ਤਾਰੀ ਦਾ ਘਰ ਆਪਣੇ ਖੇਤਾਂ ਦੇ ਵਿਚਕਾਰ ਜਿਹੇ ਸੀ | ਇਨ੍ਹਾਂ ਖੇਤਾਂ 'ਚ ਕਿੰਨੇ ਹੀ ਛਾਂਦਾਰ ਦਰੱਖਤ ਸਨ | ਇਨ੍ਹਾਂ ਦਰੱਖਤਾਂ 'ਤੇ ਪੰਛੀਆਂ ਦੇ ਆਲ੍ਹਣੇ ਸਨ | ਆਲ੍ਹਣਿਆਂ 'ਚ ਚਹਿਚਹਾਉਂਦੇ ਬੋਟ ਖੇਤਾਂ 'ਚ ਕੰਮ ਕਰਦੇ ਕਾਮਿਆਂ ਨੂੰ ਚਹਿਕਣ ਲਈ ਪ੍ਰੇਰਦੇ ਰਹਿੰਦੇ ਸਨ |
ਤਾਰੀ ਹਿੰਮਤੀ ਕਿਸਾਨ ਸੀ | ਉਹ ਵੇਲੇ ਸਿਰ ਹਰ ਫਸਲ ਬੀਜਦਾ ਸੀ | ਕਣਕ ਵੀ ਉਸ ਨੇ ਵੇਲੇ ਸਿਰ ਵੱਢ ਕੇ ਸਹੀ ਵਕਤ 'ਤੇ ਮੰਡੀ ਪਹੁੰਚਾ ਦਿੱਤੀ ਸੀ | ਕੰਮ ਤਾਂ ਬਾਕੀ ਲੋਕਾਂ ਦਾ ਵੀ ਮੁੱਕਣ ਨੇੜੇ ਸੀ ਪਰ ਤਾਰੀ ਦਾ ਨੰਬਰ ਪਹਿਲਾ ਸੀ |
ਫਿਰ ਉਸਨੇ ਸੋਚਿਆ ਕਿ ਕਿਉਂ ਨਾ ਹੁਣ ਨਾੜ ਨੂੰ ਅੱਗ ਲਗਾ ਦਿੱਤੀ ਜਾਵੇ | ਨਾਲੇ ਡਰ ਵੀ ਕੋਈ ਨਹੀਂ | ਨਾੜ ਵਾਲੇ ਖੇਤਾਂ ਤੇ ਉਸ ਦੇ ਮਕਾਨ ਵਿਚਾਲੇ ਵੀ ਵਿੱਥ ਕਾਫੀ ਸੀ | ਇਸ ਵਿੱਥ ਵਿੱਚ ਪਸ਼ੂਆਂ ਲਈ ਚਾਰਾ ਬੀਜਿਆ ਹੋਇਆ ਹੈ |
ਜਿਉਂ ਹੀ ਉਸ ਨੇ ਨਾੜ ਨੂੰ ਅੱਗ ਲਗਾਈ, ਅੱਗ ਕੁਝ ਹੀ ਪਲਾਂ 'ਚ ਚਾਰ ਚੁਫੇਰੇ ਫੈਲ ਗਈ | ਅੱਗ ਹੀ ਅੱਗ, ਧੂੰਆਂ ਹੀ ਧੂੰਆਂ | ਕੜੱਕ-ਕੜੱਕ ਦੀਆਂ ਆਵਾਜ਼ਾਂ ਲਗਾਤਾਰ ਆਉਣ ਲੱਗ ਪਈਆਂ |
ਪੰਛੀਆਂ ਦੀ ਹਾਲ ਪਾਰਿਆਂ ਦੇਖ ਨਹੀਂ ਸੀ ਹੁੰਦੀ | ਉਹ ਵਾਰ-ਵਾਰ ਆਲ੍ਹਣਿਆਂ ਵੱਲ ਆ ਰਹੇ ਸਨ ਪਰ ਸੇਕ ਤੇ ਧੂੰਏਾ ਦੇ ਮਾਰਿਆਂ ਦੀ ਪੇਸ਼ ਕੋਈ ਨਹੀਂ ਸੀ ਜਾ ਰਹੀ | ਕੁਝ ਹੀ ਪਲਾਂ 'ਚ ਹਵਾ ਦਾ ਰੁਖ ਬਦਲਿਆ, ਅੱਗ ਦਾ ਵਰੋਲਾ ਜਿਹਾ ਉੱਠਿਆ ਤੇ ਤਾਰੀ ਦੇ ਘਰ 'ਤੇ ਜਾ ਕੇ ਖ਼ਤਮ ਹੋ ਗਿਆ |
ਘਰ ਦੇ ਕੋਲ ਪਿਆ ਬਾਲਣ ਲਟਾਲਟ ਬਲਣ ਲੱਗ ਪਿਆ, ਅੱਗ ਘਰ ਦੇ ਅੰਦਰ ਵੀ ਜਾ ਵੜੀ ਸੀ ਤੇ ਫਟਾਫਟ ਅੱਗ 'ਤੇ ਪਾਣੀ ਪਾਇਆ ਜਾ ਰਿਹਾ ਸੀ | ਅੱਗ ਲੱਗਣ ਵਾਲੀ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ 'ਚ ਫੈਲ ਗਈ |
ਚੀਕ-ਚਿਹਾੜਾ ਮੱਚ ਗਿਆ | ਲੋਕ ਪਾਣੀ ਦੀਆਂ ਬਾਲਟੀਆਂ ਲੈ ਕੇ ਤਾਰੀ ਦੇ ਘਰ ਵੱਲ ਭੱਜੇ ਆ ਰਹੇ ਸਨ | ਘਰ ਦੇ ਜੀਆਂ ਨੂੰ ਕਾਫੀ ਸੇਕ ਲੱਗ ਚੁੱਕਿਆ ਸੀ | ਉਨ੍ਹਾਂ ਨੂੰ ਫਟਾਫਟ ਹਸਪਤਾਲ ਪਹੁੰਚਾਇਆ ਗਿਆ |
ਤਾਰੀ ਰੱਬ ਦਾ ਸ਼ੁਕਰ ਕਰ ਰਿਹਾ ਸੀ ਕਿ ਘਰ ਦੇ ਜੀਆਂ ਦਾ ਬਚਾਅ ਹੋ ਗਿਆ, ਪਰ ਘਰ ਦਾ ਸੜਿਆ ਸਾਮਾਨ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਅੱਥਰੂ ਆਉਣੋਂ ਨਹੀਂ ਸਨ ਰੁਕ ਰਹੇ | ਉਹ ਕਦੇ ਪੰਛੀਆਂ ਦੇ ਆਲ੍ਹਣਿਆਂ ਵੱਲ ਦੇਖਦਾ ਤੇ ਕਦੇ ਆਪਣੇ ਘਰ ਵੱਲ |
ਉਸ ਤੋਂ ਸੰਭਲ ਨਾ ਹੋਇਆ, 'ਉਸ ਨੇ ਦਰੱਖਤ ਨਾਲ ਲੱਗ ਕੇ ਉੱਚੀ ਦੇ ਕੇ ਭੁੱਬ ਮਾਰੀ |'
ਕੋਲ ਖੜ੍ਹੇ ਲੋਕ ਉਸ ਨੂੰ ਦਿਲਾਸਾ ਦੇ ਰਹੇ ਸਨ, 'ਤਾਰੀ ਹੌਸਲਾ ਰੱਖ, ਇਹ ਵੀ ਉਸ ਦਾ ਭਾਣਾ ਹੈ |' ਆਪਣੇ ਮਕਾਨ ਦਾ ਸਬਰ ਤਾਂ ਉਹ ਭਾਣਾ ਮੰਨ ਕੇ ਕਰ ਸਕਦਾ ਸੀ, ਪਰ ਪੰਛੀਆਂ ਨੂੰ ਤੜਪਦਿਆਂ, ਵਾਰ-ਵਾਰ ਆਪਣੇ ਬੋਟਾਂ ਤੀਕ ਪਹੁੰਚਣ ਵਾਲਾ ਦਿ੍ਸ਼ ਉਸ ਨੂੰ ਧੀਰਜ ਨਹੀਂ ਸੀ ਧਰਨ ਦੇ ਰਿਹਾ |
-ਪਿੰਡ ਤੇ ਡਾਕ ਨੀਲੋਂ ਕਲਾਂ, ਤਹਿ. ਸਮਰਾਲਾ (ਲੁਧਿਆਣਾ)
ਮੋਬਾਈਲ : 94174-68668
ਸੇਕ...
ਸੇਕ..
ਅਜੀਤ ਡੈਸਕ
13-09-2026