ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਹਰ ਰਾਹੇ ਮਿਲਣ ਵਾਲਾ ਹਰਾ ਹਕੀਮ-ਪੁੱਠਕੰਡਾ

Ad Position 21
No active advertisement
ਅਜੀਤ ਡੈਸਕ 12-07-2026

ਸਾਡਾ ਅੱਜ ਦਾ ਹਰਾ ਹਕੀਮ ਪੁੱਠਕੰਡਾ ਹੈ। ਇਸ ਨੂੰ ਅਪਾਮਾਰਗ, ਚਿੜਚਿੜਾ, ਲਟਜੀਰਾ, ਸ਼ਿਖਰੀ, ਮਰਕਟੀ, ਫਰਿਕਲੀ ਅਤੇ ਮਿਊਰਿਕ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂਅ ਐਕੀਰੈਂਥਸ ਅਸਪੇਰਾ ਹੈ। ਇਹ ਇਕ ਜੰਗਲੀ ਬੂਟੀ ਹੈ, ਜਿਸ ਨੂੰ ਅਸੀਂ ਆਮ ਹੀ ਪੁੱਟ ਕੇ ਸੁੱਟ ਦਿੰਦੇ ਹਾਂ। ਇਹ ਵਿਹਲੀਆਂ ਪਈਆਂ ਥਾਵਾਂ ਵਿਚ ਆਮ ਪਾਇਆ ਜਾਂਦਾ ਹੈ। ਸੜਕਾਂ ਜਾਂ ਕੱਚੇ ਰਸਤਿਆਂ 'ਤੇ, ਕਿਨਾਰਿਆਂ 'ਤੇ, ਨਦੀਆਂ, ਨਹਿਰਾਂ ਜਾਂ ਚੋਆਂ ਦੇ ਕਿਨਾਰਿਆਂ 'ਤੇ ਇਹ ਪੌਦਾ ਆਮ ਪਾਇਆ ਜਾਂਦਾ ਹੈ। ਇਹ ਪੌਦਾ ਆਮ ਤੌਰ 'ਤੇ 2 ਤੋਂ 4 ਫੁੱਟ ਉੱਚਾਈ ਦਾ ਹੁੰਦਾ ਹੈ। ਚੰਗੀ ਮਿੱਟੀ ਅਤੇ ਅਨੁਕੂਲ ਮੌਸਮ ਵਿਚ ਇਹ 6-7 ਫੁੱਟ ਤੱਕ ਵੀ ਪਹੁੰਚ ਜਾਂਦਾ ਹੈ। ਇਸ ਪੌਦੇ ਦੇ ਡੰਡਲ ਦੇ ਹੇਠਲੇ ਹਿੱਸੇ 'ਤੇ ਅੰਡਾਕਾਰ ਪੱਤੇ ਲੱਗੇ ਹੁੰਦੇ ਹਨ ਅਤੇ ਉੱਪਰ ਕਾਫੀ ਲੰਬੀ ਸ਼ਾਖਾ ਨਿੱਕਲੀ ਹੁੰਦੀ ਹੈ, ਜਿਸ ਉੱਪਰ ਕੰਡੇ ਜਿਹੇ ਲੱਗੇ ਹੁੰਦੇ ਹਨ ਜਿਨ੍ਹਾਂ ਦਾ ਮੂੰਹ ਹੇਠਾਂ ਵੱਲ ਨੂੰ ਹੁੰਦਾ ਹੈ। ਇਸੇ ਕਰ ਕੇ ਇਸ ਪੌਦੇ ਨੂੰ ਪੁੱਠਕੰਡਾ ਕਿਹਾ ਜਾਂਦਾ ਹੈ। ਇਹ ਪਿਛਲੇ ਪਾਸਿਓਂ ਥੋੜ੍ਹੇ ਜਿਹੇ ਮੋਟੇ ਅਤੇ ਗੋਲਾਈ ਵਿਚ ਹੁੰਦੇ ਹਨ ਅਤੇ ਅੱਗਿਓਂ ਤਿੱਖੇ ਹੁੰਦੇ ਹਨ। ਇਹ ਇਸ ਪੌਦੇ ਦਾ ਫਲ ਜਾਂ ਕਹਿ ਲਓ ਬੀਜ ਹੁੰਦਾ ਹੈ। ਜਦੋਂ ਅਸੀਂ ਇਸ ਪੌਦੇ ਨਾਲ ਖਹਿ ਕੇ ਲੰਘਦੇ ਹਾਂ ਤਾਂ ਇਸ ਦੇ ਇਹ ਕੰਡੇ ਜਾਂ ਬੀਜ ਸਾਡੇ ਕੱਪੜਿਆਂ ਨਾਲ ਚਿੰਬੜ ਜਾਂਦੇ ਹਨ। ਇਹ ਪੌਦੇ ਆਮ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਕਿਸਮ ਨੂੰ ਸਫੈਦ ਪੁੱਠਕੰਡਾ ਕਿਹਾ ਜਾਂਦਾ ਹੈ। ਇਸ ਦੇ ਪੱਤੇ ਸਫੈਦ ਭਾਅ ਮਾਰਦੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਡੰਡਲ ਹਰੇ ਹੁੰਦੇ ਹਨ। ਇਸ ਕਿਸਮ ਨੂੰ ਲੰਬੇ ਬੀਜ ਲਗਦੇ ਹਨ। ਦੂਜੀ ਕਿਸਮ ਲਾਲ ਪੁੱਠਕੰਡਾ ਹੈ। ਇਸ ਦਾ ਡੰਡਲ ਲਾਲ ਹੁੰਦਾ ਹੈ। ਪੱਤੇ ਹੁੰਦੇ ਤਾਂ ਹਰੇ ਹਨ ਪਰ ਉਨ੍ਹਾਂ ਉੱਪਰ ਲਾਲ ਰੰਗ ਦੇ ਚਟਾਕ ਹੁੰਦੇ ਹਨ। ਇਸ ਦੇ ਬੀਜ ਛੋਟੇ ਹੁੰਦੇ ਹਨ। ਦੋਵੇਂ ਕਿਸਮਾਂ ਆਯੁਰਵੈਦ ਵਿਚ ਲਾਹੇਵੰਦ ਹਨ। ਲਾਲ ਕਿਸਮ ਤੁਲਨਾਤਮਿਕ ਤੌਰ 'ਤੇ ਘੱਟ ਮਿਲਦੀ ਹੈ, ਪਰ ਚਮੜੀ ਦੇ ਰੋਗਾਂ ਅਤੇ ਜ਼ਖ਼ਮਾਂ ਲਈ ਇਸ ਕਿਸਮ ਦੀ ਵਰਤੋਂ ਜ਼ਿਆਦਾ ਬਿਹਤਰ ਮੰਨੀ ਜਾਂਦੀ ਹੈ।
ਪੁੱਠਕੰਡਾ ਬੜੀ ਪ੍ਰਭਾਵਸ਼ਾਲੀ ਜੜ੍ਹੀ ਬੂਟੀ ਹੈ, ਜਿਸ ਦਾ ਪ੍ਰਯੋਗ ਹੋਮਿਓਪੈਥੀ ਅਤੇ ਆਯੁਰਵੈਦਿਕ, ਦੋਵਾਂ ਵਿਚ ਕੀਤਾ ਜਾਂਦਾ ਹੈ। ਹੋਮਿਓਪੈਥੀ ਵਿਚ ਇਸ ਦੇ ਵਿਗਿਆਨਕ ਨਾਂਅ ਐਕੀਰੈਂਥਸ ਅਸਪੇਰਾ ਦੇ ਨਾਂਅ 'ਤੇ ਹੀ ਦਵਾਈ ਬਣਾਈ ਗਈ ਹੈ, ਜਿਸ ਨੂੰ ਚਮੜੀ, ਸਾਹ ਅਤੇ ਪਿਸ਼ਾਬ ਦੀਆਂ ਬਿਮਾਰੀਆਂ ਠੀਕ ਕਰਨ ਲਈ ਅਤੇ ਪਾਚਣ ਤੰਤਰ ਦਰੁੱਸਤ ਕਰਨ ਲਈ ਵਰਤਿਆ ਜਾਂਦਾ ਹੈ। ਆਯੁਰਵੈਦ ਵਿਚ ਇਸ ਪੌਦੇ ਦੇ ਫੁੱਲਾਂ ਅਤੇ ਤਾਜ਼ੇ ਪੱਤਿਆਂ ਤੋਂ ਬਣਾਈ ਮਲ੍ਹਮ ਦਾ ਪ੍ਰਯੋਗ ਪੁਰਾਣੇ ਸਮਿਆਂ ਤੋਂ ਬਿੱਛੂ ਅਤੇ ਸੱਪ ਦੇ ਡੰਗ ਮਾਰਨ ਵਾਲੀ ਜਗ੍ਹਾ 'ਤੇ ਲਗਾ ਕੇ ਕੀਤਾ ਜਾਂਦਾ ਰਿਹਾ ਹੈ। ਇਸ ਮਲ੍ਹਮ ਦਾ ਪ੍ਰਯੋਗ ਹਲਕੇ ਕੁੱਤੇ ਦੇ ਕੱਟਣ ਵਾਲੀ ਜਗ੍ਹਾ 'ਤੇ ਵੀ ਮੁਢਲੀ ਸਹਾਇਤਾ ਦੇ ਤੌਰ 'ਤੇ ਕੀਤਾ ਜਾਂਦਾ ਰਿਹਾ ਹੈ।
ਜੇਕਰ ਕਿਸੇ ਦੇ ਮਸੂੜਿਆਂ ਵਿਚੋਂ ਖੂਨ ਵਗਣ ਦੀ ਸਮੱਸਿਆ ਹੋਵੇ ਤਾਂ ਪੁੱਠਕੰਡੇ ਦੇ ਡੰਡਲ ਦੀ ਦਾਤਣ ਬੇਹੱਦ ਲਾਭਕਾਰੀ ਹੁੰਦੀ ਹੈ। ਜੇਕਰ ਦੰਦਾਂ ਵਿਚ ਦਰਦ ਹੋਵੇ ਤਾਂ ਇਸ ਦੇ ਪੱਤਿਆਂ ਅਤੇ ਜੜ੍ਹਾਂ ਨੂੰ ਸੁਕਾ ਕੇ ਚੂਰਨ ਬਣਾ ਲਓ। ਇਸ ਵਿਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਮੰਜਨ ਕਰਨ ਨਾਲ ਦੰਦ ਦਰਦ ਤੋਂ ਰਾਹਤ ਮਿਲਦੀ ਹੈ। ਇਸ ਪੌਦੇ ਦੇ ਪੱਤਿਆਂ ਦਾ ਇਕ ਚਮਚਾ ਰਸ ਤਿੰਨ ਚਮਚੇ ਪਾਣੀ ਵਿਚ ਪਾ ਕੇ ਰੋਜ਼ਾਨਾ ਇਕ ਵਾਰ ਪੀਣ ਨਾਲ ਪੇਟ ਦੀ ਸਫਾਈ ਹੁੰਦੀ ਹੈ, ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਭੋਜਨ ਨਾਲੀ ਦੀ ਇਨਫੈਕਸ਼ਨ ਦੂਰ ਹੁੰਦੀ ਹੈ। ਇਹ ਕੋਲੈਸਟ੍ਰੋਲ ਘਟਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ਦੇ ਪੱਤਿਆਂ ਦੇ ਰਸ ਜਾਂ ਚੂਰਨ ਨੂੰ ਸ਼ਹਿਦ ਵਿਚ ਮਿਲਾ ਕੇ ਚੂਸਣ ਨਾਲ ਸਾਹ ਨਲੀ ਅਤੇ ਛਾਤੀ ਵਿਚੋਂ ਬਲਗਮ ਨਿਕਲਦਾ ਹੈ ਅਤੇ ਖੰਘ ਠੀਕ ਹੁੰਦੀ ਹੈ। ਲਾਲ ਪੁੱਠਕੰਡੇ ਦੀਆਂ ਜੜ੍ਹਾਂ ਨੂੰ ਪਾਣੀ ਵਿਚ ਕੁੱਟ ਕੇ ਤਿਆਰ ਕੀਤੀ ਮਲ੍ਹਮ ਨੂੰ ਚਮੜੀ 'ਤੇ ਲਾਉਣ ਨਾਲ ਖਾਜ-ਖੁਜਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਜ਼ਖ਼ਮ ਜਲਦੀ ਭਰਦੇ ਹਨ। ਪੁੱਠਕੰਡੇ ਦੇ ਚੂਰਨ ਦਾ ਇਕ ਚੌਥਾਈ ਤੋਂ ਅੱਧਾ ਛੋਟਾ ਚਮਚਾ ਖਾਣੇ ਤੋਂ ਬਾਅਦ ਸ਼ਹਿਦ ਵਿਚ ਮਿਲਾ ਕੇ ਜਾਂ ਪਾਣੀ ਨਾਲ ਲੈਣ ਨਾਲ ਚਰਬੀ ਦੇ ਜ਼ਹਿਰੀਲੇ ਤੱਤ ਪਿਘਲ ਕੇ ਬਾਹਰ ਨਿਕਲਦੇ ਹਨ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਇਹ ਭਾਰ ਘਟਾਉਣ ਲਈ ਵੀ ਲਾਭਕਾਰੀ ਹੈ।
ਇਸ ਵਿਚ ਜੀਵਾਣੂ ਨਾਸ਼ਕ ਗੁਣ ਹੁੰਦੇ ਹਨ। ਇਹ ਗੁਰਦੇ ਦੀ ਪੱਥਰੀ ਖੋਰਨ ਅਤੇ ਨਸਾਂ ਖੋਲ੍ਹਣ ਦੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਹ ਚਮੜੀ ਦੇ ਮੱਸਿਆਂ ਨੂੰ ਸਾੜ ਦਿੰਦਾ ਹੈ। ਇਸ ਦੀ ਵਰਤੋਂ ਬਵਾਸੀਰ ਦੇ ਮੱਸਿਆਂ ਨੂੰ ਸਾੜਨ ਲਈ ਵੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਮੇਂ ਇਹ ਆਸ ਪਾਸ ਦੀ ਚਮੜੀ 'ਤੇ ਨਹੀਂ ਲੱਗਣਾ ਚਾਹੀਦਾ। ਇਸ ਦੀ ਖੁਦ ਵਰਤੋਂ ਕਰਨੀ ਖ਼ਤਰਨਾਕ ਹੋ ਸਕਦੀ ਹੈ। ਇਸ ਦੀ ਵਰਤੋਂ ਡਾਕਟਰ ਦੀ ਦੇਖ-ਰੇਖ ਹੇਠ ਹੀ ਕਰਨੀ ਚਾਹੀਦੀ ਹੈ।
ਪੁੱਠਕੰਡਾ ਬੜੀ ਤੇਜ਼ ਅਤੇ ਤਿੱਖੀ ਜੜ੍ਹੀ ਬੂਟੀ ਹੈ। ਇਸ ਦੀ ਤਾਸੀਰ ਵੀ ਕਾਫੀ ਗਰਮ ਹੁੰਦੀ ਹੈ। ਇਸ ਦਾ ਪ੍ਰਯੋਗ ਲਗਾਤਾਰ ਵੱਧ ਮਾਤਰਾ ਵਿਚ ਨਹੀਂ ਕਰਨਾ ਚਾਹੀਦਾ। ਇਸ ਦੇ ਰਸ ਦੀ ਵਰਤੋਂ ਕਰਨ ਸਮੇਂ ਇਸ ਵਿਚ ਪਾਣੀ, ਗੁਲਾਬ ਜਲ ਜਾਂ ਦੁੱਧ ਮਿਲਾ ਲੈਣਾ ਚਾਹੀਦਾ ਹੈ। ਗਰਭਪਤੀ ਇਸਤਰੀਆਂ, ਬਾਂਝਪਣ ਜਾਂ ਨਾਮਰਦੀ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਕਰਨੀ ਚਾਹੀਦੀ।
-ਮੋਬਾਈਲ : 85588-31900

Ad Position 22
No active advertisement
ਪਿਛਲੀ ਖ਼ਬਰ ਪੰਡਿਤ ਮੇਲਾ ਰਾਮ 'ਵਫ਼ਾ' (26 ਜਨਵਰੀ 1895-19 ਸਤੰਬਰ 1980) ਅਗਲੀ ਖ਼ਬਰ ਬਨੇਰਾ ਬੋਲਦਾ ਹੈ
Ad Position 24
No active advertisement