ਪੰਡਿਤ ਭਗਤ ਰਾਮ, ਪਿੰਡ ਦੀਪੀਕੇ, ਜ਼ਿਲ੍ਹਾ ਸਿਆਲਕੋਟ, (ਹੁਣ ਪਾਕਿਸਤਾਨ) ਦੇ ਘਰ, 26 ਜਨਵਰੀ 1895 ਈ. ਨੂੰ ਇਕ ਬਾਲਕ ਨੇ ਜਨਮ ਲਿਆ। ਸਿਆਲਕੋਟ ਪੰਜਾਬੀ ਮਨਾਂ ਵਿਚ ਪੂਰਨ ਭਗਤ ਦੀ ਕਥਾ ਨਾਲ ਜੁੜਿਆ ਹੈ, ਜਿਸਨੂੰ ਕਾਦਰਯਾਰ ਨੇ ਪੰਜਾਬੀ ਹਿਰਦਿਆਂ ਵਿਚ ਵਸਾਇਆ ਸੀ। ਇਸੇ ਇਤਿਹਾਸਕ ਨਗਰ ਵਿਚ ਅੱਲਾਮਾ 'ਇਕਬਾਲ' ਪੈਦਾ ਹੋਏ, ਜਿਨ੍ਹਾਂ ਨੇ ਉਰਦੂ ਸ਼ਾਇਰੀ ਵਿਚ ਨਾਮ ਬੁਲੰਦ ਕੀਤਾ। ਫਿਰ ਕਈ ਦਹਾਕਿਆਂ ਮਗਰੋਂ ਫ਼ੈਜ਼ ਅਹਿਮਦ 'ਫ਼ੈਜ਼' ਨੇ ਇਸ ਨਾਮ ਨੂੰ ਹੋਰ ਲਿਸ਼ਕਾਇਆ। ਨਵ-ਜਨਮੇ ਬਾਲ ਦਾ ਨਾਮ ਮੇਲਾ ਰਾਮ ਰੱਖਿਆ ਗਿਆ। ਉਹ ਵੀ ਇਕ ਹੋਣਹਾਰ ਕਲਮ-ਕਾਰ ਸਿੱਧ ਹੋਇਆ। ਉਸ ਨੇ 'ਵਫ਼ਾ' ਤਖ਼ੱਲੁਸ ਅਪਣਾਇਆ। ਆਪਣੀ ਕਾਵਿ-ਕੋਮਲਤਾ, ਮਧੁਰਤਾ, ਕਮਾਲ ਸੁਖ਼ਨਵਰੀ ਤੇ ਦੇਸ਼ ਭਗਤੀ ਦੇ ਜਜ਼ਬੇ ਨੂੰ 'ਵਫ਼ਾ' ਨੇ 85 ਸਾਲ ਦੀ ਉਮਰ ਤੱਕ ਵਫ਼ਾਦਾਰੀ ਨਾਲ ਨਿਭਾਇਆ ਤੇ 1980 ਈ. ਵਿਚ ਆਖ਼ਰੀ ਸਵਾਸ ਲਿਆ। ਇੱਥੇ ਪਾਠਕਾਂ ਨੂੰ ਉਸ ਦੀ ਆਖ਼ਰੀ ਗ਼ਜ਼ਲ ਬੜੀ ਅਦਭੁਤ ਜਾਪੇਗੀ।
ਸਾਅਤੋਂ ਕੀ ਨਹੀਂ ਬਾਤ ਲਮਹੋਂ ਕੀ ਹੈ,
ਜਿਸਮ ਸੇ ਰੂਹ ਪਰਵਾਜ਼ ਕਰ ਜਾਏਗੀ
ਤੁਮ ਹਮਾਰੀ ਖ਼ਬਰ ਕੋ ਤੋ ਕਿਆ ਆਓਗੇ,
ਅਬ ਤੁਮਹੀਂ ਕੋ ਹਮਾਰੀ ਖ਼ਬਰ ਜਾਏਗੀ
ਜਿਸ ਕਿਆਮਤ ਸੇ ਵਾਇਜ਼ ਡਰਾਤਾ ਹੈ ਤੂ,
ਉਸ ਕਿਆਮਤ ਸੇ ਕਮ ਯੇਹ ਕਿਆਮਤ ਨਹੀਂ
ਬਾਰਹਾ ਦਿਲ ਪੇ ਗੁਜ਼ਰੀ ਹੈ ਜੋ ਹਿਜਰ ਮੇਂ,
ਬਾਰਹਾ ਜਾਨ ਪਰ ਜੋ ਗੁਜ਼ਰ ਜਾਏਗੀ
ਮੇਰੇ ਚਾਰਾਗਰੋ, ਮੇਰੇ ਤਨ-ਪਰਵਰੋ,
ਜਾਓ ਤੁਮ ਕਿਸ ਲੀਏ ਨੀਂਦ ਖੋਟੀ ਕਰੋ
ਹਿਜਰ ਕੀ ਰਾਤ ਲਾ-ਇੰਤਹਾ ਰਾਤ ਹੈ,
ਯੇਹ ਕਿਆਮਤ ਨਹੀਂ ਜੋ ਗੁਜ਼ਰ ਜਾਏਗੀ
ਮੇਰੇ ਜੀਨੇ ਨ ਜੀਨੇ ਮੇਂ ਕਿਆ ਫ਼ਰਕ ਹੈ,
ਮੇਰਾ ਜੀਨਾ ਨ ਜੀਨਾ ਬਰਾਬਰ ਹੈ ਅਬ
ਮੁਝ ਕੋ ਮਰਨੇ ਹੀ ਦੋ, ਮੁਝ ਕੋ ਮਰਨੇ ਹੀ ਦੋ,
ਮੇਰੇ ਮਰਨੇ ਸੇ ਦੁਨੀਆ ਨ ਮਰ ਜਾਏਗੀ
ਮੇਰੀ ਦੁਨੀਆ ਮੇਰੀ ਜ਼ਿੰਦਗੀ ਤਕ ਹੀ ਹੈ,
ਔਰ ਇਕ ਦਿਨ ਮੇਰੀ ਮੌਤ ਕੇ ਸਾਥ ਹੀ
ਖ਼ਾਤਮਾ ਮੇਰੀ ਦੁਨੀਆਂ ਕਾ ਹੋ ਜਾਏਗਾ,
ਮੇਰੀ ਦੁਨੀਆਂ ਮੇਰੇ ਸਾਥ ਮਰ ਜਾਏਗੀ
ਜ਼ਿੰਦਗੀ ਕੋ, ਨ ਹੈ ਆਰਜ਼ੂ ਕੋ ਬਕਾ,
ਹਸਰਤ-ਆਗੀਂ ਹੈ ਦੋਨੋਂ ਕਾ ਹਸ਼ਰੇ-'ਵਫ਼ਾ'
ਜ਼ਿੰਦਗੀ ਆਰਜ਼ੂ ਮੇਂ ਗੁਜ਼ਰ ਜਾਏਗੀ,
ਆਰਜ਼ੂ ਦਿਲ ਮੇਂ ਘੁਟ ਘੁਟ ਕੇ ਮਰ ਜਾਏਗੀ।
ਉਹ ਸ਼ਾਇਰਾਂ ਦਾ ਸ਼ਾਇਰ ਸੀ ਤੇ 'ਉਸਤਾਦ' ਦਾ ਰੁਤਬਾ ਹਾਸਿਲ ਕਰ ਚੁੱਕਾ ਸੀ। ਪਰ ਉਹ ਓਨਾ ਹੀ ਅੱਛਾ ਪੱਤਰਕਾਰ ਸੀ।
'ਵਫ਼ਾ' ਨੇ ਉਰਦੂ ਅਖ਼ਬਾਰਾਂ 'ਦੀਪਕ' ਤੇ 'ਦੇਸ' ਵਿਚ ਕਲਮ ਵਾਹੀ। ਲਾਲਾ ਲਾਜਪਤ ਰਾਏ ਦੇ ਉਰਦੂ ਅਖ਼ਬਾਰ 'ਵੰਦੇ ਮਾਤਰਮ' ਤੋਂ ਇਲਾਵਾ ਨੇਤਾ ਪੰਡਿਤ ਮਦਨ ਮੋਹਨ ਮਾਲਵੀਆ ਦੇ ਅਖ਼ਬਾਰ 'ਵੀਰ ਭਾਰਤ' ਤੇ 'ਭੀਸ਼ਮ' ਦਾ ਵੀ ਉਹ ਸੰਪਾਦਕ ਰਿਹਾ। ਫ਼ਿਰ ਆਪਣੇ ਨਿੱਜੀ ਅਖ਼ਬਾਰ 'ਭਾਰਤ' ਲਾਹੌਰ ਤੋਂ, 'ਪੰਜਾਬ ਮੇਲ' ਸਹਾਰਨਪੁਰ ਤੋਂ ਅਤੇ 'ਅੰਮ੍ਰਿਤ' ਕਾਨਪੁਰ ਤੋਂ ਪ੍ਰਕਾਸ਼ਿਤ ਕੀਤੇ। ਨੈਸ਼ਨਲ ਕਾਲਜ, ਲਾਹੌਰ ਵਿਚ ਬਤੌਰ ਫ਼ਾਰਸੀ ਤੇ ਉਰਦੂ ਪ੍ਰੋਫ਼ੈਸਰੀ ਕੀਤੀ ਤੇ ਵਿਦਵਤਾ ਦਾ ਸਿੱਕਾ ਜਮਾਇਆ। ਉਸਦੀ ਕਾਵਿ-ਪ੍ਰਤਿਭਾ ਤੇ ਸੱਭਿਆਚਾਰਕ ਹੈਸੀਅਤ ਦੇ ਮੱਦੇ-ਨਜ਼ਰ, ਦੇਸ਼ ਦੀ ਵੰਡ ਪਿੱਛੋਂ ਸਰਕਾਰ ਨੇ, ਸਰਦਾਰ ਪਰਤਾਪ ਸਿੰਘ ਕੈਰੋਂ ਦੀ ਚੀਫ਼ ਮਨਿਸਟਰੀ ਸਮੇਂ 'ਵਫ਼ਾ' ਨੂੰ ਪੰਜਾਬ ਦੇ 'ਰਾਜ ਕਵੀ' ਦਾ ਖ਼ਿਤਾਬ ਦੇ ਕੇ ਨਿਵਾਜਿਆ। ਮੇਲਾ ਰਾਮ ਇਕ ਸ਼ਾਇਰ ਦੀ ਕਲਮ ਲੈ ਕੇ ਪੈਦਾ ਹੋਇਆ ਸੀ। ਉਹ ਜਟਿਲ ਅਖ਼ਬਾਰ ਨਵੀਸੀ ਦੌਰਾਨ 'ਮਜ਼ਮੂਨਾਂ' ਤੇ 'ਖ਼ਿਆਲਾਂ' ਨੂੰ ਸੂਖ਼ਮ ਤੇ ਕਲਾਤਮਿਕ ਲਿਬਾਸ ਪਹਿਨਾ ਕੇ ਸ਼ਿੰਗਾਰ ਦਿੰਦਾ ਸੀ। ਜਿਵੇਂ ਕਿ:-
'ਪ੍ਰਤਾਪ' ਅਖ਼ਬਾਰ ਜਲੰਧਰ ਵਿਚ ਇਕ ਮੁਸ਼ਾਇਰਾ ਹੋਇਆ। ਉੱਥੇ ਤਿਲਕ ਰਾਜ 'ਬੇਤਾਬ', ਜਲੰਧਰੀ ਨੇ ਸ਼ੇਅਰ ਪੜ੍ਹਿਆ:
ਕਾਅਬਾ-ਓ-ਬੁਤਕਦਾ-ਓ-ਦੈਰੋ-ਕਲੀਸਾ ਹੋ ਕਰ
ਹਮ ਜੋ ਪਹੁੰਚੇ ਤੋ ਦਰੇ-ਪੀਰੇ-ਮੁਗ਼ਾਂ ਤਕ ਪਹੁੰਚੇ।
ਦੂਜਾ ਮਿਸਰਾ ਸੁਣਕੇ 'ਵਫ਼ਾ' ਨੇ ਵਿਚੋਂ ਹੀ ਟੋਕਿਆ ਤੇ ਕਿਹਾ ਕਿ ਬਰਖ਼ੁਰਦਾਰ ਇੰਝ ਬੋਲੋ:-
'ਆਖ਼ਿਰੇ-ਕਾਰ ਦਰੇ-ਪੀਰੇ-ਮੁਗ਼ਾਂ ਤਕ ਪੰਹੁਚੇ'।
ਇਕ ਹੋਰ ਮੁਸ਼ਾਇਰੇ ਵਿਚ ਇਕ ਕੋਈ ਕੱਚ-ਘਰੜ ਸ਼ਾਇਰ ਗ਼ਜ਼ਲ ਪੜ੍ਹ ਰਿਹਾ ਸੀ, ਜਿਸ ਦੇ ਅੰਤਿਮ ਮਿਸਰੇ 'ਕਲਾਮ ਸੇ', 'ਜਾਮ ਸੇ' ਇਤਿਆਦ ਸਨ। ਕਿਸੇ ਵੱਡੇ ਸ਼ਾਇਰ ਨੇ ਉਸਨੂੰ ਰੋਕ ਕੇ ਕਿਹਾ ਕਿ:
'ਸ਼ੇਅਰ ਕਹਿਨੇ ਕਾ ਸਲੀਕਾ ਸੀਖ ਮੇਲਾ ਰਾਮ ਸੇ'।
'ਵਫ਼ਾ' ਨੂੰ ਕੋਈ ਅਖੌਤੀ ਨਿਮਰਤਾ ਦਾ ਰੋਗ ਨਹੀਂ ਸੀ, ਉਹਨੇ ਤਾਂ ਬੁਲੰਦ ਆਵਾਜ਼ ਵਿਚ ਐਲਾਨ ਕੀਤਾ ਸੀ-
ਸ਼ਾਇਰੀ ਮੇਂ 'ਏਕ ਆਲਮ1 ਪਰ ਹੂੰ ਮੈਂ ਛਾਇਆ ਹੂਆ'
ਸ਼ਾਇਰੋਂ ਮੇਂ 'ਮੁਸਤਨਦ2 ਹੈ ਮੇਰਾ ਫ਼ੁਰਮਾਇਆ ਹੂਆ'
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ 'ਵਫ਼ਾ' ਨੇ ਲਾਲਾ ਲਾਜਪਤ ਰਾਏ, ਤੇ ਪੰਡਿਤ ਮਦਨ ਮੋਹਨ ਮਾਲਵੀਆ ਵਰਗੇ ਮਹਾਨ ਨੇਤਾਵਾਂ ਨਾਲ ਕੰਮ ਕੀਤਾ ਸੀ। ਸੋ, ਜ਼ਾਹਿਰ ਹੈ ਕਿ ਉਸ ਦੀ ਕਵਿਤਾ ਵਿਚ ਦੇਸ਼ ਭਗਤੀ ਦਾ ਰੰਗ ਗੂੜ੍ਹਾ ਹੋਵੇਗਾ। ਉਸਨੇ ਅੰਗਰੇਜ਼ਾਂ ਦੇ ਵਿਰੁੱਧ 'ਐ ਫ਼ਰੰਗੀ' ਸਿਰਲੇਖ ਹੇਠ ਕਵਿਤਾ ਲਿਖੀ।
ਐ ਫ਼ਰੰਗੀ ਕਭੀ ਸੋਚਾ ਹੈ ਯੇਹ ਦਿਲ ਮੇਂ ਤੂ ਨੇ
ਔਰ ਯੇਹ ਸੋਚ ਕੇ ਕੁਛ ਤੁਝ ਕੋ ਹਯਾ ਭੀ ਆਈ
ਨਾ-ਮੁਬਾਰਿਕ ਥਾ ਬਹੁਤ ਹਿੰਦ ਮੇਂ ਆਨਾ ਤੇਰਾ
ਕਹਤ3 ਆਇਆ ਤੇਰੇ ਹਮਰਾਹ ਵਬਾ4 ਭੀ ਆਈ
ਤੇਰੇ ਕਦਮੋਂ ਸੇ ਲਗੀ ਆਈ ਗੁਲਾਮੀ ਜ਼ਾਲਿਮ
ਸਾਥ ਹੀ ਉਸ ਕੇ ਗ਼ਰੀਬੀ ਕੀ ਬਲਾ ਭੀ ਆਈ
ਤੇਰੀ ਸੰਗੀਨ ਚਮਕਨੇ ਲਗੀਂ ਸੜਕੋਂ ਪੇ ਜੂਹੀਂ
ਲਬ ਪੇ ਮਜ਼ਲੂਮੋਂ ਕੇ ਫ਼ਰਿਆਦ ਜ਼ਰਾ ਭੀ ਆਈ
ਦਰਦੇ-ਅਫ਼ਲਾਸ5 ਕਾ ਨੇਜ਼ੋਂ ਸੇ ਕੀਆ ਤੂਨੇ ਇਲਾਜ
ਮੌਤ ਬਨ ਕਰ ਤੇਰੇ ਹਾਥੋਂ ਮੇਂ ਸ਼ਿਫ਼ਾ6 ਭੀ ਆਈ
ਇਸ ਰਵਿਸ਼ ਪਰ ਕਭੀ ਐ ਬਾਨੀਏ-ਬੇਦਾਦ7 ਤੁਝੇ
ਦਿਲ ਕੇ ਅੰਦਰ ਸੇ ਮਲਾਮਤ8 ਦੀ ਸਦਾ ਭੀ ਆਈ?
ਇਨਸਾਫ਼ ਦੀ ਦੁਹਾਈ ਤੋਂ ਜ਼ਾਹਿਰ ਹੈ ਕਿ ਅੰਗਰੇਜ਼ ਹੁਕਮਰਾਨਾਂ ਨੇ ਚਿੜਨਾ ਸੀ। ਇਹੀ ਹੋਇਆ, ਮੇਲਾ ਰਾਮ 'ਵਫ਼ਾ' ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਹੁਣ ਪਾਠਕ 'ਵਫ਼ਾ' ਦੀ ਸ਼ਾਇਰੀ ਦਾ ਲੁਤਫ਼ ਉਠਾਉਣ।
(1)
ਜਵਾਨੀ ਮੇਂ ਤਬੀਅਤ ਲਾ-ਉਬਾਲੀ ਹੋਤੀ ਜਾਤੀ ਹੈ
ਤਰੱਕੀ ਪਰ ਮੇਰੀ ਸ਼ੋਰੀਦਾ-ਹਾਲੀ ਹੋਤੀ ਜਾਤੀ ਹੈ
ਸ਼ਬੇ-ਗ਼ਮ ਛਾਇਆ ਜਾਤਾ ਹੈ ਧੂੰਆਂ ਆਹੋਂ ਕੇ ਸ਼ੋਅਲੋਂ ਸੇ
ਸਿਤਾਰੇ ਟੂਟਤੇ ਹੈਂ ਰਾਤ ਕਾਲੀ ਹੋਤੀ ਜਾਤੀ ਹੈ
ਉਮੀਦੇਂ ਆਤੀ ਹੈਂ, ਆ ਆ ਕੇ ਦਿਲ ਸੇ ਨਿਕਲੀ ਜਾਤੀ ਹੈਂ
ਯੇਹ ਵੋਹ ਬਸਤੀ ਹੈ, ਜੋ ਬਸ ਬਸ ਕੇ ਖ਼ਾਲੀ ਹੋਤੀ ਜਾਤੀ ਹੈ
ਮਿਲੇ ਹੈਂ ਸੁਨਨੇ ਵਾਲੇ ਦਿਲ ਕੇ ਪੱਥਰ, ਐ 'ਵਫ਼ਾ' ਐਸੇ
ਕਿ ਸ਼ਰਮਿੰਦਾ ਮੇਰੀ ਨਾਜ਼ੁਕ-ਖ਼ਿਆਲੀ ਹੋਤੀ ਜਾਤੀ ਹੈ
(2)
ਯੇਹ ਲਾਏ ਹੈਂ ਉਸ ਗਲੀ ਮੇਂ ਜਾ ਕਰ,
ਹਮ ਆਏ ਹੈਂ ਖ਼ੂਨ ਮੇਂ ਨਹਾ ਕਰ
ਵੋਹ ਦਿਲ ਭੀ ਚੁਰਾ ਕੇ ਲੇ ਗਿਆ ਹੈ,
ਗੁਜ਼ਰਾ ਜੋ ਅਭੀ ਨਜ਼ਰ ਚੁਰਾ ਕਰ
ਤੇਰਾ ਪਤਾ ਉਨ ਸੇ ਕੌਨ ਪੂਛੇ,
ਖ਼ੁਦ ਖੋ ਗਿਆ ਜੋ ਤੁਝ ਕੋ ਪਾ ਕਰ
ਜਾਨੇ ਵਾਲਾ ਨ ਵਾਪਿਸ ਆਇਆ,
ਰੁਖ਼ਸਤ ਹੂਏ ਲੋਗ ਰੋ-ਰੁਲਾ ਕਰ
ਜਾਨਾ ਹੈ ਵਹੀਂ ਹਮੇਂ ਭੀ ਏਕ ਦਿਨ,
ਆਇਆ ਨ ਜਹਾਂ ਸੇ ਕੋਈ ਜਾ ਕਰ
'ਵਫ਼ਾ' ਦੀ ਸ਼ਾਇਰੀ ਦੇ ਬੁਲੰਦ ਮਿਆਰ ਤੇ ਅਦਬੀ ਮਰਤਬੇ ਦੀ ਉਸ ਸਮੇਂ ਦੇ ਉਰਦੂ ਜਗਤ ਵਿਚ ਭਰਪੂਰ ਸ਼ੁਹਰਤ ਸੀ। ਇਹ ਪ੍ਰਸਿੱਧੀ ਉੱਤਮ, ਨਿਧੜਕ, ਨਿਰਭੈ ਤੇ ਸਮਰਪਿਤ ਸ਼ਾਇਰੀ; ਅਤੇ ਦੇਸ਼ ਭਗਤੀ ਵੀ ਪਰਪੱਕ ਪੱਤਰਕਾਰੀ ਦੀ ਹੈਸੀਅਤ ਵਜੋਂ ਪਰਗਟ ਹੋਈ ਸੀ। ਬੀਤੇ ਸਮੇਂ ਦੀ ਧੂੜ ਨੇ ਉਹ ਦਿਲਕਸ਼ ਅਕਸ ਧੁੰਦਲਾ ਦਿੱਤਾ। 'ਅਜੀਤ' ਦੇ ਪਾਠਕਾਂ ਨੂੰ ਪੰਜਾਬ ਦੇ ਉਰਦੂ ਸ਼ਾਇਰਾਂ ਬਾਰੇ ਜਾਣੂੰ ਕਰਵਾਉਣ ਦਾ ਸਾਡਾ ਮਨੋਰਥ ਭਾਵੇਂ ਪੰਜਾਬ ਦੇ ਵਿਰਸੇ ਦੀ ਅਪਣੱਤ ਦਾ ਨਵੀਨੀਕਰਨ ਹੈ; ਪਰੰਤੂ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਵਡੇਰਿਆਂ ਦੀ ਯਾਦ ਸਮੇਂ ਦੇ ਚੱਕਰ ਵਿਚ ਰੁਲ ਨਾ ਜਾਵੇ।
'ਵਫ਼ਾ' ਦਾ ਬੇਹੱਦ ਮਕਬੂਲ ਤੇ ਮਸ਼ਹੂਰ ਸ਼ੇਅਰ ਹੈ:
'ਇਕਬਾਰ ਉਸਨੇ ਮੁਝਕੋ ਦੇਖਾ ਥਾ ਮੁਸਕਰਾ ਕਰ
ਇਤਨੀ ਤੋ ਹੈ ਹਕੀਕਤ ਬਾਕੀ ਕਹਾਨੀਆਂ ਹੈਂ।
1. ਦੁਨੀਆਂ 2. ਸਿੱਕੇਬੰਦ 3. ਕਾਲ, ਭੁੱਖਮਰੀ 4. ਬਿਮਾਰੀ 5. ਗ਼ਰੀਬੀ ਦਾ ਦੁੱਖ 6. ਤੰਦਰੁਸਤੀ 7. ਜ਼ੁਲਮ ਦੀ ਨੀਂਹ ਰੱਖਣ ਵਾਲਾ 8. ਨਿੰਦਾ।