ਬਨੇਰਾ ਬਾਹਰਮੁਖਤਾ ਦਾ ਬਿੰਬ ਹੈ। ਇਹ ਬਾਹਰ ਦਾ ਦ੍ਰਿਸ਼-ਦਰਪਣ ਹੈ, ਨਜ਼ਰ ਦਾ ਨਜ਼ਾਰਾ। ਭੀੜ-ਭੜੱਕੇ ਵਾਲੇ ਸੰਸਾਰ 'ਚ ਬੰਦੇ ਦਾ ਬਾਹਰਲੀ ਦੁਨੀਆ ਨਾਲ ਸੰਪਰਕ ਦਾ ਸਾਧਨ। ਦੁਨੀਆ 'ਚ ਹੋ ਕੇ ਵੀ ਆਪਣੇ-ਆਪ ਨਾਲ ਹੋਣ ਦਾ ਮਾਧਿਅਮ। 'ਮੀ-ਟਾਈਮ' ਮਾਨਣ ਦੀ ਥਾਂ। ਖੁੱਲ੍ਹੀ ਫ਼ਿਜ਼ਾ 'ਚ ਹਵਾਖੋਰੀ ਦਾ ਜ਼ਰੀਆ। ਸਾਹ-ਘੁਟਵੇਂ ਖੁੱਡਾਨੁਮਾ ਕਮਰੇ/ਕਮਰਿਆਂ 'ਚ ਨਗਾਂ ਵਾਂਗ ਠੂੁਸੇ ਜੀਆਂ ਲਈ ਖੁੱਲ੍ਹ ਕੇ ਸਾਹ ਲੈਣ, ਤਰੋ-ਤਾਜ਼ਾ ਹੋਣ, ਦਮ-ਘੁਟਵੀਆਂ ਦੀਵਾਰਾਂ 'ਚੋਂ ਕੁਝ ਪਲ ਨਿਜ਼ਾਤ ਪਾਉਣ ਦਾ ਸਰੋਤ। ਸਾਡੀ ਆਪਣੀ ਥਾਂ, ਆਪਣਾ ਸਪੇਸ। ਸ਼ਿਲਪਕਲਾ ਦੇ ਕਮਾਲ ਨਾਲੋਂ ਬਹੁਤਾ ਆਕਸੀਜਨ ਮਾਨਣ ਦਾ ਮਾਧਿਅਮ। ਸਾਡੀ ਨਿੱਕੀ ਜਿਹੀ ਪ੍ਰਭੂ-ਸੰਪਨ ਸਲਤਨਤ, ਇਕ ਨਿਰਪੱਖ ਖੇਤਰ, ਜਿਥੇ ਸਾਨੂੰ ਭਾਵੁਕ ਸਹਿਜ ਤੇ ਸੰਤੁਲਨ ਹਾਸਿਲ ਹੁੰਦੇ ਐ।
ਬਨੇਰਾ ਕਾਦਰ ਦੀ ਕੁਦਰਤ ਦੇ ਪਾਸਾਰ 'ਚ ਪਸਰੇ ਕਰਤਾਰ ਦੇ ਦਰਸ਼ਨ ਕਰਾਉਂਦਾ ਹੈ। ਬਨੇਰਾ ਬਿੰਦੂ ਤੋਂ ਵਿਸਥਾਰ ਦੀ ਯਾਤਰਾ ਹੈ। ਇਹ ਪਰ ਤੋਂ ਨਿੱਜ ਅਤੇ ਨਿੱਜ ਤੋਂ ਪਰ ਦਾ ਸਫਰ ਹੈ। ਇਹ ਬੰਧਨ ਤੋਂ ਮੁਕਤੀ ਅਤੇ ਘੁਟਣ ਤੋਂ ਗਤੀ ਬਖਸ਼ਦਾ ਹੈ।
ਬਨੇਰਾ ਬੋਲਦਾ ਵੀ ਹੈ ਅਤੇ ਬੁਲਾਉਂਦਾ ਵੀ ਹੈ। ਇਹ ਗੱਲਾਂ ਕਰਦਾ ਤੇ ਗੱਲਾਂ ਕਰਵਾਉਂਦਾ ਵੀ ਹੈ। ਬਰਾਬਰ ਦੇ ਬਨੇਰੇ ਨਾਲ 'ਬਨੇਰਾ ਬਾਤਚੀਤ' ਦੁਵੱਲੇ ਪਿਆਰ, ਮੋਹ-ਮੁਹੱਬਤ ਦੇ ਸੰਚਾਰ ਅਤੇ ਪੜੋਸ-ਪ੍ਰੇਮ ਦੇ ਦੁਲਾਰ ਦਾ ਰਾਹ ਬਣਦੀ ਹੈ। 'ਬਨੇਰਾ-ਬੱਡੀਜ਼' ਤੰਗ ਕਮਰਿਆਂ 'ਚੋਂ ਬਾਹਰ ਵਸਦੇ ਸੰਸਾਰ ਦੇ ਬਾਸ਼ਿੰਦੇ ਬਣਦੇ ਹਨ, ਕਿਉਂਕਿ ਬਨੇਰੇ ਵੱਖਰੀ ਕਿਸਮ ਦੇ 'ਫ੍ਰੈਂਡਸ਼ਿੱਫ ਬੈਂਡਜ਼' ਦਾ ਰੋਲ ਅਦਾ ਕਰਦੇ ਹਨ। ਸੰਵਾਦ ਦੀ ਮਿਠਾਸ ਸਬੰਧਾਂ ਦੀ ਖਟਾਸ ਉਪਰ ਭਾਰੂ ਪੈ ਜਾਂਦੀ ਹੈ ਤੇ ਰਿਸ਼ਤਿਆਂ ਦਾ ਨਿੱਘ ਹੋਰ ਕੋਸਾ ਕੋਸਾ ਭਾਸਣ ਲੱਗ ਪੈਂਦਾ ਹੈ।
ਬਨੇਰਾ ਰੁਮਕਦੀ ਪੌਣ, ਕਿਣ-ਮਿਣ/ਬੂੰਦਾ-ਬਾਂਦੀ ਦੀ ਹਲਕੀ ਬੁਛਾਰ ਦੀ ਸਿੱਲ੍ਹੀ ਸਿੱਲੀ੍ਹ ਫੁਹਾਰ, ਬਿਰਖਾਂ ਦੇ ਪੱਤਿਆਂ ਦਾ ਸੁਰਸਿਰ ਸੰਗੀਤ ਅਤੇ ਪੰਛੀਆਂ/ਪਰਿੰਦਿਆਂ ਦਾ ਅਰਕੈਸਟਰਾ/ਸਿੰਫਨੀ/ਗੀਤ ਦਾ ਅਮੋਲ ਖਜ਼ਾਨਾ ਸਾਡੀ ਝੋਲੀ ਪਾਉਂਦੈ, ਜਿਸ ਸਾਹਮਣੇ ਕਾਰੂੰ ਦਾ ਖਜ਼ਾਨਾ ਵੀ ਫਿੱਕਾ ਪੈ ਜਾਂਦਾ ਹੈ।
ਬਨੇਰਾ ਪਰਦੇਸੀ/ਪਰਵਾਸੀ ਦਾ ਹੇਰਵਾ ਵੀ ਹੈ, ਕਿਸੇ ਬਿਰਹਾ ਦੇ ਵੇਦਨ ਮਾਰੀ ਮੁਟਿਆਰ ਦੀ ਵੈਰਾਗਮਈ ਹੂਕ ਵੀ। ਸੁਖਪਾਲ ਔਜਲਾ ਦਾ ਲਿਖਿਆ ਤੇ ਮਨਮੋਹਨ ਵਾਰਿਸ ਦਾ ਗਾਇਆ ਗੀਤ ਇਸ ਹੇਰਵੇ ਦੀ ਜਿਊਂਦੀ-ਜਾਗਦੀ ਉਦਾਹਰਨ ਹੈ-
ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ,
ਦੁਨੀਆ ਤੋਂ ਸੁਹਣਾ ਪਿੰਡ ਮੇਰਾ ਚੇਤੇ ਆ ਗਿਆ।
ਵਿਛੋੜੇ ਦਾ ਸੱਲ੍ਹ ਝੱਲ ਰਹੀ ਮੁਟਿਆਰ ਦੀ ਵੇਦਨਾ ਨੂੰ ਕੋਇਲ ਦੀ ਕੂ-ਕੂ ਹੋਰ ਤਿੱਖਾ ਕਰ ਦਿੰਦੀ ਹੈ। ਅੰਬਾਂ ਤੇ ਬੂਰ ਪੈਂਦਿਆਂ ਹੀ ਕੋਇਲਾਂ ਕੂਕਣ ਲੱਗ ਪੈਂਦੀਆਂ ਹਨ। ਕੋਇਲਾਂ ਦੀ ਕੂਕ ਹਿਰਦਾ ਵਿੰਨ੍ਹ ਛੱਡਦੀ ਹੈ। ਸਾਡੇ ਇਧਰ ਕੋਇਲ ਆਪ ਪਰਵਾਸੀ ਪੰਛੀ ਹੈ, ਜੋ ਪਰਵਾਸੀਆਂ ਦੇ ਵਿਛੋੜੇ ਦੀ ਯਾਦ ਨੂੰ ਹੋਰ ਪ੍ਰਬਲ ਕਰ ਦਿੰਦੀ ਹੈ-
ਕਾਲੀ ਕੋਇਲ ਤੂ ਕਿਤ ਗੁਨ ਕਾਲੀ॥
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ॥
(ਅੰਗ : 794)
ਬਿਰਹਾ ਮਾਰੀ ਪ੍ਰੇਮਿਕਾ ਕਾਂ ਨੂੰ ਉਲਾਂਭਾ ਦੇ ਮਾਰਦੀ ਹੈ-
'ਕੋਇਲਾਂ ਕੂਕਦੀਆਂ, ਤੂੰ ਵੀ ਬੋਲ ਚੰਦਰਿਆ ਕਾਵਾਂ'।
ਕਾਂ ਬਹੁਤਾ ਬਨੇਰੇ 'ਤੇ ਹੀ ਬੋਲਦੈ। ਕਾਂ ਦਾ ਬੋਲਣਾ ਪ੍ਰਾਹੁਣੇ ਦੇ ਆਉਣ ਦਾ ਸੰਕੇਤ ਸਮਝਿਆ ਜਾਂਦੈ। ਸਾਡੇ ਵੱਲ ਪ੍ਰਾਹੁਣਾ ਬੇਟੀ ਦੇ ਪਤੀ, ਭਾਵ ਦਾਮਾਦ ਨੂੰ ਵੀ ਕਹਿੰਦੇ ਹਨ ਤੇ ਮਹਿਮਾਨ ਨੂੰ ਵੀ। ਮੁਟਿਆਰ ਨੇ ਮਹਿਮਾਨ ਤੋਂ ਛਿੱਕੂ ਲੈਣੇ ਐਂ, ਉਹ ਤਾਂ 'ਪ੍ਰਾਹੁਣੇ', ਭਾਵ ਆਪਣੇ ਮਹਿਬੂਬ ਪ੍ਰੀਤਮ ਦੀ ਉਡੀਕ ਕਰ ਰਹੀ ਹੁੰਦੀ ਹੈ। ਕਾਂ ਉਸ ਦਾ ਹਮਰਾਜ਼ ਹਰਕਾਰਾ ਹੈ, ਜੋ ਉਸ ਦੇ ਦਿਲ ਦੀਆਂ ਜਾਣਦੈ। ਪਹਿਲੇ ਵੇਲਿਆਂ ਵੇਲੇ ਸੱਜ-ਵਿਹਾਂਦੜਾਂ ਡਾਕੀਏ/ਮੁਨਸ਼ੀ ਕੋਲੋਂ ਖਤ ਲਿਖਵਾਉਂਦੀਆਂ ਤੇ ਪੜ੍ਹਾਉਂਦੀਆਂ ਸਨ। ਇਹ ਦੋਵੇਂ ਉਨ੍ਹਾਂ ਦੇ ਹਮਰਾਜ਼ ਹੁੰਦੇ ਸਨ। ਯਾਦ ਹੈ ਨਾ-'ਤੈਨੂੰ ਦਿਆਂਗੀ ਪੰਜ ਪਤਾਸੇ, ਵੇ ਮੁਨਸ਼ੀ ਖ਼ਤ ਲਿਖਦੇ'।
1973ਦੀ ਪੰਜਾਬੀ ਫ਼ਿਲਮ 'ਮਨਿ ਜੀਤੈ ਜਗੁ ਜੀਤੁ' ਵਿਚ ਆਸ਼ਾ ਭੋਸਲੇ ਦਾ ਗਾਇਆ ਇਕ ਬੜਾ ਹੀ ਮਕਬੂਲ ਪੰਜਾਬੀ ਗੀਤ ਹੈ-
'ਜਦੋਂ-ਜਦੋਂ ਵੀ ਬਨੇਰੇ ਬੋਲੇ ਕਾਂ,
ਮੈਨੂੰ ਤੇਰੀ ਸਹੁੰ ਵੇ ਮੇਰੇ ਸੱਜਣਾ,
ਮੈਂ ਔਂਸੀਆਂ ਪਾਨੀਆਂ
ਵੇ ਆ ਜਾ ਦਿਲ ਜਾਨੀਆਂ'।
ਵਿਛੋੜੇ ਦੀ ਮਾਰੀ ਬਿਰਹਣ ਕਿਸੇ ਕਿਸਮ ਦਾ ਖ਼ਤਰਾ ਨਹੀਂ ਮੁੱਲ ਲੈਂਦੀ। ਉਹ ਤਾਂ ਬਨੇਰੇ ਉਪਰ ਬੱਤੀ ਵੀ ਬਾਲ ਛੱਡਦੀ ਐ, ਤਾਂ ਕਿ ਉਸ ਦਾ ਚੰਨ ਮਾਹੀ ਕਿਧਰੇ ਰਾਹ ਨਾ ਭੁੱਲ ਜਾਵੇ-
ਬੱਤੀ ਬਾਲ ਕੇ ਬਨੇਰੇ ਉਤੇ ਰਖਨੀ ਆਂ
ਗਲੀ ਭੁੱਲ ਨਾ ਜਾਵੇ ਚੰਨ ਮੇਰਾ।
(ਪੰਜਾਬੀ ਫ਼ਿਲਮ 'ਭੰਗੜਾ', 1959, ਗਾਇਕਾ ਸ਼ਮਸ਼ਾਦ ਬੇਗਮ)
(ਉਂਝ, ਕਾਂ ਅਮਨਾ ਦੀ ਬੋਲੀ ਵੀ ਬੋਲਦੈ। ਤੇਰਾ ਸਿੰਘ ਚੰਨ ਦੇ ਲਿਖੇ ਤੇ ਅਮਰਜੀਤ ਗੁਰਦਾਸਪੁਰੀ ਦੇ ਗਾਏ ਮਸ਼ਹੂਰ ਗੀਤ ਦੀਆਂ ਸਤਰਾਂ ਹਨ-'ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ/ਮਾਖਿਓਂ ਵਰਗੀ ਮਸਤੀ ਜਿਸ ਕਣ-ਕਣ ਵਿਚ ਘੋਲੀ')।
ਬਨੇਰਾ 'ਬਫਰ' (ਝਟਕਾ-ਰੋਧਕ ਯੰਤਰ) ਦਾ ਕੰਮ ਵੀ ਕਰਦਾ ਹੈ। ਇਹ ਇਕ ਖੁੱਲ੍ਹਾ ਦਰਵਾਜ਼ਾ ਪ੍ਰਦਾਨ ਕਰਦੈ। ਘਰੇਲੂ ਕਲਾ-ਕਲੇਸ਼ 'ਚੋਂ ਕੁਝ ਪਲ ਬਾਹਰ ਨਿਕਲਣ ਦੀ ਥਾਂ ਮੁਹੱਈਆ ਕਰਵਾਉਂਦੈ। ਭਾਵੁਕ ਸਹਿਜਤਾ ਅਤੇ ਸੰਤੁਲਨ ਦਾ ਸੁਮੇਲ ਹੈ ਬਨੇਰਾ। ਆਪਣੀ ਭੜਾਸ ਕੱਢਣ ਦਾ ਰਾਹ ਵੀ 'ਤੇ ਥਾਂ ਵੀ। ਤਿੜਕੇ ਰਿਸ਼ਤਿਆਂ ਦੀ ਤੁਰਪਾਈ ਕਰਨ ਵਾਲਾ ਵਰਦਾਨ। ਭਰੇ-ਪੀਤਿਆਂ ਨੂੰ ਲੰਮੇ ਲੰਮੇ ਸਾਹ ਲੈਣ ਲਈ ਆਸ਼ੀਰਵਾਦੀ ਸਪੇਸ।
ਬਨੇਰਾ ਸਿਰਫ ਸ਼ਿਲਪਕਲਾ ਦਾ ਇਮਾਰਤੀ ਨਮੂੰਨਾ ਹੀ ਨਹੀਂ, ਸਗੋਂ ਇਹ ਸੁਰੱਖਿਆ ਤੇ ਸਜਾਵਟ ਦਾ ਸਾਧਨ ਵੀ ਹੈ। ਉਂਝ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿਚ ਇਸ ਦੇ ਅਰਥ 'ਛੱਤ ਦੇ ਕਿਨਾਰੇ ਦਾ ਬੰਨਾ (ਵੱਟ), ਮੰਡੇਰ, ਮੁਨੇਰ' ਕੀਤੇ ਗਏ ਹਨ। ਪ੍ਰੋ. ਕਿਰਪਾਲ ਕਜ਼ਾਕ ਦੇ ਲਿਖੇ ਸੱਭਿਆਚਾਰ ਸ਼ਬਦਾਵਲੀ ਕੋਸ਼ ਵਿਚ ਇਸ ਦੇ ਅਰਥ 'ਬਰਸਾਤੀ ਪਾਣੀ ਦੀ ਰੋਕ ਲਈ ਛੱਤ ਤੋਂ ਉੱਤੇ ਚੁਫੇਰੇ ਬਣਾਈ ਅੜਤਲ' ਕੀਤੇ ਗਏ ਹਨ।
ਅੰਗਰੇਜ਼ੀ ਵਿਚ ਬਨੇਰੇ ਨੂੰ 'ਰੇਲਿੰਗ' ਕਹਿੰਦੇ ਹਨ।
ਬਨੇਰਾ, ਬਾਲਕੋਨੀ (ਬਾਹਦਰਾ, ਛੱਜਾ) ਨਾਲੋਂ ਵੱਖਰਾ ਹੁੰਦੈ ਤੇ ਬਾਲਕੋਨੀ, ਟੈਰੇਸ (ਚਬੂਤਰਾ, ਚੌਂਤਰਾ) ਨਾਲੋਂ ਵੱਖਰੀ ਹੁੰਦੀ ਹੈ। ਇਹ ਸਾਰੇ ਘਰ ਦੀ ਬਾਹਰਮੁਖੀ ਦਿੱਖ ਤੇ ਖੂਬਸੂਰਤੀ ਵਧਾਉਂਦੇ ਹਨ ਪਰ ਟੈਰੇਸ ਬਾਲਕੋਨੀ ਨਾਲੋਂ ਵੱਡ-ਆਕਾਰੀ ਹੁੰਦੀ ਹੈ। ਮੋਟੇ ਤੌਰ 'ਤੇ ਤਿੰਨੋਂ ਉੱਪਰ-ਉੱਠਵੇਂ ਹੁੰਦੇ ਹਨ, ਬਾਹਰਮੁਖੀ ਆਕਰਸ਼ਨ ਵਧਾਉਂਦੇ ਅਤੇ ਵਧੇਰੇ ਸਪੇਸ ਪ੍ਰਦਾਨ ਕਰਦੇ ਹਨ। ਬੰਦਾ ਇਥੇ ਸੁਸਤਾ ('ਰਿਲੈਕਸ') ਸਕਦੈ, ਨਿੱਜਤਵ ਹੰਢਾ ਸਕਦੈ ਅਤੇ ਖੁਦ ਨਾਲ ਖੁਦ ਦੀ ਮੁਲਾਕਾਤ ਕਰ ਸਕਦੈ। ਗੰਧਲੇ ਵਾਤਾਵਰਨ ਅਤੇ ਪ੍ਰਦੂਸ਼ਤ ਰਿਸ਼ਤਿਆਂ ਦੇ ਦੌਰ 'ਚ ਕੁਝ ਕੁ ਹਵਾਖੋਰੀ ਕਰ ਸਕਦੈ।
ਸ਼ਾਲਾ। 'ਬਨੇਰਾ ਬਾਤ-ਚੀਤ' ਚਲਦੀ ਰਹੇ। 'ਬਨੇਰਾ-ਬੱਡੀਜ਼' ਮਿਲਦੇ-ਗਿਲਦੇ ਰਹਿਣ। ਆਹਮੋ-ਸਾਹਮਣੇ ਦੇ ਬਨੇਰੇ ਬੋਲਦੇ-ਚਲਦੇ ਰਹਿਣ, ਰਿਸ਼ਤੇ ਮੌਲਦੇ-ਵਿਗਸਦੇ ਰਹਿਣ। ਆਮੀਨ। (ਰੱਬ ਕਰੇ ਏਦਾਂ ਹੀ ਹੋਵੇ')।
-ਫਗਵਾੜਾ।
ਮੋਬਾਈ : 98766-55055
ਬਨੇਰਾ ਬੋਲਦਾ ਹੈ
ਅਜੀਤ ਡੈਸਕ
12-07-2026