ਟੁੰਡੀ ਬਾਂਹ
ਸੋਗੀ ਤੇ ਗ਼ਮਗੀਨ ਮਾਹੌਲ ਸੀ |
ਸਟੇਟ ਤੇ ਸੈਂਟਰ ਸਰਕਾਰਾਂ ਅਨਾਊਾਸਮੈਂਟ ਕਰਕੇ ਅਲੋਪ ਹੋ ਗਈਆਂ ਸਨ |
ਦੁੱਖ ਵੰਡਾਉਣ ਆਈ ਭੀੜ ਵੀ ਹੌਲੀ-ਹੌਲੀ ਵਿੱਖਰ ਰਹੀ ਸੀ, ਸੂਬੇਦਾਰ ਗੁਰਨਾਮ ਸਿੰਘ ਆਪਣੇ ਇਕਲੌਤੇ ਪੁੱਤਰ ਦੀ ਦੇਹ ਕੋਲ ਉਦਾਸ ਖੜ੍ਹਾ ਸੀ |
ਆਖ਼ਰ ਉਹ ਗੋਡਿਆਂ ਭਰਨੇ ਬੈਠ ਗਿਆ | ਦਯਾਵੰਤੀ ਵੀ ਉਸ ਦੇ ਕੋਲ ਹੀ ਬੈਠ ਗਈ | ਉਨ੍ਹਾਂ ਦੋਵਾਂ ਦੀਆਂ ਅੱਖਾਂ ਦੇ ਕੋਏ 'ਚ ਹੰਝੂ ਜੰਮ ਗਏ ਸਨ | ਗੁਰਨਾਮ ਸਿੰਘ ਨੇ ਆਪਣੇ ਪੁੱਤਰ ਦੇ ਮੁਰਦਾ ਅੰਗਾਂ ਨੂੰ ਇਕ-ਇਕ ਕਰਕੇ ਟੋਹਿਆ ਤੇ ਉਸਦੀ ਭੁੱਬ ਨਿਕਲ ਗਈ | ਦਯਾਵੰਤੀ ਦੁਹੱਥੜ ਪਿੱਟ ਕੇ ਰੋਣ ਲੱਗੀ |
ਮਾਹੌਲ ਹੋਰ ਵੀ ਉਦਾਸ ਤੇ ਗ਼ਮਗ਼ੀਨ ਹੋ ਗਿਆ |
ਮੇਰੇ ਪੁੱਤਰ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ!' ਦਯਾਵੰਤੀ ਰੋ ਰੋਕੇ ਬੋਲਦੀ ਜਾ ਰਹੀ ਸੀ |
ਸਵੇਰੇ ਸਵੇਰੇ ਤਿਆਰ ਹੋਕੇ ਸ਼ਹਿਰ ਇੰਟਰਵਿਊ ਦੇਣ ਗਿਆ ਸੀ ਤੇ ਇਹ ਭਾਣਾ ਵਰਤ ਗਿਆ!' ਗੁਰਨਾਮ ਸਿੰਘ ਦੇ ਮੂੰਹੋਂ ਫੇਰ ਇਹ ਸ਼ਬਦ ਨਿੱਕਲੇ ਤੇ ਮਾਹੌਲ ਨੂੰ ਹੋਰ ਸੋਗਮਈ ਬਣਾ ਗਏ |
ਸਰਕਾਰੋ! ਮੈਂ ਥੋਡੇ ਰੁਪਈਏ ਕੀ ਫੂਕਣੇ ਨੇ ਜਦੋਂ ਮੇਰਾ ਇਕਲੌਤਾ ਲਾਲ ਈ ਨਾ ਰਿਹਾ!'
ਅਤੇ ਕੁਝ ਪਲ ਦੇ ਸੰਨਾਟੇ ਉਪਰੰਤ ਗੁਰਨਾਮ ਸਿੰਘ ਦੇ ਮੂੰਹੋਂ ਇਹ ਬੋਲ ਨਿਕਲੇ' ਸਰਕਾਰਾਂ ਤੇ ਅੱਤਵਾਦੀਆਂ 'ਚ ਕੀ ਫ਼ਰਕ ਐ!'
ਏਨਾ ਕਹਿੰਦਿਆਂ ਉਸਦੀ ਟੁੰਡੀ ਬਾਂਹ ਹਵਾ 'ਚ ਲਹਿਰਾਉਣ ਲੱਗੀ |
ਰੁੱਖਾਂ ਦੇ ਕਾਤਲ
ਉਹ ਇਕ-ਇਕ ਕਰਕੇ ਆਏ | ਇਕੱਠਿਆਂ ਆਪਣੀਆਂ ਬਾਹਵਾਂ ਉਲਾਰ ਦਿੱਤੀਆਂ...ਜੇਕਰ ਤੁਸੀਂ ਇਨ੍ਹਾਂ ਰੁੱਖਾਂ ਨੂੰ ਵੱਢਿਆ ਤਾਂ ਅਸੀਂ ਇਨ੍ਹਾਂ ਖ਼ਾਤਰ ਆਪਣੀਆਂ ਜਾਨਾਂ ਤੱਕ ਵਾਰ ਜਾਵਾਂਗੇ!
ਪਰ ਵਾਤਾਵਰਨ ਦੇ ਦੁਸ਼ਮਣਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਨਾ ਹੀ ਮੰਨੀ |
ਵਾਤਾਵਰਨ ਪ੍ਰੇਮੀ ਉਨ੍ਹਾਂ ਦੇ ਮੂਹਰੇ ਮਨੁੱਖੀ ਦੀਵਾਰ ਬਣ ਕੇ ਖੜ੍ਹੇ ਹੋ ਗਏ |
ਸਾਡੇ 'ਚੋਂ ਹਰ ਜਣਾ ਇਕ-ਇਕ ਰੁੱਖ ਦੀ ਕੀਮਤ ਅਦਾ ਕਰਨ ਲਈ ਤਿਆਰ ਹੈ....?
ਰੁੱਖਾਂ ਦੇ ਜਾਏ ਆਪਣੇ ਫੈਸਲੇ 'ਤੇ ਅਡੋਲ ਸਨ |
ਰੁੱਖਾਂ ਨੂੰ ਕਤਲ ਕਰਨ ਵਾਲਿਆਂ 'ਤੇ ਇਸ ਤਾੜਨਾ ਦਾ ਕੇਵਲ ਏਨਾ ਕੁ ਹੀ ਅਸਰ ਹੋਇਆ ਕਿ ਉਹ ਨਿਹੱਥਿਆਂ 'ਤੇ ਪਾਣੀ ਦੀਆਂ ਬੁਛਾੜਾਂ ਕਰਨ ਲੱਗੇ |
ਹੁਣ ਤਾਂ ਸਾਡਾ ਇਰਾਦਾ ਹੋਰ ਵੀ ਦਿ੍ੜ੍ਹ ਹੋ ਗਿਐ! ਦਰਅਸਲ ਤੁਸੀਂ ਰੁੱਖਾਂ ਦੇ ਹੀ ਕਾਤਲ ਨਹੀਂ ਬਲਕਿ ਪਾਣੀ ਨੂੰ ਵੀ ਬੇਵਜ੍ਹਾ ਵਹਾਉਣ ਦੇ ਦੋਸ਼ੀ ਹੋ!'
ਪਰ ਜ਼ਾਲਮਾਂ ਨੇ ਆਪਣੀ ਮਨ ਆਈ ਕੀਤੀ | ਮਾਸੂਮਾਂ ਨੂੰ ਪਛਾੜਦੇ ਹੋਏ ਹੁਣ ਉਹ ਬੇਜ਼ੁਬਾਨ ਰੁੱਖਾਂ ਵੱਲ ਵਧਣ ਲੱਗੇ ਸਨ |
![]()
ਗੁਮਨਾਮ
ਉਹ ਅਜਨਬੀ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ 'ਚ ਪੈਦਲ ਤੁਰਿਆ ਜਾ ਰਿਹਾ ਸੀ | ਚੌਕ ਪਾਰ ਕਰਕੇ ਜਦੋਂ ਰਤਾ ਭੀੜੀ ਗਲੀ ਨੂੰ ਪਿਆ ਤਾਂ ਦੋ ਅਜਨਬੀਆਂ ਨੇ ਉਸਨੂੰ ਘੇਰ ਲਿਆ | ਇਕ ਬੋਲਿਆ, 'ਸਾਡੇ ਨਾਲ ਚੱਲ ਅਸੀਂ ਤੈਨੂੰ ਖ਼ਰੀਦ ਲਿਐ!'
ਗੁੰਮਨਾਮ ਸਿੰਘ ਹੈਰਾਨ ਪ੍ਰੇਸ਼ਾਨ ਹੋਇਆ ਉਨ੍ਹਾਂ ਦੇ ਮੂੰਹ ਵੱਲ ਤੱਕਣ ਲੱਗਾ |
ਲੇਕਿਨ ਅਗਲੇ ਪਲ ਹਿੰਮਤ ਕਰਦਿਆਂ ਬੋਲਿਆ, 'ਪਰ ਮੈਨੂੰ ਤਾਂ ਪਤਾ ਵੀ ਨ੍ਹੀਂ ਕਿ ਮੈਂ ਖ਼ਰੀਦਿਆ ਗਿਆ!'
ਪਰ ਉਹ ਅਜਨਬੀ ਉਸਨੂੰ ਧੂਹ ਕੇ ਲਿਜਾਣ ਦਾ ਮਨ ਬਣਾ ਚੁੱਕੇ ਸਨ |
ਪਰ ਤੁਸੀਂ ਹੋ ਕੌਣ!' ਗੁੰਮਨਾਮ ਨੇ ਸਵਾਲ ਕੀਤਾ |
ਅਸੀਂ ਚਾਹੇ ਜੋ ਵੀ ਹਾਂ ਸਾਡੇ ਬੌਸ ਦਾ ਹੁਕਮ ਐ ਕਿ ਉਨ੍ਹਾਂ ਤੈਨੂੰ ਖਰੀਦਿਆ ਇਸ ਲਈ ਤੈਨੂੰ ਸਾਡੇ ਨਾਲ ਜਾਣਾ ਈ ਹੋਵੇਗਾ!'
ਉਨ੍ਹਾਂ 'ਚੋਂ ਇਕ ਨੇ ਰਿਵਾਲਵਰ ਦਿਖਾਈ ਤੇ ਉਸਨੂੰ ਆਪਣੀ ਗੱਡੀ 'ਚ ਸੁੱਟ ਲਿਆ |
ਹੁਣ ਉਹ ਗੱਡੀ 'ਚ ਬੈਠਾ ਇਹੋ ਸੋਚ-ਸੋਚ ਕੇ ਬੇਹਾਲ ਹੋ ਰਿਹਾ ਸੀ ਕਿ ਉਸ ਦੇ ਖ਼ਰੀਦਦਾਰ ਕੌਣ ਹਨ! ਜਿਨ੍ਹਾਂ ਮੈਨੂੰ ਖਰੀਦਿਆ ਉਨ੍ਹਾਂ ਨੂੰ ਤਾਂ ਮੈਂ ਜਾਣਦਾ ਤੱਕ ਵੀ ਨਹੀਂ!?'
ਫੇਰ ਉਸ ਦੇ ਕੰਨਾਂ 'ਚ ਬੇਸੁਰੀ ਆਵਾਜ਼ ਪਈ- ਇਕ ਅੰਕੜੇ ਤੋਂ ਵੱਧ ਤੇਰੀ ਕੀ ਔਕਾਤ ਏ ਗੁੰਮਨਾਮ ਸਿਆਂ!'
-5, ਗਲੀ ਨੰ: 8 ਘੁੰਮਣ ਨਗਰ ਸਰਹਿੰਦ ਰੋਡ ਪਟਿਆਲਾ |
ਮੋਬਾਈਲ : 68145-07663