06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗ਼ਜ਼ਲ ਉਸ ਨੇ ਛੇੜੀ-• ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ-• ਗੁਰਦਿਆਲ ਰੌਸ਼ਨ •

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਹਰਦਿਆਲ ਸਾਗਰ ਦੀ ਗ਼ਜ਼ਲਕਾਰੀ ਦੀ ਆਵਾਜ਼ ਬਦਹਾਲ ਘਰਾਂ ਤੇ ਤੰਗ ਗਲੀਆਂ ਵਿਚ ਦੀ ਹੁੰਦੀ ਹੋਈ ਉੱਚੀਆਂ ਇਮਾਰਤਾਂ ਦੇ ਕਿੰਗਰਿਆਂ ਨਾਲ ਖਹਿੰਦੀ ਹੋਈ ਮਹਿਸੂਸ ਹੁੰਦੀ ਹੈ | ਸਾਗਰ ਸ਼ਿਅਰ ਘੜਦਾ ਨਹੀਂ ਹੈ ਬਲਕਿ ਇਹ ਫੁੱਟਦੇ ਹਨ, ਇਹੀ ਕਾਰਨ ਹੈ ਖੁਰਦਰੇ ਸਪਰਸ਼ ਦੀ ਥਾਂ ਇਨ੍ਹਾਂ ਨੂੰ  ਪੜ੍ਹਦਿਆਂ ਰੇਸ਼ਮ ਜਿਹਾ ਅਹਿਸਾਸ ਹੁੰਦਾ ਹੈ | ਪੰਜਾਬੀ ਗ਼ਜ਼ਲ ਦਾ ਲੇਖਾ ਜੋਖਾ ਉਸ ਬਿਨਾਂ ਅਧੂਰਾ ਹੈ | ਸੱਤ ਮਾਰਚ 1954 ਨੂੰ  ਕਪੂਰਥਲਾ ਵਿਖੇ ਪੈਦਾ ਹੋਏ ਸਾਗਰ ਦੇ 'ਬਿਨ ਸਿਰਨਾਵੇਂ ਪੈਰ', 'ਜੰਗਲ ਦਾ ਕੁਹਰਾਮ' ਤੇ 'ਅਰਜ਼ ਤੋਂ ਐਲਾਨ ਤੱਕ' ਗ਼ਜ਼ਲ ਸੰਗ੍ਰਹਿ ਕਾਫ਼ੀ ਚਰਚਾ ਵਿਚ ਰਹੇ ਹਨ | ਐੱਮ ਫਿੱਲ ਕਰਨ ਉਪਰੰਤ ਉਸ ਨੇ ਵੱਖ ਵੱਖ ਕਾਲਜਾਂ ਵਿਚ ਸਿੱਖਿਆ ਦਿੱਤੀ ਤੇ ਉਸ ਦੀ ਰੁਚੀ ਖੋਜ ਕਾਰਜਾਂ ਵਿਚ ਵੀ ਰਹੀ ਹੈ | ਨਕੋਦਰ ਉਸ ਦੀ ਕਰਮਭੂਮੀ ਰਹੀ ਹੈ ਤੇ ਉਹ ਕਾਲਜ ਅਧਿਆਪਕ ਦੇ ਤੌਰ 'ਤੇ ਏਥੋਂ ਹੀ ਸੇਵਾ-ਮੁਕਤ ਹੋਇਆ ਹੈ | ਪੇਸ਼ ਹਨ ਹਰਦਿਆਲ ਸਾਗਰ ਦੀਆਂ ਦੋ ਗ਼ਜ਼ਲਾਂ-         

                     
-ਮੋਬਾਈਲ : 99884-44002

 


ਹਰਦਿਆਲ ਸਾਗਰ

ਮੇਰਿਆਂ ਹੱਥਾਂ ਦੀ ਪਹਿਲੀ ਅਰਜ਼ ਹੈ ਅÏਜ਼ਾਰ ਦੇ |
ਐ ਵਤਨ, ਜੇ ਇਹ ਨਹੀਂ ਮੁਮਕਿਨ ਤਾਂ ਫਿਰ ਹਥਿਆਰ ਦੇ |

ਮਿਲ ਗਈ ਹੈਂ ਤੂੰ, ਨਹੀਂ ਤਾਂ ਕਹਿਣ ਹੀ ਵਾਲਾ ਸੀ ਮੈਂ, 
ਰੰਗ, ਖ਼ੁਸ਼ਬੂ, ਰੌਸ਼ਨੀ ਨੂੰ  ਐ ਖ਼ੁਦਾ, ਆਕਾਰ ਦੇ |

ਹੱਥ ਵਿਚ ਜ਼ਾਲਿਮ ਦੇ ਹੈ ਜਾਂ ਹੱਥ ਵਿਚ ਮਜ਼ਲੂਮ ਦੇ, 
ਅਰਥ ਵੱਖੋ ਵੱਖਰੇ ਹੁੰਦੇ ਫੜੀ ਤਲਵਾਰ ਦੇ | 

ਇਹ ਮਹਾਂ-ਨਾਇਕ ਸਦੀ ਦੇ, ਰਤਨ ਮੇਰੇ ਮੁਲਕ ਦੇ, 
ਕਿਸ ਮੁਥਾਜੀ ਨੂੰ  ਕਰਿੰਦੇ ਬਣ ਗਏ ਬਾਜ਼ਾਰ ਦੇ | 

ਨਾ ਕਿਸੇ ਨੂੰ  ਸੁੱਟ, ਮਾਰੂ ਮੁਫ਼ਲਿਸੀ ਦੀ ਖੱਡ ਵਿਚ, 
ਨਾ ਕਿਸੇ ਨੂੰ  ਦੌਲਤਾਂ ਦੇ ਦਾਨਵੀ ਅੰਬਾਰ ਦੇ | 

ਤੇਰੀ ਰਹਿਮਤ ਦੀ ਨਹੀਂ ਹੈ ਇੰਤਹਾ ਕੋਈ, ਮਗਰ,
ਐ ਖ਼ੁਦਾ, ਮੈਨੂੰ ਮੇਰੀ ਅÏਕਾਤ ਦੇ ਅਨੁਸਾਰ ਦੇ |
• 
• 
ਬੜੇ ਦੁਸ਼ਵਾਰ ਰਸਤੇ, ਇਸ਼ਕ ਦੇ ਹਨ ਲਾਜ਼ਮੀ ਹੋਣੇ |
ਕਦੀ ਕੈਦੋਂ, ਕਦੀ ਕੱਚੇ ਘੜੇ ਹਨ ਲਾਜ਼ਮੀ ਹੋਣੇ |

ਜਦੋਂ ਤੀਕਰ ਅਸੀਂ 'ਇੱਕ ਹੋਰ' ਦੀ ਖ਼ਾਹਿਸ਼ ਨਹੀਂ ਛੱਡਦੇ,
ਇਹ ਦਿਲ ਖ਼ਾਲੀ ਤੇ ਰਿਸ਼ਤੇ ਖੋਖਲੇ ਹਨ ਲਾਜ਼ਮੀ ਹੋਣੇ |

ਮੈਂ ਆਦਮ ਹਾਂ, ਮੇਰੇ ਅੰਦਰ, ਬ੍ਰਹਮਾ ਵੀ, ਹੈ ਮਾਇਆ ਵੀ,
ਮੈਂ ਵਰਕਾ ਹਾਂ ਤਾਂ ਮੇਰੇ ਦੋ ਸਫ਼ੇ ਹਨ ਲਾਜ਼ਮੀ ਹੋਣੇ |

ਉਹ ਪਾਏ ਜਾਂ ਨਹੀਂ ਪਾਏ, ਉਹ ਪਹੁੰਚੇ ਜਾਂ ਨਹੀਂ ਪਹੁੰਚੇ,
ਵਫ਼ਾ ਦੇ ਖ਼ਤ ਮਗਰ ਸਭ ਨੇ ਲਿਖੇ ਹਨ ਲਾਜ਼ਮੀ ਹੋਣੇ |

ਜਦੋਂ ਪਹੁੰਚਣ ਦੀ ਥਾਂ 'ਤੇ ਹੋੜ ਲੱਗ ਜਾਵੇ ਪਛਾੜਣ ਦੀ,
ਤਾਂ ਫਿਰ ਇਹ ਜਾਨਲੇਵਾ ਹਾਦਸੇ ਹਨ ਲਾਜ਼ਮੀ ਹੋਣੇ |

ਜੋ ਅੰਬਰ ਦੀ ਜਗ੍ਹਾ, ਅੰਗੀਠੀਆਂ ਭਾਲਣ, ਪਰਿੰਦੇ ਉਹ,
ਬਿਨ੍ਹਾਂ ਸ਼ੱਕ ਪਾਲਤੂ ਜਾਂ ਪਰ-ਕਟੇ ਹਨ ਲਾਜ਼ਮੀ ਹੋਣੇ |

ਰਤਾ ਕੁ ਮੁਸਕਰਾਵਾਂ, ਦੇਖ ਪੰਘੂੜੇ ਤੇ ਫਿਰ ਸੋਚਾਂ,
ਕਿ ਏਨੇ ਹੀ, ਕਦੀ ਬਲਦੇ ਸਿਵੇ ਹਨ ਲਾਜ਼ਮੀ ਹੋਣੇ |

Ad Position 22
No active advertisement
ਪਿਛਲੀ ਖ਼ਬਰ ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦੀ ਦਾਸਤਾਨ ਅਗਲੀ ਖ਼ਬਰ ਅਰਸ਼ 'ਮਲਸਿਆਨੀ'-(20 ਸਤੰਬਰ 1908 ਤੋਂ 15 ਦਸੰਬਰ 1979 ਤੱਕ)
Ad Position 24