![]()
ਚਰਨੇ ਦੇ ਮੁੰਡੇ ਦਾ ਵਿਆਹ ਚਲ ਰਿਹਾ ਸੀ, ਸਵੇਰੇ ਪਾਠ ਦਾ ਭੋਗ ਤੇ ਕੀਰਤਨ ਹੋਇਆ | ਰਿਸ਼ਤੇਦਾਰ ਆ ਗਏ ਸਨ ਤੇ ਕਈ ਆਉਣੇ ਸਨ | ਟੱਬਰ ਦੀ ਪਿੰਡ ਵਿਚ ਪੂਰੀ ਬਣੀ ਹੋਈ ਸੀ, ਜਿਸ ਕਾਰਨ ਪੂਰਾ ਇਕੱਠ ਸੀ | ਚਰਨ ਦਾ ਛੋਟਾ ਭਰਾ ਬਚਨਾ ਵਿਆਹ ਵਿਚ ਹੈ ਤਾਂ ਸੀ ਪਰ ਉਸ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਝਲਕਦੀ ਨਹੀਂ ਸੀ | ਕੰਮਕਾਰ ਪੂਰਾ ਕਰਵਾ ਰਿਹਾ ਸੀ, ਵੱਡੇ ਭਰਾ ਨਾਲ ਬਰਾਬਰ ਖੜ੍ਹਾ ਸੀ | ਰਿਸ਼ਤੇਦਾਰਾਂ ਦਾ ਵੀ ਪੂਰਾ ਖਿਆਲ ਰੱਖ ਰਿਹਾ ਸੀ | ਪਰ ਜਿਸ ਤਰ੍ਹਾਂ ਉਸ ਦੀ ਹਾਸੀ ਮਜ਼ਾਕ ਕਰਨ ਦੀ ਆਦਤ ਸੀ, ਉਹ ਮਨਫੀ ਸੀ | ਉਂਜ ਪਤਾ ਲੱਗਾ ਕਿ ਉਸ ਦੀ ਘਰ ਵਾਲੀ ਕਰਮੋ ਬਹੁਤ ਬਿਮਾਰ ਹੈ ਤੇ ਹਸਪਤਾਲ ਦਾਖਲ ਹੈ | ਉਸ ਦੀ ਦੇਖ-ਭਾਲ ਲਈ ਧੀ-ਜਵਾਈ ਹਸਪਤਾਲ ਵਿਚ ਸਨ | ਬਚਨੇ ਦਾ ਪੁੱਤਰ ਵਿਦੇਸ਼ ਰਹਿੰਦਾ ਤੇ ਉਸ ਨੇ ਵਿਆਹ ਵਿਚ ਆਉਣਾ ਸੀ, ਉਹ ਹੁਣ ਤੱਕ ਨਹੀਂ ਸੀ ਆਇਆ | ਜਦੋਂ ਚਰਨਾ ਜਾਂ ਹੋਰ ਕੋਈ ਰਿਸ਼ਤੇਦਾਰ ਪੁੱਤਰ ਬਾਰੇ ਪੁੱਛਦੇ ਤਾਂ ਉਹ ਕਹਿ ਦਿੰਦਾ ਕਿ ਉਸ ਦਾ ਫੋਨ ਬੰਦ ਆ ਰਿਹਾ ਹੈ, ਉਂਜ ਉਹ ਉਥੋਂ ਚੱਲ ਤਾਂ ਪਿਆ ਸੀ, ਸ਼ਾਇਦ ਮਾਂ ਕੋਲ ਪਹਿਲਾਂ ਚਲੇ ਗਿਆ ਹੋਵੇ ਤਾਂ ਲੇਟ ਹੋ ਗਿਆ ਹੋਵੇ | ਇਸੇ ਕਾਰਨ ਉਸ ਦੀ ਪ੍ਰੇਸ਼ਾਨੀ ਸਮਝ ਆਉਂਦੀ ਸੀ |
ਪੂਰੇ ਵਿਆਹ ਵਿਚ ਉਹ ਮੌਜੂਦ ਰਿਹਾ, ਘਰ ਵਾਲੀ ਦਾ ਹਾਲ-ਚਾਲ ਪੁੱਛਣ ਵੀ ਨ੍ਹੀਂ ਗਿਆ | ਸ਼ਾਮੀ ਲੇਡੀਜ਼ ਸੰਗੀਤ ਸੀ, ਭਰਾ ਨਾਲ ਇਕ-ਦੋ ਪੈੱਗ ਲਾ ਕੇ ਭਰਾ ਨਾਲ ਨੱਚ ਵੀ ਲਿਆ | ਬਾਰਾਤ ਵਿਚ ਵੀ ਗਿਆ, ਉਸ ਤੋਂ ਬਾਅਦ ਮਿਲਣੀਆਂ ਦੇ ਵਕਤ ਭਰਾ ਨਾਲ ਬਰਾਬਰ ਖੜ੍ਹਾ ਰਿਹਾ |
ਸਾਰਾ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਚਰਨ ਆਪਣੇ ਛੋਟੇ ਭਰਾ ਨੂੰ ਕਹਿਣ ਲੱਗਾ, 'ਛੋਟੇ ਭਰਾ ਰੱਬ ਦੀ ਕਿਰਪਾ ਨਾਲ ਵਿਆਹ ਸੁੱਖ-ਸ਼ਾਂਤੀ ਨਾਲ ਨਿੱਬੜ ਗਿਆ ਪਰ ਮੈਨੂੰ ਆਪਣੇ ਭਤੀਜੇ 'ਤੇ ਬਹੁਤ ਗੁੱਸਾ ਹੈ, ਮੈਨੂੰ ਇਹ ਆਸ ਨਹੀਂ ਸੀ ਕਿ ਉਹ ਵਿਆਹ ਵਿਚ ਆਵੇਗਾ ਨੀਂ | ਤਸੱਲੀਆਂ ਤਾਂ ਬਹੁਤ ਦਿੰਦਾ ਸੀ, ਉਂਜ ਰੁਪਏ ਬਥੇਰੇ ਭੇਜ ਦਿੱਤੇ ਸਨ ਪਰ ਉਹ ਆ ਜਾਂਦਾ... |'
'ਬਾਈ ਕੱਲ੍ਹ ਤੱਕ ਸ਼ਾਇਦ ਆ ਜਾਏ, ਫੇਰ ਪੁੱਛ ਲੀਂ, ਕਰ ਲੀਂ ਗਿਲੇ-ਸ਼ਿਕਵੇ |'
'ਚਲੋ, ਤੂੰ ਇਹ ਦੱਸ ਮੈਂ ਕਰਮ ਕੁਰ ਕੋਲ ਕਦੋਂ ਜਾਣਾ, ਸਾਨੂੰ ਵੀ ਲੈ ਚੱਲੀਂ, ਸਾਥੋਂ ਤਾਂ ਵਿਆਹ ਦੇ ਝਮੇਲੇ ਕਾਰਨ ਉਸ ਦੀ ਖ਼ਬਰ ਸਾਰ ਲੈਣ ਵੀ ਨੀ ਜਾ ਹੋਇਆ |'
'ਬਾਈ, ਸੱਚੀਂ ਗੱਲ ਤਾਂ ਇਹ ਹੈ ਕਿ ਕਰਮ ਕੁਰ ਨਾ ਤਾਂ ਬਿਮਾਰ ਸੀ ਤੇ ਨਾ ਹੈ, ਉਹ ਤਾਂ... |'
'ਕੀ ਕਹਿੰਦਾ ਤੂੰ, ਬਿਮਾਰ ਨ੍ਹੀਂ, ਉਏ ਐਨਾ ਝੂਠ | ਕਿਆ ਵਜ੍ਹਾ ਸੀ ਵਿਆਹ 'ਚ ਨ੍ਹੀਂ ਆਈ?' ਚਰਨਾ ਗੁੱਸੇ ਵਿਚ ਭੜਕ ਹੀ ਪਿਆ |
'ਬਾਈ ਜੀ ਅਸੀਂ ਨੀ ਸੀ ਚਾਹੁੰਦੇ ਖੁਸ਼ੀ ਦੇ ਕਾਰਜ ਵਿਚ ਵਿਘਨ ਪਵੇ | ਮੈਂ ਆਪਣੇ ਦਿਲ ਦੀ ਪੀੜ 'ਤੇ ਪੱਥਰ ਰੱਖ ਵਿਚਰਦਾ ਰਿਹਾ, ਉਸ ਤੋਂ ਇਹ ਹੋਣਾ ਨਹੀਂ ਸੀ | ਇਸੇ ਕਾਰਨ ਬਿਮਾਰੀ ਦਾ ਬਹਾਨਾ ਬਣਾ ਉਸ ਨੂੰ ਦਿੱਲੀ ਭੇਜ ਦਿੱਤਾ | ਇਹ ਸਾਡਾ ਫ਼ਰਜ਼ ਸੀ |'
'ਮੈਨੂੰ ਤਾਂ ਸਮਝ ਨੀ ਆਉਂਦੀ ਤੂੰ ਕੀ ਕਹੀਂ ਜਾਂਦਾ, ਕਿਹੜੀ ਪੀੜ੍ਹ...?'
ਚਰਨੇ ਦੀ ਗੱਲ ਕੱਟਦਾ ਹੋਇਆ ਉਸ ਦਾ ਹੱਥ ਫੜ ਕਹਿਣ ਲੱਗਾ, 'ਬਾਈ ਤਕੜਾ ਹੋ ਕੇ ਸੁਣ ਲੈ, ਤੂੰ ਭਤੀਜੇ ਨੂੰ ਉਡੀਕੀ ਜਾਂਦਾ, ਤੇਰਾ ਤਾਂ ਭਤੀਜਾ ਪਿਛਲੇ ਹਫਤੇ ਹੀ ਦੂਸਰੀ ਦੁਨੀਆ ਨੂੰ ਕੂਚ ਕਰ ਗਿਆ | ਕਰਮ ਕੁਰ ਦਿੱਲੀ ਆਪਣੇ ਭਤੀਜੇ ਕੋਲ ਆਪਣੇ ਲਾਡਲੇ ਪੁੱਤਰ ਦੀ ਲਾਸ਼ ਉਡੀਕਦੀ ਹੈ |'
ਹੈਾ! ਆਹ ਕੀ ਕਹਿੰਦਾ ਬਚਨਿਆਂ, ਕਹਿ ਦੇ ਇਹ ਝੂਠ ਐ | ਚਰਨਾ ਤੇ ਬਚਨਾ ਆਪਸ ਵਿਚ ਜੱਫੀ ਪਾ ਭੁੱਬਾਂ ਮਾਰ ਰੋਣ ਲੱਗ ਪਏ |
-ਮੋਬਾਈਲ : 98769-31529