14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਮੁਹਿੰਦਰਦੀਪ ਗਰੇਵਾਲ ਸੱਤਰਵਿਆਂ ਤੋਂ ਸ਼ੁਰੂ ਹੋਈ ਪੰਜਾਬੀ ਗ਼ਜ਼ਲ ਲਹਿਰ ਦੀ ਉਪਜ ਹੈ। ਉਸ ਦੀ ਗ਼ਜ਼ਲ ਦਾ ਰੰਗ ਵਧੇਰੇ ਕਰਕੇ ਸੁਰਖ਼ ਹੁੰਦਾ ਹੈ ਤੇ ਇਹ ਉਦਾਸ ਬਸਤੀਆਂ ਨੂੰ ਊਰਜਾ ਦਿੰਦੀ ਹੈ। ਗਰੇਵਾਲ ਰੋਮਾਂਸ ਦੇ ਨਾਲ ਨਾਲ ਤਬਦੀਲੀ ਲਈ ਯਤਨਸ਼ੀਲ ਗ਼ਜ਼ਲਕਾਰ ਹੈ। ਉਹ ਸਿੱਖਿਆ ਖ਼ੇਤਰ ਨਾਲ ਜੁੜਿਆ ਰਿਹਾ ਹੈ ਤੇ ਬਤੌਰ ਲੈਕਚਰਾਰ ਸੇਵਾ ਮੁਕਤ ਹੋਇਆ ਹੈ। ਉਸ ਨੂੰ ਪੰਜਾਬੀ ਦੇ ਵੱਡੇ ਗ਼ਜ਼ਲਗੋਆਂ ਦੀ ਸੰਗਤ ਵਿਚ ਬਹਿਣ ਦੇ ਮੌਕੇ ਪ੍ਰਾਪਤ ਹੁੰਦੇ ਰਹੇ ਹਨ ਤੇ ਉਸ ਦੀ ਗ਼ਜ਼ਲ ਨੂੰ ਪ੍ਰਿੰ. ਤਖ਼ਤ ਸਿੰਘ ਹੁਰਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਰਿਹਾ ਹੈ। ਪੰਜਾਬ ਮਾਤਾ ਨਗਰ, ਲੁਧਿਆਣਾ ਵਿਖੇ ਲੰਮਾ ਸਮਾਂ ਠਹਿਰ ਪਿੱਛੋਂ ਹੁਣ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿ ਰਿਹਾ ਹੈ। ਉਸ ਦੇ 'ਲਹੂ ਬੋਲਦਾ ਹੈ' ਸਹਿਤ ਕਈ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ ਪਰ ਉਮਰ ਦੇ ਹਿਸਾਬ ਨਾਲ ਹੁਣ ਉਸ ਦੀ ਕਲਮ ਉਦਾਸ ਵੀ ਹੈ ਤੇ ਥੋੜ੍ਹੀ ਜਿਹੀ ਖ਼ਾਮੋਸ਼ ਵੀ। ਕਿਸੇ ਵੇਲੇ ਅਦਬੀ ਸਰਗਰਮੀਆਂ ਨਾਲ ਜੁੜੇ ਰਹਿਣ ਵਾਲੇ ਗਰੇਵਾਲ ਨੂੰ ਜ਼ਿੰਦਗੀ ਵਿਚ ਕਈ ਮਾਣ ਸਨਮਾਨ ਵੀ ਮਿਲੇ ਹਨ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002


ਦੂਰ ਹੈਂ ਤੂੰ, ਮਗਰ ਨਜ਼ਰ ਪਹੁੰਚੀ।
ਮੇਰੇ ਦਰ ਤੋਂ ਉਹ ਤੇਰੇ ਦਰ ਪਹੁੰਚੀ।

ਇਹ ਨਜ਼ਰ ਕੀ, ਕਮਾਲ ਕੀ ਇਸ ਦਾ,
ਏਸ ਘਰ ਤੋਂ ਉਹ ਓਸ ਘਰ ਪਹੁੰਚੀ।

ਮੈਂ ਸੀ ਅਨਜਾਣ, ਤੁਰ ਪਿਆ ਫਿਰ ਵੀ,
ਮੈਨੂੰ ਲੈ ਕੇ ਤੇਰੀ ਡਗਰ ਪਹੁੰਚੀ।

ਫੜ ਕੇ ਉਂਗਲੀ ਉਹ ਲੈ ਗਈ ਮੈਨੂੰ,
ਬਣ ਕੇ ਮੇਰੀ ਉਹ ਹਮਸਫ਼ਰ ਪਹੁੰਚੀ।

ਤੇਰੇ ਬੋਲਾਂ ਨੇ ਆਉਣ ਦਾ ਹੀ ਕਿਹਾ,
ਮੇਰੇ ਘਰ ਤੱਕ ਤੇਰੀ ਖ਼ਬਰ ਪਹੁੰਚੀ।
*
*
ਇਹ ਕਿਧਰੋਂ ਆ ਰਹੀ ਹੈ ਦੂਰ ਤੋਂ ਸਦਾ ਕੋਈ।
ਕਿਤੇ ਉਡੀਕ ਤਾਂ ਹੋਵੇਗੀ ਉਸ ਜਗ੍ਹਾ ਕੋਈ।

ਇਹ ਮੇਰੇ ਹੱਥ ਕਿਵੇਂ ਭਿੱਜ ਗਏ ਨੇ ਚਿਹਰੇ 'ਤੇ,
ਮੈਂ ਵਰ੍ਹ ਰਿਹਾ ਹਾਂ ਜਾਂ ਇਹ ਵਰ੍ਹ ਰਹੀ ਘਟਾ ਕੋਈ।

ਭਟਕ ਰਿਹਾ ਹਾਂ ਮੈਂ ਜਿਸ ਰਾਹ 'ਤੇ ਬਿਨਾਂ ਰੁਕ ਕੇ,
ਸਫ਼ਰ ਇਹ ਕੇਹਾ ਹੈ ਜਿਸ ਦਾ ਨਹੀਂ ਸਿਰਾ ਕੋਈ।

ਇਹ ਮੇਰੀ ਤੜਪ ਹੈ ਜਾਂ ਲਹਿਰ ਹੈ ਸਮੁੰਦਰ ਦੀ,
ਕਦੋਂ ਬਣੀ, ਕਦੋਂ ਮਿਟ ਜਾਏ ਨਾ ਪਤਾ ਕੋਈ।

ਕੋਈ ਤਾਂ ਚਿਣਗ ਜੇਹੀ ਫੁੱਟ ਪਈ ਹੈ ਰੂਹ ਅੰਦਰ,
ਅਜੀਬ ਸੇਕ ਜਿਹਾ ਜਿਸਮਾਂ 'ਚ ਮਘ ਪਿਆ ਕੋਈ।

ਮੈਂ ਉਡਦੇ ਪੰਛੀਆਂ ਦੀ ਡਾਰ ਦੇ ਵਿਚ ਸ਼ਾਮਿਲ ਹਾਂ,
ਉਹ ਕਿਹੜਾ ਦੇਸ ਗਰਾਂ ਜਿੱਥੋਂ ਬੁਲਾ ਰਿਹਾ ਕੋਈ।

Ad Position 22
No active advertisement
ਪਿਛਲੀ ਖ਼ਬਰ ਮੇਨਟੇਨੈਂਸ ਅਗਲੀ ਖ਼ਬਰ ਪੰਡਿਤ ਮੇਲਾ ਰਾਮ 'ਵਫ਼ਾ' (26 ਜਨਵਰੀ 1895-19 ਸਤੰਬਰ 1980)
Ad Position 24