ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪਰਨਾਲਾ ਉੱਥੇ ਦਾ ਉੱਥੇ

Ad Position 21
No active advertisement
ਅਜੀਤ ਡੈਸਕ 12-07-2026

ਸ਼ੁਰੂ ਤੋਂ ਹੀ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਰਿਹਾ ਹੈ ਭਾਵੇਂ ਕਿ ਸ਼ੁਰੂ ਜਗਤ ਦੇ ਖੇਤੀਕਾਰਾਂ ਦਾ ਮਕਸਦ ਘਰ ਜੋਗੇ ਦਾਣੇ, ਤੇਲ, ਸਬਜ਼ੀਆਂ, ਗੁੜ, ਸ਼ੱਕਰ, ਦਾਲਾਂ, ਦੁੱਧ ਆਦਿ ਪੈਦਾ ਕਰਨ ਦਾ ਹੁੰਦਾ ਸੀ ਤੇ ਕੋਸ਼ਿਸ਼ ਇਹ ਹੁੰਦੀ ਸੀ ਕਿ ਘਰ ਵਰਤੋਂ ਦੀ ਕੋਈ ਸ਼ੈਅ ਬਾਹਰੋਂ ਬਾਜ਼ਾਰ ਵਿਚੋਂ ਖਰੀਦ ਕੇ ਲਿਆਉਣੀ ਨਾ ਪਵੇ। ਸਾਦੇ ਜੀਵਨ ਸਨ, ਸਾਦੀਆਂ ਲੋੜਾਂ ਤੇ ਸੀਮਤ ਸਾਧਨ ਸਨ। ਥੋੜ੍ਹਾ-ਥੋੜ੍ਹਾ ਕਾਰੋਬਾਰ ਸੀ ਤੇ ਖੇਤੀਬਾੜੀ ਮੌਸਮ 'ਤੇ ਨਿਰਭਰ ਕਰਦੀ ਸੀ। ਢੇਰ ਰੂੜੀ ਦਾ ਉਹ ਜ਼ਮਾਨਾ ਸੀ ਤੇ ਕੀੜੇਮਾਰ ਦਵਾਈਆਂ, ਵਿਕਸਿਤ ਬੀਜਾਂ, ਖਾਦਾਂ ਮਸ਼ੀਨਰੀ ਆਦਿ ਨੇ ਅਜੇ ਸਿਰ ਨਹੀਂ ਚੁੱਕਿਆ ਸੀ। ਪਿੰਡਾਂ ਵਿਚ ਵਸਦੇ ਸਨ ਲੋਕ, ਦਰੱਖਤਾਂ ਦੀਆਂ ਛਾਵਾਂ ਤੇ ਰੜੀਆਂ ਵਿਚ ਇਕੱਠੇ ਹੋ ਕੇ ਬੈਠਣਾ, ਸਾਫ਼-ਸੁਥਰੀ ਹਵਾ, ਸਾਫ਼-ਸੁਥਰਾ ਪਾਣੀ, ਜੋਗਾਂ ਬੱਲਦਾਂ ਦੀ ਵਾਹ-ਵਹਾਈ, ਤੰਦਰੁਸਤੀ ਦਾ ਜ਼ਮਾਨਾ ਸੀ। ਕਿਸੇ ਨੂੰ ਬੁਖਾਰ ਚੜ੍ਹ ਜਾਵੇ ਤੇ ਨਿੰਬੂ-ਪਾਣੀ ਪੀਓ, ਕਿਸੇ ਨੂੰ ਸੱਟ ਲੱਗ ਜਾਵੇ ਤੇ ਹਲਦੀ ਤੇ ਸਰ੍ਹੋਂ ਦਾ ਤੇਲ ਲਾ ਲਵੋ, ਪ੍ਰਾਹੁਣਾ ਆ ਜਾਵੇ ਤਾਂ ਸਬਜ਼ੀ ਨਹੀਂ ਤਾਂ ਦਾਲਾ ਵਾਹਿਗੁਰੂ। ਲੱਸੀ ਦੀ ਘੁੱਟੋ-ਵੱਟੀ ਤੇ ਮਿੱਸੀਆਂ ਰੋਟੀਆਂ। ਦੇਖਦਿਆਂ-ਦੇਖਦਿਆਂ ਕੁਝ ਤਬਦੀਲੀਆਂ ਬਣਦੀਆਂ ਗਈਆਂ ਤੇ ਵੱਖਰੀ ਸੋਚ ਰੱਖਣ ਵਾਲੇ ਉਸ ਨੂੰ ਹਰਾ ਇਨਕਲਾਬ ਕਹਿਣ ਲੱਗ ਪਏ ਜਿਸ ਨਾਲ 'ਡੂੰਘਾ ਵਾਹ ਤੇ ਰੱਜ ਕੇ ਖਾਹ' ਦਾ ਜ਼ਮਾਨਾ ਪਿੱਛੇ ਰਹਿ ਗਿਆ। ਖੇਤੀਬਾੜੀ ਵਿਚ ਵਪਾਰਕ ਤਾਸੀਰ ਨੇ ਪ੍ਰਵੇਸ਼ ਕਰ ਲਿਆ, ਨਵੀਆਂ ਤੋਂ ਨਵੀਆਂ ਖਾਦਾਂ, ਨਵੇਂ ਤੋਂ ਨਵੇਂ ਬੀਜ, ਨਵੀਂ ਤਕਨਾਲੋਜੀ, ਤੇ ਨਵੀਂ ਤੋਂ ਨਵੀਂ ਮਸ਼ੀਨ ਜਾਣੀ ਕਿ ਸਭ ਕੁਝ ਬਦਲ ਗਿਆ ਤੇ ਕਹਿਣ ਦੇਖਣ ਲਈ ਇਕ ਨਵੇਂ ਯੁੱਗ ਨੇ ਪ੍ਰਵੇਸ਼ ਮਾਰ ਲਿਆ। ਘਰ-ਘਰ ਕਾਰਾਂ, ਕੋਠੀਆਂ ਏ.ਸੀ. ਨੇ ਜ਼ਿੰਦਗੀ ਦੀ ਕਾਇਆ ਪਲਟ ਕੇ ਰੱਖ ਦਿੱਤੀ ਤੇ ਖੇਤਾਬਾੜੀ ਇਕ ਪੂਰਨ ਵਪਾਰਕ ਧੰਦਾ ਬਣ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਖੇਤੀ ਦੀ ਆਮਦਨ ਕਈ ਗੁਣਾਂ ਵੱਧ ਗਈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਦੇਖੋ-ਦੇਖੀ ਇਸ ਕਿੱਤੇ ਨਾਲ ਜੁੜੇ ਲੋਕਾਂ ਨੇ ਆਪਣੀ ਫਜ਼ੂਲ-ਖਰਚੀ, ਆਪਣੇ ਜਗਤ ਦਿਖਾਵੇ ਤੇ ਆਪਣੀਆਂ ਬੇਤੁਕੀਆਂ ਲੋੜਾਂ ਏਨੀਆਂ ਵਧਾ ਲਈਆਂ ਤੇ ਜ਼ਿੰਦਗੀ ਦੀ ਚੂਹਾ ਦੌੜ ਏਨੀ ਵਧਾ ਲਈ ਜੋ ਸਹੀ ਸੋਚਣੀ ਵਾਲੇ ਲੋਕਾਂ ਲਈ ਵੀ ਮੁਸ਼ਕਿਲ ਦਾ ਸਬੱਬ ਬਣ ਚੁੱਕੀ ਹੈ। ਮੈਂ ਹਾਮੀਦਾਰ ਹਾਂ ਕਿ ਬਾਕੀ ਵਰਗਾਂ ਦੇ ਲੋਕਾਂ ਵਾਂਗ ਖੇਤੀਕਾਰਾਂ ਨੂੰ ਵੀ ਇਕ ਮਿਆਰੀ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ। ਜਾਣੀ ਕਿ ਵਧੀਆ ਘਰ ਹੋਵੇ, ਆਉਣ-ਜਾਣ ਦੀਆਂ ਵਧੀਆ ਸਹੂਲਤਾਂ ਹੋਣ, ਬੱਚਿਆਂ ਦੀ ਵਧੀਆਂ ਪੜ੍ਹਾਈ ਹੋਵੇ ਬਿਮਾਰਾਂ ਨੂੰ ਵਧੀਆਂ ਇਲਾਜ ਮਿਲੇ ਤੇ ਹੋਰ ਸੁੱਖ-ਸਹੂਲਤਾਂ ਜ਼ਰੂਰ ਮਿਲਣ ਪਰ ਇਹ ਸਭ ਕੁਝ ਕਿਸੇ ਹੱਦ ਤੱਕ ਸੀਮਤ ਰਹਿਣ।
ਸੁਭਾਵਿਕ ਤੌਰ 'ਤੇ ਸਾਨੂੰ ਪੰਜਾਬੀਆਂ ਨੂੰ ਰੱਬ ਨੇ ਕੁਝ ਜ਼ਿਆਦਾ ਖੁੱਲ੍ਹ-ਦਿਲੇ ਬਣਾਇਆ ਹੈ, ਇਹ ਸਾਰਾ ਜੱਗ ਮੰਨਦਾ ਹੈ ਤੇ ਏਹੀ ਖੁੱਲ੍ਹ-ਦਿਲੀ ਸਾਡੇ ਉੱਤੇ ਅਕਸਰ ਭਾਰੀ ਪੈ ਜਾਂਦੀ ਹੈ ਜੋ ਫਜ਼ੂਲ-ਖਰਚੀ ਤੇ ਲੋਕ ਦਿਖਾਵਿਆਂ ਦੀ ਦਿਸ਼ਾ ਸੂਚਕ ਬਣਦੀ ਹੈ। ਫਜ਼ੂਲ ਖਰਚੀ ਤੇ ਲੋਕ ਦਿਖਾਵਿਆਂ ਦੀ ਜਿਊਂਦੀ-ਜਾਗਦੀ ਮਿਸਾਲ ਹਨ ਸਾਡੀਆਂ ਵਿਆਹ ਸ਼ਾਦੀਆਂ ਦੇ ਸਮਾਗਮ। ਕਿਆ ਮੇਲੇ ਲੱਗਦੇ ਹਨ ਹਰ ਰੋਜ਼ ਮੈਰਿਜ ਪੈਲਸਾਂ ਵਿਚ। ਵਿਆਹ ਜਲੰਧਰ ਤੇ ਟਰੈਫਿਕ ਫਗਵਾੜੇ ਤੱਕ ਜਾਮ ਹੋ ਜਾਂਦਾ ਹੈ ਇੱਥੇ ਹਰ ਸ਼ਾਮ ਰਸਮਾਂ ਇੰਨੀਆਂ ਵੱਧ ਗਈਆਂ ਹਨ ਕਿ ਵਿਆਹ ਇਕੱਲਾ ਵਿਆਹ ਮੁਕਲਾਵਾ ਨਹੀਂ ਰਿਹਾ। ਰੋਕੇ ਤੋਂ ਸ਼ੁਰੂ ਹੋ ਕੇ ਕੁੜਮਾਈ, ਰਿੰਗ ਸੈਰੇਮਨੀ, ਸ਼ਗਨ, ਬੈਚੁਲਰ ਪਾਰਟੀ, ਹਲਦੀ, ਮਹਿੰਦੀ, ਜਾਗੋ, ਚੂੜਾ, ਵਿਆਹ, ਰਿਸੈਪਸ਼ਨ, ਹਨੀਮੂਨ ਤੇ ਇਸ ਤੋਂ ਵੀ ਅੱਗੇ ਹੁਣ ਪ੍ਰੀਵੈਡਿੰਗ ਫੋਟੋਗ੍ਰਾਫੀ ਆਣ ਵੜੀ ਹੈ ਜੋ ਸਾਡੇ ਸੱਭਿਆਚਾਰ ਨੂੰ ਬਰਬਾਦੀ ਵੱਲ ਲੈ ਤੁਰੀ ਹੈ। ਸੋਨੇ ਤੇ ਕੱਪੜੇ ਦਾ ਭਾਅ, ਇਕੋ ਰੰਗ ਦੇ ਕੱਪੜੇ ਪਹਿਨਣ ਦਾ ਰਿਵਾਜ਼, ਮਹਿੰਦੀ ਵਾਲੇ ਦਿਨ ਤੇ ਹਲਦੀ ਵਾਲੇ ਦਿਨ ਪੀਲੇ ਕੱਪੜੇ, ਉਹ ਵੀ ਸਾਰਿਆ ਦੇ। ਲੱਖਾਂ ਰੁਪਏ ਦਾ ਲਹਿੰਗਾ, ਚੂੜਾ, ਦੁਲਹਨ ਦੇ ਨਾਲ-ਨਾਲ ਮਾਵਾਂ, ਭੈਣਾਂ, ਭਰਜਾਈਆਂ, ਦੇ ਬਰਾਬਰ ਕੱਪੜੇ, ਮਹਿੰਗੇ ਤੋਂ ਮਹਿੰਗੇ ਤੋਹਫੇ, ਮਹਿੰਗੀਆਂ ਕਾਰਾਂ, ਮਹਿੰਗੇ ਦਾਜ-ਦਹੇਜ, ਮਹਿੰਗੇ ਮੈਰਿਜ ਪੈਲਸ, ਮਹਿੰਗੇ ਤੋਂ ਮਹਿੰਗੇ ਖਾਣੇ, ਮੁਰਗੇ ਮਛਲੀਆਂ, ਸ਼ਰਾਬਾਂ, ਵਿਸਕੀਆਂ, ਵਿਆਹ ਕਾਹਦਾ ਉਜੜ ਕੇ ਬਹਿ ਜਾਂਦਾ ਹੈ ਪਰਿਵਾਰ। ਇੱਥੇ ਹੀ ਬੱਸ ਨਹੀਂ ਇਸ ਤਰ੍ਹਾਂ ਦਾ ਵਿਆਹ ਭਵਿੱਖ ਵਿਚ ਹੋਣ ਵਾਲੇ ਦੂਜੇ ਵਿਆਹਾਂ ਲਈ ਵੀ ਇਕ ਮੀਲ-ਪੱਥਰ ਬਣ ਕੇ ਖਲੋ ਜਾਂਦਾ ਹੈ। ਕਿਧਰ ਨੂੰ ਚੱਲ ਪਈ ਹੈ ਇਹ ਨਵੇਂ ਰੱਜਿਆਂ ਦੀ ਦੁਨੀਆ ਤੇ ਕੀ ਬਣੇਗਾ ਉਨ੍ਹਾਂ ਮਹਾਤੜਾਂ ਦਾ ਜਿਨ੍ਹਾਂ ਆਉਣ ਵਾਲੇ ਕੱਲ੍ਹ ਨੂੰ ਇਹ ਫਾਹਾ ਗੱਲ ਵਿਚ ਪਾਉਣਾ ਹੈ। ਜਾਣੀ ਕਿ ਵਿਆਹ ਵਰਗੀ ਸਾਫ਼-ਸੁਥਰੀ ਤੇ ਮਿਸ਼ਰੀ ਤੋਂ ਵੀ ਵੱਧ ਮਿੱਠੀ ਰਸਮ ਇਨ੍ਹਾਂ ਫਜ਼ੂਲ ਖਰਚਿਆਂ ਨੇ ਫਾਹਾ ਬਣਾ ਦਿੱਤੀ ਹੈ ਤੇ ਲੜਕੀ ਦਾ ਵਿਆਹ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਖੂਹ ਦੀ ਮਿੱਟੀ ਖੂਹ ਵਿਚ ਹੀ ਪਾਈ ਜਾਂਦੇ ਨੇ ਇਹ ਸਿਆਣੇ, ਨੌਜਵਾਨ ਪੀੜ੍ਹੀ ਨੂੰ ਇਸ 'ਤੇ ਕਿਆਸ ਕਰਨੀ ਪਵੇਗੀ। ਪੰਜਾਬ ਦੀ ਤਰੱਕੀ ਵਿਚ ਜੁਟੀ ਹੋਈ ਅਤਿ-ਆਧੁਨਿਕ ਮਸ਼ੀਨਰੀ ਦੀਆਂ ਇਕ-ਦੋ ਤਸਵੀਰਾਂ ਸ਼ਾਮਿਲ ਕਰ ਦਿੱਤੀਆਂ ਹਨ।
ਬੱਦਲਾਂ ਦੇ ਪਿੱਛੇ ਕਦੀ ਭੱਜਣਾ ਨੀਂ ਚਾਹੀਦਾ
ਸਿਰ ਨਾਲੋਂ ਉੱਚਾ ਕਦੀ ਟੱਪਣਾ ਨੀਂ ਚਾਹੀਦਾ
ਗ਼ਲਤੀ ਗੁਆਂਢੀ ਦੀ ਤੋਂ ਮੱਤ ਲੈਣੀ ਚਾਹੀਦੀ
ਆਪਣੇ ਪਨ੍ਹੇਂ ਨੂੰ ਕਦੀ ਭੁੱਲਣਾ ਨੀਂ ਚਾਹੀਦਾ।
ਸੱਚੀ ਗੱਲ ਪਿਆਰਿਆ ਬਈ
ਸੱਚੀ ਗੱਲ ਪਿਆਰਿਆ।

-ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ
ਮੋਬਾਈਲ : 98722-56005

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਵਲੋਂ ਬਾਰਿਸ਼ ਨਾਲ ਪ੍ਰਭਾਵਿਤ ਫ਼ਸਲਾਂ ਦਾ ਜਾਇਜ਼ਾ ਅਗਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਦੀ ਹੋਈ ਮੀਟਿੰਗ
Ad Position 24
No active advertisement