ਸੁਰਜੀਤ ਪਾਤਰ ਦੀਆਂ ਸਤਰਾਂ ਹਨ:
ਰੋਵੇ ਪੱਥਰ ਤਾਂ ਦੇਖਦਾ ਹਰ ਕੋਈ
ਕੌਣ ਦੇਖੇਗਾ ਰੋਂਦੇ ਪਾਣੀ ਨੂੰ
ਕਹਿੰਦੇ ਨੇ ਕਿ ਪਾਣੀ ਦਾ ਵਜੂਦ ਸਭ ਤੋਂ ਉੱਚਾ ਹੈ। ਕਵੀ ਨੇ ਤਾਂ ਪੱਥਰ ਤੇ ਪਾਣੀ ਦੀ ਤੁਲਨਾ ਨੂੰ ਖ਼ੂਬੀ ਨਾਲ ਪੇਸ਼ ਕੀਤਾ ਹੈ ਕਿ ਪਾਣੀ ਆਪਣੀ ਮੰਜ਼ਿਲ ਵੱਲ ਬੜੀ ਹੀ ਸਹਿਜਤਾ ਤੇ ਸ਼ਾਂਤਮਈ ਰਵੱਈਏ ਨਾਲ ਵੱਧਦਾ ਹੈ। ਕਈ ਪੱਥਰ ਉਸ ਦੇ ਰਾਹ ਵਿਚ ਔਕੜ ਜਾਂ ਰੁਕਾਵਟ ਬਣ ਕੇ ਮਿਲਦੇ ਹਨ। ਪਾਣੀ ਕਈ ਵਾਰ ਉਨ੍ਹਾਂ ਪੱਥਰਾਂ ਨਾਲ ਟਕਰਾਉਂਦਾ ਹੈ ਤੇ ਉਨ੍ਹਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ...ਸ਼ਾਇਦ ਵਾਰ-ਵਾਰ ਪਾਣੀ ਪੱਥਰਾਂ ਨਾਲ ਇਸ ਲਈ ਟਕਰਾਉਂਦਾ ਹੈ ਕਿ ਇਹ ਸਮਝ ਜਾਣਗੇ ਤੇ ਮੈਨੂੰ ਰਸਤਾ ਦੇ ਦੇਣਗੇ, ਪਰੰਤੂ ਸ਼ਾਇਦ ਉਹ ਪਾਣੀ ਦੀ ਨਿਮਰਤਾ ਭਰੀ ਰਵਾਨਗੀ ਨੂੰ ਚੁਣੌਤੀ ਦੇਣਾ ਚਾਹੁੰਦੇ ਨੇ। ਇਸ ਲਈ ਪਾਣੀ ਵਿਚਾਰ ਸਹਿਜ ਮਤੇ ਨਾਲ ਕੋਲੋਂ ਦੀ ਗੁਜ਼ਰ ਜਾਂਦਾ ਹੈ ਤੇ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ। ਇਸ ਸਾਰੇ ਸਫ਼ਰ ਵਿਚ ਪਾਣੀ ਅੱਗੇ ਵੱਧ ਗਿਆ, ਪਰੰਤੂ ਉਹ ਪੱਥਰ ਉਥੇ ਦੇ ਉਥੇ ਹੀ ਖਲੋਤੇ ਰਹਿ ਗਏ। ਜੇ ਅਸੀਂ ਪਾਣੀ ਨੂੰ ਇਕ ਸਜੀਵ ਹਸਤੀ ਸਮਝੀਏ ਤਾਂ ਉਹ ਸੋਚਦਾ ਹੋਵੇਗਾ ਕਿ ਇਕ ਪੱਥਰ ਤਾਂ ਰਾਹ ਦੇ ਨੇ ਤੇ ਦੂਸਰੇ ਇਥੇ ਪੱਥਰਾਂ ਵਰਗੇ ਇਨਸਾਨ ਨੇ ਜਿਨ੍ਹਾਂ ਨੂੰ ਸ਼ਾਇਦ ਸਮਝ ਵੀ ਹੈ ਕਿ ਪੱਥਰਾਂ ਨੂੰ ਇਕ ਪਾਸੇ ਕਰ ਦੇਣਾ ਚਾਹੀਦਾ ਹੈ, ਪਰੰਤੂ ਸ਼ਾਇਦ ਤਮਾਸ਼ਾ ਦੇਖਣ ਦਾ ਸ਼ੌਂਕ ਸਾਰਿਆਂ ਨੂੰ ਹੁੰਦਾ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਪੱਥਰਾਂ ਨੂੰ ਕਿਨਾਰੇ ਲਾਉਣ ਲਈ ਉਸ ਦੇ ਮਨ ਦੀ ਡੂੰਘਾਈ 'ਚ ਨਿਕਲੀ ਇਕ ਲਹਿਰ ਹੀ ਕਾਫ਼ੀ ਹੈ। ਪਾਣੀ ਵਰਗੀ ਸਹਿਜਤਾ ਵਾਲੀ ਸ਼ਖਸੀਅਤ ਨਿਰਮਾਣ ਕਰੋ, ਜਿਸ ਦੇ ਵਿਚ ਅਸੀਂ ਚਿੱਕੜ, ਕੂੜਾ-ਕਰਕਟ ਸੁੱਟ, ਉਸ ਦੀ ਨਾਜ਼ਾਇਜ਼ ਵਰਤੋਂ ਵੀ ਕਰਦੇ ਹਾਂ, ਪਰੰਤੂ ਫਿਰ ਵੀ ਉਹ ਕਦੀ ਸ਼ਿਕਾਇਤ ਨਹੀਂ ਕਰਦਾ, ਸਗੋਂ ਗੰਦਗੀ ਨੂੰ ਸਾਫ਼ ਕਰਕੇ ਫਿਰ ਅੱਗੇ ਵੱਧ ਜਾਂਦਾ ਹੈ। ਉਹ ਨਿਰ-ਸੁਆਰਥੀ ਹੈ। ਹੱਦੋਂ ਵੱਧ ਨਿਮਰਤਾ ਵੀ ਸ਼ਾਇਦ ਆਪਣੇ-ਆਪ ਵਿਚ ਇਕ ਸਰਾਪ ਹੈ ਇਸ ਲਈ ਤਾਂ ਕਿਸੇ ਨੇ ਕਿਹਾ ਹੈ ਕਿ:
ਇੰਨਾ ਮਿੱਠਾ ਵੀ ਨਾ ਬਣ ਕਿ ਦੁਨੀਆ ਨਿਗਲ ਜਾਵੇ
ਇੰਨਾ ਕੌੜਾ ਵੀ ਨਾ ਬਣ ਕੇ ਦੁਨੀਆ ਤੇਰੇ 'ਤੇ ਲਾਹਨਤ ਪਾਵੇ।
ਕਹਿੰਦੇ ਨੇ ਕਿ ਮਰਦਾਨੇ ਨੇ ਇਕ ਵਾਰ ਗੁਰੂ ਨਾਨਕ ਜੀ ਨੂੰ ਪੁੱਛਿਆ ਕਿ ਤੁਸੀਂ ਤਾਂ ਮਹਾਨ ਪੁਰਸ਼ ਹੋ ਫਿਰ ਤੁਸੀਂ ਧਰਤੀ 'ਤੇ ਨੀਵੀਂ ਜਗ੍ਹਾ ਤੇ ਕਿਉਂ ਬੈਠੇ ਹੋ? ਤਾਂ ਗੁਰੂ ਜੀ ਮੁਸਕੁਰਾ ਕੇ ਕਹਿਣ ਲੱਗੇ ਕਿ ਭਾਈ ਮਰਦਾਨਿਆ, ਜੋ ਨੀਵਾਂ ਹੈ ਨਾ, ਉਹ ਕਦੀ ਡਿੱਗਦਾ ਨਹੀਂ। ਤਦ ਹੀ ਗੁਰੂ ਜੀ ਨੇ ਫੁਰਮਾਇਆ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਜਾਂ ਉਹ ਕਹਿੰਦੇ ਨੇ:
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥
ਤੇ ਫਿਰ:
ਬਡੇ-ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥
ਸੁਆਰਥ-ਰਹਿਤ ਜੀਵਨ ਬਤੀਤ ਕਰੋ, ਕਿਉਂਕਿ ਸੁਆਰਥ ਵਿਚ ਕੀਤਾ ਕੰਮ, ਸੁਆਰਥ ਲਈ ਕੀਤੀ ਨਿੰਦਿਆ, ਸੁਆਰਥ ਲਈ ਕੀਤੀ ਚੁਗਲੀ, ਸੁਆਰਥ ਲਈ ਕੀਤੀ ਚਲਾਕੀ ਤੇ ਇਨ੍ਹਾਂ ਸਭ ਸੁਆਰਥੀ ਕੰਮਾਂ ਦੇ ਗੁਨਾਹੀ ਬਣਨ ਤੋਂ ਬਾਅਦ ਸੁਆਰਥ ਲਈ ਮੰਗੀ ਮੁਆਫ਼ੀ ਸਭ ਵਿਅਰਥ ਹੈ! ਜਦ ਤੱਕ ਤੁਸੀਂ ਮਨ ਤੋਂ ਬੁਰੇ ਐਬਾਂ ਨੂੰ ਛੱਡਣ ਦੀ ਤੌਬਾ ਨਹੀਂ ਕਰਦੇ ਤਦ ਤੱਕ ਤੁਹਾਡੇ ਲਈ ਹਰ ਦਰਵਾਜ਼ਾ ਬੰਦ ਹੈ। ਜਦ ਤੁਸੀਂ ਇਨ੍ਹਾਂ ਐਬਾਂ ਤੋਂ ਬਾਹਰ ਨਿਕਲ ਜਾਓਗੇ ਤਾਂ ਤੁਹਾਡੀ ਹਸਤੀ ਵਿਚ ਆਏ ਬਦਲਾਅ ਨੂੰ ਤੁਸੀਂ ਖੁਦ ਮਹਿਸੂਸ ਕਰੋਗੇ, ਜੱਗ ਤਾਂ ਪਾਰਖੂ ਹੈ ਹੀ। ਉਸ ਸਮੇਂ ਤੁਹਾਨੂੰ ਕਿਸੇ ਨੂੰ ਵੀ ਸਮਝਾਉਣ ਦੀ ਜ਼ਰੂਰਤ ਨਹੀਂ ਪਵੇਗੀ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਨੂੰ ਇਨਸਾਨ ਕਦੀ ਵੀ ਧੋਖਾ ਨਹੀਂ ਦਿੰਦਾ, ਬਲਕਿ ਇਨਸਾਨ ਨੂੰ ਉਹ ਉਮੀਦਾਂ ਧੋਖਾ ਦੇ ਜਾਂਦੀਆਂ ਹਨ, ਜੋ ਉਹ ਸ਼ਾਇਦ ਗਲਤ ਇਨਸਾਨਾਂ ਤੋਂ ਕਰ ਲੈਂਦਾ ਹੈ। ਇਸ ਲਈ ਹੱਦੋਂ ਵੱਧ ਕਿਸੇ ਤੋਂ ਉਮੀਦ ਨਾ ਕਰੋ ਤੇ ਜੇ ਕਰਨੀ ਹੈ ਸਿਰਫ਼ ਸਹੀ ਇਨਸਾਨ ਤੋਂ ਕਰੋ, ਤਾਂ ਕਿ ਤੁਹਾਨੂੰ ਠੇਸ ਨਾ ਪਹੁੰਚੇ ਤੇ ਤੁਹਾਡੀਆਂ ਭਾਵਨਾਵਾਂ ਨਾ ਦੁਖਣ ਤੇ ਨਾ ਹੀ ਤੁਹਾਡੀਆਂ ਭਾਵਨਾਵਾਂ ਨੂੰ ਪਛਤਾਉਣਾ ਪਵੇ। ਸੰਬੰਧ ਇਹੋ ਜਿਹੇ ਬਣਾਓ ਕਿ ਆਪਣੀ ਵਾਪਸੀ ਦੇ ਰਸਤੇ ਤੁਸੀਂ ਖੋਲ੍ਹ ਸਕੋ ਨਾ ਕਿ ਹੱਥੀਂ ਬੰਦ ਕਰ ਦੇਵੋ।
ਅੰਤ ਵਿਚ ਮੈਂ ਤੁਹਾਡੇ ਨਾਲ ਮੁਹੰਮਦ ਰਫ਼ੀ ਦੇ ਗਾਏ ਹੋਏ ਗੀਤ ਦੇ ਬੋਲ ਸਾਂਝੇ ਕਰਾਂਗੀ:-
ਦਾਣਾ ਪਾਣੀ ਖਿੱਚ ਕੇ ਲਿਆਉਂਦਾ,
ਕੌਣ ਕਿਸੇ ਦਾ ਖਾਂਦਾ ਹੋ...
ਕਾਹਤੋਂ ਕਰਨਾ ਏਂ ਝਗੜੇ-ਝੇੜੇ
ਨਾ ਵਸ ਤੇਰੇ ਨਾ ਵਸ ਮੇਰੇ
ਆਪਸ ਦੇ ਵਿਚ ਵੰਡ ਕੇ ਖਾ ਲਓ,
ਨਾਲ ਨਾ ਕੋਈ ਲਿਜਾਂਦਾ ਹੋ
ਓਹ ਕੋਈ ਮਿਲਿਆ ਜਿੱਥੇ ਰਲਿਆ,
ਤੂੰ ਕਿਉਂ ਸੋਚਾਂ ਸੋਚੇ ਬਲਿਆ,
ਮੋਹਰਾ ਦਾਣੇ-ਦਾਣੇ ਉੱਤੇ
ਤਾਣਾ ਤਾਣ ਲਿਆਉਂਦਾ ਹੋ
ਹਰ ਕੋਈ ਆਪਣੀ ਕਿਸਮਤ ਪਾਵੇ,
ਤੈਨੂੰ ਜਸ ਆਪੇ ਮਿਲ ਜਾਵੇ,
ਓਏ ਤੇਰੇ ਚੌਂਕੇ ਉੱਤੇ ਜੇਕਰ
ਆਪਣਾ ਕੋਈ ਖਾਂਦਾ ਹੋ
ਦਾਣਾ ਪਾਣੀ ਖਿੱਚ ਕੇ ਲਿਆਉਂਦਾ,
ਕੌਣ ਕਿਸੇ ਦਾ ਖਾਂਦਾ ਹੋ....।
-ਮੋਬਾਈਲ : 79739-80928