰ ਜਾ ਕੇ ਦੇਖਦਾ ਹੈ ਕਿ ਟ੍ਰੇਨ ਅੰਦਰੋਂ ਵੀ ਲਾਲ ਸੁਰਖ ਹੋਈ ਪਈ ਸੀ, ਬਹੁਤ ਸਾਰੀਆਂ ਮਨੁੱਖੀ ਲਾਸ਼ਾਂ ਦੇ ਲਹੂ ਨਾਲ |... ਆਖਰ ਉਹ ਟਰੇਨ ਦੇ ਪਿਛਲੇ ਹਿੱਸੇ ਵੱਲ ਵਧਿਆ ਜਿੱਥੇ ਵੱਡੇ-ਵੱਡੇ ਚਿੱਟੇ ਅੱਖਰਾਂ ਵਿਚ ਸੁਨੇਹਾ ਅੰਕਿਤ ਸੀ, “ਇਹ ਟਰੇਨ ਅਸੀਂ ਨਹਿਰੂ ਅਤੇ ਪਟੇਲ ਦੇ ਨਾਂਅ ਆਜ਼ਾਦੀ ਦੇ ਤੋਹਫੇ ਦੇ ਤੌਰ 'ਤੇ ਭੇਜ ਰਹੇ ਹਾਂ |”...ਤੇ ਅਗਲੇ ਕਈ ਹਫ਼ਤੇ ਇਸ ਲਾਲ ਰੰਗ ਦੀ ਹੋਲੀ ਨਾਲ ਦੋਵਾਂ ਪੰਜਾਬਾਂ ਦੀ ਧਰਤੀ ਰੰਗੀਂਦੀ ਗਈ |
ਦੂਜੇ ਪਾਸੇ ਮਾਊਾਟਬੈਟਨ ਦੀ ਬੇਨਤੀ ਸਵੀਕਾਰ ਕਰਦਿਆਂ ਗਾਂਧੀ ਜੀ ਕਲਕੱਤੇ ਜਾ ਕੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸਹਿਮਤ ਹੋ ਗਏ | ਪੰਜਾਬ ਦੇ ਮੈਦਾਨਾਂ ਵਿਚ ਜਿੱਥੇ ਹਿੰਦੂ ਮੁਸਲਮਾਨ, ਇਕ ਦੂਜੇ ਨੂੰ ਜਾਨ ਤੋਂ ਮਾਰ-ਮਾਰ ਕੇ ਖੁਸ਼ ਹੋ ਰਹੇ ਸਨ, ਉੱਥੇ ਹੀ ਵਿਸ਼ਵ ਦੇ ਸਭ ਤੋਂ ਸ਼ੈਤਾਨ ਸ਼ਹਿਰਾਂ 'ਚੋਂ ਇਕ ਕਲਕੱਤੇ ਵਿਚ ਹਿੰਦੂ ਮੁਸਲਮਾਨਾਂ ਦੀ ਉਹ ਭੀੜ ਇਸ ਲਈ ਖੁਸ਼ ਸੀ ਕਿ ਇਕ-ਦੂਜੇ ਦਾ ਧਰਮ ਭੁੱਲ ਕੇ ਲੋਕ ਗਲੇ ਮਿਲ ਰਹੇ ਸਨ, ਮਠਿਆਈ ਵੰਡ ਰਹੇ ਸਨ, ਇਤਰ ਛਿੜਕ ਰਹੇ ਸਨ ਤੇ ਉਡੀਕ ਕਰ ਰਹੇ ਸਨ ਉਸ ਨੰਨੇ ਜਿਹੇ ਆਦਮੀ ਦੀ, ਜਿਸ ਦੀ ਅਧਿਆਤਮਕ ਹਾਜ਼ਰੀ ਨੇ ਅਚਾਨਕ ਉਸ ਸ਼ਹਿਰ ਵਿਚ ਮਾਨਵਤਾ ਦੇ ਦੀਵੇ ਬਾਲ ਦਿੱਤੇ ਸਨ | ਇੱਥੇ ਕੇਵਲ ਇਕ ਇਕੱਲੇ ਆਦਮੀ ਨੇ ਜੋ ਚਮਤਕਾਰ ਕਰ ਦਿਖਾਇਆ ਸੀ, ਉਸ ਦਾ ਸੌਵਾਂ ਹਿੱਸਾ ਵੀ ਉਨ੍ਹਾਂ ਫੌਜੀਆਂ ਦੇ ਲਈ ਪੰਜਾਬ 'ਚ ਸੰਭਵ ਨਹੀਂ ਹੋਇਆ ਸੀ, ਜੋ ਗਿਣਤੀ ਵਿਚ 55 ਹਜ਼ਾਰ ਸਨ | ਜਿਨ੍ਹਾਂ ਘਟਨਾਵਾਂ ਨੂੰ ਰੋਕਣ ਲਈ 'ਪੰਜਾਬ ਬਾਉਂਡਰੀ ਫੋਰਸ' ਦੀ ਰਚਨਾ ਹੋਈ ਸੀ, ਉਹ ਰੁਕੀਆਂ ਤਾਂ ਨਹੀਂ ਸਨ, ਸਗੋਂ ਉਨ੍ਹਾਂ ਨੇ ਫੌਜ ਨੂੰ ਵੀ ਸੁੰਨ ਕਰ ਦਿੱਤਾ ਸੀ |
![]()
ਗਾਂਧੀ ਜੀ ਇਕੋ ਇਕ ਰਾਜਨੀਤਕ ਆਗੂ ਸਨ, ਜਿਨ੍ਹਾਂ ਨੇ ਅੰਤ ਤੱਕ ਦੇਸ਼ ਵੰਡ ਦਾ ਵਿਰੋਧ ਕੀਤਾ | ਪਰ ਦੂਜੇ ਪਾਸੇ ਨਾਥੂਰਾਮ ਗੌਡਸੇ ਤੇ ਉਨ੍ਹਾਂ ਦੇ ਸਾਥੀਆਂ ਦਾ ਮੰਨਣਾ ਸੀ ਕਿ ਭਾਰਤ ਦੀ ਵੰਡ ਦੇ ਕਾਰਨ ਲੱਖਾਂ ਹਿੰਦੂਆਂ 'ਤੇ ਖ਼ਤਰਨਾਕ ਮੁਸੀਬਤਾਂ ਦਾ ਜੋ ਪਹਾੜ ਟੁੱਟ ਪਿਆ ਹੈ, ਇਹ ਸਭ ਕਾਂਗਰਸ ਦੇ ਕਾਰਨ ਹੋਇਆ ਹੈ ਤੇ ਕਾਂਗਰਸ ਨੇ ਜੋ ਕੀਤਾ ਹੈ, ਆਪਣੇ ਨੇਤਾ ਗਾਂਧੀ ਦੇ ਇਸ਼ਾਰੇ 'ਤੇ ਕੀਤਾ ਹੈ | ਉਨ੍ਹਾਂ ਅਨੁਸਾਰ ਗਾਂਧੀ ਦੇ ਅਹਿੰਸਾਵਾਦੀ ਸਿਧਾਂਤ ਡਰਪੋਕਾਂ ਦੇ ਸਿਧਾਂਤ ਸਨ ਅਤੇ ਇਨ੍ਹਾਂ ਦੇ ਕਾਰਨ ਹਿੰਦੂਆਂ ਦੀ ਪ੍ਰੰਪਰਾਗਤ ਬਹਾਦਰੀ ਦਾ ਨਾਸ਼ ਹੁੰਦਾ ਜਾ ਰਿਹਾ ਸੀ | ਹਿੰਸਾ ਰਾਹੀਂ ਹਿੰਦੂਆਂ ਦੇ ਪੁਨਰ-ਜਾਗਰਣ ਦਾ ਪੱਖਪਾਤੀ ਹੋਣ ਦੇ ਬਾਵਜੂਦ ਗੌਡਸੇ ਤੋਂ ਲਹੂ ਨਹੀਂ ਦੇਖਿਆ ਜਾਂਦਾ ਸੀ | ਕਦੇ ਜਦੋਂ ਉਹ ਫੋਰਡ ਗੱਡੀ ਚਲਾ ਰਿਹਾ ਸੀ, ਤਾਂ ਇਕ ਭੀੜ ਨੇ ਉਸ ਨੂੰ ਰੋਕਿਆ ਤਾਂ ਕਿ ਬੁਰੀ ਤਰ੍ਹਾਂ ਜ਼ਖਮੀ ਇਕ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾ ਸਕੇ | ਗੌਡਸੇ ਨੇ ਕਿਹਾ ਨੌਜਵਾਨ ਨੂੰ ਪਿਛਲੀ ਸੀਟ 'ਤੇ ਇਸ ਤਰ੍ਹਾਂ ਬਿਠਾਓ ਕਿ ਮੈਂ ਉਸ ਨੂੰ ਦੇਖ ਨਾ ਸਕਾਂ | ਵਰਨਾ ਮੈਂ ਬੇਹੋਸ਼ ਹੋ ਜਾਵਾਂਗਾ |
30 ਜਨਵਰੀ, 1948, ਸ਼ਾਮ ਦੀ ਪ੍ਰਾਰਥਨਾ ਸਭਾ | ਆਭਾ ਅਤੇ ਮਨੂ ਦੇ ਮੋਢਿਆਂ 'ਤੇ ਹੱਥ ਰੱਖ ਕੇ ਗਾਂਧੀ ਜੀ ਆਪਣੀ ਅੰਤਿਮ ਪਦ ਯਾਤਰਾ 'ਤੇ ਚੱਲ ਪਏ ਜੋ ਬਿਰਲਾ ਹਾਊਸ ਦੇ ਉਨ੍ਹਾਂ ਦੇ ਕਮਰੇ ਤੋਂ ਸ਼ੁਰੂ ਹੋ ਕੇ ਬਗੀਚੀ ਤੱਕ ਖ਼ਤਮ ਹੋ ਜਾਣ ਵਾਲੀ ਸੀ |....ਨਾਥੂਰਾਮ ਦੇ ਸੱਜੇ ਹੱਥ 'ਚ ਕਾਲਾ ਬੇਰੇਟਾ ਪਿਸਤੌਲ ਚਮਕ ਉਠਿਆ | ਉਸ ਨੇ ਤਿੰਨ ਵਾਰ ਘੋੜਾ ਦਬਾਇਆ... ਜੋ ਮਨੁੱਖ ਉਸ ਵੱਲ ਵਧਿਆ ਆ ਰਿਹਾ ਸੀ, ਉਸ ਦੀ ਛਾਤੀ ਵਿਚ ਤਿੰਨ ਗੋਲੀਆਂ ਦਾਖ਼ਲ ਹੋ ਚੁੱਕੀਆਂ ਸਨ | ਲਹੂ ਨਾਲ ਗੜੁੱਚ ਹੋਈ ਧੋਤੀ ਵਿਚ ਗਾਂਧੀ ਜੀ ਦੀ ਘੜੀ ਉਲਝੀ ਪਈ ਸੀ, ਜਿਸ ਉਪਰ ਪੰਜ ਵੱਜ ਕੇ ਸਤਾਰਾਂ ਮਿੰਟ ਹੋਏ ਸਨ |
15 ਨਵੰਬਰ 1949 ਨੂੰ ਫਾਂਸੀ ਵਾਲੇ ਦਿਨ ਗੌਡਸੇ ਆਪਣੀ ਅੰਤਿਮ ਇੱਛਾ ਵਿਚ ਲਿਖਦਾ ਹੈ ਕਿ ਉਸ ਦੀ ਸੁਆਹ ਕਿਤੇ ਵੀ ਪ੍ਰਵਾਹਿਤ ਕਰਨ ਦੀ ਬਜਾਏ ਕਲਸ਼ ਵਿਚ ਰੱਖ ਕੇ ਇਕ ਪੀੜ੍ਹੀ ਤੋਂ ਦੂਜਿਆਂ ਪੀੜ੍ਹੀ ਨੂੰ ਸੌਂਪੀ ਜਾਂਦੀ ਰਹੇ ਤੇ ਅਖੀਰ ਉਸ ਨੂੰ ਉਸ ਸਿੰਧੂ ਨਦੀ 'ਚ ਪ੍ਰਵਾਹਤ ਕੀਤਾ ਜਾਵੇ, ਜੋ ਪੂਰੀ ਦੀ ਪੂਰੀ ਪਵਿੱਤਰ ਅਤੇ ਅਖੰਡ ਹਿੰਦੂ ਰਾਸ਼ਟਰ ਭਾਰਤ ਵਿਚ ਵਹਿ ਰਹੀ ਹੋਵੇ | (ਸਮਾਪਤ)
-ਮੋਬਾਈਲ : 70878-61470